ਅਯੁੱਧਿਆ: ਯੂਪੀ ਸਰਕਾਰ ਨੇ ਫ਼ੈਸਲੇ ਤੋਂ ਪਹਿਲਾਂ ਪਾਬੰਦੀਆਂ ਲਗਾਈਆਂ

ਅਯੁੱਧਿਆ : ਸੁਪਰੀਮ ਕੋਰਟ ਵੱਲੋਂ ਅਯੁੱਧਿਆ ਵਿਵਾਦ ਬਾਰੇ ਫ਼ੈਸਲਾ ਸੁਣਾਏ ਜਾਣ ਤੋਂ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਨੇ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟਾਂ ਪਾਉਣ ਤੋਂ ਰੋਕ ਦਿੱਤਾ ਹੈ। ਹੁਕਮਾਂ ਮੁਤਾਬਕ ਇਲੈਕਟ੍ਰਾਨਿਕ ਮੀਡੀਆ ਵੀ ਇਸ ਵਕਫ਼ੇ ਦੌਰਾਨ ਅਯੁੱਧਿਆ ’ਚ ਬਹਿਸ ਆਦਿ ਵਾਲੇ ਪ੍ਰੋਗਰਾਮ ਨਹੀਂ ਕਰਵਾ ਸਕਣਗੇ।

ਸਰਕਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਹੋਣ ਵਾਲੇ ਸਾਰੇ ਫੋਨ ਰਿਕਾਰਡ ਕੀਤੇ ਜਾਣਗੇ। ਚਾਰ ਪੰਨਿਆਂ ਦੇ ਦਿਸ਼ਾ ਨਿਰਦੇਸ਼ 31 ਅਕਤੂਬਰ ਨੂੰ ਜਾਰੀ ਕੀਤੇ ਗਏ ਹਨ ਜੋ 28 ਦਸੰਬਰ ਤੱਕ ਲਾਗੂ ਰਹਿਣਗੇ। ਜਿੱਤ ਦਾ ਜਲੂਸ ਕੱਢਣ ਅਤੇ ਕਿਸੇ ਦੇਵੀ-ਦੇਵਤੇ ਦੀ ਮੂਰਤੀ ਸਥਾਪਤ ਕਰਨ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟਾਂ ਪਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਅਧਿਕਾਰੀਆਂ ਦੀ ਟੀਮ ਵੱਲੋਂ ਵੀ ਨਜ਼ਰ ਰੱਖੀ ਜਾ ਰਹੀ ਹੈ।

Facebook Comments