ਸਾਧ ਕੁਮਾਰ ਸਵਾਮੀ ਨੇ ਸ਼੍ਰੋਮਣੀ ਕਮੇਟੀ ਤੋਂ ਮੁਆਫ਼ੀ ਮੰਗੀ

ਅੰਮ੍ਰਿਤਸਰ : ਇਸ਼ਤਿਹਾਰ ਦੇ ਕੇ ਗੁਰਬਾਣੀ, ਸਿੱਖ ਸਿਧਾਂਤਾਂ ਅਤੇ ਸਿੱਖ ਗੁਰੂਆਂ ਦੇ ਨਿਰਾਦਰ ਕਰਨ ਦੇ ਮਾਮਲੇ ਵਿਚ ਸਾਧ ਕੁਮਾਰ ਸਵਾਮੀ ਨੇ ਅੱਜ ਸ਼੍ਰੋਮਣੀ ਕਮੇਟੀ ਕੋਲ ਮੁਆਫ਼ੀਨਾਮਾ ਭੇਜਿਆ ਹੈ, ਜਿਸ ਨੂੰ ਸ਼੍ਰੋਮਣੀ ਕਮੇਟੀ ਨੇ ਪ੍ਰਵਾਨ ਕਰ ਲਿਆ ਹੈ।

ਅੱਜ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਸਾਧ ਦੇ ਨੁਮਾਇੰਦਿਆਂ ਨੇ ਇਹ ਮੁਆਫ਼ੀਨਾਮਾ ਪੇਸ਼ ਕੀਤਾ। ਇਨ੍ਹਾਂ ਨੁਮਾਇੰਦਿਆਂ ਵਿਚ ਲਕਸ਼ਮੀ ਨਰਾਇਣ ਧਾਮ ਦਿੱਲੀ ਦੇ ਜਨਰਲ ਸਕੱਤਰ ਸੁਸ਼ੀਲ ਵਰਮਾ, ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ, ਧਾਮ ਦੇ ਅੰਮ੍ਰਿਤਸਰ ਤੋਂ ਪ੍ਰਬੰਧਕ ਬਿਪਨ ਅਨੰਦ ਤੇ ਰੋਬਿਨ ਤਲਵਾਰ ਸ਼ਾਮਲ ਸਨ। ਇਨ੍ਹਾਂ ਨੁਮਾਇੰਦਿਆਂ ਨੇ ਇਸ ਸਬੰਧੀ ਲਿਖਤੀ ਮੁਆਫ਼ੀਨਾਮਾ ਪੇਸ਼ ਕੀਤਾ, ਜਿਸ ਵਿਚ ਮੁੜ ਅਜਿਹਾ ਨਾ ਵਾਪਰਨ ਦਾ ਭਰੋਸਾ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਕੁਮਾਰ ਸਵਾਮੀ ਵੱਲੋਂ ਕੁਝ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤੇ ਗਏ ਸਨ, ਜਿਸ ਵਿਚ ਵਰਤੀ ਗਈ ਸ਼ਬਦਾਵਲੀ ਕਾਰਨ ਸਿੱਖ ਗੁਰੂਆਂ, ਸਿੱਖ ਸਿਧਾਂਤ ਅਤੇ ਗੁਰਬਾਣੀ ਦਾ ਨਿਰਾਦਰ ਹੋਇਆ ਹੈ। ਸਿੱਖ ਸੰਗਤ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਨੇ ਇਸ ਦਾ ਸਖ਼ਤ ਨੋਟਿਸ ਲਿਆ ਸੀ ਅਤੇ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਸੀ। ਇਸ ਸਬੰਧੀ ਪੁਲੀਸ ਸ਼ਿਕਾਇਤ ਦਰਜ ਕਰਨ ਲਈ ਪੁਲੀਸ ਕਮਿਸ਼ਨਰ ਕੋਲ ਸ਼ਿਕਾਇਤ ਵੀ ਭੇਜੀ ਗਈ ਸੀ। ਉਨ੍ਹਾਂ ਆਖਿਆ ਕਿ ਅੱਜ ਇਸ ਮਾਮਲੇ ਵਿਚ ਸਬੰਧਤਾਂ ਨੇ ਮੁਆਫ਼ੀਨਾਮਾ ਪੇਸ਼ ਕੀਤਾ ਅਤੇ ਸਿੱਖ ਭਾਵਨਾਵਾਂ ਨੂੰ ਪੁੱਜੀ ਠੇਸ ਲਈ ਸਿੱਖ ਜਗਤ ਕੋਲੋਂ ਮੁਆਫ਼ੀ ਮੰਗੀ ਹੈ। ਇਹ ਮੁਆਫ਼ੀਨਾਮਾ ਪ੍ਰਵਾਨ ਕਰ ਲਿਆ ਗਿਆ ਹੈ।

ਮੁਆਫ਼ੀਨਾਮਾ ਦੇਣ ਆਏ ਸਾਬਕਾ ਮੰਤਰੀ ਡਾ. ਬਲਦੇਵ ਰਾਜ ਚਾਵਲਾ ਨੇ ਆਖਿਆ ਕਿ ਸਾਧ ਬਾਰੇ ਦਿੱਤੇ ਗਏ ਇਸ਼ਤਿਹਾਰ ਵਿਚ ਵਰਤੀ ਗਈ ਸ਼ਬਦਾਵਲੀ ਕਾਰਨ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਸੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਦਾ ਪ੍ਰਗਟਾਵਾ ਕੀਤਾ ਸੀ, ਜਿਸ ਦੇ ਆਧਾਰ ’ਤੇ ਅੱਜ ਇਸ ਮਾਮਲੇ ਵਿਚ ਖਿਮਾ ਯਾਚਨਾ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਕੁਮਾਰ ਸਵਾਮੀ ਸਿੱਖ ਧਰਮ ਦਾ ਉਪਾਸ਼ਕ ਹੈ ਅਤੇ ਕਦੇ ਵੀ ਗੁਰੂਆਂ ਜਾਂ ਗੁਰਬਾਣੀ ਦਾ ਨਿਰਾਦਰ ਨਹੀਂ ਕਰ ਸਕਦਾ। ਉਸ ਨੇ ਆਖਿਆ ਕਿ ਅਣਜਾਣੇ ਵਿਚ ਹੋਈ ਇਸ ਗ਼ਲਤੀ ਲਈ ਖਿਮਾ ਯਾਚਨਾ ਕੀਤੀ ਹੈ। ਇਸ ਦੌਰਾਨ ਸਾਧ ਕੁਮਾਰ ਸਵਾਮੀ ਵੱਲੋਂ ਅੰਮ੍ਰਿਤਸਰ ਵਿਚ ਕੀਤੇ ਜਾਣ ਵਾਲੇ ਤਿੰਨ ਰੋਜ਼ਾ ਸਮਾਗਮ ਬੇਰੋਕ ਜਾਰੀ ਹਨ।

Facebook Comments