ਪੰਜਾਹ ਸਾਲ ਪਹਿਲਾਂ ਵੀ ਵਿਧਾਨ ਸਭਾ ’ਚ ਪਈ ਸੀ ਬਾਬੇ ਨਾਨਕ ਦੀ ਗੂੰਜ..!

ਬਠਿੰਡਾ : ਪੰਜਾਬ ਵਿਧਾਨ ਸਭਾ ’ਚ ਠੀਕ ਪੰਜਾਹ ਵਰ੍ਹੇ ਪਹਿਲਾਂ ਵੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੂੰਜ ਪਈ ਸੀ। ਬਾਬੇ ਨਾਨਕ ਦੀ ਇਲਾਹੀ ਬਾਣੀ ਦੇ ਅਮਲਾਂ ਦੀ ਗੱਲ ਹੋਈ ਸੀ ਅਤੇ ਉਦੋਂ ਵਿਧਾਇਕਾਂ ਨੇ ਸਰਕਾਰ ਦੀ ਆਤਮਾ ਝੰਜੋੜਨ ਲਈ ਟਕੋਰਾਂ ਕੀਤੀਆਂ ਸਨ।

ਉਸ ਵਕਤ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਸਨ। ਅੱਜ ਜਦੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਪਹਿਲੀ ਪਾਤਸ਼ਾਹੀ ਨੂੰ ਸਮਰਪਿਤ ਹੋਇਆ ਹੈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ। ਬਾਬੇ ਨਾਨਕ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰੀਬ ਪੰਜਾਹ ਵਰ੍ਹੇ ਪਹਿਲਾਂ 24 ਅਕਤੂਬਰ, 1969 ਨੂੰ ਵਿਸ਼ੇਸ਼ ਮਤਾ ਪਾਸ ਹੋਇਆ ਸੀ।

ਬਾਬੇ ਨਾਨਕ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਰੂਹਾਨੀ ਆਗੂ ਦਲਾਈਲਾਮਾ ਅਤੇ ਸੰਤ ਫਤਿਹ ਸਿੰਘ।

ਪਹਿਲੇ ਪਾਤਸ਼ਾਹ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਸਰਕਾਰੀ ਸਮਾਰੋਹ ਹੋਏ ਅਤੇ ਤਤਕਾਲੀ ਰਾਸ਼ਟਰਪਤੀ ਵੀਵੀ ਗਿਰੀ ਵੀ ਸਮਾਰੋਹਾਂ ਵਿੱਚ ਸ਼ਾਮਲ ਹੋਏ ਸਨ। ਆਓ, ਉਦੋਂ ਵਿਧਾਨ ਸਭਾ ’ਚ ਪਹਿਲੇ ਪਾਤਸ਼ਾਹ ਦੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਮਤੇ ਮੌਕੇ ਹੋਈ ਚਰਚਾ ਦੇ ਸੰਖੇਪ ਅੰਸ਼ਾਂ ’ਤੇ ਨਜ਼ਰ ਮਾਰੀਏ।

ਉਦੋਂ ਦੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਨੇ ਮਤਾ ਪੇਸ਼ ਕਰਦੇ ਹੋਏ ਬਾਬੇ ਨਾਨਕ ਨੂੰ ਸ਼ਰਧਾ ਭੇਟ ਕੀਤੀ ਸੀ ਤੇ ਬਾਬੇ ਦੀ ਬਾਣੀ ਦੀਆਂ ਤੁਕਾਂ ਦੀ ਵਿਆਖਿਆ ਕੀਤੀ ਸੀ। ਮੁੱਖ ਮੰਤਰੀ ਨੇ ਸੱਦਾ ਦਿੱਤਾ ਸੀ ਕਿ ਇਸ ਪ੍ਰਕਾਸ਼ ਪੁਰਬ ਮੌਕੇ ਸਭਨਾਂ ਨੂੰ ਆਪਣੇ ਆਪ ਨੂੰ ਗੰਭੀਰ ਸੁਆਲ ਪੁੱਛਣੇ ਚਾਹੀਦੇ ਹਨ। ਅੰਤਰਝਾਤ ਮਾਰਨ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਨੇ ਜਿਥੇ ਭਾਰਤੀ ਵਿਚਾਰ ਦਾ ਨਵਾਂ ਸੁਮੇਲ ਪੇਸ਼ ਕੀਤਾ, ਉਥੇ ਨਵੀਆਂ ਉਭਰ ਰਹੀਆਂ ਕੀਮਤਾਂ ਲਈ ਨਵੀਂ ਦਾਰਸ਼ਨਿਕ ਭੂਮੀ ਵੀ ਤਿਆਰ ਕੀਤੀ।

ਸਿਰਦਾਰ ਕਪੂਰ ਸਿੰਘ ਨੇ ਅਸੈਂਬਲੀ ਵਿਚ ਮਤੇ ਦਾ ਸਮਰਥਨ ਕੀਤਾ ਅਤੇ ਬਾਬੇ ਦੀ ਬਾਣੀ ਦਾ ਹਵਾਲਾ ਦਿੱਤਾ। ਅਚਾਨਕ ਸਿਰਦਾਰ ਕਪੂਰ ਸਿੰਘ ਦਾ ਮਾਈਕ ਬੰਦ ਹੋ ਗਿਆ। ਕਾਮਰੇਡ ਵਿਧਾਇਕ ਮਾਸਟਰ ਬਾਬੂ ਸਿੰਘ ਨੇ ਫੌਰੀ ਆਖਿਆ ਕਿ ਕਪੂਰ ਸਿੰਘ ਜੀ, ਨਾਲ ਦੇ ਮਾਈਕ ਤੋਂ ਬੋਲੋ।

ਜਦੋਂ ਸਿਰਦਾਰ ਕਪੂਰ ਸਿੰਘ ਨਵਾਬ ਸਾਹਿਬ ਮਾਲੇਰਕੋਟਲਾ ਦੀ ਸੀਟ ਵਾਲੇ ਮਾਈਕ ’ਤੇ ਚਲੇ ਗਏ ਤਾਂ ਮਾਸਟਰ ਬਾਬੂ ਸਿੰਘ ਨੇ ਵਿਅੰਗ ਕੱਸਿਆ ‘ਆਖਰ ਤੁਸੀਂ ਮਲਿਕ ਭਾਗੋ ਵੱਲ ਹੀ ਚਲੇ ਗਏ’। ਹਰ ਵਿਧਾਇਕ ’ਤੇ ਵਜ਼ੀਰ ਨੇ ਬਾਬੇ ਦੀ ਬਾਣੀ ਦੇ ਹਵਾਲੇ ਨਾਲ ਗੱਲ ਕੀਤੀ। ਤਤਕਾਲੀ ਮਾਲ ਮੰਤਰੀ ਆਤਮਾ ਸਿੰਘ ਦੀ ਚੇਅਰਮੈਨੀ ਵਾਲੇ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਦੇ ਲਾਏ ਪ੍ਰਿੰਸੀਪਲ ਦਾ ਮਾਮਲਾ ਵੀ ਉਠਿਆ।

ਇਹ ਪ੍ਰਿੰਸੀਪਲ ਆਤਮਾ ਸਿੰਘ ਦਾ ਜਵਾਈ ਸੀ। ਮਗਰੋਂ ਆਤਮਾ ਸਿੰਘ ਨੇ ਇਸ ਮਾਮਲੇ ’ਤੇ ਸਫਾਈ ਵੀ ਦਿੱਤੀ। ਮਾਸਟਰ ਬਾਬੂ ਸਿੰਘ ਨੇ ਇਸ ਮਤੇ ’ਤੇ ਬੋਲਦਿਆਂ ਆਖਿਆ ਕਿ ਬਾਬੇ ਨਾਨਕ ਨੇ ਪਾਖੰਡਵਾਦ ਦਾ ਵਿਰੋਧ ਕੀਤਾ। ਮਾਸਟਰ ਜੀ ਨੇ ਆਖਿਆ ਕਿ ‘ਤੁਹਾਡਾ ਇੱਕ ਵਜ਼ੀਰ ਪ੍ਰਚਾਰ ਕਰਦਾ ਫਿਰਦਾ ਹੈ ਕਿ ਉਹ ਦਾੜ੍ਹੀ ਕੱਟੀ ਵਾਲੇ ਸਿਪਾਹੀ ਤੋਂ ਸਲੂਟ ਨਹੀਂ ਲਵੇਗਾ’। ਨਾਲ ਹੀ ਉਨ੍ਹਾਂ ਆਖਿਆ ਕਿ ਅੱਜ ਸਦਨ ਵਿਚ 104 ਵਿਧਾਇਕਾਂ ’ਚੋਂ ਕੋਈ ਵੀ ਮਹਿਲਾ ਨਹੀਂ ਹੈ ਜੋ ਬਾਬੇ ਦੀ ਸੋਚ ਦੀ ਤਰਜ਼ਮਾਨੀ ਨਹੀਂ।

ਸੰਤੋਖ ਸਿੰਘ ਫਤਹਿਗੜ੍ਹ ਨੇ ਉਦੋਂ ਸੈਸ਼ਨ ਵਿਚ ਮੁੱਖ ਮੰਤਰੀ ਤੋਂ ਮੰਗ ਕੀਤੀ ਸੀ ਕਿ ਪਾਕਿਸਤਾਨ ਤੋਂ ਜਗ੍ਹਾ ਲੈਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾਵੇ। ਨਾਲ ਹੀ ਉਨ੍ਹਾਂ ਆਖਿਆ ਸੀ ਕਿ ਡੇਰਾ ਬਾਬਾ ਨਾਨਕ ਨੂੰ ਮੁੱਖ ਕੇਂਦਰ ਵਜੋਂ ਵਿਕਸਿਤ ਕਰਨਾ ਚਾਹੀਦਾ ਹੈ, ਜਿਥੇ ਚਾਰ ਗੁਰਦੁਆਰੇ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦਾ ਪੱਤਰਾ ਚੜ੍ਹਾਇਆ ਸੀ।

ਕਾਮਰੇਡ ਹਰਦਿੱਤ ਸਿੰਘ ਭੱਠਲ ਨੇ ਟਕੋਰ ਮਾਰੀ ਸੀ ਕਿ ਬਾਬੇ ਦੇ ਅੱਜ ਦੇ ਪੈਰੋਕਾਰ ਮਾਇਆ ਇਕੱਠੀ ਕਰਨ ਵਿੱਚ ਉਲਝੇ ਹੋਏ ਹਨ ਅਤੇ ਗ਼ਰੀਬਾਂ ’ਤੇ ਟੈਕਸ ਲਾਏ ਜਾ ਰਹੇ ਹਨ। ਕਾਮਰੇਡ ਭੱਠਲ ਨੇ ਸੰਗਰੂਰ ਪੁਲੀਸ ਦਾ ਹਵਾਲਾ ਦਿੱਤਾ ਕਿ ਉਹ ਗ਼ਰੀਬ ਲੋਕਾਂ ਨੂੰ ਖ਼ਤ ਲਿਖ ਕੇ ਮਾਇਆ ਇਕੱਠੀ ਕਰ ਰਹੀ ਹੈ। ਉਨ੍ਹਾਂ ਕਾਰੂ ਦੇ ਖ਼ਜ਼ਾਨੇ ਦੀ ਗੱਲ ਵੀ ਸੁਣਾਈ ਸੀ। ਜਦੋਂ ਸਭਨਾਂ ਨੇ ਬਾਬੇ ਦੀ ਗੁਰਬਾਣੀ ਦੀਆਂ ਤੁਕਾਂ ਬੋਲੀਆਂ ਤਾਂ ਵੈਦ ਕਰਤਾਰ ਸਿੰਘ ਨੇ ਵਿਚੋਂ ਟੋਕਦੇ ਹੋਏ ਆਖਿਆ ਸੀ ਕਿ ਬਾਣੀ ਸ਼ੁੱਧ ਬੋਲੀ ਜਾਵੇ, ਗੁਰਬਾਣੀ ਦੀਆਂ ਗ਼ਲਤ ਤੁਕਾਂ ਨਾ ਆਖੀਆਂ ਜਾਣ।

ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਕਿਰਪਾਲ ਸਿੰਘ ਨੇ ਉਦੋਂ ਆਖਿਆ ਸੀ ਕਿ ਗੁਰੂ ਦਾ ਸੰਦੇਸ਼ ਦਿਲਾਂ ਵਿਚ ਰੱਖ ਕੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਜਾਵੇ। ਚੌਧਰੀ ਸੁੰਦਰ ਸਿੰਘ ਨੇ ਮੁੱਖ ਮੰਤਰੀ ਗੁਰਨਾਮ ਸਿੰਘ ਨੂੰ ਸਪੱਸ਼ਟਤਾ ਨਾਲ ਆਖਿਆ ਕਿ ਮੁੱਖ ਮੰਤਰੀ ਜੀ, ਅਜਿਹੇ ਕੰਮ ਕਰੋ ਕਿ ਗ਼ਰੀਬ ਖ਼ੁਸ਼ ਹੋਣ, ਗੁਰੂ ਫਿਰ ਹੀ ਪ੍ਰਸੰਨ ਹੋਵੇਗਾ। ਗ਼ਰੀਬਾਂ ਨੂੰ ਪਿੱਛੇ ਨਾ ਬਿਠਾਓ, ਤਾਕਤ ਵਿਚ ਹਿੱਸੇਦਾਰ ਬਣਾਓ। ਇਹ ਵੀ ਆਖਿਆ ਸੀ ਕਿ ‘ਸਾਡੇ ਆਦਮੀਆਂ ਨੂੰ ਬੇਇੱਜ਼ਤ ਨਾ ਕਰੋ, ਵਾਹਿਗੁਰੂ ਸਜ਼ਾ ਦੇਵੇਗਾ।’

ਚੌਧਰੀ ਬਲਵੀਰ ਸਿੰਘ, ਭਗਤ ਗਰਾਂਦਾਸ ਹੰਸ ਅਤੇ ਡਾ. ਭਗਤ ਸਿੰਘ ਨੇ ਵੀ ਮਤੇ ਦੇ ਸਮਰਥਨ ਵਿਚ ਬਾਬੇ ਦੀਆਂ ਸਿੱਖਿਆਵਾਂ ਤੋਂ ਜਾਣੂੰ ਕਰਾਇਆ ਸੀ। ਬੇਸ਼ੱਕ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਅਜਲਾਸ ਨਹੀਂ ਸੱਦਿਆ ਗਿਆ ਸੀ ਪ੍ਰੰਤੂ ਉਦੋਂ ਪੂਰਾ ਦਿਨ ਸੈਸ਼ਨ ਦੌਰਾਨ ਮਤੇ ਦੇ ਸਮਰਥਨ ਵਿਚ ਬਾਬੇ ਦੀ ਬਾਣੀ ’ਤੇ ਅਮਲ ਦੀ ਗੱਲ ਚੱਲੀ ਸੀ।

Facebook Comments