ਧਾਰਾ 370 ਹਟਾਉਣ ਦਾ ਮਾੜਾ ਪ੍ਰਭਾਵ ਪਵੇਗਾ: ਖੁਰਸ਼ੀਦ

ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਸਲਮਾਨ ਖ਼ੁਰਸ਼ੀਦ ਨੇ ਕਿਹਾ ਕਿ ਧਾਰਾ 370 ਦਾ ਮਕਸਦ ਜੰਮੂ ਕਸ਼ਮੀਰ ਨੂੰ ਬਾਕੀ ਦੇਸ਼ ਨਾਲ ਜੋੜਨਾ ਸੀ। ਇਸ ਨੂੰ ਹੁਣ ‘ਬਿਨਾਂ ਢੁੱਕਵੇਂ ਵਿਚਾਰ-ਵਟਾਂਦਰੇ ਤੋਂ ਹਟਾਉਣਾ’ ਖਿੱਤੇ ’ਤੇ ਮਾੜਾ ਪ੍ਰਭਾਵ ਛੱਡੇਗਾ ਤੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਇੱਥੇ ਇੰਡੀਆ ਹੈਬੀਟੇਟ ਸੈਂਟਰ ਵਿਚ ਸਾਹਿਤ ਮੇਲੇ ’ਚ ਖੁਰਸ਼ੀਦ ਨੇ ਕਿਹਾ ਕਿ ਜਿਸ ਢੰਗ ਨਾਲ ਕਸ਼ਮੀਰੀਆਂ ਨੂੰ ਜੋੜਿਆ ਜਾਣਾ ਚਾਹੀਦਾ ਸੀ, ਉਸ ਤਰ੍ਹਾਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ‘ਇਸ ਦਾ ਇਹ ਮਤਲਬ ਨਹੀਂ ਸੀ ਕਿ ਕਸ਼ਮੀਰੀਆਂ ਦੀਆਂ ਉਮੀਦਾਂ ਦਾ ਖ਼ਿਆਲ ਨਾ ਰੱਖਿਆ ਜਾਵੇ, ਪੂਰੀ ਤਰ੍ਹਾਂ ਭਰੋਸੇ ਵਿਚ ਲੈ ਕੇ ਇਹ ਕਦਮ ਚੁੱਕਿਆ ਜਾਣਾ ਚਾਹੀਦਾ ਸੀ।’ ਸਲਮਾਨ ਨੇ ਕਿਹਾ ਕਿ ਧਾਰਾ 370 ਪਹਿਲਾਂ ਕਈ ਕਾਰਨਾਂ ਕਰ ਕੇ ਨਹੀਂ ਹਟਾਈ ਗਈ ਸੀ। ਉਨ੍ਹਾਂ ਕਿਹਾ ਕਿ ਹਰ ਕਿਸੇ ਨੇ ਸਵੀਕਾਰਿਆ ਹੈ ਕਿ ਇਹ ਸੰਵਿਧਾਨ ਦੀ ਆਰਜ਼ੀ ਤਜਵੀਜ਼ ਸੀ। ਗੰਭੀਰ ਹੋ ਕੇ ਸੋਚਿਆ ਜਾਵੇ ਤਾਂ ਇਹ ਕਸ਼ਮੀਰ ਨੂੰ ਮਨੋਵਿਗਿਆਨਕ, ਸਰੀਰਕ ਤੇ ਰੂਹਾਨੀ ਤੌਰ ’ਤੇ ਭਾਰਤ ਮੁਲਕ ਦੇ ਵਿਚਾਰ ਨਾਲ ਜੋੜਦੀ ਸੀ।

Facebook Comments