ਅਕਾਲ ਤਖ਼ਤ ਵਲੋਂ ਕਾਇਮ ਕਮੇਟੀ ਕਰੇਗੀ ਢੱਡਰੀਆਂਵਾਲਾ ਨਾਲ ਮੀਟਿੰਗ

ਅੰਮ੍ਰਿਤਸਰ: ਡੇਰਾ ਪ੍ਰਮੇਸ਼ਵਰ ਦੁਆਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂ ਵਾਲਾ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਵਲੋਂ ਬਣਾਈ ਪੰਜ ਮੈਂਬਰੀ ਕਮੇਟੀ ਵੱਲੋਂ ਵਿਚਾਰਨ ਉਪਰੰਤ ਕਮੇਟੀ ਨੇ ਉਨ੍ਹਾਂ ਨਾਲ ਇੱਕ ਵਾਰ ਮੀਟਿੰਗ ਕਰਕੇ ਵਿਚਾਰ-ਚਰਚਾ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਢੱਡਰੀਆਂਵਾਲਾ ਨੂੰ ਮੀਟਿੰਗ ਲਈ ਆਖਿਆ ਜਾ ਰਿਹਾ ਹੈ। ਉਸ ਖਿਲਾਫ਼ ਪਿਛਲੇ ਦਿਨੀਂ ਅਕਾਲ ਤਖ਼ਤ ’ਤੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਪੁੱਜੀਆਂ ਸਨ, ਜਿਨ੍ਹਾਂ ਵਿਚ ਦੋਸ਼ ਲਾਇਆ ਗਿਆ ਸੀ ਕਿ ਪ੍ਰਚਾਰ ਵੇਲੇ ਸਿੱਖ ਸਿਧਾਂਤਾਂ ਅਤੇ ਗੁਰਮਤਿ ਦਾ ਕਥਿਤ ਘਾਣ ਕੀਤਾ ਜਾ ਰਿਹਾ ਹੈ, ਜਿਸ ਨਾਲ ਸਿੱਖਾਂ ਵਿਚ ਭਰਾ ਮਾਰੂ ਜੰਗ ਦੇ ਆਸਾਰ ਬਣ ਰਹੇ ਹਨ।

ਸ਼ਿਕਾਇਤਾਂ ਕਰਨ ਵਾਲਿਆਂ ਨੇ ਉਸ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਸ਼ਿਕਾਇਤਾਂ ਦੇ ਨਾਲ-ਨਾਲ ਉਸ ਵਲੋਂ ਕੀਤੇ ਗਏ ਪ੍ਰਚਾਰ ਦੀਆਂ ਸੀਡੀਆਂ ਅਤੇ ਵੀਡਿਓ ਵੀ ਅਕਾਲ ਤਖ਼ਤ ’ਤੇ ਸੌਂਪੀਆਂ ਗਈਆਂ ਸਨ। ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਮਾਮਲੇ ਨੂੰ ਵਿਚਾਰਨ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ। ਕਮੇਟੀ ਨੇ ਕੱਲ੍ਹ ਇਥੇ ਇਸ ਮਾਮਲੇ ਨੂੰ ਵਿਚਾਰਿਆ ਹੈ। ਕਮੇਟੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਖਾਲਸਾ ਕਾਲਜ, ਚੰਡੀਗੜ੍ਹ ਅਤੇ ਲੁਧਿਆਣਾ ਤੋਂ ਸਿੱਖ ਵਿਦਵਾਨ ਸ਼ਾਮਲ ਹਨ। ਪੰਜ ਮੈਂਬਰੀ ਕਮੇਟੀ ਤੋਂ ਇਲਾਵਾ ਇੱਕ ਕੁਆਰਡੀਨੇਟਰ ਵੀ ਬਣਾਇਆ ਗਿਆ ਹੈ। ਇਸ ਮੁੱਦੇ ਨੂੰ ਵਿਚਾਰਨ ਮਗਰੋਂ ਕਮੇਟੀ ਇਕ ਵਾਰ ਇਹ ਮਾਮਲਾ ਰਣਜੀਤ ਸਿੰਘ ਢੱਡਰੀਆਂ ਵਾਲਾ ਨਾਲ ਮੁਲਾਕਾਤ ਕਰਕੇ ਵਿਚਾਰਨਾ ਚਾਹੁੰਦੀ ਹੈ ਤਾਂ ਜੋ ਕੁੱਝ ਸ਼ੰਕਿਆਂ ਦਾ ਨਿਬੇੜਾ ਕੀਤਾ ਜਾ ਸਕੇ।

ਕਮੇਟੀ ਵਲੋਂ ਮੁਲਾਕਾਤ ਲਈ ਫਿਲਹਾਲ ਸਮਾਂ ਅਤੇ ਸਥਾਨ ਨਿਰਧਾਰਤ ਨਹੀਂ ਕੀਤਾ ਗਿਆ ਹੈ। ਮੁਲਾਕਾਤ ਮਗਰੋਂ ਕਮੇਟੀ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਨੂੰ ਸੌਂਪੇਗੀ, ਜਿਸ ਨੂੰ ਵਿਚਾਰਨ ਮਗਰੋਂ ਪੰਜ ਸਿੰਘ ਸਾਹਿਬਾਨ ਵਲੋਂ ਫੈਸਲਾ ਕੀਤਾ ਜਾਵੇਗਾ। ਇਥੇ ਦੱਸਣਯੋਗ ਹੈ ਕਿ 4 ਅਪਰੈਲ 2017 ਨੂੰ ਸ੍ਰੀ ਅਕਾਲ ਤਖ਼ਤ ਤੋਂ ਪੰਜ ਜਥੇਦਾਰਾਂ ਵਲੋਂ ਮਤਾ ਪਾਸ ਕਰਕੇ ਸਿੱਖ ਪ੍ਰਚਾਰਕਾਂ ਅਤੇ ਕਵੀਸ਼ਰਾਂ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਉਹ ਗੁਰਬਾਣੀ ਦੇ ਪ੍ਰਚਾਰ ਦੌਰਾਨ ਸਿਰਫ ਗੁਰਬਾਣੀ ਜਾਂ ਸਿੱਖ ਇਤਿਹਾਸ ਬਾਰੇ ਹੀ ਗੱਲ ਕਰੇ। ਕੋਈ ਅਜਿਹਾ ਪ੍ਰਸੰਗ ਨਾ ਸੁਣਾਇਆ ਜਾਵੇ, ਜਿਸ ਨਾਲ ਸੰਗਤ ਵਿੱਚ ਦੁਬਿਧਾ ਪੈਦਾ ਹੋਵੇ।

Facebook Comments