ਦੋ ਔਰਤਾਂ ਕਰੋੜਾਂ ਦੀ ਹੈਰੋਇਨ ਤੇ ਪੰਜ ਲੱਖ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ

ਡਰੱਗ ਮਨੀ ਨਾਲ ਬਣਾਈਆਂ ਕੋਠੀਆਂ ਦੇ ਬਾਹਰ ਖੜ੍ਹੇ ਪੁਲੀਸ ਅਧਿਕਾਰੀ।

ਪਟਿਆਲਾ: ਨਸ਼ਿਆਂ ਖ਼ਿਲਾਫ਼ ਮੁਹਿੰਮ ਦੌਰਾਨ ਜ਼ਿਲ੍ਹਾ ਪੁਲੀਸ ਪਟਿਆਲਾ ਨੇ ਨਸ਼ਿਆਂ ਦੇ ਕਾਰੋਬਾਰ ਵਿਚ ਲੱਗੀਆਂ ਦੋ ਔਰਤਾਂ ਨੂੰ ਸਵਾ ਚਾਰ ਕਰੋੜ ਰੁਪਏ ਦੀ 850 ਗ੍ਰਾਮ ਹੈਰੋਇਨ ਅਤੇ 5 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਔਰਤਾਂ ਦੇ ਪਤੀਆਂ ਖ਼ਿਲਾਫ਼ ਪਹਿਲਾਂ ਹੀ ਨਸ਼ਾ ਤਸਕਰੀ ਦੇ ਕੇਸ ਦਰਜ ਹਨ ਤੇ ਇਕ ਜੇਲ੍ਹ ਵਿਚ ਹੈ।
ਇਨ੍ਹਾਂ ਵਿਚੋਂ ਇਕ ਮਹਿਲਾ ਦੀਆਂ ਪਟਿਆਲਾ ਨੇੜਲੇ ਪਿੰਡ ਰਾਜਗੜ੍ਹ ਵਿਚ ਬਣ ਰਹੀਆਂ ਦੋ ਕੋਠੀਆਂ ਸੀਲ ਕਰਨ ਸਮੇਤ ਪੁਲੀਸ ਨੇ ਹੋਰ ਸਾਜ਼ੋ-ਸਾਮਾਨ ਜ਼ਬਤ ਕਰ ਲਿਆ ਹੈ। ਅੱਜ ਇੱਥੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਮਨਜੀਤ ਕੌਰ ਬਿੱਟੋ ਪਤਨੀ ਸੁਰਜੀਤ ਸਿੰਘ ਅਤੇ ਅਮਰਜੀਤ ਕੌਰ ਕਾਲੋ ਪਤਨੀ ਮੇਜਰ ਸਿੰਘ ਵਾਸੀਆਨ ਪਿੰਡ ਰਾਜਗੜ੍ਹ ਸ਼ਾਮਲ ਹਨ। ਉਨ੍ਹਾਂ ਨੂੰ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਐੱਸ.ਪੀ (ਡੀ) ਹਰਮੀਤ ਹੁੰਦਲ ਦੀ ਅਗਵਾਈ ਹੇਠਾਂ, ਥਾਣਾ ਪਸਿਆਣਾ ਦੇ ਮੁਖੀ ਇੰਸਪੈਕਟਰ ਹਰਬਿੰਦਰ ਸਰਕਾਰੀਆ ਤੇ ਹੋਰ ਮੁਲਾਜ਼ਮਾਂ ਨੇ ਰਾਜਗੜ੍ਹ ਵਿਚਲੇ ਕੁਝ ਸ਼ੱਕੀ ਘਰਾਂ ਦੀ ਤਲਾਸ਼ੀ ਦੌਰਾਨ ਕਾਬੂ ਕੀਤਾ ਹੈ। ਬਿੱਟੋ ਕੋਲੋਂ 450 ਗ੍ਰਾਮ ਹੈਰੋਇਨ ਤੇ ਪੰਜ ਲੱਖ ਦੀ ਡਰੱਗ ਮਨੀ ਅਤੇ ਕਾਲੋ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਦੋਵਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਥਾਣਾ ਪਸਿਆਣਾ ਵਿਚ ਕੇਸ ਦਰਜ ਕੀਤਾ ਗਿਆ ਹੈ। ਬਿੱਟੋ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ ਤੇ ਪੰਜ ਕੇਸਾਂ ਦਾ ਸਾਹਮਣਾ ਕਰ ਰਿਹਾ ਉਸ ਦਾ ਪਤੀ ਜੇਲ੍ਹ ਵਿਚ ਹੈ। ਕਾਲੋ ਦਾ ਪਤੀ ਵੀ ਚਾਰ ਕੇਸਾਂ ਵਿਚ ਨਾਮਜ਼ਦ ਹੈ। ਇਹ ਦੋਵੇਂ ਦਿੱਲੀ ਤੋਂ ਨਾਇਜੀਰੀਅਨਾਂ ਕੋਲੋਂ ਹੈਰੋਇਨ ਲਿਆਈਆਂ ਸਨ।
ਐੱਸਐੱਸਪੀ ਨੇ ਦੱਸਿਆ ਕਿ ਸੀਲ ਕੀਤੀਆਂ ਗਈਆਂ ਬਿੱਟੋ ਦੀਆਂ ਦੋਵੇਂ ਕੋਠੀਆਂ ਉਹ ਆਪਣੇ ਬੱਚਿਆਂ ਲਈ ਵੱਖ-ਵੱਖ ਪੋਰਸ਼ਨਾਂ ਤਹਿਤ ਬਣਾ ਰਹੀ ਸੀ, ਜੋ ਅਜੇ ਬਹੁਤ ਛੋਟੇ ਹਨ। ਪੁਲੀਸ ਨੇ ਦੋ ਏ.ਸੀ, ਦੋ ਵਾਸ਼ਿੰਗ ਮਸ਼ੀਨਾਂ, ਦੋ ਐੱਲ.ਸੀ.ਡੀਜ਼, ਫਰਿੱਜ, ਬੈੱਡ, ਅਲਮਾਰੀ, ਐਕਟਿਵਾ ਅਤੇ ਹੋਰ ਘਰੇਲੂ ਸਾਮਾਨ ਜ਼ਬਤ ਕਰ ਲਿਆ ਹੈ। ਉਸ ਦੇ ਬੈਂਕ ਖਾਤਿਆਂ ਦੀ ਪੜਤਾਲ ਵੀ ਕੀਤੀ ਜਾਵੇਗੀ। ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਹਰਬਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲੀਸ ਮੁਖੀ ਨੇ ਖ਼ੁਦ ਇਨ੍ਹਾਂ ਘਰਾਂ ਦਾ ਦੌਰਾ ਕੀਤਾ। ਇਸ ਦੌਰਾਨ ਐੱਸਪੀ ਹਰਮੀਤ ਹੁੰਦਲ, ਡੀਐੱਸਪੀ ਜਸਪ੍ਰੀਤ ਸਿੰਘ ਤੇ ਜਸਵੰਤ ਮਾਂਗਟ, ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਤੇ ਤਫ਼ਤੀਸ਼ੀ ਅਫ਼ਸਰ ਇੰਸਪੈਕਟਰ ਹਰਬਿੰਦਰ ਸਿੰਘ ਹਾਜ਼ਰ ਸਨ।

Comments

comments

Share This Post

RedditYahooBloggerMyspace