ਪ੍ਰਦੂਸ਼ਣ ਦਾ ਠੀਕਰਾ ਕਿਸਾਨਾਂ ਸਿਰ ਭੰਨਣਾ ਬੰਦ ਹੋਵੇ: ਸਵਾਮੀਨਾਥਨ

ਨਵੀਂ ਦਿੱਲੀ: ਉੱਘੇ ਖੇਤੀ ਵਿਗਿਆਨੀ ਐੱਮ.ਐੱਸ.ਸਵਾਮੀਨਾਥਨ ਨੇ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਦੇ ਵਧਦੇ ਪੱਧਰ ਲਈ ਕਿਸਾਨਾਂ ਸਿਰ ਦੋਸ਼ ਮੜ੍ਹਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਲਜ਼ਾਮਤਰਾਸ਼ੀ ਦੀ ਥਾਂ ਦਿੱਲੀ ਤੇ ਗੁਆਂਢੀ ਰਾਜਾਂ ਦੀਆਂ ਸਰਕਾਰਾਂ ਝੋਨੇ ਦੀ ਪਰਾਲੀ ਤੋਂ ਨਿਜਾਤ ਦਿਵਾਉਣ ਲਈ ਬਾਇਓ ਪਾਰਕ ਸਥਾਪਤ ਕਰਨ ’ਚ ਕਿਸਾਨਾਂ ਦੀ ਮਦਦ ਕਰਨ।

ਉਨ੍ਹਾਂ ਕਿਹਾ ਕਿ ਦੱਖਣੀ ਭਾਰਤ ਵਿੱਚ ਕਿਸਾਨ ਪਰਾਲੀ ਨਹੀਂ ਸਾੜਦੇ, ਕਿਉਂਕਿ ਪਸ਼ੂਆਂ ਦੀ ਖੁਰਾਕ ਵਜੋਂ ਵਰਤੇ ਜਾਣ ਕਰਕੇ ਇਹ ਆਰਥਿਕ ਪੱਖੋਂ ਅਹਿਮ ਹੈ। ਉਨ੍ਹਾਂ ਲੜੀਵਾਰ ਟਵੀਟ ’ਚ ਕਿਹਾ ਕਿ ਕਿਸਾਨਾਂ ਸਿਰ ਠੀਕਰਾ ਭੰਨਣ ਦੀ ਥਾਂ ਅਜਿਹੇ ਤੌਰ ਤਰੀਕੇ ਸੁਝਾਏ ਜਾਣ ਜੋ ਆਰਥਿਕ ਤੇ ਵਾਤਾਵਰਨ ਪੱਖੋਂ ਲੋੜੀਂਦੇ ਹੋਣ। ਦਿੱਲੀ, ਹਰਿਆਣਾ ਤੇ ਯੂਪੀ ਸਰਕਾਰਾਂ ‘ਰਾਈਸ ਬਾਇਓ ਪਾਰਕ’ ਸਥਾਪਤ ਕਰਨ, ਜਿੱਥੇ ਕਿਸਾਨ ਪਰਾਲੀ ਨੂੰ ਆਮਦਨ ਤੇ ਰੁਜ਼ਗਾਰ ’ਚ ਤਬਦੀਲ ਕਰ ਸਕਣ।

ਇਸ ਦੌਰਾਨ ਮੁਹਾਲੀ ਨਜ਼ਦੀਕ ਘੜੂੰਆਂ ਪਿੰਡ ਦੇ ਕਿਸਾਨ ਨੇ ਕਿਹਾ ਕਿ ਉਹ ਪਰਾਲੀ ਸਾੜਨ ਲਈ ਮਜਬੂਰ ਹਨ। ਝੋਨੇ ਦੀ ਰਹਿੰਦ ਖੂੰਹਦ ਨੂੰ ਸਾਂਭਣ ਵਾਲੀ ਮਸ਼ੀਨ ਤੇ ਹੋਰ ਸੰਦ ਕਾਫ਼ੀ ਮਹਿੰਗੇ ਪੈਂਦੇ ਹਨ, ਲਿਹਾਜ਼ਾ ਉਨ੍ਹਾਂ ਕੋਲ ਪਰਾਲੀ ਨੂੰ ਸਾੜਨ ਤੋਂ ਛੁੱਟ ਕੋਈ ਚਾਰਾ ਨਹੀਂ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮਿਹਰ ਸਿੰਘ ਥੇੜੀ ਨੇ ਪਰਾਲੀ ਦੀ ਪ੍ਰਦੂਸ਼ਣ ਮੁਕਤ ਸਾਂਭ-ਸੰਭਾਲ ਲਈ ਕਿਸਾਨਾਂ ਨੂੰ ਦੋ ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਤੋਂ ਬਿਨਾਂ ਕਿਸਾਨ ਪਰਾਲੀ ਸਾੜਨ ਤੋਂ ਬਾਜ਼ ਨਹੀਂ ਆਉਣਗੇ।

Facebook Comments