ਅਕਾਲੀ ਕਹਿੰਦੇ ਸਨ ਲਾਂਘਾ ਨਹੀਂ ਖੁਲ੍ਹੇਗਾ, ਹੁਣ ਲੈ ਰਹੇ ਨੇ ਕ੍ਰੈਡਿਟ

ਲੁਧਿਆਣਾ: ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਦਾ ਸਿਹਰਾ ਆਪਣੇ ਸਿਰ ਸਜਾਉਣ ਲਈ ਸਾਰੀਆਂ ਸਿਆਸੀ ਧਿਰਾਂ ਸਰਗਰਮ ਹਨ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਲਈ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਸਮਾਗਮ ਦੇ ਬੋਰਡਾਂ ਰਾਹੀਂ ਅਕਾਲੀ ਦਲ ਕਰਤਾਰਪੁਰ ਲਾਂਘੇ ਦਾ ਸੁਨੇਹਾ ਘਰ ਘਰ ਪਹੁੰਚਾ ਰਿਹਾ ਹੈ।

ਅਕਾਲੀ ਦਲ ਨੇ ਸਨਅਤੀ ਸ਼ਹਿਰ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਲੋਕਲ ਆਗੂ ਦੀਆਂ ਤਸਵੀਰਾਂ ਵਾਲੇ ਦਰਜਨਾਂ ਬੋਰਡ ਲਾਏ ਹਨ, ਜਿਨ੍ਹਾਂ ਵਿਚ ਸੁਲਤਾਨਪੁਰ ਲੋਧੀ ’ਚ ਹੋਣ ਵਾਲੇ ਸਮਾਗਮਾਂ ਬਾਰੇ ਸੁਨੇਹਾ ਦਿੱਤਾ ਗਿਆ ਹੈ।

ਦਰਅਸਲ, ਕਰਤਾਰਪੁਰ ਲਾਂਘੇ ਦਾ ਸਿਹਰਾ ਆਪਣੇ ਸਿਰ ਸਜਾਉਣ ਲਈ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਿਚਾਲੇ ‘ਕ੍ਰੈਡਿਟ ਵਾਰ’ ਚੱਲ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਈ ਦਿਨ ਪਹਿਲਾਂ ਹੀ ਸਨਅਤੀ ਸ਼ਹਿਰ ਦੇ ਯੂਨੀਪੋਲਾਂ ਤੇ ਹੋਰ ਇਸ਼ਤਿਹਾਰੀ ਬੋਰਡਾਂ ’ਤੇ ਕਰਤਾਰਪੁਰ ਲਾਂਘੇ ਦੇ ਬੋਰਡ ਲਗਾਏ ਗਏ ਸਨ। ਇਨ੍ਹਾਂ ਬੋਰਡਾਂ ’ਤੇ ਸੁਲਤਾਨਪੁਰ ਲੋਧੀ ਵਿਚ ਹੋਣ ਵਾਲੇ ਸਮਾਗਮਾਂ ਬਾਰੇ ਜਾਣਕਾਰੀ ਸੀ ਤੇ ਇਨ੍ਹਾਂ ਰਾਹੀਂ ਲੋਕਾਂ ਨੂੰ ਸੁਲਤਾਨਪੁਰ ਲੋਧੀ ਵਿਚ ਹੋਣ ਵਾਲੇ ਸਮਾਗਮਾਂ ’ਚ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਗਈ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਹੀ ਲਾਂਘਾ ਖੋਲ੍ਹਣ ਦਾ ਕ੍ਰੈਡਿਟ ਕੇਂਦਰ ਸਰਕਾਰ ਤੇ ਆਪਣੇ ਆਪ ਨੂੰ ਦਿੰਦਾ ਆ ਰਿਹਾ ਹੈ।

ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਵਿਚ ਵੱਖਰੀ ਸਟੇਜ ਲਗਾਉਣ ਦੇ ਐਲਾਨ ਮਗਰੋਂ ਅਕਾਲੀ ਦਲ ਨੇ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸਨਅਤੀ ਸ਼ਹਿਰ ਵਿਚ ਦਰਜਨਾਂ ਬੋਰਡ ਲਗਾ ਕੇ ਪਾਰਟੀ ਦੇ ਹੱਕ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ। ਬੋਰਡਾਂ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੱਡੀ ਫੋਟੋ ਲਗਾਈ ਗਈ ਹੈ।

ਸਿੱਧੂ ਨੂੰ ਲਾਂਘੇ ਦਾ ਨਾਇਕ ਬਣਾਉਣ ਲਈ ਸੋਸ਼ਲ ਮੀਡੀਆ ’ਤੇ ਛਿੜੀ ਜੰਗ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਲਈ ਸੋਸ਼ਲ ਮੀਡੀਆ ’ਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਨਾਇਕ ਬਣਾਇਆ ਜਾ ਰਿਹਾ ਹੈ। ਸਿੱਧੂ ਦੇ ਹੱਕ ਵਿਚ ਸੋਸ਼ਲ ਮੀਡੀਆ ’ਤੇ ਪਿਛਲੇ ਕਈ ਦਿਨਾਂ ਤੋਂ ਸ਼ਬਦੀ ਜੰਗ ਛਿੜੀ ਹੋਈ ਹੈ ਤੇ ਲਾਂਘੇ ਦਾ ਅਸਲੀ ਹੀਰੋ ਨਵਜੋਤ ਸਿੰਘ ਸਿੱਧੂ ਨੂੰ ਦੱਸਿਆ ਜਾ ਰਿਹਾ ਹੈ।

Facebook Comments