ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂ ਲੰਗਰ ਲਈ ਰਸਦ ਲਿਜਾਣ ਲੱਗੇ

ਪਾਕਿਸਤਾਨ ਵਿੱਚ ਮਹਿੰਗਾਈ ਕਾਰਨ ਰਸਦ ਲਿਆਉਣ ਦੀ ਕੀਤੀ ਜਾ ਰਹੀ ਸੀ ਅਪੀਲ

ਡੇਰਾ ਬਾਬਾ ਨਾਨਕ : ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂ ਹੁਣ ਉਥੋਂ ਦੇ ਗੁਰਦੁਆਰੇ ’ਚ ਚੱਲ ਰਹੇ ਲੰਗਰਾਂ ਲਈ ਰਸਦ ਲੈ ਕੇ ਪਹੁੰਚ ਰਹੇ ਹਨ। ਅਸਲ ਵਿੱਚ ਪਾਕਿਸਤਾਨ ’ਚ ਟਮਾਟਰ, ਸਬਜ਼ੀਆਂ, ਤੇਲ ਅਤੇ ਹੋਰ ਖੁਰਾਕੀ ਵਸਤਾਂ ਦੇ ਭਾਅ ਭਾਰਤ ਦੇ ਮੁਕਾਬਲੇ ਤਿੰਨ ਗੁਣਾ ਵੱਧ ਹਨ। ਕੌਰੀਡੋਰ ਟਰਮੀਨਲ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਆਪਣੇ ਨਾਲ ਸੱਤ ਕਿਲੋ ਭਾਰ ਲਿਜਾਣ ਦੀ ਛੋਟ ਪਹਿਲਾਂ ਹੀ ਮਿਲੀ ਹੋਈ ਹੈ।

ਸੂਤਰਾਂ ਅਨੁਸਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਲੰਘੇ ਕੁਝ ਦਿਨਾਂ ਤੋਂ ਲੰਗਰ ਲਈ ਰਸਦ ਲਿਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ। ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲੰਗਰਾਂ ਲਈ ਰਸਦ ਲਿਜਾਣ ਵਾਲੇ ਸ਼ਰਧਾਲੂਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਪਹਿਲਕਦਮੀ ਭਵਿੱਖ ਲਈ ਸ਼ੁਭ ਸੰਕੇਤ ਹੈ।

ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਇਸੇ ਸਥਾਨ (ਕਰਤਾਰਪੁਰ ਸਾਹਿਬ) ਤੋਂ ‘ਕਿਰਤ ਕਰੋ, ਵੰਡ ਛਕੋ ਅਤੇ ਨਾਮ ਜਪੋ’ ਦਾ ਸਿਧਾਂਤ ਸ਼ੁਰੂ ਕਰਦਿਆਂ ਲੰਗਰ ਚਲਾਇਆ ਸੀ। ਗੁਰੂ ਜੀ ਵੱਲੋਂ ਦੂਸਰੇ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਭੇਜੇ ਜਾਣ ’ਤੇ ਮੂਲ ਰੂਪ ਵਿੱਚ ਲੰਗਰ ਪ੍ਰਥਾ ਸ਼ੁਰੂ ਹੋਈ ਸੀ। ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂ ਅੱਜ ਰਸਦ ਵਿੱਚ ਆਟਾ, ਟਮਾਟਰ, ਮਿਰਚਾਂ ਅਤੇ ਹੋਰ ਸਮੱਗਰੀ ਲੈ ਕੇ ਗਏ। ਡੇਰਾ ਬਾਬਾ ਨਾਨਕ ਦੇ ਵਸਨੀਕ ਗੁਰਕਿਰਪਾਲ ਸਿੰਘ ਤੇ ਐਸਜੀਪੀਸੀ ਮੈਂਬਰ ਜਥੇਦਾਰ ਸ਼ਾਹਪੁਰ ਨੇ ਵੀ ਸ਼ਰਧਾਲੂਆਂ ਨੂੰ ਉਥੋਂ ਦੇ ਲੰਗਰਾਂ ਵਿੱਚ ਦਾਲਾਂ ਲਿਜਾਣ ਦੀ ਅਪੀਲ ਕੀਤੀ ਹੈ।

Facebook Comments