ਸੜਕ ਹਾਦਸੇ ’ਚ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਭਵਾਨੀਗੜ੍ਹ: ਸੁਨਾਮ ਮੁੱਖ ਮਾਰਗ ’ਤੇ ਪਿੰਡ ਘਰਾਚੋਂ ਨੇੜੇ ਬੀਤੀ ਦੇਰ ਰਾਤ ਸੜਕ ਵਿਚਾਲੇ ਖ਼ਰਾਬ ਖੜ੍ਹੇ ਕੈਂਟਰ ਵਿਚ ਕਾਰ ਵੱਜਣ ਕਾਰਨ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਪੁਲੀਸ ਚੌਕੀ ਘਰਾਚੋਂ ਦੇ ਇੰਚਾਰਜ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸੁਨਾਮ ਦਾ ਇੱਕ ਪਰਿਵਾਰ ਭਵਾਨੀਗੜ੍ਹ ਦੇ ਮੈਰਿਜ ਪੈਲੇਸ ਵਿੱਚ ਵਿਆਹ ਸਮਾਗਮ ਵਿਚ ਸ਼ਮੂਲੀਅਤ ਕਰਨ ਉਪਰੰਤ ਡਸਟਰ ਗੱਡੀ ਰਾਹੀਂ ਵਾਪਸ ਸੁਨਾਮ ਜਾ ਰਿਹਾ ਸੀ। ਜਦੋਂ ਇਨ੍ਹਾਂ ਦੀ ਗੱਡੀ ਭਵਾਨੀਗੜ੍ਹ-ਸੁਨਾਮ ਮੁੱਖ ਮਾਰਗ ’ਤੇ ਪਿੰਡ ਘਰਾਚੋਂ ਨੇੜੇ ਪਹੁੰਚੀ ਤਾਂ ਸੜਕ ਵਿਚਾਲੇ ਖ਼ਰਾਬ ਖੜ੍ਹੇ ਇਕ ਕੈਂਟਰ ਦੇ ਪਿੱਛੇ ਜਾ ਟਕਰਾਈ। ਇਸ ਹਾਦਸੇ ਵਿਚ ਕਾਰ ਸਵਾਰ ਹਰੀਸ਼ ਕੁਮਾਰ ਅਤੇ ਉਸ ਦੇ ਪੁੱਤਰ ਰਾਹੁਲ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਹਰੀਸ਼ ਕੁਮਾਰ ਦੀ ਪਤਨੀ ਮੀਨਾ ਰਾਣੀ ਅਤੇ ਪੋਤਰੀ ਮਾਨਿਆ (4) ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਭਵਾਨੀਗੜ੍ਹ ਭਰਤੀ ਕਰਵਾਇਆ, ਜਿੱਥੇ ਮੀਨਾ ਕੁਮਾਰੀ ਦੀ ਮੌਤ ਹੋ ਗਈ ਅਤੇ ਮਾਨਿਆ (4) ਪੁੱਤਰੀ ਦੀਪਕ ਕੁਮਾਰ ਦੀ ਪੀਜੀਆਈ ਚੰਡੀਗੜ੍ਹ ਲਿਜਾਂਦੇ ਸਮੇਂ ਮੌਤ ਹੋ ਗਈ। ਇਹ ਪਰਿਵਾਰ ਸੁਨਾਮ ਦਾ ਰਹਿਣ ਵਾਲਾ ਸੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਪਹੁੰਚਾ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹਾਦਸੇ ਵਿੱਚ ਮਾਂ ਦੀ ਮੌਤ, ਪੁੱਤਰ ਜ਼ਖ਼ਮੀ
ਰਾਜਪੁਰਾ : ਰਾਜਪੁਰਾ-ਬਨੂੜ ਸੜਕ ’ਤੇ ਪਿੰਡ ਪਹਿਰ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮਾਂ ਦੀ ਮੌਤ ਹੋ ਗਈ ਜਦਕਿ ਪੁੱਤਰ ਜ਼ਖ਼ਮੀ ਹੋ ਗਿਆ। ਥਾਣਾ ਸਦਰ ਦੀ ਪੁਲੀਸ ਨੇ ਦੱਸਿਆ ਕਿ ਹਰਜੀਤ ਸਿੰਘ ਵਾਸੀ ਪਿੰਡ ਇਬਰਾਹਮਪੁਰਾ (ਜ਼ਿਲ੍ਹਾ ਮੁਹਾਲੀ) ਆਪਣੇ ਪਿੰਡ ਤੋਂ ਆਪਣੀ ਮਾਤਾ ਕਰਮ ਕੌਰ ਨਾਲ ਰਾਜਪੁਰਾ ਨੇੜਲੇ ਪਿੰਡ ਧਮੋਲੀ ਜਾ ਰਿਹਾ ਹੈ ਕਿ ਪਿੰਡ ਪਹਿਰ ਕਲਾਂ ਨੇੜੇ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕਰਮ ਕੌਰ ਦੀ ਮੌਤ ਹੋ ਗਈ, ਹਰਜੀਤ ਸਿੰਘ ਜ਼ਖ਼ਮੀ ਹੋ ਗਿਆ। ਥਾਣਾ ਸਦਰ ਦੀ ਪੁਲੀਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਹਾਦਸੇ ’ਚ ਮਾਂ-ਪੁੱਤਰ ਹਲਾਕ, 4 ਜ਼ਖ਼ਮੀ਼
ਨੰਗਲ : ਇਥੇ ਚੰਡੀਗੜ੍ਹ ਮਾਰਗ ’ਤੇ ਪਿੰਡ ਕਲਿਤਰਾਂ ਕੋਲ ਵਾਪਰੇ ਸੜਕ ਹਾਦਸੇ ’ਚ ਮਾਂ-ਪੱਤਰ ਦੀ ਮੌਤ ਹੋ ਗਈ ਤੇ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਕਲਤਿਰਾਂ ਕੋਲ ਅੱਜ ਸਵੇਰੇ ਇਕ ਜੀਪ ਅਤੇ ਮਾਰੂਤੀ ਕਾਰ ਵਿਚਕਾਰ ਟੱਕਰ ਹੋ ਗਈ। ਕਾਰ ਸਵਾਰ ਸ਼ਿਮਲਾ ਦੇਵੀ (56) ਪਤਨੀ ਬਲਵੰਤ ਸਿੰਘ ਅਤੇ ਸ਼ਿਮਲਾ ਦੇਵੀ ਦੇ ਪੁੱਤਰ ਗੌਰਵ (33) ਦੋਵੇਂ ਵਾਸੀ ਪਿੰਡ ਖੱਡ ਹਿਮਾਚਲ ਪ੍ਰਦੇਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਸਵਾਰ ਚਾਰ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੋਂ ਉਨ੍ਹਾਂ ਨੂੰ ਪੀਜੀਆਈ ਚੰਡੀਗ੍ਹੜ ਲਈ ਰੈਫਰ ਕੀਤਾ ਗਿਆ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Facebook Comments