ਪ੍ਰਕਾਸ਼ ਪੁਰਬ ’ਤੇ ਸਿਆਸਤ ਨਾ ਕੀਤੀ ਜਾਵੇ: ਕੈਪਟਨ

ਸੁਲਤਾਨਪੁਰ ਲੋਧੀ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਧਿਰਾਂ ਨੂੰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਿਆਸਤ ਤੋਂ ਉੱਪਰ ਉਠ ਕੇ ਮਨਾਉਣ ਦਾ ਸੱਦਾ ਦਿੱਤਾ ਹੈ। ਅਕਾਲ ਤਖ਼ਤ ਦੀ ਹੇਠੀ ਕਰਨ ਦੇ ਦੋਸ਼ਾਂ ਦਾ ਤਿੱਖਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਕੋਈ ਮਾਂ ਦਾ ਪੁੱਤ ਨਹੀਂ ਜੰਮਿਆ ਜਿਹੜਾ ਅਕਾਲ ਤਖ਼ਤ ਦੀ ਹਸਤੀ ਨੂੰ ਚੁਣੌਤੀ ਦੇਵੇ। ਇਹ ਛੇਵੀਂ ਪਾਤਸ਼ਾਹੀ ਸ੍ਰੀ ਹਰਿਗੋਬਿੰਦ ਸਾਹਿਬ ਦੀ ਗੱਦੀ ਹੈ।’ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੰਘੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ’ਤੇ ਅਕਾਲ ਤਖ਼ਤ ਨੂੰ ਕਮਜ਼ੋਰ ਕਰਨ ਦੇ ਦੋਸ਼ ਲਾਏ ਸਨ।
ਇਥੇ ਪੰਜਾਬ ਵਜ਼ਾਰਤ ਦੀ ਮੀਟਿੰਗ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਆਪਣੇ ਕੈਬਨਿਟ ਮੰਤਰੀਆਂ ਨਾਲ ਨਤਮਸਤਕ ਹੋਣ ਮਗਰੋਂ ਮੁੱਖ ਮੰਤਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੂੰ ਕੁਝ ਵੀ ਨਹੀਂ ਪਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ ਕਿ ਬੀਬਾ ਬਾਦਲ ਕੇਂਦਰ ਵਿੱਚ ਕਿਵੇਂ ਕੰਮਕਾਜ ਕਰਦੀ ਹੋਵੇਗੀ। ਮੁੱਖ ਮੰਤਰੀ ਨੇ ਹਰਸਿਮਰਤ ਦੇ ਇਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਕੋਲੋਂ ਖੇਤੀਬਾੜੀ ਨਾਲ ਸਬੰਧਤ ਕੋਈ ਪ੍ਰਾਜੈਕਟ ਨਹੀਂ ਮੰਗਿਆ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸਿਆਸਤ ਤੋਂ ਉਪਰ ਉਠ ਕੇ ਗੁਰਪੁਰਬ ਸਮਾਗਮਾਂ ਨੂੰ ਮਨਾਉਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲੇ ਪਾਤਸ਼ਾਹ ਦੇ 550ਵੇਂ ਗੁਰਪੁਰਬ ਨੂੰ ਮਨਾਉਣ ਲਈ ਇਕ ਸਾਲ ਤੋਂ ਤਿਆਰੀਆਂ ਕਰ ਰਹੀ ਹੈ ਤੇ ਸਾਰੇ ਪ੍ਰਾਜੈਕਟ ਇਸ ਮਹੀਨੇ ਦੇ ਅਖੀਰ ਤੱਕ ਮੁਕੰਮਲ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰਕਾਸ਼ ਪੁਰਬ ਸਮਾਗਮਾਂ ਲਈ ਪਹਿਲਾਂ ਹੀ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਪੰਜ ਮੈਂਬਰੀ ਕਮੇਟੀ ਲਈ ਸਰਕਾਰ ਨੂੰ ਦੋ ਮੈਂਬਰਾਂ ਦੇ ਨਾਂ ਦੇਣ ਲਈ ਕਿਹਾ ਸੀ ਤੇ ਸਰਕਾਰ ਨੇ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਚੰਨੀ ਦੇ ਨਾਂ ਭੇਜੇ ਹਨ। ਇਸ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਦੋ ਮੈਂਬਰ ਹੋਣਗੇ ਜਦੋਂਕਿ ਕਿਸੇ ਦਾਨਿਸ਼ਵਰ ਨੂੰ ਨਿਰਪੱਖ ਮੈਂਬਰ ਵਜੋਂ ਲਿਆ ਜਾਵੇਗਾ। ਇਹ ਕਮੇਟੀ ਹੀ ਸਾਂਝੇ ਸਮਾਗਮਾਂ ਬਾਰੇ ਫੈਸਲਾ ਕਰੇਗੀ। ਕੈਪਟਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦੇ ਅੰਦਰ ਅਤੇ ਸਰਕਾਰ ਬਾਹਰਲੇ ਸਮਾਗਮਾਂ ਦਾ ਪ੍ਰਬੰਧ ਕਰੇਗੀ। ਉਨ੍ਹਾਂ ਕਿਹਾ ਕਿ ਪੁਰਾਣੀਆਂ ਰਵਾਇਤਾਂ ਮੁਤਾਬਕ ਹੀ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਇਆ ਜਾਵੇਗਾ। ਮੁੱਖ ਮੰਤਰੀ ਨੇ ਵਜ਼ਾਰਤੀ ਮੀਟਿੰਗ ਲਈ ਸੁਲਤਾਨਪੁਰ ਲੋਧੀ ਦੀ ਹੀ ਚੋਣ ਕਰਨ ਬਾਰੇ ਕਿਹਾ ਕਿ 550ਵਾਂ ਪ੍ਰਕਾਸ਼ ਪੁਰਬ ਬਹੁਤ ਅਹਿਮ ਹੈ ਤੇ ਸਾਰੇ ਮੰਤਰੀ ਇਸ ਦਾ ਹਿੱਸਾ ਬਣਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਜ਼ਾਰਤ ਦੀ ਅਗਲੀ ਮੀਟਿੰਗ 24 ਸਤੰਬਰ ਨੂੰ ਡੇਰਾ ਬਾਬਾ ਨਾਨਕ ਵਿੱਚ ਹੋਵੇਗੀ। ਉਨ੍ਹਾਂ ਪਾਕਿਸਤਾਨ ਸਰਕਾਰ ਵੱਲੋਂ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਕੋਲੋਂ ਫੀਸ ਵਸੂਲਣ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਇਹ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣਗੇ।

Comments

comments

Share This Post

RedditYahooBloggerMyspace