ਫੋਨ ਟੈਪਿੰਗ : ਕਿਸੇ ਲਈ ਕੋਈ ਨਿਜਤਾ ਨਹੀਂ ਰਹੀ: ਸੁਪਰੀਮ ਕੋਰਟ

ਨਵੀਂ ਦਿੱਲੀ, 4 ਨਵੰਬਰ
ਸੁਪਰੀਮ ਕੋਰਟ ਨੇ ਛੱਤੀਸਗੜ੍ਹ ਸਰਕਾਰ ਵੱਲੋਂ ਇਕ ਸੀਨੀਅਰ ਆਈਪੀਐੱਸ ਅਧਿਕਾਰੀ ਤੇ ਉਹਦੇ ਪਰਿਵਾਰਕ ਮੈਂਬਰਾਂ ਦੇ ਫੋਨ ਟੈਪ ਕੀਤੇ ਜਾਣ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਪੂਰੇ ਮਾਮਲੇ ਦੀ ਤਫ਼ਸੀਲ ਮੰਗ ਲਈ ਹੈ। ਬੈਂਚ ਨੇ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦਾ ਨਾਂ ਘੜੀਸ ਕੇ ਇਸ ਮੁੱਦੇ ਦਾ ਸਿਆਸੀਕਰਨ ਨਾ ਕੀਤਾ ਜਾਵੇ। ਸੁਪਰੀਮ ਕੋਰਟ ਨੇ ਪਟੀਸ਼ਨ ’ਚੋਂ ਬਘੇਲ ਦਾ ਨਾਂ ਹਟਾਉਣ ਦੀ ਵੀ ਹਦਾਇਤ ਕੀਤੀ ਹੈ। ਸੁਪਰੀਮ ਕੋਰਟ ਨੇ ਫੋਨ ਟੈਪਿੰਗ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਜੇਕਰ ਸਭ ਕੁਝ ਇੰਜ ਹੀ ਚਲਦਾ ਰਿਹਾ ਤਾਂ ‘ਕਿਸੇ ਲਈ ਕੋਈ ਨਿੱਜਤਾ ਨਹੀਂ’ ਰਹਿ ਜਾਵੇਗੀ। ਸਿਖਰਲੀ ਅਦਾਲਤ ਨੇ ਸੂਬਾ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਕਿਸੇ ਵਿਅਕਤੀ ਦੇ ਨਿੱਜਤਾ ਦੇ ਅਧਿਕਾਰ ਨੂੰ ਇੰਜ ਉਲੰਘਿਆ ਜਾ ਸਕਦਾ ਹੈ। ਜਸਟਿਸ ਅਰੁਣ ਮਿਸ਼ਰਾ ਤੇ ਇੰਦਰਾ ਬੈਨਰਜੀ ਦੇ ਬੈਂਚ ਨੇ ਛੱਤੀਸਗੜ੍ਹ ਸਰਕਾਰ ਤੋਂ ਇਸ ਪੂਰੇ ਮਾਮਲੇ ਦੀ ਤਫ਼ਸੀਲ ਮੰਗਦਿਆਂ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਹੈ। ਹਲਫ਼ਨਾਮੇ ਵਿੱਚ ਫੋਨ ਟੈਪ ਕਰਨ ਦੇ ਹੁਕਮ ਦੇਣ ਵਾਲੇ ਸ਼ਖ਼ਸ ਤੇ ਇਸ ਦੀ ਵਜ੍ਹਾ ਬਾਰੇ ਵਿਸਥਾਰਤ ਜਾਣਕਾਰੀ ਮੰਗੀ ਗਈ ਹੈ। ਇਹੀ ਨਹੀਂ ਸਿਖਰਲੀ ਅਦਾਲਤ ਨੇ ਆਈਪੀਐੱਸ ਅਧਿਕਾਰੀ ਮੁਕੇਸ਼ ਗੁਪਤਾ ਦੀ ਸੁਪਰੀਮ ਕੋਰਟ ’ਚ ਨੁਮਾਇੰਦਗੀ ਕਰ ਰਹੇ ਵਕੀਲ ਮਹੇਸ਼ ਜੇਠਮਲਾਨੀ ਖ਼ਿਲਾਫ਼ ਐਫ਼ਆਈਆਰ ਦਰਜ ਕਰਨ ਦਾ ਵੀ ਨੋਟਿਸ ਲਿਆ ਹੈ। ਬੈਂਚ ਨੇ ਅਗਲੇ ਹੁਕਮਾਂ ਤਕ ਵਕੀਲ ਖ਼ਿਲਾਫ਼ ਜਾਂਚ ਰੋਕਣ ਦੇ ਨਾਲ ਹੀ ਉਸ ’ਤੇ ਕਿਸੇ ਤਰ੍ਹਾਂ ਦਾ ਦਬਾਅ ਨਾ ਪਾਉਣ ਦੀ ਹਦਾਇਤ ਕੀਤੀ ਹੈ।

Facebook Comments