ਤੋਹਫਾ: ਕੈਪਟਨ ਸਰਕਾਰ ਜਨਵਰੀ ’ਚ ਵੰਡੇਗੀ ਸਮਾਰਟ ਫੋਨ

ਲਾਵਾ ਕੰਪਨੀ ਨੂੰ ਆਰਡਰ ਦਿੱਤਾ; 
ਜ਼ਿਲ੍ਹਾ ਪੱਧਰੀ ਸਮਾਗਮਾਂ ਦੌਰਾਨ ਮੰਤਰੀ ਕਰਨਗੇ ਫੋਨ ਵੰਡਣ ਦੀ ਸ਼ੁਰੂਆਤ

ਬਠਿੰਡਾ : ਕੈਪਟਨ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ‘ਪੰਜ ਹਜ਼ਾਰੀ’ ਸਮਾਰਟ ਫੋਨ ਵੰਡੇਗੀ ਜੋ ਨਵੇਂ ਵਰ੍ਹੇ ਦੇ ਤੋਹਫੇ ਵਜੋਂ ਦਿੱਤੇ ਜਾਣੇ ਹਨ। ਪੰਜਾਬ ਸਰਕਾਰ ਨੇ ਪੌਣੇ ਤਿੰਨ ਸਾਲ ਲੰਘਣ ਮਗਰੋਂ ਆਪਣੇ ਚੋਣ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਇਹ ਕਦਮ ਚੁੱਕਿਆ ਹੈ। ਇਸ ਸਬੰਧੀ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਪ੍ਰੋਗਰਾਮ ਕੀਤੇ ਜਾਣੇ ਹਨ ਜਿਨ੍ਹਾਂ ਵਿੱਚ ਮੰਤਰੀ ਸਮਾਰਟ ਫੋਨ ਵੰਡਣ ਦੀ ਸ਼ੁਰੂਆਤ ਕਰਨਗੇ। ਮੁੱਢਲੇ ਪੜਾਅ ’ਤੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ’ਚ ਪੜ੍ਹਦੀਆਂ ਉਨ੍ਹਾਂ ਲੜਕੀਆਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ ਜਿਨ੍ਹਾਂ ਕੋਲ ਪਹਿਲਾਂ ਸਮਾਰਟ ਫੋਨ ਨਹੀਂ ਹਨ। ਮਿਲੇ ਵੇਰਵਿਆਂ ਅਨੁਸਾਰ ਇਨਫੋਟੈੱਕ ਦੀ ਅੱਜ ਇੱਕ ਉੱਚ-ਪੱਧਰੀ ਮੀਟਿੰਗ ਹੋਈ ਹੈ ਜਿਸ ਵਿਚ ਫੈਸਲਾ ਲਿਆ ਗਿਆ ਹੈ ਕਿ ਜ਼ਿਲ੍ਹਾ ਪੱਧਰੀ ਸਮਾਗਮਾਂ ’ਚ ਇਹ ਸਮਾਰਟ ਫੋਨ ਵੰਡੇ ਜਾਣਗੇ। ਪਤਾ ਲੱਗਾ ਹੈ ਕਿ ਕੁੱਲ 1.60 ਲੱਖ ਸਮਾਰਟ ਫੋਨ ਵੰਡੇ ਜਾਣੇ ਹਨ ਜਿਨ੍ਹਾਂ ਵਿੱਚੋਂ ਪਹਿਲੇ ਪੜਾਅ ਦੌਰਾਨ 40 ਹਜ਼ਾਰ ਸਮਾਰਟ ਫੋਨ ਦਿੱਤੇ ਜਾ ਰਹੇ ਹਨ। ਸੂਤਰ ਦੱਸਦੇ ਹਨ ਕਿ ਜਨਵਰੀ ਮਹੀਨੇ ਦੇ ਅੱਧ ਮਗਰੋਂ ਸਮਾਰਟ ਫੋਨ ਵੰਡਣੇ ਸ਼ੁਰੂ ਕੀਤੇ ਜਾਣੇ ਹਨ। ਪਹਿਲਾਂ ਦੀਵਾਲੀ ਮੌਕੇ ਇਹ ਸਮਾਰਟ ਫੋਨ ਦੇਣ ਦੀ ਯੋਜਨਾ ਸੀ ਪ੍ਰੰਤੂ ਟੈਂਡਰਾਂ ਦਾ ਕੰਮ ਪੱਛੜ ਗਿਆ ਸੀ। ਹੁਣ ਐੱਲਜੀ, ਓਪੋ ਤੇ ਲਾਵਾ ਕੰਪਨੀ ਨੇ ਟੈਂਡਰ ਭਰੇ ਸਨ ਜਿਨ੍ਹਾਂ ’ਚੋਂ ਸਭ ਤੋਂ ਘੱਟ ਰੇਟ ‘ਲਾਵਾ ਕੰਪਨੀ’ ਨੇ ਭਰਿਆ ਸੀ, ਜਿਸ ਨੂੰ ਟੈਂਡਰ ਮਿਲ ਗਿਆ ਹੈ।

ਜਨਵਰੀ ਤੋਂ ਵੰਡੇ ਜਾਣਗੇ: ਪ੍ਰਮੁੱਖ ਸਕੱਤਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਨੇ ਕਿਹਾ ਕਿ ਤਿੰਨ ਕੌਮਾਂਤਰੀ ਪੱਧਰ ਦੀਆਂ ਮੋਬਾਈਲ ਕੰਪਨੀਆਂ ਵੱਲੋਂ ਟੈਂਡਰ ਭਰੇ ਗਏ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਘੱਟ ‘ਲਾਵਾ ਕੰਪਨੀ’ ਦਾ ਰੇਟ ਸੀ। ਲਾਵਾ ਕੰਪਨੀ ਨੂੰ ਸਮਾਰਟ ਫੋਨਾਂ ਦਾ ਆਰਡਰ ਦੇ ਦਿੱਤਾ ਗਿਆ ਹੈ ਅਤੇ ਜਨਵਰੀ ਮਹੀਨੇ ਤੋਂ ਸਮਾਰਟ ਫੋਨਾਂ ਦੀ ਵੰਡ ਸ਼ੁਰੂ ਕਰ ਦਿੱਤੀ ਜਾਵੇਗੀ।

ਖਾਨਾਪੂਰਤੀ ਕਰੇਗੀ ਸਰਕਾਰ: ਚੀਮਾ

ਵਿਰੋਧੀ ਧਿਰ ਦੇ ਨੇਤਾ ਤੇ ਵਿਧਾਇਕ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਮਾਰਟ ਫੋਨਾਂ ਦੀ ਵੰਡ ਨੌਜਵਾਨਾਂ ਨਾਲ ਮਹਿਜ਼ ਮਜ਼ਾਕ ਹੀ ਹੋਵੇਗਾ ਕਿਉਂਕਿ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ। ਸਰਕਾਰ ਸੁਹਿਰਦ ਹੈ ਤਾਂ ਪਹਿਲਾਂ ਘਰ-ਘਰ ਰੁਜ਼ਗਾਰ ਦਾ ਵਾਅਦਾ ਪੂਰੇ ਕਰੇ। ਉਨ੍ਹਾਂ ਆਖਿਆ ਕਿ ਸਮਾਰਟ ਫੋਨਾਂ ਦੀ ਵੰਡ ਤਾਂ ਖਾਨਾਪੂਰਤੀ ਹੋਵੇਗੀ। ਹੁਣ ਸਰਕਾਰ ਨੇ ਸ਼ਾਮਲਾਟ ਜ਼ਮੀਨਾਂ ਗ੍ਰਹਿਣ ਕਰਨ ਦਾ ਜੋ ਫੈਸਲਾ ਲਿਆ ਹੈ, ਉਹ ਪੇਂਡੂ ਭਾਈਚਾਰੇ ਅਤੇ ਪੰਚਾਇਤਾਂ ਲਈ ਮਾਰੂ ਹੋਵੇਗਾ ਕਿਉਂਕਿ ਪੇਂਡੂ ਵਿਕਾਸ ਲਈ ਪਹਿਲਾਂ ਹੀ ਪੰਚਾਇਤਾਂ ਕੋਲ ਆਮਦਨੀ ਦੇ ਵਸੀਲੇ ਘੱਟ ਹਨ।

Facebook Comments