ਪਵਿੱਤਰ ਬਾਈਬਲ ਵਿਚ ਕੇਸਾਂ ਦੀ ਮਹੱਤਤਾ

ਪਾਦਰੀ ਚੈਂਚਲ ਮਸੀਹ

ਮੇਰੇ ਸਵ. ਪਿਤਾ ਬਰਕਤ ਮਸੀਹ ਮਸਾਂ 5 ਸਾਲ ਦੀ ਉਮਰ ਵਿਚ ਹੀ ਬਾਪ ਵਲੋਂ ਯਤੀਮ ਹੋ ਗਏ ਸਨ ਅਤੇ ਇਕ ਦਿਨ ਵੀ ਸਕੂਲ ਨਾ ਜਾ ਸਕੇ। ਮੈਂ ਅਪਣੇ ਪਿੰਡ ਦੇ ਗੁਰਦਵਾਰਾ ਸਾਹਿਬ ਦੇ ਮੁੱਖ ਦਰਵਾਜ਼ੇ ਤੇ ਲੱਖ ਵਾਰ ਨੱਕ ਰਗੜਦਾ ਹਾਂ ਜਿਸ ਦੇ ਉਸ ਸਮੇਂ ਦੇ ਭਾਈ ਜੀ (ਗਿਆਨੀ) ਪਾਸੋਂ ਮੇਰੇ ਬਾਪ ਨੇ ਪੰਜਾਬੀ ਦੀ ਪੈਂਤੀ ਅੱਖਰੀ (ਪ੍ਰ-ਅ) ਸਿਖ ਲਈ। ਪਿਤਾ ਜੀ ਨੇ ਕਾਂ-ਘੁੱਗੀ ਅਤੇ ਚਾਹ-ਲੱਸੀ ਦੇ ਝਗੜਿਆਂ ਵਾਲੇ ਨਿੱਕੇ-ਨਿੱਕੇ ਕਿਸਿਆਂ ਤੋਂ ਸ਼ੁਰੂ ਕਰ ਕੇ ਪੰਜਾਬੀ ਭਾਸ਼ਾ ਦੀਆਂ ਸਿਰਮੌਰ ਪੁਸਤਕਾਂ ਪੜ੍ਹ ਲਈਆਂ। ਸਿੱਖ ਇਤਿਹਾਸ ਦੀਆਂ ਪੁਸਤਕਾਂ ਤੋਂ ਇਲਾਵਾ ਸਮੇਂ ਦੇ ਪ੍ਰਚਲਤ ਹੀਰ-ਰਾਂਝਾ ਵਰਗੇ ਜਗਤ ਪ੍ਰਸਿੱਧ ਕਿੱਸੇ ਅਤੇ ਆਕਾਰ ਵਿਚ ਬਹੁਤ ਵੱਡੀ ਪੁਸਤਕ ‘ਅਰਬ ਦੀਆਂ ਰਾਤਾਂ’ ਜਿਸ ਨੂੰ ‘ਅਲਿਫ਼ ਲੈਲਾ’ ਵੀ ਕਿਹਾ ਜਾਂਦਾ ਹੈ, ਆਲੋਚਨਾਤਮਕ ਪੁਸਤਕਾਂ ਵਿਚੋਂ ਬਾਵਾ ਬੁੱਧ ਸਿੰਘ ਦੀ ‘ਹੰਸ ਚੋਗ’, ‘ਕੋਇਲ ਕੂੰ’ ਅਤੇ ‘ਬੰਬੀਹਾ ਬੋਲ’ ਉਨ੍ਹਾਂ ਨੇ ਬੇਰਿੰਗ ਕਾਲਜ ਬਟਾਲਾ ਤੋਂ ਸਾਡੇ ਕੋਲੋਂ ਮੰਗਵਾ ਕੇ ਪੜ੍ਹੀਆਂ ਸਨ। ਪਵਿੱਤਰ ਬਾਈਬਲ ਦਾ ਵੀ ਉਨ੍ਹਾਂ ਨੂੰ ਚੋਖਾ ਗਿਆਨ ਸੀ। ਗੁਰੂ ਗ੍ਰੰਥ ਸਾਹਿਬ ਦੀਆਂ ਮਹਾਨ ਸਿਖਿਆਵਾਂ ਦਾ ਅਤੇ ਦਸ ਗੁਰੂ ਸਾਹਿਬਾਨ ਦਾ ਉਨ੍ਹਾਂ ਦੇ ਦਿਲ ਵਿਚ ਬਹੁਤ ਹੀ ਸਤਿਕਾਰ ਸੀ। ਸੋ ਪਿਤਾ ਜੀ ਨੇ ਅਪਣੇ ਪੁਤਰਾਂ ਨੂੰ ਵੀ ਸਕੂਲ ਭੇਜਿਆ।

ਅੱਠਵੀਂ ਸ੍ਰੇਣੀ ਦੇ ਪੇਪਰਾਂ ਸਮੇਂ 1965 ਵਿਚ ਸਾਨੂੰ ਖ਼ਾਲਸਾ ਹਾਈ ਸਕੂਲ ਵਡਾਲਾ ਬਾਂਗਰ ਤੋਂ ਫ਼ਰੀ ਕਰ ਦਿਤਾ ਗਿਆ ਸੀ ਅਤੇ ਅਸੀ ਘਰ ਵਿਚ ਹੀ ਪੇਪਰਾਂ ਦੀ ਤਿਆਰੀ ਕਰ ਰਹੇ ਸਾਂ। ਉਨ੍ਹੀਂ ਦਿਨੀਂ ਕਣਕਾਂ ਵਿਚੋਂ ਪੱਠੇ ਪੁੱਟਣ ਦਾ ਬੜਾ ਰਿਵਾਜ ਸੀ ਅਤੇ ਪੱਠੇ ਪੁਟਦਿਆਂ ਮੇਰੇ ਹੱਥਾਂ ਦੀਆਂ ਉਂਗਲਾਂ ਉਪਰ ਟਾਪ ਤੇ ਛਿਣਗਾਂ ਫੁੱਟੀਆਂ ਹੋਈਆਂ ਸਨ ਜੋ ਕਾਫ਼ੀ ਤਕਲੀਫ਼ ਦੇਂਦੀਆਂ ਸਨ। ਮੈਂ ਚੂੜੀਆਂ ਵੇਚਣ ਵਾਲੇ ਭਾਈ ਪਾਸੋਂ ਸਟੀਲ ਦਾ ਕੜਾ ਲੈ ਕੇ ਪਾਇਆ ਹੋਇਆ ਸੀ ਅਤੇ ਛਿਣਗਾਂ ਤੋਂ ਕਾਫ਼ੀ ਆਰਾਮ ਆ ਗਿਆ ਸੀ। ਇਕ ਦਿਨ ਸਾਲਵੇਸ਼ਨ ਆਰਮੀ (ਮੁਕਤੀ ਫ਼ੌਜ ਮਿਸ਼ਨ) ਦੇ ਪਾਦਰੀ ਸਾਡੇ ਘਰ ਦੁਆ ਕਰਨ ਆਏ। ‘ਉਏ ਮੁੰਡਿਆ ਤੂੰ ਤਾਂ ਕੜਾ ਪਾਇਆ ਹੋਇਐ। ਤੈਨੂੰ ਨਹੀਂ ਪਤਾ ਇਹ ਤਾਂ ਸਿੱਖ ਪਾਉਂਦੇ ਹਨ।’ ਪਾਦਰੀ ਤ੍ਰਭਕ ਕੇ ਬੋਲਿਆ। ਸ਼ਾਮ ਨੂੰ ਪਿਤਾ ਜੀ ਭੱਠਾ ਮਜ਼ਦੂਰੀ ਕਰ ਕੇ ਘਰ ਆਏ ਅਤੇ ਮੈਨੂੰ ਪੇਪਰਾਂ ਦੀ ਤਿਆਰੀ ਬਾਰੇ ਪੁਛਿਆ। ਮੈਂ ਪਿਤਾ ਜੀ ਨੂੰ ਪਾਦਰੀ ਅਤੇ ਕੜੇ ਵਾਲੀ ਗੱਲ ਦੱਸੀ ਤਾਂ ਉਨ੍ਹਾਂ ਕਿਹਾ, ‘ਇਨ੍ਹਾਂ ਵਿਚਾਰਿਆਂ ਨੂੰ ਕੜੇ ਦੀ ਮਹਾਨਤਾ ਬਾਰੇ ਕੀ ਪਤਾ, ਇਨ੍ਹਾਂ ਨੂੰ ਤਾਂ ਲੰਮੇ ਕੇਸਾਂ ਦੀ ਮਹਾਨਤਾ ਬਾਰੇ ਵੀ ਪਤਾ ਨਹੀਂ ਹੋਣਾ ਜਿਸ ਦਾ ਜ਼ਿਕਰ ਪਵਿੱਤਰ ਬਾਈਬਲ ਵਿਚ ਹੈ।’ ਪਿਤਾ ਜੀ ਨੇ ਉਦਾਸੀ ਭਰੇ ਲਹਿਜੇ ਵਿਚ ਗੱਲ ਕੀਤੀ। ਪਵਿੱਤਰ ਬਾਈਬਲ ਦੀ ਇਸ ਮਹਾਨ ਘਟਨਾ ਦੀ ਉਸ ਸਮੇਂ ਮੈਨੂੰ ਕੋਈ ਵੀ ਸਮਝ ਨਹੀਂ ਸੀ।

ਇਸਰਾਈਲ ਦੇਸ਼ ਵਿਚ ਲਗਭਗ 1300 ਬੀ.ਸੀ. ਅਰਥਾਤ ਮਸੀਹ ਤੋਂ ਪਹਿਲਾਂ ਦਾਨ ਦੇ ਕਬੀਲੇ ਦਾ ਮਨੋਆਹ ਨਾਂ ਦਾ ਇਕ ਆਦਮੀ ਸੀ। ਉਸ ਦੀ ਪਤਨੀ ਬਾਂਝ ਹੋਣ ਕਰ ਕੇ ਉਹ ਕਾਫ਼ੀ ਅਰਸਾ ਔਲਾਦ ਨੂੰ ਤਰਸਦੇ ਰਹੇ। ਉਨ੍ਹਾਂ ਨੇ ਪਰਮਾਤਮਾ ਅੱਗੇ ਪੁੱਤਰ ਦੀ ਪ੍ਰਾਪਤੀ ਵਾਸਤੇ ਅਰਦਾਸ ਕੀਤੀ। ਉਨ੍ਹਾਂ ਨੂੰ ਭਵਿੱਖਬਾਣੀ ਹੋਈ ਕਿ ਤੁਹਾਨੂੰ ਪਰਮਾਤਮਾ ਇਕ ਪੁੱਤਰ ਦੀ ਬਖਸ਼ਿਸ਼ ਕਰਨਗੇ। ਤੁਸੀ ਉਸ ਨੂੰ ਸ਼ਰਾਬ ਨਾ ਪੀਣ ਦੀ ਹਦਾਇਤ ਕਰਨੀ ਅਤੇ ਉਸ ਦੇ ਸਿਰ ਤੇ ਉਸਤਰਾ ਜਾਂ ਕੈਂਚੀ ਕਦੀ ਨਾ ਲਾਉਣੀ। ਲੰਮੇ ਕੇਸ ਹੋਣ ਦੀ ਸੂਰਤ ਵਿਚ ਉਹ ਬਹੁਤ ਹੀ ਬਲਵਾਨ ਹੋਵੇਗਾ ਅਤੇ ਉਸ ਨੂੰ ਕੋਈ ਹਰਾ ਨਹੀਂ ਸਕੇਗਾ। ਪਰ ਕੇਸ ਕੱਟੇ ਜਾਣ ਦੀ ਸੂਰਤ ਵਿਚ ਉਹ ਨਿਰਬਲ, ਨਿਮਾਣਾ ਤੇ ਨਿਤਾਣਾ ਹੋ ਜਾਵੇਗਾ ਅਤੇ ਅਪਣੇ ਦੁਸ਼ਮਣਾਂ ਤੋਂ ਸਹਿਜ ਹੀ ਹਾਰ ਜਾਵੇਗਾ।

ਸਮਾਂ ਆਉਣ ਤੇ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਮਾਪਿਆਂ ਨੇ ਉਸ ਦਾ ਨਾਂ ਸੈਮਸਨ ਰਖਿਆ ਜੋ ਬਹੁਤ ਹੀ ਸੁੰਦਰ ਸੀ। ਮਾਪਿਆਂ ਨੇ ਸੈਮਸਨ ਨੂੰ ਪਰਮਾਤਮਾ ਵਲੋਂ ਆਖੀਆਂ ਨਸੀਹਤਾਂ ਪ੍ਰਤੀ ਸੁਚੇਤ ਕਰਦੇ ਰਹਿਣਾ ਅਤੇ ਬਾਲਕ ਨੇ ਨਸੀਹਤਾਂ ਤੇ ਅਮਲ ਕੀਤਾ ਵੀ। ਫ਼ਲਸਤੀਨ ਨਾਂ ਦਾ ਨਿੱਕਾ ਜਿਹਾ ਦੇਸ਼ ਇਸਰਾਈਲ ਦਾ ਗੁਆਂਢੀ ਹੈ। ਦੋਹਾਂ ਮੁਲਕਾਂ ਵਿਚ ਵੈਰ ਉਸ ਸਮੇਂ ਵੀ ਸੀ ਅਤੇ ਅੱਜ ਵੀ ਹੈ। ਅਤਿਵਾਦੀ ਜਥੇਬੰਦੀ ਹਮਾਸ ਅਤੇ ਉਦਾਰਵਾਦੀ ਜਥੇਬੰਦੀ ਪੀ.ਐਲ.ਓ. (ਫ਼ਲਸਤੀਨ ਮੁਕਤੀ ਮੋਰਚਾ) ਫ਼ਲਸਤੀਨ ਦੀ ਖ਼ੁਦਮੁਖਤਾਰੀ ਲਈ ਜੱਦੋ-ਜਹਿਦ ਕਰਦੇ ਰਹੇ ਹਨ। ਸਵ. ਯਾਸਰ ਅਰਾਫ਼ਾਤ ਪੀ.ਐਲ.ਓ. ਦੇ ਸਾਬਕਾ ਸਰਬਰਾਹ ਹੁੰਦੇ ਸਨ। ਸੈਮਸਨ ਦੀ ਅਗਵਾਈ ਵਿਚ ਫ਼ਲਸਤੀਨ ਅਤੇ ਇਸਰਾਈਲ ਵਿਚਾਲੇ ਭਿਆਨਕ ਲੜਾਈਆਂ ਹੋਈਆਂ ਪਰ ਹਰ ਵਾਰ ਇਜ਼ਰਾਈਲੀ ਫ਼ੌਜਾਂ ਦੀ ਜਿੱਤ ਹੁੰਦੀ ਰਹੀ। ਇਤਿਹਾਸ ਤਾਂ ਇਥੋਂ ਤਕ ਹੀ ਦਸਦਾ ਹੈ ਕਿ ਭੇਡਾਂ ਬਕਰੀਆਂ ਚਰਾਉਂਦੇ ਸਮੇਂ ਇੱਜੜ ਨੂੰ ਇਕ ਵਾਰ ਸ਼ੇਰ ਖਾਣ ਆਇਆ ਤਾਂ ਸੈਮਸਨ ਯੋਧੇ ਨੇ ਸ਼ੇਰ ਨੂੰ ਜਬਾੜਿਆਂ ਤੋਂ ਫੜ ਕੇ ਚੀਰ ਦਿਤਾ ਸੀ।

ਫ਼ਲਸਤੀਨੀਏ ਹੈਰਾਨ ਸਨ ਕਿ ਆਖ਼ਰ ਸੈਮਸਨ ਦੀ ਅਥਾਹ ਸ਼ਕਤੀ ਦਾ ਰਾਜ਼ ਕੀ ਹੋ ਸਕਦਾ ਹੈ? ਕੀ ਕੀਤਾ ਜਾਵੇ ਕਿ ਸੈਮਸਨ ਨੂੰ ਅਸੀ ਚਿੱਤ ਕਰ ਸਕੀਏ। ਫ਼ਲਸਤੀਨੀਆਂ ਨੇ ਇਕ ਘਟੀਆ ਵਿਉਂਤ ਲਾਈ। ਉਨ੍ਹਾਂ ਨੇ ਅਪਣੀ ਜਵਾਨ ਅਤੇ ਸੁਣੱਖੀ ਧੀ ਦਲੇਲਾਂ ਨੂੰ ਸੈਮਸਨ ਨਾਲ ਪ੍ਰੇਮ ਕਰਨ ਅਤੇ ਸ਼ਾਦੀ ਦੀ ਹੱਦ ਤਕ ਜਾਣ ਲਈ ਰਾਜ਼ੀ ਕਰ ਲਿਆ ਤਾਕਿ ਸ਼ਾਦੀ ਹੋ ਜਾਣ ਦੀ ਸੂਰਤ ਵਿਚ ਦਲੇਲਾਂ ਸੈਮਸਨ ਦੀ ਅਥਾਹ ਸ਼ਕਤੀ ਦਾ ਰਾਜ਼ ਪਤਾ ਕਰ ਕੇ ਤੁਰਤ ਉਨ੍ਹਾਂ ਨੂੰ ਦੱਸ ਦੇਵੇ। ਜਵਾਨੀ ਦੀ ਦਹਿਲੀਜ਼ ਤੇ ਪਹੁੰਚਿਆ ਸੈਮਸਨ ਦਲੇਲਾਂ ਦੀਆਂ ਰੇਸ਼ਮੀ ਜ਼ੁਲਫ਼ਾਂ ਅਤੇ ਸ਼ਰਬਤੀ ਅੱਖਾਂ ਵਿਚ ਕੈਦ ਹੋ ਗਿਆ। ਅਪਣੇ ਮਾਪਿਆਂ ਅਤੇ ਦਲੇਲਾਂ ਨਾਲ ਸ਼ਾਦੀ ਕਰਨ ਬਾਰੇ ਦਬਾਅ ਪਾਉਣ ਲੱਗਾ। ਮਾਪਿਆਂ ਨੂੰ ਡਰ ਸੀ ਕਿ ਦੇਸ਼ ਦੇ ਵੈਰੀ ਮੁਲਕ ਫ਼ਲਸਤੀਨ ਦੀ ਜੰਮਪਲ ਹੋਣ ਕਰ ਕੇ ਦਲੇਲਾਂ ਉਨ੍ਹਾਂ ਦੇ ਪੁੱਤਰ ਨਾਲ ਕਿਤੇ ਧੋਖਾ ਨਾ ਕਮਾਵੇ। ਪਰ ਸੈਮਸਨ ਦੀ ਜ਼ਿੱਦ ਅੱਗੇ ਆਖ਼ਰਕਾਰ ਮਾਪਿਆਂ ਨੂੰ ਝੁਕਣਾ ਹੀ ਪਿਆ ਅਤੇ  ਇਸਰਾਈਲ ਦੀ ਧਰਤੀ ਤੇ ਇਕ ਬਦਨਾਮ ਲਵ ਮੈਰਿਜ ਹੋ ਗਈ। ਪਤੀ-ਪਤਨੀ ਬਣ ਜਾਣ ਮਗਰੋਂ ਦਲੇਲਾਂ ਸੈਮਸਨ ਨੂੰ ਹਰ ਤਰ੍ਹਾਂ ਦੀਆਂ ਕਪਟੀ ਕਲੋਲਾਂ ਨਾਲ ਰਿਝਾ ਕੇ ਉਸ ਦੀ ਅਥਾਹ ਸ਼ਕਤੀ ਦਾ ਰਾਜ਼ ਪੁਛਦੀ ਰਹੀ ਪਰ ਸੈਮਸਨ ਹਰ ਵਾਰ ਟਾਲ-ਮਟੋਲ ਕਰਦਾ ਰਿਹਾ। ਆਖ਼ਰ ਦਲੇਲਾਂ ਨੇ ਸੈਮਸਨ ਨੂੰ ਸੱਚੇ ਪਿਆਰ (ਜੋ ਅਸਲ ਵਿਚ ਝੂਠਾ ਪਿਆਰ ਸੀ) ਦਾ ਵਾਸਤਾ ਪਾ ਕੇ ਸ਼ਰਾਬ ਪਿਲਾ ਕੇ ਗੁੱਟ ਕਰ ਦਿਤਾ ਅਤੇ ਉਸ ਤੋਂ ਉਸ ਦੀ ਅਥਾਹ ਤਾਕਤ ਦਾ ਰਾਜ਼ ਪੁੱਛਣ ਮਗਰੋਂ ਅਪਣੇ ਬਾਪ-ਭਰਾਵਾਂ ਅਤੇ ਚਾਚੇ-ਤਾਇਆਂ ਨੂੰ ਸੱਦ ਕੇ ਸ਼ਰਾਬੀ ਸੈਮਸਨ ਦੇ ਕੇਸ ਕਤਲ ਕਰਵਾ ਦਿਤੇ। ਸੈਮਸਨ ਨੇ ਮਹਿਸੂਸ ਕੀਤਾ ਕਿ ਉਸ ਨਾਲ ਧੋਖਾ ਹੋ ਗਿਆ ਹੈ। ਸੈਮਸਨ ਨੇ ਅਪਣੇ ਸਿਰ ਤੇ ਜਦ ਹੱਥ ਫੇਰਿਆ ਤਾਂ ਫੁੱਟ ਫੁੱਟ ਕੇ ਰੋਇਆ ਕਿ ‘ਹੁਣ ਮੇਰੇ ਕੇਸ ਕਤਲ ਹੋ ਗਏ ਹਨ, ਹੁਣ ਮੇਰੀ ਖ਼ੈਰ ਨਹੀਂ।’ ਸੈਮਸਨ ਨੇ ਵੈਰੀਆਂ ਤੋਂ ਛੁੱਟਣ ਦੀ ਕੋਸ਼ਿਸ਼ ਕੀਤੀ ਪਰ ਹੁਣ ਉਹ ਲੰਮੇ ਕੇਸਾਂ ਸਮੇਂ ਵਾਲਾ ਸੈਮਸਨ ਯੋਧਾ ਨਹੀਂ ਸਗੋਂ ਨਿਰਬਲ, ਨਿਮਾਣਾ ਅਤੇ ਨਿਤਾਣਾ ਹੋ ਚੁੱਕਾ ਸੈਮਸਨ ਸੀ।ਸੈਮਸਨ ਨੂੰ ਬੇੜੀਆਂ ਵਿਚ ਜਕੜ ਲਿਆ ਗਿਆ। ਫ਼ਲਸਤੀਨੀਆਂ ਨੇ ਦੋ ਥੰਮਾਂ ਤੇ ਖੜੇ ਇਕ ਹਾਲ ਕਮਰੇ ਦਾ ਪ੍ਰਬੰਧ ਕੀਤਾ। ਢੰਡੋਰਾ ਫਿਰਵਾ ਕੇ ਹਜ਼ਾਰਾਂ ਤਮਾਸ਼ਬੀਨ ਹਾਲ ਵਿਚ ਇਕੱਠੇ ਕੀਤੇ ਗਏ। ਸੈਮਸਨ ਦੀਆਂ ਜ਼ੰਜੀਰਾਂ ਨਾਲ ਜਕੜੀਆਂ ਹੋਈਆਂ ਬਾਹਵਾਂ ਨੂੰ ਇਕ ਇਕ ਪਿੱਲਰ ਨਾਲ ਬੰਨ੍ਹ ਦਿਤਾ ਗਿਆ। ਸੈਮਸਨ ਨੂੰ ਨਾਚ ਕਰਨ ਲਈ ਮਜਬੂਰ ਕੀਤਾ ਗਿਆ। ਫ਼ਲਸਤੀਨੀਆਂ ਨੇ ਸੀਟੀਆਂ ਵਜਾਈਆਂ, ਤਾੜੀਆਂ ਮਾਰੀਆਂ। ਸੈਮਸਨ ਬਹੁਤ ਸ਼ਰਮਸਾਰ ਹੋਇਆ ਅਤੇ ਅਪਣੇ ਕੀਤੇ ਤੇ ਪਛਤਾਇਆ।

ਸੈਮਸਨ ਨੇ ਪ੍ਰਭੂ ਅੱਗੇ ਦਿਲੋਂ ਦੁਆ ਕੀਤੀ ਕਿ ‘ਹੇ ਪਰਮਾਤਮਾ! ਪਲ ਭਰ ਮੈਨੂੰ ਪਹਿਲਾਂ ਵਾਲੀ ਅਥਾਹ ਸ਼ਕਤੀ ਪ੍ਰਦਾਨ ਕਰ ਜੋ ਮੇਰੇ ਕੇਸਾਂ ਸਮੇਂ ਹੋਇਆ ਕਰਦੀ ਸੀ ਤਾਕਿ ਮੈਂ ਜਾਂਦਾ ਜਾਂਦਾ ਅਪਣੇ ਵੈਰੀਆਂ ਪਾਸੋਂ ਬਦਲਾ ਲੈ ਲਵਾਂ।’ ਸੈਮਸਨ ਦੀਆਂ ਦੁਆਵਾਂ ਸੁਣੀਆਂ ਗਈਆਂ। ਸੈਮਸਨ ਪਹਿਲਾਂ ਵਾਂਗ ਬਲਵਾਨ ਹੋ ਗਿਆ। ਸੈਮਸਨ ਨੇ ਰੱਬੀ ਸ਼ਕਤੀ ਨਾਲ ਦੋ ਬਾਹਵਾਂ ਦੇ ਇਕ ਝਟਕੇ ਨਾਲ ਹੀ ਪਿਲਰਾਂ ਨੂੰ ਤਹਿਸ ਨਹਿਸ ਕਰ ਦਿਤਾ। ਇਨ੍ਹਾਂ ਦੋਹਾਂ ਪਿਲਰਾਂ ਦੇ ਸਹਾਰੇ ਹਾਲ ਦੀ ਛੱਤ ਕਾਇਮ ਸੀ। ਛੱਤ ਦਾ ਸਾਰਾ ਮਲਬਾ ਤਮਾਸ਼ਬੀਨਾਂ ਅਤੇ ਸੈਮਸਨ ਉਪਰ ਡਿੱਗ ਪਿਆ। ਅਪਣੇ ਦੁਸ਼ਮਣਾਂ ਸਮੇਤ ਸੈਮਸਨ ਵੀ ਮਲਬੇ ਥੱਲੇ ਆ ਕੇ ਵੀਰਗਤੀ ਪ੍ਰਾਪਤ ਕਰ ਗਿਆ। ਦੁਆਵਾਂ ਕਰ ਕੇ ਪੁੱਤਰ ਦੀ ਰੱਬ ਕੋਲੋਂ ਪ੍ਰਾਪਤ ਕਰਨ ਵਾਲੇ ਮਾਂ-ਬਾਪ ਦਾ ਕੀ ਹਾਲ ਹੋਇਆ ਹੋਵੇਗਾ ਪਾਠਕ ਖ਼ੁਦ ਅੰਦਾਜ਼ਾ ਲਾ ਲੈਣ।

ਕੜੇ ਬਾਰੇ ਪਾਦਰੀ ਦੀ ਟਿਪਣੀ ਤੋਂ ਪਿਤਾ ਜੀ ਦਾ ਸਪੱਸ਼ਟ ਇਸ਼ਾਰਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ੇ ਪੰਜ ਕਕਾਰਾਂ ਬਾਰੇ ਸੀ। ਪਵਿੱਤਰ ਬਾਈਬਲ ਵਿਚ ਇਨਸਾਫ਼ ਦੀ ਦੁਹਾਈ ਦੇਣ ਵਾਲੇ ਸੱਭ ਨਬੀਆਂ ਅਤੇ ਪ੍ਰਭੂ ਯਸੂ ਦੇ ਚੇਲਿਆਂ ਦੇ ਲੰਮੇ ਕੇਸ ਹੋਇਆ ਕਰਦੇ ਸਨ। ਬਹੁਤ ਸਾਰੇ ਲੋਕ ਦਾਸ ਪਾਸੋਂ ਪਵਿੱਤਰ ਬਾਈਬਲ ਬਾਰੇ ਸਵਾਲ ਪੁਛਦੇ ਹਨ, ਖ਼ਾਸ ਕਰ ਕੇ ਦੂਜੇ ਧਰਮਾਂ ਦੇ ਲੋਕ, ਅਤੇ ਤਸੱਲੀ ਪ੍ਰਾਪਤ ਕਰਦੇ ਹਨ। ਪਰ ਜਦ ਮੈਨੂੰ ਪੁਛਿਆ ਜਾਂਦਾ ਹੈ ‘ਪਾਦਰੀ ਚੈਂਚਲ ਪ੍ਰਭੂ ਯਸੂ ਦੇ ਸੁੰਦਰ ਅਤੇ ਲੰਮੇ ਕੇਸ ਸਨ ਤੁਸੀ ਮਸੀਹੀ ਲੋਕ ਕੇਸ ਕਿਉਂ ਕਟਵਾਉਂਦੇ ਹੋ?’ ਤਾਂ ਮੈਨੂੰ ਕੋਈ ਜਵਾਬ ਨਹੀਂ ਅਹੁੜਦਾ।

Comments

comments

Share This Post

RedditYahooBloggerMyspace