ਅਰੁੰਧਤੀ ਰਾਏ ਦੀ ਕਿਤਾਬ : ਦਰਬਾਰਿ-ਖ਼ੁਸ਼ੀਆਂ ਬੇਪਨਾਹ ਦੇ ਕਬਰਸਤਾਨ ਦੀ ਜੰਨਤ

ਅਰੁੰਧਤੀ ਰਾਏ ਦਾ ਦੂਜਾ ਨਾਵਲ ‘ਦਰਬਾਰਿ-ਖ਼ੁਸ਼ੀਆਂ ਬੇਪਨਾਹ’ ਪੁਰਾਣੀ ਦਿੱਲੀ ਦੀਆਂ ਤੰਗ ਗਲੀਆਂ ਵਿੱਚੋਂ ਹੁੰਦਾ ਹੋਇਆ ਨਵੇਂ ਉਸਰਦੇ ਮਹਾਂਨਗਰ ਦੀ ਤਫ਼ਸੀਲ ਪੇਸ਼ ਕਰਦਾ ਹੈ। ਇਸ ਤੋਂ ਬਾਅਦ ਇਸ ਦਾ ਘੇਰਾ ਕਸ਼ਮੀਰ ਤੋਂ ਬਸਤਰ (ਮੱਧ ਪ੍ਰਦੇਸ਼) ਤੱਕ ਫੈਲ ਜਾਂਦਾ ਹੈ। ਇਸ ਦੇ ਕਿਰਦਾਰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵਿਚਰਦਿਆਂ ਆਪਣੇ ਦੁਆਲੇ ਦੇ ਸੰਸਾਰ ਨਾਲ ਮਸ਼ਗੂਲ ਹਨ। ਉਨ੍ਹਾਂ ਦੀ ਜ਼ਿੰਦਗੀ ਦੇ ਸਫ਼ਰ ਇੱਕ-ਦੂਜੇ ਦੇ ਰਾਹਾਂ ਵਿੱਚੋਂ ਗੁਜ਼ਰਦੇ ਹਨ। ਉਹ ਸਬੱਬੀਂ ਮਿਲਦੇ ਹਨ, ਮਿੱਥ ਕੇ ਮਿਲਦੇ ਹਨ ਅਤੇ ਮੌਜੂਦਾ ਦੌਰ ਦੀਆਂ ਪੇਚੀਦਾ ਪਰਤਾਂ ਖੋਲ੍ਹਦੇ ਹਨ। ਆਫ਼ਤਾਬ ਵਜੋਂ ਪੈਦਾ ਹੋਈ ਅੰਜੁਮ ਆਪਣੇ ਮਾਪਿਆਂ ਦੇ ਘਰ ਤੋਂ ਬਾਅਦ ਆਪਣੀ ਪਸੰਦ ਦੀ ਖ਼ਵਾਬਗਾਹ ਛੱਡ ਕੇ ਖੰਡਰ ਹੋਏ ਕਬਰਸਤਾਨ ਦੀਆਂ ਕਬਰਾਂ ਵਿੱਚ ਆਪਣਾ ਕਾਲੀਨ ਵਿਛਾ ਲੈਂਦੀ ਹੈ। ਇਹ ਕਾਲੀਨ ਬੇਦਿਲਾਸਿਆਂ ਦਾ ਦਿਲਾਸਾ ਬਣਦਾ ਹੈ ਅਤੇ ਵਸੇਬ ਦੇ ਦਿਲੋ-ਦਿਮਾਗ਼ ਦੀ ਥਾਹ ਪਾਉਂਦਾ ਹੋਇਆ ਜੰਨਤ ਅਤੇ ਜਹੱਨੁਮ ਵਿਚਕਾਰ ਗ਼ੈਰ-ਕਾਨੂੰਨੀ ਬੂਹਾ ਖੁੱਲ੍ਹਾ ਰੱਖਦਾ ਹੈ।
ਨਾਵਲ ਦਾ ਇਹ ਅੰਸ਼ ਅੰਜੁਮ ਦੇ ਕਬਰਸਤਾਨ ਵਿੱਚ ਪਹੁੰਚਣ ਵਾਲੇ ਪਹਿਲੇ ਦਿਨ ਬਾਰੇ ਹੈ ਅਤੇ ਉਸ ਦੀਆਂ ਯਾਦਾਂ ਵਿੱਚ 2002 ਦਾ ਗੁਜਰਾਤ ਘੁੰਮ ਰਿਹਾ ਹੈ।

ਟੈਂਪੂ ਰਾਹੀਂ ਦਸਾਂ ਮਿੰਟਾਂ ਦਾ ਸਫ਼ਰ ਕਰ ਕੇ ਅੰਜੁਮ ਮੁੜ ਕਿਸੇ ਹੋਰ ਦੁਨੀਆ ਵਿੱਚ ਪਹੁੰਚ ਗਈ। ਇਹ ਉਜਾੜ ਜਿਹਾ ਖੰਡਰਨੁਮਾ ਛੋਟਾ ਜਿਹਾ ਕਬਰਸਤਾਨ ਸੀ। ਇਹ ਕਦੇ-ਕਦਾਈਂ ਵਰਤੋਂ ਵਿੱਚ ਆਉਂਦਾ ਸੀ। ਇਸ ਦੀ ਸ਼ੁਮਾਲੀ ਬਾਹੀ ਸਰਕਾਰੀ ਹਸਪਤਾਲ ਅਤੇ ਮੁਰਦਾਘਰ ਨਾਲ ਸਾਂਝੀ ਸੀ ਜਿੱਥੇ ਸ਼ਹਿਰ ਦੇ ਭਿਖਾਰੀਆਂ ਦੀਆਂ ਅਤੇ ਹੋਰ ਲਾਵਾਰਿਸ ਲਾਸ਼ਾਂ ਰੱਖੀਆਂ ਜਾਂਦੀਆਂ ਸਨ।

ਇਹ ਥਾਂ ਲਾਸ਼ਾਂ ਦਾ ਉਦੋਂ ਤੱਕ ਟਿਕਾਣਾ ਬਣਦੀ ਸੀ ਜਦੋਂ ਤੱਕ ਪੁਲੀਸ ਉਨ੍ਹਾਂ ਨੂੰ ਕਿਓਂਟਣ ਦਾ ਫ਼ੈਸਲਾ ਨਾ ਕਰ ਲੈਂਦੀ। ਜ਼ਿਆਦਾਤਰ ਲਾਸ਼ਾਂ ਸ਼ਹਿਰ ਦੇ ਸ਼ਮਸ਼ਾਨਘਾਟ ਲਿਜਾਈਆਂ ਜਾਂਦੀਆਂ ਸਨ। ਜੇ ਲਾਸ਼ਾਂ ਦੀ ਸ਼ਨਾਖ਼ਤ ਮੁਸਲਮਾਨ ਵਜੋਂ ਉੱਭਰ ਆਉਂਦੀ ਤਾਂ ਉਨ੍ਹਾਂ ਨੂੰ ਬੇਨਾਮੀਆਂ ਕਬਰਾਂ ਵਿੱਚ ਦਫ਼ਨਾ ਦਿੱਤਾ ਜਾਂਦਾ ਸੀ ਜਿਨ੍ਹਾਂ ਦੀ ਸ਼ਨਾਖ਼ਤ ਸਮੇਂ ਦੀ ਭੇਟ ਚੜ੍ਹ ਜਾਂਦੀ ਸੀ। ਇਹ ਜ਼ਮੀਨ ਨੂੰ ਜ਼ਰਖ਼ੇਜ਼ ਕਰਨ ਅਤੇ ਪੁਰਾਣੇ ਰੁੱਖਾਂ ਦੀ ਹਰਿਆਲੀ ਵਿੱਚ ਵਾਧਾ ਕਰਨ ਵਿੱਚ ਹਿੱਸਾ ਪਾਉਂਦੀਆਂ ਸਨ।

ਰਸਮੀ ਤਾਮੀਰ ਹੋਈਆਂ ਕਬਰਾਂ ਦੀ ਗਿਣਤੀ ਦੋ ਸੌ ਤੋਂ ਘੱਟ ਸੀ। ਪੁਰਾਣੀਆਂ ਕਬਰਾਂ ਉੱਤੇ ਸੰਗਮਰਮਰ ਵਿੱਚ ਖੁਦੇ ਕੁਤਬਿਆਂ ਤੋਂ ਬਿਨਾਂ ਹੋਰ ਕਾਰੀਗਰੀ ਸੀ, ਪਰ ਹਾਲੀਆ ਕਬਰਾਂ ਮਹਿਜ਼ ਬੁਨਿਆਦੀ ਜ਼ਾਬਤਾ ਪੂਰਾ ਕਰਦੀਆਂ ਸਨ।

ਅੰਜੁਮ ਦੇ ਪੁਰਖਿਆਂ ਦੀਆਂ ਕਈ ਪੀੜ੍ਹੀਆਂ ਇਸੇ ਥਾਂ ਦਫ਼ਨ ਸਨ- ਮੁਲਾਕਾਤ ਅਲੀ, ਉਸ ਦੇ ਮਾਪੇ, ਉਸ ਦਾ ਬਾਬਾ ਅਤੇ ਬੇਬੇ। ਮੁਲਾਕਾਤ ਅਲੀ ਦੀ ਵੱਡੀ ਭੈਣ (ਅੰਜੁਮ ਦੀ ਆਪਾ) ਬੇਗ਼ਮ ਜ਼ੀਨਤ ਕੌਸਰ ਉਸੇ ਦੇ ਪਾਸੇ ਨਾਲ ਦਫ਼ਨ ਸੀ। ਉਹ ਵੰਡ ਤੋਂ ਬਾਅਦ ਲਾਹੌਰ ਚਲੀ ਗਈ ਸੀ। ਦਸ ਸਾਲਾਂ ਬਾਅਦ ਉਹ ਆਪਣੇ ਖ਼ਾਵੰਦ ਅਤੇ ਬੱਚਿਆਂ ਨੂੰ ਛੱਡ ਕੇ ਇਹ ਕਹਿੰਦੀ ਹੋਈ ਦਿੱਲੀ ਮੁੜ ਆਈ ਸੀ ਕਿ ਉਹ ਦਿੱਲੀ ਦੀ ਜਾਮਾ ਮਸਜਿਦ ਦੇ ਗੁਆਂਢ ਤੋਂ ਬਿਨਾਂ ਹੋਰ ਕਿਤੇ ਨਹੀਂ ਰਹਿ ਸਕਦੀ। (ਕਿਸੇ ਕਾਰਨ ਵੱਸ ਲਾਹੌਰ ਦੀ ਬਾਦਸ਼ਾਹੀ ਮਸਜਿਦ ਇਸ ਦਾ ਬਦਲ ਨਹੀਂ ਬਣ ਸਕੀ।)

ਉਸ ਨੂੰ ਪੁਲੀਸ ਨੇ ਪਾਕਿਸਤਾਨੀ ਜਾਸੂਸ ਕਰਾਰ ਦੇ ਕੇ ਤਿੰਨ ਵਾਰ ਵਾਪਸ ਭੇਜਣ ਦਾ ਨਾਕਾਮਯਾਬ ਤਰੱਦਦ ਕੀਤਾ। ਆਖ਼ਰ ਬੇਗ਼ਮ ਜ਼ੀਨਤ ਕੌਸਰ ਸ਼ਾਹਜਹਾਨਾਬਾਦ ਦੇ ਰਸੋਈ ਅਤੇ ਛੋਟੇ ਜਿਹੇ ਕਮਰੇ ਵਾਲੇ ਘਰ ਵਿੱਚ ਵੱਸ ਗਈ ਜਿੱਥੋਂ ਉਸ ਦੀ ਪਿਆਰੀ ਮਸਜਿਦ ਅੱਖਾਂ ਦੇ ਸਾਹਮਣੇ ਰਹਿੰਦੀ ਸੀ। ਉਸ ਦੇ ਨਾਲ ਉਸ ਦੀ ਹਮਉਮਰ ਵਿਧਵਾ ਰਹਿੰਦੀ ਸੀ। ਉਹ ਆਪਣੀ ਰੋਜ਼ੀ ਪੁਰਾਣੇ ਸ਼ਹਿਰ ਦੇ ਇੱਕ ਰੈਸਟੋਰੈਂਟ ਵਿੱਚ ਸੁਰਖ਼ ਗੋਸ਼ਤ ਦਾ ਕੋਰਮਾ ਮੁਹੱਈਆ ਕਰਵਾ ਕੇ ਕਰਦੀ ਸੀ ਜਿੱਥੇ ਵਿਦੇਸ਼ੀ ਸੈਲਾਨੀਆਂ ਦੀਆਂ ਟੋਲੀਆਂ ਮੁਕਾਮੀ ਪਕਵਾਨ ਦਾ ਜ਼ਾਇਕਾ ਲੈਣ ਲਈ ਆਉਂਦੀਆਂ ਸਨ।

ਉਸ ਨੇ ਤੀਹ ਸਾਲ ਇੱਕੋ ਦੇਗ਼ ਵਿੱਚ ਕੜਛੀ ਫੇਰ ਕੇ ਕੋਰਮਾ ਪਕਾਇਆ ਅਤੇ ਉਸ ਤੋਂ ਕੋਰਮੇ ਦੀ ਉਸੇ ਤਰ੍ਹਾਂ ਮਹਿਕ ਆਉਂਦੀ ਸੀ ਜਿਵੇਂ ਜ਼ਨਾਨੀਆਂ ਤੋਂ ਅਤਰ-ਫੁਲੇਲਾਂ ਦੀ ਖ਼ੁਸ਼ਬੂ ਆਉਂਦੀ ਹੋਵੇ। ਉਹ ਜਦੋਂ ਫ਼ੌਤ ਹੋਈ ਤਾਂ ਆਪਣੀ ਕਬਰ ਵਿੱਚ ਪੁਰਾਣੀ ਦਿੱਲੀ ਦੇ ਜ਼ਾਇਕੇ ਦੀ ਮਹਿਕ ਸਮੇਤ ਦਫ਼ਨ ਹੋਈ। ਬੇਗ਼ਮ ਜ਼ੀਨਤ ਕੌਸਰ ਤੋਂ ਕੁਝ ਫ਼ਾਸਲੇ ਉੱਤੇ ਹੀ ਅੰਜੁਮ ਦੀ ਸਭ ਤੋਂ ਵੱਡੀ ਭੈਣ ਬੀਬੀ ਆਇਸ਼ਾ ਦਫ਼ਨ ਸੀ ਜੋ ਤਪਦਿਕ ਦੀ ਭੇਟ ਚੜ੍ਹੀ ਸੀ। ਕੁਝ ਫ਼ਰਕ ਨਾਲ ਅੰਜੁਮ ਦਾ ਜਨਮ ਕਰਵਾਉਣ ਵਾਲੀ ਦਾਈ ਅਹਿਲਾਮ ਬਾਜੀ ਦੀ ਕਬਰ ਸੀ। ਉਮਰ ਦੇ ਆਖ਼ਰੀ ਵਰ੍ਹਿਆਂ ਵਿੱਚ ਅਹਿਲਾਮ ਬਾਜੀ ਦੀ ਸੁਰਤ ਖਿੰਡਰ ਗਈ ਸੀ ਅਤੇ ਉਹ ਮੋਟੀ ਹੋ ਗਈ ਸੀ। ਉਹ ਪੁਰਾਣੀ ਦਿੱਲੀ ਦੀਆਂ ਗਲ਼ੀਆਂ ਵਿੱਚ ਬੇਸ਼ਊਰੀ ਦੀ ਬਾਦਸ਼ਾਹੀ ਚਾਲ ਵਿੱਚ ਟਹਿਲਦੀ ਸੀ ਅਤੇ ਉਸ ਦੇ ਵਾਲ ਤੌਲੀਏ ਵਿੱਚ ਬੰਨ੍ਹੇ ਹੁੰਦੇ ਸਨ। ਇੰਝ ਜਾਪਦਾ ਸੀ ਜਿਵੇਂ ਉਹ ਹੁਣੇ-ਹੁਣੇ ਗੂੰਹ ਦਾ ਇਸ਼ਨਾਨ ਕਰ ਕੇ ਆਈ ਹੋਵੇ।

ਉਸ ਦੇ ਹੱਥ ਵਿੱਚ ਕਿਸਾਨ ਯੂਰੀਆ ਖਾਦ ਦਾ ਪਾਟਿਆ ਥੈਲਾ ਹੁੰਦਾ ਸੀ ਜਿਸ ਵਿੱਚ ਉਹ ਪਾਣੀ ਦੀਆਂ ਖ਼ਾਲੀ ਬੋਤਲਾਂ, ਫਟੀਆਂ ਪਤੰਗਾਂ ਅਤੇ ਸਿਆਸੀ ਪ੍ਰਚਾਰ ਦੇ ਇਸ਼ਹਿਤਾਰਾਂ ਨੂੰ ਉਚੇਚ ਨਾਲ ਤਹਿ ਕਰ ਕੇ ਪਾਉਂਦੀ ਸੀ। ਇਹ ਸਾਰਾ ਕੂੜਾ ਲਾਗਲੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੇ ਵੱਡੇ ਸਿਆਸੀ ਜਲਸਿਆਂ ਦੀ ਰਹਿੰਦ-ਖੂੰਹਦ ਹੁੰਦਾ ਸੀ। ਅਹਿਲਾਮ ਬਾਜੀ ਕਿਸੇ ਮਾੜੇ ਦਿਨ ਆਪਣੀ ਬਦਮਿਜਾਜ਼ੀ ਦਾ ਨਿਸ਼ਾਨਾ ਉਨ੍ਹਾਂ ਨੂੰ ਬਣਾਉਂਦੀ ਜਿਨ੍ਹਾਂ ਦਾ ਜਨਮ ਉਸੇ ਦੇ ਹੱਥੀਂ ਹੋਇਆ ਸੀ।

ਉਨ੍ਹਾਂ ਵਿੱਚੋਂ ਜ਼ਿਆਦਾਤਰ ਮਰਦ ਅਤੇ ਜ਼ਨਾਨੀਆਂ ਵੱਡੀਆਂ ਹੋ ਗਈਆਂ ਸਨ ਅਤੇ ਅੱਗੋਂ ਬਾਲ-ਬੱਚੇਦਾਰ ਸਨ। ਉਹ ਬੇਇੰਤਹਾ ਗੰਦੀਆਂ ਗਾਲ਼ਾਂ ਕੱਢਦੀ ਅਤੇ ਉਸ ਦਿਨ ਦੇ ਨਾਮ ਖ਼ਰੂਦ ਛਾਣਦੀ ਜਿਸ ਦਿਨ ਉਨ੍ਹਾਂ ਦਾ ਜਨਮ ਹੋਇਆ ਸੀ। ਉਸ ਦੀ ਬਦਮਿਜਾਜ਼ੀ ਦਾ ਕੋਈ ਬੁਰਾ ਨਾ ਮਨਾਉਂਦਾ। ਆਮ ਤੌਰ ਉੱਤੇ ਲੋਕਾਂ ਦਾ ਰੱਦਿ-ਅਮਲ ਪਸ਼ੇਮਾਨੀ ਵਾਲੀ ਮੁਸਕੜੀ ਦੇ ਰੂਪ ਵਿੱਚ ਪੇਸ਼ ਹੁੰਦਾ ਅਤੇ ਉਨ੍ਹਾਂ ਦੀ ਹਾਲਤ ਉਸ ਬੱਚੇ ਵਰਗੀ ਹੁੰਦੀ ਜਿਸ ਨੂੰ ਤਮਾਸ਼ੇ ਵਿੱਚ ਜਾਦੂਗਰ ਨੇ ਮੰਚ ਉੱਤੇ ਸੱਦ ਕੇ ਬਾਕੀਆਂ ਨੂੰ ਹਸਾਉਣ ਦਾ ਜ਼ਰੀਆ ਬਣਾ ਲਿਆ ਹੋਵੇ। ਅਹਿਲਾਮ ਬਾਜੀ ਦੀ ਖ਼ੁਰਾਕ ਅਤੇ ਪਨਾਹ ਲਈ ਕੋਈ ਨਾ ਕੋਈ ਸੁਲਾਹ ਮਾਰ ਦਿੰਦਾ।

ਉਹ ਖਾਣਾ-ਪੀਣਾ ਬਹੁਤ ਨਖ਼ਰੇ ਨਾਲ ਕਬੂਲ ਕਰਦੀ ਜਿਵੇਂ ਦੇਣ ਵਾਲੇ ਉੱਤੇ ਬਹੁਤ ਵੱਡਾ ਅਹਿਸਾਨ ਕਰ ਰਹੀ ਹੋਵੇ, ਪਰ ਪਨਾਹ ਦੀ ਸੁਲਾਹ ਕਦੇ ਕਬੂਲ ਨਾ ਕਰਦੀ। ਉਹ ਹੱਡ-ਪਿਘਲਾਉਂਦੀ ਗਰਮੀ ਅਤੇ ਹੱਡ-ਜਮਾਉਂਦੀ ਸਰਦੀ ਵਿੱਚ ਬੂਹਾਬਦਰ ਰਹਿਣ ਲਈ ਬਜ਼ਿੱਦ ਰਹਿੰਦੀ। ਇੱਕ ਸਵੇਰ ਉਹ ਅਲਿਫ਼ ਜ਼ੈਦ ਸਟੇਸ਼ਨਰ ਐਂਡ ਫੋਟੋਕੋਪੀਅਰਸ ਦੇ ਬਾਹਰ ਪੂਰੀ ਹੋਈ ਮਿਲੀ। ਉਹ ਆਪਣੇ ਕਿਸਾਨ ਯੂਰੀਆ ਵਾਲੇ ਥੈਲੇ ਨੂੰ ਜੱਫ਼ੀ ਪਾ ਕੇ ਸਿੱਧੀ ਬੈਠੀ ਹੀ ਪੂਰੀ ਹੋ ਗਈ ਸੀ। ਜਹਾਂਆਰਾ ਬੇਗ਼ਮ ਨੇ ਪੁਰਜ਼ੋਰ ਤਾਕੀਦ ਕੀਤੀ ਸੀ ਕਿ ਉਸ ਨੂੰ ਖ਼ਾਨਦਾਨੀ ਕਬਰਸਤਾਨ ਵਿੱਚ ਦਫ਼ਨ ਕੀਤਾ ਜਾਵੇ। ਉਸ ਨੇ ਲਾਸ਼ ਦੇ ਇਸ਼ਨਾਨ, ਕਫ਼ਨ ਅਤੇ ਨਮਾਜ਼ਿ-ਜਨਾਜ਼ਾ ਲਈ ਇਮਾਮ ਦਾ ਇੰਤਜ਼ਾਮ ਕੀਤਾ। ਆਖ਼ਰ ਉਸ ਦੇ ਪੰਜੋ ਬੱਚਿਆਂ ਦਾ ਜਨਮ ਅਹਿਲਾਮ ਬਾਜੀ ਦੇ ਹੱਥੀਂ ਹੋਇਆ ਸੀ।

ਅਹਿਲਾਮ ਬਾਜੀ ਦੀ ਕਬਰ ਦੇ ਨਾਲ ਹੀ ਇੱਕ ਜ਼ਨਾਨਾ ਕਬਰ ਦਾ ਕੁਤਬਾ ਲਿਖਿਆ (ਅੰਗਰੇਜ਼ੀ ਵਿੱਚ) ਹੋਇਆ ਸੀ, ‘ਬੇਗ਼ਮ ਰੇਨਾਤਾ ਮੁਮਤਾਜ਼ ਮੈਡਮ’। ਬੇਗ਼ਮ ਰੇਨਾਤਾ ਰੋਮਾਨੀਆ ਦੀ ਬੈਲੇ ਨਾਚੀ ਸੀ ਅਤੇ ਬੁਖ਼ਾਰੈਸਟ ਵਿੱਚ ਭਾਰਤੀ ਸ਼ਾਸਤਰੀ ਨਾਚਾਂ ਦੇ ਸੁਫ਼ਨੇ ਲੈਂਦੀ ਵੱਡੀ ਹੋਈ ਸੀ। ਉੱਨੀ ਸਾਲ ਦੀ ਉਮਰ ਵਿੱਚ ਉਹ ਹਮਸਫ਼ਰੀਆਂ ਮੰਗਦੀ ਮਹਾਂਦੀਪ ਦਾ ਪੈਂਡਾ ਪੂਰਾ ਕਰ ਗਈ ਅਤੇ ਦਿੱਲੀ ਦੇ ਕਿਸੇ ਨੀਮ-ਸਿੱਖੀਏ ਕੱਥਕ ਗੁਰੂ ਦੇ ਚਰਨੀ ਆ ਲੱਗੀ ਜਿਸ ਨੇ ਉਸ ਨੂੰ ਨਾਚ ਘੱਟ ਸਿਖਾਇਆ, ਪਰ ਉਸ ਨਾਲ ਆਪਣੀ ਹਵਸ ਜ਼ਿਆਦਾ ਪੂਰੀ ਕੀਤੀ। ਲੜ ਜੋੜਨ ਲਈ ਉਸ ਨੇ ਦਿੱਲੀ ਦੇ ਸੱਤਾਂ ਵਿੱਚੋਂ ਪੰਜਵੇਂ ਪੁਰਾਣੇ ਸ਼ਹਿਰ ਫ਼ਿਰੋਜ਼ ਸ਼ਾਹ ਕੋਟਲਾ ਦੇ ਰੋਜ਼ਬੱਡ ਮੈਅਖ਼ਾਨੇ ਵਿੱਚ ਕੈਬਰੇ ਨਾਚੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਇਹ ਮੈਅਖ਼ਾਨਾ ਬਾਗ਼ਿ-ਗੁਲਾਬ ਵਿੱਚ ਸੀ, ਪਰ ਮੁਕਾਮੀ ਲੋਕ ਇਸ ਨੂੰ ਬੇਗੁਲਾਬ ਬਾਗ਼ ਕਹਿੰਦੇ ਸਨ। ਰੇਨਾਤਾ ਦਾ ਨਾਮਿ-ਕੈਬਰੇ ਮੁਮਤਾਜ਼ ਸੀ। ਉਹ ਜਵਾਨੀ ਵਿੱਚ ਇੱਕ ਪੇਸ਼ੇਵਰ ਦਗ਼ੇਬਾਜ਼ ਦੇ ਪਿਆਰ ਵਿੱਚ ਫਸ ਗਈ ਜੋ ਉਸ ਦੀ ਸਾਰੀ ਬੱਚਤ ਸਮੇਤ ਲਾਪਤਾ ਹੋ ਗਿਆ। ਰੇਨਾਤਾ ਦੇ ਸੁਫ਼ਨਿਆਂ ਦੇ ਬੂਹੇ ਭੀੜੇ ਗਏ ਅਤੇ ਉਹ ਚੜ੍ਹਦੀ ਉਮਰੇ ਚੱਲ ਵੱਸੀ। ਉਹ ਦਗ਼ੇਬਾਜ਼ੀ ਦਾ ਸ਼ਿਕਾਰ ਹੋਣ ਤੋਂ ਬਾਅਦ ਵੀ ਉਸ ਦੀ ਉਡੀਕ ਵਿੱਚ ਰਹੀ। ਬੇਜ਼ਾਰ ਹੋ ਕੇ ਉਸ ਨੇ ਕਈ ਟੂਣੇ-ਟਾਮਣ ਅਜ਼ਮਾਏ ਅਤੇ ਆਤਮਾਵਾਂ ਨੂੰ ਆਵਾਜ਼ਾਂ ਮਾਰਨ ਲੱਗੀ।

ਉਸ ਨੂੰ ਲੰਮੇ-ਲੰਮੇ ਹਾਲ ਪੈਣ ਲੱਗੇ ਜਿਸ ਦੌਰਾਨ ਉਸ ਦੀ ਚਮੜੀ ਉੱਤੇ ਛਾਲੇ ਫੁੱਟ ਪੈਂਦੇ ਅਤੇ ਆਵਾਜ਼ ਮਰਦਾਂ ਵਰਗੀ ਭਾਰੀ ਹੋ ਜਾਂਦੀ। ਉਸ ਦੀ ਮੌਤ ਦੇ ਹਾਲਾਤ ਵਿੱਚ ਧੁੰਦਲਕਾ ਸੀ, ਪਰ ਸਭ ਨੇ ਇਸ ਨੂੰ ਖ਼ੁਦਕੁਸ਼ੀ ਮੰਨ ਲਿਆ ਸੀ। ਰੋਜ਼ਬੱਡ ਮੈਅਖ਼ਾਨੇ ਦੇ ਬੈਰਿਆਂ ਦੇ ਸਰਦਾਰ ਰੌਸ਼ਨ ਲਾਲ ਨੇ ਰੇਨਾਤਾ ਦੇ ਜਨਾਜ਼ੇ ਦਾ ਇੰਤਜ਼ਾਮ ਕਰ ਕੇ ਆਪਣੇ-ਆਪ ਨੂੰ ਵੀ ਹੈਰਾਨ ਕਰ ਦਿੱਤਾ ਸੀ।

ਉਹ ਬੋਲਚਾਲ ਵਿੱਚ ਕਿਫ਼ਾਇਤੀ ਸੀ, ਪਰ ਇਖ਼ਲਾਕੀ ਰੋਅਬ ਝਾੜਦਾ ਸੀ ਜਿਸ ਕਾਰਨ ਉਹ ਸਾਰੀਆਂ ਨਾਚੀਆਂ ਨੂੰ ਚੁਭਦਾ (ਅਤੇ ਹਰ ਚੁਟਕਲੇ ਦਾ ਤੋੜਾ ਉਸੇ ਉੱਤੇ ਝੜਦਾ ਸੀ) ਸੀ। ਉਹ ਰੇਨਾਤਾ ਦੀ ਕਬਰ ਉੱਤੇ ਫੁੱਲ ਰੱਖਣ ਕਦੇ-ਕਦਾਈਂ ਜਾਂਦਾ ਸੀ, ਪਰ ਫਿਰ ਹਰ ਮੰਗਲਵਾਰ (ਉਸ ਦੀ ਹਫ਼ਤਾਵਾਰੀ ਛੁੱਟੀ) ਨੂੰ ਫੁੱਲ ਲਿਆਉਣ ਲੱਗਿਆ। ਉਸੇ ਨੇ ਕਬਰ ਉੱਤੇ ਕੁਬਤਾ ਲਗਾਉਣ ਦਾ ਇੰਤਜ਼ਾਮ ਕੀਤਾ ਅਤੇ ਆਪਣੇ ਦਾਅਵੇ ਮੁਤਾਬਿਕ ਇਸ ਦੀ ‘ਸਾਂਭ-ਸੰਭਾਲ’ ਕਰਨ ਲੱਗਿਆ।

ਉਸੇ ਨੇ ਰੇਨਾਤਾ ਦੇ ਨਾਮਾਂ ਨਾਲ ‘ਬੇਗ਼ਮ’ ਅਤੇ ‘ਮੈਡਮ’ ਅਗੇਤਰ-ਪਛੇਤਰ ਮੌਤ ਤੋਂ ਬਾਅਦ ਲਗਾਏ ਸਨ। ਰੇਨਾਤਾ ਨੂੰ ਪੂਰੇ ਹੋਇਆਂ ਸਤਾਰਾਂ ਸਾਲ ਹੋ ਗਏ ਸਨ। ਲਹੂ ਦਾ ਗੇੜ ਘੱਟ ਹੋਣ ਕਾਰਨ ਰੌਸ਼ਨ ਲਾਲ ਦੀਆਂ ਪਤਲੀਆਂ ਪਿੰਨਣੀਆਂ ਦੀਆਂ ਨਸਾਂ ਵਿੱਚ ਮੋਟੀਆਂ ਗੰਢਾਂ ਹੋ ਗਈਆਂ ਸਨ ਅਤੇ ਇੱਕ ਕੰਨ ਤੋਂ ਘੱਟ ਸੁਣਦਾ ਸੀ, ਪਰ ਇਸ ਦੇ ਬਾਵਜੂਦ ਉਹ ਆਪਣੇ ਸਿਆਹ ਸਾਈਕਲ ਉੱਤੇ ਸੱਜਰੇ ਫੁੱਲ ਲੈ ਕੇ ਆਉਂਦਾ ਸੀ- ਗ਼ਜ਼ੀਨੀਆ ਅਤੇ ਸਸਤੇ ਮੁੱਲ ਦੇ ਗੁਲਾਬ ਲਿਆਉਂਦਾ ਜਾਂ ਪੈਸੇ ਦੀ ਤੋਟ ਵੇਲੇ ਸੜਕਾਂ ਦੀਆਂ ਬੱਤੀਆਂ ਉੱਤੇ ਫੁੱਲ ਵੇਚਦੇ ਬੱਚਿਆਂ ਤੋਂ ਜਾਸਮੀਨ ਦੀਆਂ ਕਲੀਆਂ ਲਿਆਉਂਦਾ ਸੀ।

ਅਹਿਮ ਕਬਰਾਂ ਤੋਂ ਬਿਨਾਂ ਕੁਝ ਅਜਿਹੀਆਂ ਕਬਰਾਂ ਸਨ ਜਿਨ੍ਹਾਂ ਦਾ ਅੱਗਾ-ਪਿੱਛਾ ਅਟਕਲਬਾਜ਼ੀ ਦਾ ਸਬੱਬ ਬਣਿਆ ਰਹਿੰਦਾ ਸੀ। ਮਿਸਾਲ ਵਜੋਂ ਇੱਕ ਕਬਰ ਉੱਤੇ ਸਿਰਫ਼ ‘ਬਾਦਸ਼ਾਹ’ ਲਿਖਿਆ ਹੋਇਆ ਸੀ। ਕੁਝ ਲੋਕਾਂ ਦਾ ਇਸਰਾਰ ਸੀ ਕਿ ਇਹ ਕੋਈ ਛੋਟਾ ਮੁਗ਼ਲ ਸ਼ਹਿਜ਼ਾਦਾ ਸੀ ਜਿਸ ਨੂੰ 1857 ਦੇ ਗ਼ਦਰ ਤੋਂ ਬਾਅਦ ਅੰਗਰੇਜ਼ਾਂ ਨੇ ਫਾਹੇ ਲਗਾਇਆ ਸੀ।

ਕੁਝ ਲੋਕਾਂ ਦਾ ਮੰਨਣਾ ਸੀ ਕਿ ਇਹ ਅਫ਼ਗ਼ਾਨਿਸਤਾਨ ਦਾ ਸੂਫ਼ੀ ਸ਼ਾਇਰ ਸੀ। ਇੱਕ ਹੋਰ ਕਬਰ ਉੱਤੇ ਸਿਰਫ਼ ‘ਇਸਲਾਹੀ’ ਲਿਖਿਆ ਸੀ। ਕੁਝ ਕਹਿੰਦੇ ਸਨ ਕਿ ਇਹ ਬਾਦਸ਼ਾਹ ਸ਼ਾਹ ਆਲਮ ਦੂਜੇ ਦੀ ਫ਼ੌਜ ਦਾ ਜਰਨੈਲ ਸੀ ਜਦੋਂਕਿ ਦੂਜਿਆਂ ਦਾ ਇਸਰਾਰ ਸੀ ਕਿ ਉਹ ਮੁਕਾਮੀ ਦੱਲਾ ਸੀ ਜਿਸ ਨੂੰ 1960ਵਿਆਂ ਵਿੱਚ ਉਸ ਦੀ ਦਗ਼ੇਬਾਜ਼ੀ ਦਾ ਸ਼ਿਕਾਰ ਹੋਈ ਗਸ਼ਤੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਹਮੇਸ਼ਾ ਹਰ ਕਿਸੇ ਨੇ ਆਪਣੀ ਮਰਜ਼ੀ ਮੁਤਾਬਿਕ ਆਪਣਾ ਯਕੀਨ ਕਾਇਮ ਰੱਖਿਆ।

ਕਬਰਸਤਾਨ ਵਿੱਚ ਪਹਿਲੀ ਰਾਤ ਨੂੰ ਅੰਜੁਮ ਨੇ ਇੱਕ ਤਰਦੀ ਜਿਹੀ ਨਜ਼ਰ ਮਾਰੀ ਅਤੇ ਗੋਦਰੇਜ਼ ਦੀ ਅਲਮਾਰੀ ਸਮੇਤ ਆਪਣਾ ਸਾਮਾਨ ਮੁਲਾਕਾਤ ਅਲੀ ਦੀ ਕਬਰ ਦੇ ਲਾਗੇ ਰੱਖ ਲਿਆ। ਉਸ ਨੇ ਆਪਣਾ ਕਾਲੀਨ ਅਹਿਲਾਮ ਬਾਜੀ ਅਤੇ ਬੇਗਮ ਰੇਨਾਤਾ ਮੁਮਤਾਜ਼ ਮੈਡਮ ਦੀਆਂ ਕਬਰਾਂ ਦੇ ਵਿਚਕਾਰ ਵਿਛਾ ਲਿਆ। ਉਸ ਦਾ ਉਨੀਂਦਰਾ ਕਿਸੇ ਹੈਰਾਨੀ ਦਾ ਸਬੱਬ ਨਹੀਂ ਸੀ।

ਉਸ ਨੂੰ ਕਬਰਸਤਾਨ ਵਿੱਚ ਕਿਸੇ ਨੇ ਪਰੇਸ਼ਾਨ ਨਹੀਂ ਕੀਤਾ- ਨਾ ਕੋਈ ਜਿੰਨ ਤਆਰੁੱਫ ਲਈ ਆਇਆ ਅਤੇ ਨਾ ਹੀ ਕਿਸੇ ਭੂਤ ਨੇ ਡਰਾਉਣੀਆਂ ਆਵਾਜ਼ਾਂ ਕੱਢੀਆਂ। ਕਬਰਸਤਾਨ ਦੀ ਸ਼ੁਮਾਲੀ ਬਾਹੀ ਨਾਲ ਪੁਰਾਣੀਆਂ ਪੱਟੀਆਂ ਅਤੇ ਵਰਤੀਆਂ ਹੋਈ ਸਰਿੰਜਾਂ ਦੇ ਸਮੁੰਦਰ ਵਿੱਚ ਸਮੈਕ ਪੀਣ ਦੇ ਆਦੀ ਸਿਰਫ਼ ਰਾਤ ਦੇ ਗੂੜ੍ਹੇ ਪਰਛਾਵੇਂ ਸਨ ਅਤੇ ਹਸਪਤਾਲ ਦੇ ਕੂੜੇ ਵਾਲੇ ਢੇਰ ਉੱਤੇ ਆਪਣੀ ਮਜਲਿਸ ਵਿੱਚ ਮਸਤ ਸਨ। ਉਨ੍ਹਾਂ ਨੇ ਤਾਂ ਅੰਜੁਮ ਦੀ ਆਮਦ ਵੀ ਦਰਿਆਫ਼ਤ ਨਹੀਂ ਕੀਤੀ। ਜਨੂਬੀ ਬਾਹੀ ਨਾਲ ਬੇਘਰਿਆਂ ਦਾ ਝੁੰਡ ਧੂਣੀ ਦੁਆਲੇ ਬੈਠਾ ਧੂੰਏ ਵਿੱਚ ਆਪਣੇ ਢਿੱਡਾਂ ਲਈ ਝੁਲਕਾ ਪਕਾ ਰਿਹਾ ਸੀ।

ਮਨੁੱਖਾਂ ਤੋਂ ਸਿਹਤਮੰਦ ਆਵਾਰਾ ਕੁੱਤੇ ਕੁਝ ਫ਼ਾਸਲੇ ਉੱਤੇ ਬੈਠੇ ਸਬਰ ਨਾਲ ਜੂਠ ਦੀ ਉਡੀਕ ਕਰ ਰਹੇ ਸਨ।
ਆਮ ਹਾਲਾਤ ਵਿੱਚ ਤਾਂ ਅੰਜੁਮ ਨੂੰ ਅਜਿਹੇ ਵੇਲੇ ਖ਼ਤਰਾ ਹੋਣਾ ਸੀ। ਉਸ ਦੇ ਅੰਦਰ ਦਾ ਸੱਖਣਾਪਣ ਹੀ ਉਸ ਦੀ ਰਾਖੀ ਕਰ ਰਿਹਾ ਸੀ। ਸਮਾਜਿਕ ਸਲੀਕੇ ਤੋਂ ਬੇਮੁਹਾਰ ਹੋਇਆ ਸੱਖਣਾਪਣ ਆਪਣੇ ਜਲੌਅ ਵਿੱਚ ਉਸ ਦੇ ਚਹੁੰ-ਪਾਸੀਂ ਉਸਰ ਆਇਆ ਸੀ- ਇੱਕ ਕਿਲ੍ਹਾ, ਉੱਚੇ ਬਨੇਰੇ, ਖੂੰਜਿਆਂ ਉੱਤੇ ਬੁਰਜ, ਗੁੱਝੇ ਤਹਿਖ਼ਾਨੇ ਅਤੇ ਕੰਧਾਂ ਸਨ ਜਿਨ੍ਹਾਂ ਵਿੱਚੋਂ ਆਉਂਦੇ ਹਜੂਮ ਦੀ ਭਿਣਕ ਪੈਂਦੀ ਰਹਿੰਦੀ।

ਉਹ ਸੋਨੇ ਦੀ ਝਾਲ ਵਾਲੇ ਦਲਾਨਾਂ ਵਿੱਚ ਬਦਹਵਾਸ ਭੱਜੀ ਫਿਰਦੀ ਸੀ ਜਿਵੇਂ ਕੋਈ ਭਗੌੜਾ ਆਪਣੇ-ਆਪ ਤੋਂ ਫ਼ਰਾਰ ਹੋਣ ਦਾ ਤਰੱਦਦ ਕਰਦਾ ਹੋਵੇ। ਉਹ ਮਜ਼ਲ ਵਿੱਚ ਸ਼ਾਮਿਲ ਭਗਵੇਂ ਮਰਦਾਂ ਦੀਆਂ ਭਗਵੀਆਂ ਮੁਸਕਰਾਹਟਾਂ ਤੋਂ ਬਚਣ ਦਾ ਉਪਰਾਲਾ ਕਰਦੀ, ਪਰ ਉਹ ਆਪਣੇ ਭਗਵੇਂ ਤ੍ਰਿਸ਼ੂਲਾਂ ਉੱਤੇ ਵਿੰਨ੍ਹੇ ਬੱਚਿਆਂ ਨੂੰ ਲਹਿਰਾਉਂਦੇ ਹੋਏ ਉਸ ਦਾ ਪਿੱਛਾ ਕਰਦੇ ਸਨ।

ਉਹ ਭੱਜਿਆਂ ਭੱਜਣ ਨਾ ਦਿੰਦੇ। ਉਸ ਗਲ਼ੀ ਦੇ ਵਿਚਕਾਰ ਹੁਨਰਮਈ ਅੰਦਾਜ਼ ਵਿੱਚ ਦੂਹਰੇ ਕੀਤੇ ਪਏ ਜ਼ਾਕਿਰ ਮੀਆਂ ਕਿਸੇ ਦੁੰਬੇ ਵਰਗੇ ਜਾਪਦੇ ਸਨ ਅਤੇ ਅੰਜੁਮ ਜ਼ਬਰਦਸਤ ਉਪਰਾਲੇ ਦੇ ਬਾਵਜੂਦ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਉਹਲੇ ਨਾ ਕਰ ਸਕੀ। ਉਹ ਆਪਣੇ ਉੱਡਣੇ-ਕਾਲੀਨ ਉੱਤੇ ਭੀੜੇ ਬੂਹਿਆਂ ਦੀਆਂ ਝੀਥਾਂ ਵਿੱਚੋਂ ਉਸ ਦਾ ਪਿੱਛਾ ਕਰਦਾ ਸੀ। ਅੰਜੁਮ ਨੂੰ ਜ਼ਾਕਿਰ ਮੀਆਂ ਦੀ ਜੋਤ ਬੁਝਣ ਤੋਂ ਪਹਿਲਾਂ ਦੀ ਆਖ਼ਰੀ ਤੱਕਣੀ ਭੁਲਾਇਆਂ ਨਹੀਂ ਭੁੱਲਦੀ ਸੀ। ਉਹ ਅੰਜੁਮ ਦਾ ਪੱਲਾ ਨਹੀਂ ਛੱਡਦਾ ਸੀ।

ਅੰਜੁਮ ਨੇ ਜ਼ਾਕਿਰ ਮੀਆਂ ਨੂੰ ਦੱਸਣ ਦਾ ਉਪਰਾਲਾ ਕੀਤਾ ਸੀ ਕਿ ਉਹ ਬਹਾਦਰੀ ਨਾਲ ਜੂਝੀ ਸੀ, ਪਰ ਉਹ ਉਸ ਨੂੰ ਜ਼ਾਕਿਰ ਮੀਆਂ ਦੀ ਬੇਜਾਨ ਦੇਹ ਨਾਲੋਂ ਤੋੜਦੇ ਹੋਏ ਧੂਹ ਕੇ ਲੈ ਗਏ ਸਨ।
ਉਹ ਜਾਣਦੀ ਸੀ ਕਿ ਉਸ ਨੇ ਅਜਿਹਾ ਨਹੀਂ ਕੀਤਾ ਸੀ।

ਉਸ ਨੇ ਆਪਣੇ ਚੇਤਿਆਂ ਵਿੱਚੋਂ ਮਿਟਾਉਣ ਦਾ ਉਪਰਾਲਾ ਕੀਤਾ ਸੀ ਕਿ ਉਨ੍ਹਾਂ ਨੇ ਬਾਕੀਆਂ ਨਾਲ ਕੀ ਕੀਤਾ ਸੀ- ਕਿਵੇਂ ਮਰਦਾਂ ਦੀਆਂ ਗੰਢਾਂ ਬੰਨ੍ਹੀਆਂ ਸਨ ਅਤੇ ਔਰਤਾਂ ਦੀਆਂ ਲੀਰਾਂ ਖਿੰਡਾਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਬੰਦ-ਬੰਦ ਤੋਂ ਕੱਟ ਕੇ ਉਨ੍ਹਾਂ ਨੂੰ ਲਾਂਬੂ ਲਗਾਇਆ ਸੀ।
ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹ ਕੀ ਜਾਣਦੀ ਸੀ।
ਉਹ।
ਉਹ, ਕੌਣ?

ਨਿਊਟਨ ਦਾ ਲਸ਼ਕਰ ਬਰਾਬਰ ਅਤੇ ਮੋੜਵਾਂ ਰੱਦਿ-ਅਮਲ ਲਾਗੂ ਕਰਨ ਲਈ ਤਾਇਨਾਤ ਕੀਤਾ ਗਿਆ ਸੀ।
ਲੋਹੇ ਦੇ ਪੰਜਿਆਂ ਅਤੇ ਲਹੂ ਭਿੱਜੀਆਂ ਚੁੰਝਾਂ ਵਾਲੇ ਤੀਹ ਹਜ਼ਾਰ ਭਗਵੇਂ ਤੋਤੇ ਰਲ਼ ਕੇ ਕੋਹਰਾਮ ਮਚਾਉਂਦੇ ਮੰਡਰਾ ਰਹੇ ਸਨ:
ਮੁਸਲਮਾਨ ਕਾ ਏਕ ਹੀ ਸਥਾਨ! ਕਬਰਸਤਾਨ ਜਾਂ ਪਾਕਿਸਤਾਨ!

ਮਰੇ ਹੋਣ ਦਾ ਦਿਖਾਵਾ ਕਰਨ ਲਈ ਅੰਜੁਮ ਆਪ ਜ਼ਾਕਿਰ ਮੀਆਂ ਦੀ ਲਾਸ਼ ਉੱਤੇ ਚੁਫਾਲ਼ ਪਈ ਰਹੀ ਸੀ। ਜਾਅਲੀ ਜ਼ਨਾਨੀ ਦੀ ਜਾਅਲੀ ਲਾਸ਼। ਤੋਤੇ ਕਹਿਣ ਨੂੰ ਤਾਂ ਨਿਰੋਲ ਸਬਜ਼ਾਹਾਰੀ (ਇਹ ਭਰਤੀ ਹੋਣ ਦੀ ਬੁਨਿਆਦੀ ਯੋਗਤਾ ਸੀ) ਸਨ – ਜਾਂ ਦਿਖਾਵਾ ਕਰਦੇ ਸਨ, ਪਰ ਉਹ ਲਹੂ ਦੀ ਬੂ ਦਾ ਖ਼ਾਸਾ ਤਫ਼ਸੀਲ ਨਾਲ ਪਛਾਨਣ ਦੀ ਮੁਹਾਰਤ ਰੱਖਦੇ ਸਨ। ਉਨ੍ਹਾਂ ਨੇ ਉਸ ਨੂੰ ਲੱਭ ਲਿਆ। ਤੀਹ ਹਜ਼ਾਰ ਆਵਾਜ਼ਾਂ ਨੇ ਇੱਕ ਸੁਰ ਵਿੱਚ ਬੋਲਾ ਮਾਰਿਆ ਜਿਵੇਂ ਉਸਤਾਦ ਕੁਲਸੂਮ ਬੀ ਨੇ ਬੀਰਬਲ ਦਾ ਸਾਂਗ ਉਤਾਰਿਆ ਹੋਵੇ:
ਆਏ ਹਾਏ! … … ਹੀਜੜਾ!
ਇੱਕ ਹੋਰ ਪੰਛੀ ਦੀ ਅੱਚਵੀ ਨਾਲ ਲਬਰੇਜ਼ ਆਵਾਜ਼ ਉੱਚੀ ਹੋਈ:
ਨਹੀਂ ਯਾਰ, ਮਤ ਮਾਰੋ, ਹੀਜੜੋਂ ਕਾ ਮਾਰਨਾ ਅਪਸ਼ਗਨ ਹੋਤਾ ਹੈ।

ਬਦਕਿਸਮਤੀ!
ਉਨ੍ਹਾਂ ਕਾਤਲਾਂ ਨੂੰ ਬਦਕਿਸਮਤੀ ਦੀ ਮਾਰ ਤੋਂ ਜ਼ਿਆਦਾ ਕਿਸੇ ਦਾ ਖ਼ੌਫ਼ ਨਹੀਂ ਸੀ। ਇਸੇ ਬਦਕਿਸਮਤੀ ਤੋਂ ਬਚਣ ਦੀਆਂ ਨਿਸ਼ਾਨੀਆਂ ਟੁੱਕਦੀਆਂ ਕਿਰਪਾਨਾਂ ਅਤੇ ਵਿੰਨ੍ਹਦੇ ਖ਼ੰਜਰਾਂ ਦੇ ਮੁੱਠਿਆਂ ਉੱਤੇ ਪਕੜ ਬਣਾਉਣ ਵਾਲੀਆਂ ਉਂਗਲੀਆਂ ਵਿੱਚ ਪਈਆਂ ਸੋਨੇ ਦੀਆਂ ਭਾਰੀ-ਭਾਰੀ ਮੁੰਦਰੀਆਂ ਸਨ ਜਿਨ੍ਹਾਂ ਵਿੱਚ ਖ਼ੁਸ਼ਕਿਸਮਤੀ ਲਈ ਨਗ ਜੜ੍ਹੇ ਹੋਏ ਸਨ। ਬਦਕਿਸਮਤੀ ਤੋਂ ਬਚਾਅ ਕਰਨ ਲਈ ਹੀ ਉਨ੍ਹਾਂ ਦੀਆਂ ਲੋਹੇ ਦੀ ਛੜਾਂ ਨਾਲ ਬੰਦਿਆਂ ਦੀ ਮਿੱਝ ਕੱਢ ਦੇਣ ਵਾਲੀਆਂ ਬਾਂਹਾਂ ਦੇ ਗੁੱਟਾਂ ਉੱਤੇ ਪੂਜਾ ਵਾਲੀਆਂ ਲਾਲ ਖੰਮ੍ਹਣੀਆਂ ਬੰਨ੍ਹੀਆਂ ਹੋਈਆਂ ਸਨ। ਇਹ ਲਾਲ ਧਾਗੇ ਉਨ੍ਹਾਂ ਦੀਆਂ ਮਮਤਾ ਦੀਆਂ ਮੂਰਤ ਮਾਵਾਂ ਨੇ ਪਿਆਰ ਨਾਲ ਬੰਨ੍ਹੇ ਸਨ। ਸਾਰੀਆਂ ਪੇਸ਼ਬੰਦੀਆਂ ਕਰਨ ਤੋਂ ਬਾਅਦ ਜਾਣਬੁੱਝ ਕੇ ਬਦਕਿਸਮਤੀ ਸਹੇੜਨ ਦੀ ਕੋਈ ਤੁੱਕ ਨਹੀਂ ਸੀ।
ਇਸ ਕਰਕੇ ਉਹ ਉਸ ਦੇ ਉੱਤੇ ਚੜ੍ਹ ਕੇ ਖੜ੍ਹ ਗਏ ਅਤੇ ਉਸ ਤੋਂ ਇਹ ਨਾਅਰੇ ਲਗਵਾਏ।
ਭਾਰਤ ਮਾਤਾ ਕੀ ਜੈ! ਬੰਦੇ ਮਾਤਰਮ!

ਉਸ ਨੇ ਇਹ ਸਭ ਕੀਤਾ। ਬਦਤਰ ਸੁਫ਼ਨੇ ਤੋਂ ਬਦਤਰ ਹੋਣੀ ਕਾਰਨ ਉਹ ਕੰਬੀ, ਰੋਈ, ਪਿੱਟੀ ਅਤੇ ਪਸ਼ੇਮਾਨ ਹੋਈ।

ਉਨ੍ਹਾਂ ਨੇ ਉਸ ਨੂੰ ਜਿਊਂਦਾ ਛੱਡ ਦਿੱਤਾ। ਬੇ-ਕਤਲ। ਬੇ-ਜ਼ਖ਼ਮ! ਨਾ ਉਸ ਦੀ ਗੰਢ ਬੰਨ੍ਹੀ ਅਤੇ ਨਾ ਲੀਰਾਂ ਖਿੰਡਾਈਆਂ। ਉਹ ਇਕੱਲੀ ਬਚੀ ਸੀ ਤਾਂ ਜੋ ਉਹ ਖ਼ੁਸ਼ਕਿਸਮਤੀ ਨਾਲ ਵਰੋਸਾਏ ਰਹਿਣ।

ਕਸਾਈਆਂ ਦੀ ਕਿਸਮਤ।
ਉਹ ਇਹੋ ਸੀ। ਉਹ ਜਿੰਨਾ ਚਿਰ ਜਿਊਂਦੀ ਰਹੀ ਉਨ੍ਹਾਂ ਲਈ ਖ਼ੁਸ਼ਕਿਸਮਤੀ ਦਾ ਪੱਜ ਬਣੀ ਰਹੀ।
ਉਹ ਆਪਣੇ ਕਿਲ੍ਹੇ ਵਿੱਚ ਬਦਹਾਲ ਹੋਈ ਇਸ ਤੁੱਛ ਜਿਹੀ ਤਫ਼ਸੀਲ ਨੂੰ ਭੁੱਲਣ ਦਾ ਉਪਰਾਲਾ ਕਰਦੀ ਰਹੀ। ਉਹ ਨਾਕਾਮਯਾਬ ਰਹੀ। ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ।

ਠੰਢੀਆਂ ਯਖ਼ ਅੱਖਾਂ ਅਤੇ ਮੱਥੇ ਉੱਤੇ ਸੁਰਖ਼ ਤਿਲਕ ਵਾਲਾ ਮੁੱਖ ਮੰਤਰੀ ਅਗਲੀਆਂ ਚੋਣਾਂ ਜਿੱਤ ਗਿਆ ਸੀ। ਕੇਂਦਰ ਵਿੱਚ ਸ਼ਾਇਰ-ਪ੍ਰਧਾਨ ਮੰਤਰੀ ਦੀ ਸਰਕਾਰ ਦੇ ਡਿੱਗ ਜਾਣ ਤੋਂ ਬਾਅਦ ਵੀ ਉਹ ਗੁਜਰਾਤ ਵਿੱਚ ਚੋਣ ਦਰ ਚੋਣ ਜਿੱਤਦਾ ਗਿਆ ਸੀ। ਕੁਝ ਲੋਕਾਂ ਦਾ ਮੰਨਣਾ ਸੀ ਕਿ ਉਸ ਨੂੰ ਕਤਲਿ-ਆਮ ਲਈ ਕਸੂਰਵਾਰ ਕਰਾਰ ਦਿੱਤਾ ਜਾਣਾ ਚਾਹੀਦਾ ਸੀ, ਪਰ ਵੋਟਾਂ ਪਾਉਣ ਵਾਲੀ ਜਨਤਾ ਉਸ ਨੂੰ ਗੁਜਰਾਤ ਕਾ ਲੱਲਾ ਕਹਿੰਦੀ ਸੀ।

ਉਹ ਵੰਡ ਤੋਂ ਬਾਅਦ ਲਾਹੌਰ ਚਲੀ ਗਈ ਸੀ। ਦਸ ਸਾਲਾਂ ਬਾਅਦ ਉਹ ਆਪਣੇ ਖ਼ਾਵੰਦ ਅਤੇ ਬੱਚਿਆਂ ਨੂੰ ਛੱਡ ਕੇ ਇਹ ਕਹਿੰਦੀ ਹੋਈ ਦਿੱਲੀ ਮੁੜ ਆਈ ਸੀ ਕਿ ਉਹ ਦਿੱਲੀ ਦੀ ਜਾਮਾ ਮਸਜਿਦ ਦੇ ਗੁਆਂਢ ਤੋਂ ਬਿਨਾਂ ਹੋਰ ਕਿਤੇ ਨਹੀਂ ਰਹਿ ਸਕਦੀ। (ਕਿਸੇ ਕਾਰਨ ਵੱਸ ਲਾਹੌਰ ਦੀ ਬਾਦਸ਼ਾਹੀ ਮਸਜਿਦ ਇਸ ਦਾ ਬਦਲ ਨਹੀਂ ਬਣ ਸਕੀ।) ਉਸ ਨੂੰ ਪੁਲੀਸ ਨੇ ਪਾਕਿਸਤਾਨੀ ਜਾਸੂਸ ਕਰਾਰ ਦੇ ਕੇ ਤਿੰਨ ਵਾਰ ਵਾਪਸ ਭੇਜਣ ਦਾ ਨਾਕਾਮਯਾਬ ਤਰੱਦਦ ਕੀਤਾ। ਆਖ਼ਰ ਬੇਗ਼ਮ ਜ਼ੀਨਤ ਕੌਸਰ ਸ਼ਾਹਜਹਾਨਾਬਾਦ ਦੇ ਰਸੋਈ ਅਤੇ ਛੋਟੇ ਜਿਹੇ ਕਮਰੇ ਵਾਲੇ ਘਰ ਵਿੱਚ ਵੱਸ ਗਈ ਜਿੱਥੋਂ ਉਸ ਦੀ ਪਿਆਰੀ ਮਸਜਿਦ ਅੱਖਾਂ ਦੇ ਸਾਹਮਣੇ ਰਹਿੰਦੀ ਸੀ।

(ਨਾਵਲ ਦਾ ਅੰਸ਼)

ਅਰੁੰਧਤੀ ਰਾਏ ਦੇ ਪਹਿਲੇ ਨਾਵਲ ‘ਗਾਡ ਆਫ ਸਮਾਲ ਥਿੰਗਜ਼’ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ। ਇਸ ਨਾਵਲ ਵਿਚ ਭਾਸ਼ਾ ਤੇ ਵਿਸ਼ੇ ਦੀ ਸਰਗਮ ਅਦੁੱਤੀ ਹੈ। ਉਸ ਦਾ ਦੂਸਰਾ ਨਾਵਲ ‘ਮਨਿਸਟਰੀ ਆਫ ਅਟਮੋਸਟ ਹੈਪੀਨੈੱਸ’ ਪੰਜਾਹ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਿਆ ਹੈ। ਪੰਜਾਬੀ ਵਿਚ ਇਸ ਦਾ ਅਨੁਵਾਦ ਦਲਜੀਤ ਅਮੀ ਨੇ ਕੀਤਾ ਹੈ ਅਤੇ ਇਸ ਨੂੰ ਤਦਬੀਰ ਪ੍ਰਕਾਸ਼ਨ ਨੇ ਛਾਪਿਆ ਹੈ। ਇਕੱਤੀ ਅਕਤੂਬਰ ਨੂੰ ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਇਹ ਨਾਵਲ ਲੋਕ ਅਰਪਣ ਕੀਤਾ ਜਾਵੇਗਾ।

ਕਿਤਾਬ ਇਸ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ :-

ਪੰਜਾਬੀ ਐਡੀਸ਼ਨ

ਅੰਗਰੇਜ਼ੀ ਐਡੀਸ਼ਨ

Facebook Comments