ਕਾਂਗਰਸੀ ਆਗੂ ਦੀ ਦੁਕਾਨ ਤੋਂ ਨਸ਼ੀਲੀਆਂ ਦਵਾਈਆਂ ਬਰਾਮਦ

ਹੁਸ਼ਿਆਰਪੁਰ: ਨਸ਼ੀਲੀਆਂ ਦਵਾਈਆਂ ਵੇਚਣ ਦਾ ਗੈਰਕਾਨੂੰਨੀ ਕਾਰੋਬਾਰ ਕਰਨ ਵਾਲੇ ਦਵਾਈ ਵਿਕਰੇਤਾ ਖ਼ਿਲਾਫ਼ ਕਾਰਵਾਈ ਕਰਦਿਆਂ ਅੱਜ ਸਪੈਸ਼ਲ ਟਾਸਕ ਫ਼ੋਰਸ (ਐੱਸਟੀਐਫ਼) ਦੀ ਟੀਮ ਨੇ ਸਥਾਨਕ ਪੁਲੀਸ ਦੀ ਮੱਦਦ ਨਾਲ ਮਾਹਿਲਪੁਰ ਵਿੱਚ ਛਾਪਾ ਮਾਰ ਕੇ ਦਵਾਈ ਵਿਕਰੇਤਾ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਗੁਪਤ ਸੂਚਨਾ ਦੇ ਅਧਾਰ ’ਤੇ ਐੱਸਟੀਐੱਫ਼ ਦੀ ਟੀਮ ਜਿਸ ਦੀ ਅਗਵਾਈ ਡੀਐੱਸਪੀ ਸਰਬਜੀਤ ਸਿੰਘ ਕਰ ਰਹੇ ਸਨ, ਨੇ ਗੌਤਮ ਮੈਡੀਕਲ ਸਟੋਰ ’ਤੇ ਛਾਪਾ ਮਾਰ ਕੇ ਉੱਥੋਂ ਚਾਰ ਹਜ਼ਾਰ ਤੋਂ ਵੱਧ ਨਸ਼ੀਲੇ ਕੈਪਸੂਲ ਤੇ ਗੋਲੀਆਂ ਬਰਾਮਦ ਕੀਤੀਆਂ।

ਟੀਮ ਵਿੱਚ ਹੁਸ਼ਿਆਰਪੁਰ ਦੇ ਡਰੱਗ ਕੰਟਰੋਲ ਅਧਿਕਾਰੀ ਬਲਰਾਮ ਲੂਥਰਾ ਵੀ ਸਨ। ਕਾਰਵਾਈ ਦੌਰਾਨ ਟੀਮ ਨੇ ਦੁਕਾਨ ਦਾ ਸਾਰਾ ਰਿਕਾਰਡ ਚੈੱਕ ਕੀਤਾ ਅਤੇ ਪਾਬੰਦੀਸ਼ੁਦਾ ਦਵਾਈਆਂ ਨੂੰ ਕਬਜ਼ੇ ’ਚ ਲੈ ਲਿਆ।

ਦੁਕਾਨ ਮਾਲਕ ਸੁਭਾਸ਼ ਗੌਤਮ ਜੋ ਮਾਹਿਲਪੁਰ ਕੈਮਿਸਟ ਐਸੋਸੀਏਸ਼ਨ ਦਾ ਪ੍ਰਧਾਨ ਵੀ ਹੈ, ਅਤੇ ਸਰਗਰਮ ਕਾਂਗਰਸੀ ਵਰਕਰ ਵੀ, ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੂੰ ਮਾਹਿਲਪੁਰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Facebook Comments