ਡੇਰਾ ਬਿਆਸ ਮੁਖੀ ਦੀ ਤੁਲਨਾ ਗੁਰੂ ਨਾਨਕ ਨਾਲ ਕਰਨ ’ਤੇ ਵਿਵਾਦ

ਰਈਆ: ਰਾਧਾ ਸੁਆਮੀ ਬਿਆਸ ਡੇਰਾ ਮੁਖੀ ਇਕ ਤੋਂ ਬਾਅਦ ਇਕ ਵਿਵਾਦਾਂ ਵਿਚ ਘਿਰਦਾ ਜਾ ਰਿਹਾ ਹੈ। ਹੁਣ ਸੋਸ਼ਲ ਮੀਡੀਆ ’ਤੇ ਡੇਰੇ ਦੀ ਇਕ ਪ੍ਰਚਾਰਕ ਬੀਬੀ ਵੱਲੋਂ ਇਕ ਚੈਨਲ ਦੇ ਪ੍ਰੋਗਰਾਮ ਦੌਰਾਨ ਗੁਰੂ ਨਾਨਕ ਦੇਵ ਜੀ ਨਾਲ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਤੁਲਨਾ ਕਰਨ ਸਬੰਧੀ ਆਡੀਓ ਵਾਇਰਲ ਹੋਈ ਹੈ, ਜਿਸ ਨੇ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਸਿੱਖ ਜਥੇਬੰਦੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ ਤੇ ਪੁਲੀਸ ਪ੍ਰਸ਼ਾਸਨ ਪਾਸੋਂ ਇਸ ਚੈਨਲ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਰਾਧਾ ਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਜੋ ਪਹਿਲਾਂ ਜ਼ਮੀਨਾਂ ਦੇ ਵਿਵਾਦ ਤੇ ਫਿਰ ਸਿੰਘ ਭਰਾਵਾਂ ਦੇ ਰਨਬੈਕਸੀ ਕੇਸ ਵਿਚ ਦਿੱਲੀ ਹਾਈ ਕੋਰਟ ਵੱਲੋਂ 14 ਨਵੰਬਰ ਨੂੰ ਤਲਬ ਕਰਨ ਕਰ ਕੇ ਵਿਵਾਦਾਂ ਵਿਚ ਘਿਰੇ ਹੋਏ ਹਨ, ਹੁਣ ਸੋਸ਼ਲ ਮੀਡੀਆ ’ਤੇ ਚੱਲ ਰਹੀ ਇਕ ਬੀਬੀ ਦੀ ਆਡੀਓ ਕਰਕੇ ਵਿਵਾਦਾਂ ਵਿਚ ਆ ਗਏ ਹਨ। ਆਡੀਓ ਵਿਚ ਇਕ ਚੈਨਲ ’ਤੇ ਬੀਬੀ ਬਬੀਤਾ ਰਾਧਾ ਸੁਆਮੀ ਸੰਗਤ ਨੂੰ ਸੰਬੋਧਨ ਕਰ ਕਰਦਿਆਂ ਕਹਿ ਰਹੀ ਹੈ, ‘‘ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸੱਚ ਦਾ ਹੋਕਾ ਦਿੱਤਾ ਸੀ। ਉਨ੍ਹਾਂ ਨੂੰ ਉਸ ਸਮੇਂ ਦੀਆਂ ਸਰਕਾਰਾਂ, ਵੱਡੇ ਵੱਡੇ ਰਾਜੇ ਕਚਹਿਰੀਆਂ ਵਿਚ ਬੁਲਾਇਆ ਕਰਦੇ ਸਨ ਅਤੇ ਗੁਰੂ ਜੀ ਬਹੁਤ ਚੰਗੇ ਢੰਗ ਨਾਲ ਜਵਾਬ ਦੇ ਕੇ ਆਇਆ ਕਰਦੇ ਸਨ ਅਤੇ ਗੁਰੂ ਜੀ ਦਾ ਜਵਾਬ ਸੁਣ ਕੇ ਰਾਜੇ-ਮਹਾਰਾਜੇ ਉਨ੍ਹਾਂ ਅੱਗੇ ਸਿਰ ਝੁਕਾਇਆ ਕਰਦੇ ਸਨ, ਉਸੇ ਤਰ੍ਹਾਂ ਸਾਡੇ ਬਾਬਾ ਜੀ ਵੀ ਜਵਾਬ ਦੇ ਕੇ ਆ ਜਾਣਗੇ ਅਤੇ ਕੁਝ ਨਹੀਂ ਹੋਵੇਗਾ।’’ ਇਸੇ ਤਰ੍ਹਾਂ ਇਸ ਆਡੀਓ ਵਿਚ ਸਿੰਘ ਭਰਾਵਾਂ ਸਬੰਧੀ ਵੀ ਜ਼ਿਕਰ ਕੀਤਾ ਗਿਆ ਹੈ। ਇਹ ਆਡੀਓ ਕਰੀਬ 8 ਮਿੰਟਾਂ ਦੀ ਹੈ। ਇਲਾਕੇ ਦੇ ਲੋਕਾਂ ਵਿਚ ਡੇਰਾ ਮੁਖੀ ਦੀ ਤੁਲਨਾ ਗੁਰੂ ਨਾਨਕ ਦੇਵ ਜੀ ਨਾਲ ਕਰਨ ’ਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਮਾਮਲੇ ਸਬੰਧੀ ਜਾਣਕਾਰੀ ਨਹੀਂ: ਡੇਰਾ ਸਕੱਤਰ
ਇਸ ਸਬੰਧੀ ਡੇਰਾ ਸਕੱਤਰ ਨਿਰਮਲ ਸਿੰਘ ਨਾਲ ਜਦੋਂ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ, ਪਤਾ ਲੱਗਣ ’ਤੇ ਦੱਸਿਆ ਜਾਵੇਗਾ। ਡੀਐੱਸਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਇਸ ਸਬੰਧੀ ਪੜਤਾਲ ਕਰਨ ਮਗਰੋਂ ਕਾਰਵਾਈ ਕੀਤੀ ਜਾਵੇਗੀ।

Facebook Comments