ਸੂਬਾਈ ਚੋਣਾਂ ਵਿੱਚ ਟਰੰਪ ਦੀ ਪਾਰਟੀ ਨੂੰ ਦੋ ਰਾਜਾਂ ’ਚ ਹਾਰ

ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਅਮਰੀਕਾ ਦੇ ਸੂਬੇ ਕੈਂਟੱਕੀ ਵਿੱਚ ਗਵਰਨਰ ਦੀ ਚੋਣ ਅਤੇ ਵਰਜੀਨੀਆ ਵਿੱਚ ਵਿਧਾਨ ਸਭਾ ਚੋਣਾਂ ਹਾਰ ਗਈ ਹੈ। ਇਸ ਦੇ ਨਾਲ ਰਾਸ਼ਟਰਪਤੀ ਟਰੰਪ ਦੀ ਦੂਜੀ ਵਾਰ ਰਾਸ਼ਟਰਪਤੀ ਦੀ ਚੋਣ ਜਿੱਤਣ ਦੀਆਂ ਉਮੀਦਾਂ ਨੂੰ ਇੱਕ ਵਾਰ ਝਟਕਾ ਲੱਗਾ ਹੈ। ਅਮਰੀਕਾ ਵਿੱਚ ਇੱਕ ਸਾਲ ਨੂੰ ਰਾਸ਼ਟਰਪਤੀ ਦੀਆਂ ਚੋਣਾਂ ਹੋਣੀਆਂ ਹਨ। ਕੈਂਟੱਕੀ ਦਾ ਰਿਪਬਲਿਕਨ ਗਵਰਨਰ ਮੈੱਟ ਬੇਵਿਨ ਫਸਵੀਂ ਟੱਕਰ ਵਿੱਚ ਸਿਰਫ 5100 ਵੋਟਾਂ ਨਾਲ ਹਾਰ ਗਿਆ ਹੈ। ਇਹ ਕੁਲ ਵੋਟਾਂ ਦਾ ਸਿਰਫ ਅੱਧਾ ਫੀਸਦੀ ਬਣਦਾ ਹੈ ਪਰ ਇਹ ਹਾਰ ਕਾਫੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ 2016 ਵਿੱਚ ਟਰੰਪ ਨੇ ਸੂਬੇ ਵਿੱਚੋਂ 30 ਫੀਸਦੀ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।

ਵਰਜੀਨੀਆ ਵਿਧਾਨ ਸਭਾ ਦੇ ਦੋਵਾਂ ਸਦਨਾਂ ਵਿੱਚ ਡੈਮੋਕਰੇਟ ਜਿੱਤ ਗਏ ਹਨ। ਕਈ ਦਹਾਕਿਆਂ ਬਾਅਦ ਡੈਮੋਕਰੇਟਾਂ ਨੂੰ ਸੂਬੇ ਵਿੱਚ ਮੁਕੰਮਲ ਸਰਕਾਰ ਦਾ ਕੰਟਰੋਲ ਹਾਸਲ ਹੋਇਆ ਹੈ। ਵਰਜੀਨੀਆ ਵਿੱਚ ਗਵਰਨਰ ਰਲਫ ਨੋਰਟਮ ਵੀ ਡੈਮੋਕਰੇਟ ਹੈ। ਮਿਸੀਸਾਗਾ ਵਿੱਚ ਰਿਪਬਲਿਕਨ ਗਵਰਨਰ ਦਾ ਅਹੁਦਾ ਬਚਾਉਣ ਵਿੱਚ ਕਾਮਯਾਬ ਰਹੇ ਹਨ। ਇੱਥੇ ਲੈਫਟੀਨੈਂਟ ਗਵਰਨਰ ਟੇਟੇ ਰੀਵੇਜ਼ 6 ਫੀਸਦੀ ਵੱਧ ਵੋਟਾਂ ਨਾਲ ਜਿੱਤ ਗਏ ਹਨ। ਨਿਊਜਰਸੀ ਵਿੱਚ ਨਤੀਜੇ ਆਉਣ ਤੱਕ ਰਿਪਬਲਿਕਨ ਪਛੜੇ ਹੋਏ ਸਨ। ਟਰੰਪ ਨੇ ਕੈਂਟੱਕੀ ਵਿੱਚ 5 ਰਿਪਬਲਿਕਨ ਜਿੱਤਣ ਅਤੇ ਮਿਸੀਸਾਗਾ ਦੀ ਗਵਰਨਰਸ਼ਿਪ ਜਿੱਤਣ ਨੂੰ ਲੈ ਕੇ ਟਵੀਟ ਕੀਤਾ ਹੈ। ਇਸ ਦੌਰਾਨ ਕੁੱਝ ਹੋਰ ਰਾਜਾਂ ਵਿੱਚ ਵੀ ਚੋਣਾਂ ਹੋਈਆਂ ਹਨ ਪਰ ਇਹ ਸਥਾਨਕ ਮੁੱਦਿਆਂ ’ਤੇ ਲੜੀਆਂ ਗਈਆਂ ਹਨ।

ਟਰੰਪ ਦੀਆਂ ਮੁਸ਼ਕਿਲਾਂ ਵਧੀਆਂ

ਟਰੰਪ ਦੇ ਯੂਰਪੀ ਯੂਨੀਅਨ ਦੇ ਰਾਜਦੂਤ ਗੌਰਡਨ ਸੋਂਦਸੈਂਡ ਨੇ ਅਮਰੀਕੀ ਕਾਂਗਰਸ ਅੱਗੇ ਦਿੱਤੀ ਆਪਣੀ ਗਵਾਹੀ ਵਿੱਚ ਸੋਧ ਕਰ ਲਈ ਹੈ। ਉਸ ਨੇ ਮੰਨ ਲਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਰਾਜਸੀ ਵਿਰੋਧੀ ਜੋਅ ਬਿਡੇਨ ਵਿਰੁੱਧ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਲਈ ਪੇਸ਼ਕਸ਼ ਕੀਤੀ ਸੀ। ਡੈਮੋਕਰੇਟਿਕ ਆਗੂਆਂ ਵੱਲੋਂ ਅਮਰੀਕਾ ਦੇ ਪ੍ਰਤੀਨਿਧੀ ਸਦਨ ਵਿੱਚ ਜਾਰੀ ਕੀਤੇ ਦਸਤਾਵੇਜ਼ ਅਨੁਸਾਰ ਸੋਂਦਸੈਂਡ ਨੇ ਉਨ੍ਹਾਂ ਦੇ ਪੱਖ ਦੀ ਪੁਸ਼ਟੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਡੈਮੋਕਰੇਟ ਟਰੰਪ ਵਿਰੁੱਧ ਸੰਸਦ ਵਿੱਚ ਮਹਾਂਦੋਸ਼ ਦਾ ਮਤਾ ਲਿਆਉਣ ਲਈ ਸਰਗਰਮ ਹਨ।

Facebook Comments