ਪਰਿਵਾਰ ਦੇ ਪੰਜਵੇਂ ਜੀਅ ਨੇ ਮੌਤ ਗ਼ਲ ਲਾਈ

ਟੱਲੇਵਾਲ: ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਭੋਤਨਾ ਵਿੱਚ ਕਰਜ਼ੇ ਦੇ ਸਤਾਏ ਪਰਿਵਾਰ ਦੇ ਪੰਜਵੇਂ ਜੀਅ ਨੇ ਵੀ ਅੱਜ ਮੌਤ ਗ਼ਲ ਲਾ ਲਈ। ਪਰਿਵਾਰ ਦੇ ਚਾਰ ਜੀਅ ਪਹਿਲਾਂ ਹੀ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੇ ਲਵਪ੍ਰੀਤ ਸਿੰਘ(22) ਪੁੱਤਰ ਕੁਲਵੰਤ ਸਿੰਘ ਨੇ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ। ਇਸ ਸਿਰੇ ਦੇ ਕਦਮ ਨਾਲ ਪਰਿਵਾਰ ਦਾ ਆਖ਼ਰੀ ਚਿਰਾਗ ਵੀ ਬੁਝ ਗਿਆ। ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਠੇਕੇ ’ਤੇ ਜ਼ਮੀਨ ਲੈ ਕੇ ਖ਼ੇਤੀ ਕਰ ਰਿਹਾ ਸੀ। ਉਹ ਪਰਿਵਾਰ ਵਿੱਚ ਤਿੰਨ ਪੀੜੀਆਂ ਦੀਆਂ ਕਰਜ਼ੇ ਕਾਰਨ ਹੋਈਆਂ ਮੌਤਾਂ ਕਰ ਕੇ ਪ੍ਰੇਸ਼ਾਨ ਰਹਿੰਦਾ ਸੀ। ਲਵਪ੍ਰੀਤ ਨੇ ਲੰਘੇ ਦਿਨ ਆਪਣੇ ਖ਼ੇਤ ਜਾ ਕੇ ਸਪਰੇਅ ਪੀ ਲਈ। ਪਰਿਵਾਰ ਉਸ ਨੂੰ ਫ਼ੌਰੀ ਡੀਐੱਮਸੀ ਲੁਧਿਆਣਾ ਲੈ ਗਿਆ, ਜਿੱਥੇ ਉਸ ਦੀ ਅੱਜ ਮੌਤ ਹੋ ਗਈ। ਮੌਤ ਦੀ ਖ਼ਬਰ ਨਾਲ ਪੂਰੇ ਭੋਤਨਾ ਪਿੰਡ ਸੋਗ ਵਿੱਚ ਹੈ। ਪੀੜਤ ਪਰਿਵਾਰ ਵਿੱਚ ਪਿੱਛੇ ਲਵਪ੍ਰੀਤ ਦੀ ਮਾਂ, ਛੋਟੀ ਭੈਣ ਅਤੇ ਦਾਦੀ ਹੈ। ਸਰਪੰਚ ਬੁੱਧ ਸਿੰਘ ਨੇ ਦੱਸਿਆ ਕਿ ਪਰਿਵਾਰ ਸਿਰ 10 ਲੱਖ ਦੇ ਕਰੀਬ ਬੈਂਕਾਂ ਅਤੇ ਸ਼ਾਹੂਕਾਰਾਂ ਦਾ ਕਰਜ਼ਾ ਸੀ। ਇਸ ਤੋਂ ਪਹਿਲਾਂ ਲਵਪ੍ਰੀਤ ਦੇ ਪਿਤਾ, ਦਾਦਾ ਤਾਇਆ, ਦਾਦਾ ਅਤੇ ਪੜਦਾਦਾ ਵੀ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਚੁੱਕੇ ਹਨ। ਕਰਜ਼ੇ ਕਾਰਨ ਪਰਿਵਾਰ ਵਿੱਚ ਇਹ ਪੰਜਵੀਂ ਖ਼ੁਦਕੁਸ਼ੀ ਹੈ। ਪੜਦਾਦੇ ਜੋਗਿੰਦਰ ਕੋਲ 13 ਏਕੜ ਪੈਲੀ ਸੀ, ਜੋ ਪੜਪੋਤੇ ਤੱਕ ਪੁੱਜਦੀ 13 ਕਨਾਲਾਂ ਵੀ ਨਹੀਂ ਬਚੀ। ਕਰੀਬ 65 ਸਾਲ ਪਹਿਲਾਂ ਉਸ ਦਾ ਪੜਦਾਦਾ ਜੋਗਿੰਦਰ ਸਿੰਘ 13 ਏਕੜ ਜ਼ਮੀਨ ਦਾ ਮਾਲਕ ਸੀ ਅਤੇ ਕਰਜ਼ੇ ਕਰ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਜੋਗਿੰਦਰ ਸਿੰਘ ਦਾ ਵੱਡਾ ਲੜਕਾ ਭਗਵਾਨ ਸਿੰਘ ਵੀ ਬਾਪ ਦੇ ਰਾਹ ਚਲਾ ਗਿਆ। ਮਗਰੋਂ ਪਰਿਵਾਰ ਦੀ ਜ਼ਿੰਮੇਵਾਰੀ ਭਗਵਾਨ ਸਿੰਘ ਦੇ ਭਰਾ ਨਾਹਰ ਸਿੰਘ ਦੇ ਸਿਰ ਪੈ ਗਈ, ਜਿਸ ਨੇ ਆਪਣੇ ਪਰਿਵਾਰ ਦਾ ਪੇਟ ਭਰਨ ਦੇ ਨਾਲ ਭਰਾ ਦੀਆਂ ਲੜਕੀਆਂ ਦੇ ਵਿਆਹ ਵੀ ਕੀਤੇ। ਕਰਜ਼ੇ ਨੇ ਨਾਹਰ ਸਿੰਘ ਨੂੰ ਵੀ ਸਾਹ ਨਾ ਲੈਣ ਦਿੱਤਾ ਤੇ ਉਹ ਵੀ ਖ਼ੁਦਕੁਸ਼ੀ ਕਰ ਗਿਆ।

ਕਰਜ਼ਾ ਮੁਆਫ਼ੀ ਵਾਲੇ ਦਿਨ ਪਿਤਾ ਨੇ ਕੀਤੀ ਸੀ ਖ਼ੁਦਕੁਸ਼ੀ
ਕੈਪਟਨ ਸਰਕਾਰ ਨੇ 5 ਜਨਵਰੀ 2018 ਨੂੰ ਕਰਜ਼ਾ ਮੁਆਫ਼ੀ ਦੀ ਸ਼ੁਰੂਆਤ ਕੀਤੀ ਤਾਂ ਠੀਕ ਉਸੇ ਦਿਨ ਲਵਪ੍ਰੀਤ ਸਿੰਘ ਦੇ ਪਿਤਾ ਕੁਲਵੰਤ ਸਿੰਘ ਨੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਲਈ। ਕੁਲਵੰਤ ਸਿੰਘ ਨੇ ਖੇਤੀ ਦੇ ਨਾਲ ਡਰਾਈਵਰੀ ਵੀ ਕੀਤੀ, ਪਰ ਫਿਰ ਵੀ ਪੱਲੇ ਕੁਝ ਨਾ ਪਿਆ। ਹੌਲੀ ਹੌਲੀ ਜ਼ਮੀਨ ਵੀ ਵਿਕਦੀ ਗਈ, ਪਰ ਕਰਜ਼ੇ ਦੀ ਪੰਡ ਹੌਲੀ ਨਾ ਹੋਈ। ਕੁਲਵੰਤ ਸਿੰਘ ਨੇ ਆਪਣੀ ਸੱਤ ਕਨਾਲਾਂ ਜ਼ਮੀਨ ਦੇ ਨਾਲ 14 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਸ਼ੁਰੂ ਕੀਤੀ, ਪਰ ਗੜੇਮਾਰੀ ਨੇ ਉਹਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਚੁਫੇਰੇ ਹਨੇਰਾ ਦਿਸਿਆ ਤਾਂ ਉਸ ਨੇ ਵੀ ਖ਼ੁਦਕੁਸ਼ੀ ਕਰ ਲਈ। ਕੁਲਵੰਤ ਸਿੰਘ ਸਿਰ 12 ਲੱਖ ਦਾ ਕਰਜ਼ਾ ਹੈ, ਜੋ ਅੱਗੇ ਜਾ ਕੇ ਲਵਪ੍ਰੀਤ ਦੀ ਮੌਤ ਦਾ ਕਾਰਨ ਬਣ ਗਿਆ।

Comments

comments

Share This Post

RedditYahooBloggerMyspace