ਧਮਕੀਆਂ ਤੋਂ ਡਰਦਿਆਂ ਪੀੜਤ ਪਰਿਵਾਰ ਨੇ ਘਰ ਛੱਡਿਆ

ਮੁਕਤਸਰ ਸਾਹਿਬ : ਮੁਕਤਸਰ ਨਗਰ ਕੌਂਸਲ ਦੇ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਦੇ ਭਰਾ ਵੱਲੋਂ ਇਕ ਔਰਤ ਦੀ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋਣ ਮਗਰੋਂ ਚਰਚਾ ’ਚ ਆਏ ਇਸ ਮਾਮਲੇ ਦੇ ਪੀੜਤ ਪਰਿਵਾਰ ਨੇ ਜੇਲ੍ਹ ’ਚ ਬੈਠੇ ਕੌਂਸਲਰ ਦੇ ਗੁਰਗਿਆਂ ਦੀਆਂ ਧਮਕੀਆਂ ਤੇ ਕਥਿਤ ਤੌਰ ’ਤੇ ਪੁਲੀਸ ਵੱਲੋਂ ਪ੍ਰੇਸ਼ਾਨ ਕਰਨ ’ਤੇ ਆਪਣਾ ਘਰ ਛੱਡ ਦਿੱਤਾ ਹੈ। ਪਰਿਵਾਰ ਦੇ ਦਰਜਨ ਦੇ ਕਰੀਬ ਜੀਅ ਹੁਣ ਕਿਸੇ ਅਣਦੱਸੀ ਥਾਂ ’ਤੇ ਚਲੇ ਗਏ ਹਨ।
ਭਾਵੇਂ ਪੁਲੀਸ ਨੇ ਇਸ ਮਾਮਲੇ ’ਚ ਕੌਂਸਲਰ ਰਾਕੇਸ਼ ਚੌਧਰੀ ਸਣੇ 10 ਜਣਿਆਂ ਖ਼ਿਲਾਫ਼ ਕੇਸ ਦਰਜ ਕਰ ਕੇ 7 ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਮਿਲ ਰਹੀਆਂ ਧਮਕੀਆਂ ਕਾਰਨ ਪੀੜਤ ਪਰਿਵਾਰ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਪੀੜਤ ਪਰਿਵਾਰ ਨੇ ਇਸ ਸਬੰਧੀ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਪੁਲੀਸ ਅਧਿਕਾਰੀਆਂ ਨੂੰ ਕਈ ਵਾਰ ਸੂਚਿਤ ਵੀ ਕੀਤਾ ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ’ਤੇ ਅਖ਼ੀਰ ਪਰਿਵਾਰ ਘਰ ਛੱਡਣ ਲਈ ਮਜਬੂਰ ਹੋ ਗਿਆ। ਘਰ ਛੱਡਣ ਵੇਲੇ ਬਣਾਈ ਵੀਡੀਓ ਵਾਇਰਲ ਕਰਦਿਆਂ ਪੀੜਤ ਔਰਤ ਮਾਨਸੀ ਨੇ ਕਿਹਾ ਕਿ ਉਸ ਨੂੰ ਰਾਕੇਸ਼ ਚੌਧਰੀ ਦੇ ਰਿਸ਼ਤੇਦਾਰ ਨਸੀਬ ਵੱਲੋਂ ਕਥਿਤ ਤੌਰ ’ਤੇ ਜਾਨੋਂ ਮਾਰਨ ਤੇ ਨਸ਼ੇ ਦੇ ਝੂਠੇ ਕੇਸਾਂ ਵਿਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਇਸੇ ਵਿਅਕਤੀ ਨੇ ਉਨ੍ਹਾਂ ਦੀ ਇਕ ਜਾਅਲੀ ਵੀਡੀਓ ਬਣਾ ਕੇ ਨਸ਼ਾ ਵੇਚਣ ਦਾ ਦੋਸ਼ ਲਾਇਆ ਸੀ।
ਇਸ ਸਬੰਧੀ ਪੁਲੀਸ ਨੂੰ ਅਰਜ਼ੀ ਵੀ ਦਿੱਤੀ ਗਈ ਪਰ ਕੋਈ ਕਾਰਵਾਈ ਨਹੀਂ ਹੋਈ। ਪੀੜਤ ਮਹਿਲਾ ਦੇ ਭਰਾ ਸੂਰਜ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਬੱਚਿਆਂ ਦਾ ਸਕੂਲ ਜਾਣ ਵੇਲੇ ਸ਼ਰਾਰਤੀ ਮੁੰਡਿਆਂ ਵੱਲੋਂ ਪਿੱਛਾ ਕੀਤਾ ਜਾਂਦਾ ਹੈ ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਦੋਂ ਉਨ੍ਹਾਂ ਸਕੂਲ ਪ੍ਰਸ਼ਾਸਨ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਸਕੂਲ ਤਕ ਦੀ ਜ਼ਿੰਮੇਵਾਰੀ ਤਾਂ ਲਈ ਪਰ ਇਸ ਤੋਂ ਬਾਅਦ ਕਿਸੇ ਜ਼ਿੰਮੇਵਾਰੀ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਸੀਆਈਏ ਸਟਾਫ ਵੱਲੋਂ ਬਿਨਾਂ ਕਿਸੇ ਵਜ੍ਹਾ ਉਨ੍ਹਾਂ ਦੇ ਘਰ ਸਵੇਰੇ ਛੇ ਵਜੇ ਛਾਪਾ ਮਾਰਿਆ ਗਿਆ ਅਤੇ ਸਾਰੇ ਘਰ ਦੀ ਫਰੋਲਾ-ਫਰਾਲੀ ਕੀਤੀ ਗਈ। ਜਦੋਂ ਕੁਝ ਵੀ ਨਾ ਮਿਲਿਆ ਤਾਂ ਕਥਿਤ ਤੌਰ ’ਤੇ ਇਕ ਅਧਿਕਾਰੀ ਨੇ ਉਨ੍ਹਾਂ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦਿੱਤੀ। ਇਸ ਦੌਰਾਨ ਮੁਕਤਸਰ ਕਾਂਡ ਐਕਸ਼ਨ ਕਮੇਟੀ ਦੇ ਕਨਵੀਨਰ ਤਰਸੇਮ ਖੁੰਡੇ ਹਲਾਲ ਨੇ ਕਿਹਾ ਕਿ ਪੁਲੀਸ ਵੱਲੋਂ ਜਾਣਬੁੱਝ ਕੇ ਇਸ ਮਾਮਲੇ ਵਿਚ ਪੀੜਤ ਧਿਰ ਨੂੰ ਇਕੱਲਿਆਂ ਛੱਡ ਦਿੱਤਾ ਗਿਆ ਹੈ। ਉਨ੍ਹਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਤੇ ਨਾ ਹੀ ਉਨ੍ਹਾਂ ਨੂੰ ਧਮਕੀਆਂ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਜਲਦੀ ਇਸ ਸਬੰਧੀ ਸੰਘਰਸ਼ ਵਿੱਢਣਗੇ।

ਛਾਪੇ ਬਾਰੇ ਮੈਨੂੰ ਜਾਣਕਾਰੀ ਨਹੀਂ: ਸੀਆਈਏ ਸਟਾਫ਼ ਮੁਖੀ

ਇਸ ਦੌਰਾਨ ਸੀਆਈਏ ਸਟਾਫ਼ ਦੇ ਮੁਖੀ ਛਿੰਦਰਪਾਲ ਸਿੰਘ ਨੇ ਕਿਹਾ ਕਿ ਛੁੱਟੀ ’ਤੇ ਹੋਣ ਕਰਕੇ ਪੀੜਤ ਪਰਿਵਾਰ ਦੇ ਘਰ ਮਾਰੇ ਛਾਪੇ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਸਟਾਫ਼ ਦੇ ਸਬ ਇੰਸਪੈਕਟਰ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਮਾਨਸੀ ਦੇ ਘਰ ਛਾਪਾ ਮਾਰਿਆ ਤਾਂ ਸੀ ਪਰ ਉੱਥੋਂ ਕੁਝ ਨਹੀਂ ਮਿਲਿਆ। ਇਹ ਰੁਟੀਨ ਦੀ ਕਾਰਵਾਈ ਸੀ।

Comments

comments

Share This Post

RedditYahooBloggerMyspace