ਰਵਿਦਾਸ ਮੰਦਰ ਮਾਮਲਾ; ਦਲਿਤ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰੇ

ਬਰਨਾਲਾ : ਦਿੱਲੀ ਦੇ ਤੁਗਲੁਕਾਬਾਦ ਵਿੱਚ ਰਵਿਦਾਸ ਮੰਦਰ ਢਾਹੁਣ ਖ਼ਿਲਾਫ਼ ਬਹੁਜਨ ਸਮਾਜ ਪਾਰਟੀ ਦੀ ਅਗਵਾਈ ਹੇਠ ਸਮੂਹ ਦਲਿਤ ਸਮਾਜ ਨਾਲ ਸਬੰਧਿਤ ਜਥੇਬੰਦੀਆਂ ਨੇ ਅੱਜ ਬਰਨਾਲਾ ਦੇ ਰਵਿਦਾਸ ਚੌਕ ’ਚ 2 ਘੰਟੇ ਟਰੈਫਿਕ ਜਾਮ ਕਰਕੇ ਦਿੱਤੇ ਧਰਨੇ ਉਪਰੰਤ ਸ਼ਹਿਰ ’ਚ ਰੋਸ ਮੁਜ਼ਾਹਰਾ ਕੀਤਾ। ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਹਿੱਤ ਸ਼ਹਿਰ ’ਚ ਰੋਸ ਪ੍ਰਦਰਸ਼ਨ ਦੌਰਾਨ ਦੁਕਾਨਾਂ ਬੰਦ ਰੱਖੀਆਂ।
ਬੀ.ਐਸ.ਪੀ. ਆਗੂ ਦਰਸ਼ਨ ਸਿੰਘ ਝਲੂਰ, ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਬਰਨਾਲਾ ਪ੍ਰਧਾਨ ਜਗਤਾਰ ਸਿੰਘ ਤੇ ਅਵਤਾਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਗੁਰੂ ਰਵਿਦਾਸ ਮੰਦਰ ਤੁਗਲੁਕਾਬਾਦ ਦਿੱਲੀ ਨੂੰ ਸਾਡੇ ਸਮਾਜ ਦੇ ਸਪੁਰਦ ਨਹੀਂ ਕਰ ਦਿੱਤਾ ਜਾਂਦਾ। ਰੋਸ ਕਮੇਟੀ ਦੇ ਮੈਂਬਰ ਹਰੀ ਰਾਮ, ਸਵਰਨ ਸਿੰਘ ਸਹਿਜੜਾ, ਮੇਜਰ ਸਿੰਘ, ਜਰਨੈਲ ਸਿੰਘ ਜੱਸੀ, ਮਨਜੀਤ ਸਿੰਘ ਤੋਤੀ, ਬਲਰਾਜ ਰਾਜਾ, ਜਗਤਾਰ ਬੱਗਾ, ਕਰਨੈਲ ਸਿੰਘ ਖੁੱਡੀ, ਨਿਰਭੈ ਸਿੰਘ, ਪਰਗਟ ਸਿੰਘ, ਡਾਕਟਰ ਰਮੇਸ਼ ਕੁਮਾਰ, ਗੁਲਸ਼ਨ ਸਾਰਸਰ ਤੇ ਹੋਰ ਜਥੇਬੰਦੀਆਂ ਵੱਲੋਂ ਬੁੱਧੀਜੀਵੀਆਂ ਨੇ ਇਸ ਧੱਕੇਸ਼ਾਹੀ ਵਿਰੁੱਧ ਡਟਣ ਦੀ ਅਪੀਲ ਕੀਤੀ ਤੇ 13 ਅਗਸਤ ਦੇ ਬੰਦ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਦਲਿਤ ਚੇਤਨਾ ਮੰਚ, ਦਲਿਤ ਮੁਲਾਜ਼ਮ ਜਥੇਬੰਦੀਆਂ ਜ਼ਿਲ੍ਹਾ ਬਰਨਾਲਾ, ਸਾਰੀਆਂ ਗੁਰੂ ਰਵਿਦਾਸ ਤੇ ਗੁਰੂ ਬਾਲਮੀਕ ਨਾਲ ਸਬੰਧਿਤ ਸਬੰਧਿਤ ਸੰਸਥਾਵਾਂ, ਟਰੱਸਟ,ਸਭਾ, ਕਲੱਬ, ਕਮੇਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਗੁਰੂ ਰਵਿਦਾਸ ਚੌਕ ਬਰਨਾਲਾ ਵਿੱਚ ਦੋ ਘੰਟੇ ਤੱਕ ਆਵਾਜਾਈ ਠੱਪ ਕੀਤੀ ਤੇ ਬਰਨਾਲਾ ਸ਼ਹਿਰ ’ਚ ਰੋਸ ਮਾਰਚ ਕੱਢਿਆ। ਇਸੇ ਦੌਰਾਨ ‘ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਨੇ ਦਿੱਲੀ ’ਚ ਗੁਰੂ ਰਵਿਦਾਸ ਮੰਦਰ ਢਾਹੁਣ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ। ਬਰਨਾਲਾ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਕੁੱਕੂ, ਸਕੱਤਰ ਸਾਥੀ ਮਲਕੀਤ ਸਿੰਘ ਵਜ਼ੀਦਕੇ, ਕੈਸ਼ੀਅਰ ਗੁਰਦੇਵ ਸਿੰਘ ਮਹਿਲ ਖੁਰਦ ਨੇ ਕਿਹਾ ਕਿ ਜਿੱਥੇ ਇਸ ਦੁਖਦਾਈ ਘਟਨਾ ਨਾਲ ਰਵੀਦਾਸ ਭਾਈਚਾਰੇ ਦੇ ਮਨਾਂ ਨੂੰ ਭਾਰੀ ਦੁੱਖ ਪੁੱਜਾ ਹੈ, ਉਥੇ ਸਮੂਹ ਸੰਵੇਦਨਸ਼ੀਲ, ਧਰਮ ਨਿਰਪੱਖ ਤੇ ਜਮਹੂਰੀ ਸੋਚ ਦੇ ਧਾਰਨੀ ਲੋਕਾਂ ਦੇ ਮਨ ਵੀ ਬੇਚੈਨ ਹੋਏ ਹਨ।
ਮਹਿਲ ਕਲਾਂ (ਪੱਤਰ ਪ੍ਰੇਰਕ) ਦਿੱਲੀ ’ਚ ਰਵੀਦਾਸ ਮੰਦਰ ਢਾਹੁਣ ਖ਼ਿਲਾਫ਼ ਦਲਿਤ ਜਥੇਬੰਦੀਆਂ ਵੱਲੋਂ ਮਹਿਲ ਕਲਾਂ ’ਚ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਸ਼ਹੀਦ ਕਿਰਨਜੀਤ ਕੌਰ ਦੇ ਸ਼ਰਧਾਂਜਲੀ ਸਮਾਗਮ ’ਚ ਸ਼ਮੂਲੀਅਤ ਕਰਨ ਪਹੁੰਚੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀ ਚੱਕਾ ਜਾਮ ਮੌਕੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਰਵਿਦਾਸ ਜੀ ਦੇ ਇਤਿਹਾਸਕ

ਮੰਦਰ ਨੂੰ ਤੋੜਨਾ ਭਾਜਪਾ ਦੀ ਦਲਿਤ ਵਿਰੋਧੀ ਕਾਰਵਾਈ ਹੈ।
ਭਦੌੜ : ਦਿੱਲੀ ’ਚ ਤੁਗਲੁਕਾਬਾਦ ’ਚ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਰੋਸ ਵਜੋਂ ਅੱਜ ਕਸਬਾ ਭਦੌੜ ਦੇ ਸਮੂਹ ਰਵਿਦਾਸ ਭਾਈਚਾਰੇ ਵਲੋਂ ਰਵਿਦਾਸ ਮੰਦਰ ’ਚ ਇਕੱਠ ਕੀਤਾ ਗਿਆ ਜਿੱਥੇ ਭਾਈਚਾਰੇ ਦੇ ਆਗੂਆਂ ਨੇ ਮੰਦਰ ਢਾਹੁਣ ਦੀ ਸਖ਼ਤ ਨਿੰਦਾ ਕਰਦੇ ਹੋਏ ਮੋਦੀ ਸਰਕਾਰ ਖ਼ਿਲਾਫ਼ ਭੜਾਸ ਕੱਢੀ ਤੇ ਕਾਲੀਆਂ ਝੰਡੀਆਂ ਲੈ ਕੇ ਕਸਬੇ ’ਚ ਰੋਸ ਮਾਰਚ ਕੀਤਾ।

ਆਰਐਮਪੀਆਈ ਵੱਲੋਂ ਮੰਦਰ ਢਾਹੁਣ ਦੀ ਨਿਖੇਧੀ

ਬਠਿੰਡਾ: ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦਿੱਲੀ ’ਚ ਗੁਰੂ ਰਵਿਦਾਸ ਜੀ ਦੇ ਮੰਦਰ ਨੂੰ ਢਾਹੁਣ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦੀ ਹੈ, ਕਿਉਂਕਿ ਇਸ ਨਾਲ ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ। ਇਹ ਸ਼ਬਦ ਪਾਰਟੀ ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਸਾਥੀ ਮਿੱਠੂ ਸਿੰਘ ਘੁੱਦਾ, ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ, ਕੈਸ਼ੀਅਰ ਪ੍ਰਕਾਸ਼ ਸਿੰਘ ਨੰਦਗੜ੍ਹ ਤੇ ਸੂਬਾ ਕਮੇਟੀ ਮੈਂਬਰ ਛੱਜੂ ਰਾਮ ਰਿਸ਼ੀ ਨੇ ਅੱਜ ਇੱਥੋਂ ਜਾਰੀ ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਕਹੇ।

ਰੂਬੀ ਵੱਲੋਂ ਰਵਿਦਾਸ ਮੰਦਰ ਤੋੜਨ ਦੀ ਨਿਖੇਧੀ

ਸੰਗਤ ਮੰਡੀ : ਆਮ ਆਦਮੀ ਪਾਰਟੀ ਦੀ ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਦਿੱਲੀ ਦੇ ਤੁਗਲੁਕਾਬਾਦ ਖੇਤਰ ’ਚ ਪ੍ਰਾਚੀਨ ਰਵਿਦਾਸ ਮੰਦਰ ਨੂੰ ਢਾਹੁਣ ਲਈ ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਤੇ ਕੇਂਦਰ ਸਰਕਾਰ ਦੀ ਸਖਤ ਨਿੰਦਾ ਕਰਦਿਆਂ ਕਿਹਾ ਆਪ ਧਰਮ-ਨਿਰਪੱਖ ਤੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਵਾਲੀ ਪਾਰਟੀ ਹੈ। ਕੇਂਦਰ ਸਰਕਾਰ ਨੇ ਸਮੇਂ-ਸਮੇਂ ’ਤੇ ਆਪਣਾ ਰੰਗ ਦਿਖਾਉਣ ’ਚ ਕੋਈ ਕਸਰ ਨਹੀਂ ਛੱਡੀ। ਰੂਬੀ ਨੇ ਕਿਹਾ ਕਿ ਰਵਿਦਾਸੀਆ ਭਾਈਚਾਰੇ ਦੇ ਪਵਿੱਤਰ ਪ੍ਰਾਚੀਨ ਅਸਥਾਨ ਸਤਿਗੁਰੂ ਰਵਿਦਾਸ ਮੰਦਰ ਨੂੰ ਤੋੜ ਕੇ ਕੇਂਦਰ ਸਰਕਾਰ ਨੇ ਰਵਿਦਾਸੀਆ ਭਾਈਚਾਰੇ ਨਾਲ ਧੱਕਾ ਕੀਤਾ ਹੈ।

Comments

comments

Share This Post

RedditYahooBloggerMyspace