ਜੱਲ੍ਹਿਆਂਵਾਲਾ ਬਾਗ ਦਾ ਸਾਕਾ ਪਾਪ: ਆਰਕਬਿਸ਼ਪ

Amritsar: Archbishop of Canterbury Justin Welby pays tributes at the Jallianwala Bagh memorial in Amritsar, Tuesday, Sept. 10, 2019. (PTI Photo) (PTI9_10_2019_000124B)

ਅੰਮ੍ਰਿਤਸਰ: ਐਂਗਲੀਕਨ ਚਰਚ ਦੇ ਮੁਖੀ ਆਰਕਬਿਸ਼ਪ ਆਫ ਕੈਂਟਰਬਰੀ ਜਸਟਿਨ ਪੋਰਟਲ ਵੈਲਬੀ ਨੇ ਅੱਜ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸੌ ਸਾਲ ਪਹਿਲਾਂ ਇਥੇ ਵਾਪਰੇ ਸਾਕੇ ਨੂੰ ‘ਪਾਪ’ ਕਰਾਰ ਦਿੱਤਾ ਅਤੇ ਇਸ ਵਾਸਤੇ ਦੁੱਖ ਤੇ ਸ਼ਰਮਿੰਦਗੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਸ਼ਹੀਦੀ ਸਮਾਰਕ ਵਿਖੇ ਦੰਡਵਤ (ਲੇਟ ਕੇ) ਹੁੰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪੀੜਤ ਪਰਿਵਾਰਾਂ ਲਈ ਪ੍ਰਮਾਤਮਾ ਅੱਗੇ ਪ੍ਰਾਰਥਨਾ ਕੀਤੀ। ਸ਼ਹੀਦੀ ਸਮਾਰਕ ਵਿਖੇ ਫੁੱਲ ਮਾਲਾ ਭੇਟ ਕਰਦਿਆਂ ਉਨ੍ਹਾਂ ਨੇ ਸੌ ਸਾਲ ਪਹਿਲਾਂ ਵਾਪਰੇ ਇਸ ਸਾਕੇ ਬਾਰੇ ਜਨਤਕ ਤੌਰ ਉੱਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਆਪਣੇ ਨਾਲ ਲਿਆਂਦੇ ਇੱਕ ਮਾਈਕ ਤੇ ਸਪੀਕਰ ਦੀ ਵਰਤੋਂ ਕਰਦਿਆਂ ਉਨ੍ਹਾਂ ਨੇ ਸ਼ਹੀਦਾਂ ਅਤੇ ਸਾਕੇ ਪ੍ਰਤੀ ਆਖਿਆ ਕਿ ਉਹ ਇਥੇ ਆ ਕੇ ਦੁਖੀ ਮਹਿਸੂਸ ਕਰ ਰਹੇ ਹਨ। ਸੌ ਸਾਲ ਪਹਿਲਾਂ ਜੋ ਕੁੱਝ ਇਥੇ ਵਾਪਰਿਆ ਸੀ, ਉਹ ਅਣਮਨੁੱਖੀ ਸੀ। ਉਨ੍ਹਾਂ ਇਸ ਨੂੰ ਪਾਪ ਅਤੇ ਜੁਰਮ ਦਾ ਨਾਂਅ ਦਿੰਦਿਆਂ ਆਖਿਆ ਕਿ ਉਹ ਇਸ ਵਾਸਤੇ ਸ਼ਰਮਿੰਦਗੀ ਅਤੇ ਦੁੱਖ ਮਹਿਸੂਸ ਕਰ ਰਹੇ ਹਨ ਪਰ ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਉਹ ਕੋਈ ਸਿਆਸੀ ਆਗੂ ਨਹੀਂ ਹਨ ਸਗੋਂ ਇੱਕ ਧਾਰਮਿਕ ਆਗੂ ਵਜੋਂ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਇਸ ਮੌਕੇ ਪੀੜਤ ਪਰਿਵਾਰਾਂ ਲਈ ਪ੍ਰਭੂ ਯਿਸੂ ਮਸੀਹ ਅੱਗੇ ਪ੍ਰਾਰਥਨਾ ਵੀ ਕੀਤੀ ਗਈ। ਜੱਲ੍ਹਿਆਂਵਾਲਾ ਬਾਗ ਯਾਤਰੂ ਕਿਤਾਬ ਵਿੱਚ ਆਪਣੀਆਂ ਭਾਵਨਾਵਾਂ ਦਰਜ ਕੀਤੀਆਂ ਕਿ ਉਹ ਇੱਥੇ ਇੱਕ ਬਰਤਾਨਵੀ ਕ੍ਰਿਸਚਨ ਵਜੋਂ ਦੁੱਖ ਅਤੇ ਸ਼ਰਮਿੰਦਗੀ ਮਹਿਸੂਸ ਕਰ ਰਹੇ ਹਨ। ਸਾਨੂੰ ਇਤਿਹਾਸ ਤੋਂ ਸਿੱਖਣ ਦੀ ਲੋੜ ਹੈ ਅਤੇ ਨਫ਼ਰਤ ਨੂੰ ਖਤਮ ਕਰਕੇ ਵਿਸ਼ਵ ਵਿੱਚ ਚੰਗੇ ਕੰਮ ਕਰਨੇ ਚਾਹੀਦੇ ਹਨ। ਜੱਲ੍ਹਿਆਂਵਾਲਾ ਬਾਗ ਸਾਕੇ ਦੇ ਪੀੜਤ ਪਰਿਵਾਰਾਂ ਵਲੋਂ ਕੀਤੀ ਜਾ ਰਹੀ ਮੰਗ ਕਿ ਬਰਤਾਨਵੀ ਸਰਕਾਰ ਇਸ ਵਾਸਤੇ ਮੁਆਫ਼ੀ ਮੰਗੇ, ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਉਹ ਸਿਆਸੀ ਆਗੂ ਨਹੀਂ ਸਗੋਂ ਧਾਰਮਿਕ ਆਗੂ ਹਨ। ਉਨ੍ਹਾਂ ਨੇ ਇੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰ ਦਿੱਤਾ ਹੈ। ਲਗਪਗ ਦੋ ਵਜੇ ਦੁਪਹਿਰੇ ਬਾਗ ਵਿੱਚ ਪੁੱਜੇ ਆਰਕਬਿਸ਼ਪ ਵੈਲਬੀ ਨੇ ਇਥੇ ਦਾਖਲ ਹੁੰਦਿਆਂ ਹੀ ਪਹਿਲਾਂ ਸ਼ਹੀਦੀ ਲਾਟ ਸਾਹਮਣੇ ਗੋਡਿਆਂ ਭਾਰ ਬੈਠ ਕੇ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਉਹ ਕੰਧਾਂ ਵੀ ਦੇਖੀਆਂ, ਜਿਥੇ ਸੌ ਸਾਲ ਪਹਿਲਾਂ ਚੱਲੀਆਂ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ। ਉਨ੍ਹਾਂ ਉਥੇ ਵੀ ਪ੍ਰਾਰਥਨਾ ਕੀਤੀ। ਮਗਰੋਂ ਸ਼ਹੀਦੀ ਸਮਾਰਕ ਵਿਖੇ ਪੂਰੀ ਤਰ੍ਹਾਂ ਲੇਟ ਕੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਉਨ੍ਹਾਂ ਨਾਲ ਉਨ੍ਹਾਂ ਦੀ ਪਤਨੀ ਕੈਰੋਲੀਨਾ ਵੈਲਬੀ ਅਤੇ ਵਫ਼ਦ ਦੇ ਬਾਕੀ ਮੈਂਬਰ ਸ਼ਾਮਲ ਸਨ। ਇਸ ਮੌਕੇ ਉਨ੍ਹਾਂ ਨੂੰ ਸਮੁੱਚੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨਾਲ ਚਰਚ ਆਫ ਅੰਮ੍ਰਿਤਸਰ ਦੇ ਬਿਸ਼ਪ ਡਾ. ਪੀ ਕੇ ਸਾਮੰਤਾ ਰਾਏ, ਡੇਨੀਅਲ ਬੀ ਦਾਸ ਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਤੋਂ ਪਹਿਲਾਂ ਉਹ ਰਾਮ ਬਾਗ ਚਰਚ ਵਿਖੇ ਗਏ, ਜਿਥੇ ਪ੍ਰਾਰਥਨਾ ਸਭਾ ਵਿਚ ਹਿੱਸਾ ਲਿਆ ਅਤੇ ਲੰਗਰ ਵੀ ਛਕਿਆ। ਬਾਅਦ ਦੁਪਹਿਰ ਅਲੈਗਜੈਂਡਰਾ ਸਕੂਲ ’ਚ ਉਨ੍ਹਾਂ ਮਸੀਹ ਭਾਈਚਾਰੇ ਦੇ ਲੋਕਾਂ ਵਲੋਂ ਰੱਖੇ ਸਵਾਗਤੀ ਸਮਾਗਮ ਨੂੰ ਵੀ ਸੰਬੋਧਨ ਕੀਤਾ।

Comments

comments

Share This Post

RedditYahooBloggerMyspace