ਨਿਊਜ਼ੀਲੈਂਡ ’ਚ ਪਲੇਠੀਆਂ ਸਿੱਖ ਖੇਡਾਂ ਸਿਰੇ ਚੜ੍ਹੀਆਂ

ਬ੍ਰਿਸਬੇਨ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ (ਪੁਲਮਨ ਪਾਰਕ ਟਾਕਾਨੀਨੀ) ਵਿਚ ਦੋ ਰੋਜ਼ਾ ਪਲੇਠੀਆਂ ਨਿਊਜ਼ੀਲੈਂਡ ਸਿੱਖ ਖੇਡਾਂ 30 ਨਵੰਬਰ ਅਤੇ 1 ਦਸੰਬਰ ਨੂੰ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ। ਇਨ੍ਹਾਂ ਵਿਚ ਨਿਊਜ਼ੀਲੈਂਡ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਤੋਂ ਖਿਡਾਰੀਆਂ, ਕਲਾਕਾਰਾਂ ਤੇ ਮੰਤਰੀਆਂ ਨੇ ਸ਼ਿਰਕਤ ਕੀਤੀ।

ਖੇਡਾਂ ਦੇ ਪਹਿਲੇ ਦਿਨ ਵੱਖ-ਵੱਖ ਖੇਡਾਂ, ਕਲਾਕ੍ਰਿਤਾਂ ਦੀ ਪ੍ਰਦਰਸ਼ਨੀ, ਸੱਭਿਆਚਾਰਕ ਸਰਗਰਮੀਆਂ ਹੋਈਆਂ। ਖੇਡਾਂ ਦੇ ਦੂਜੇ ਦਿਨ ਵੱਖ-ਵੱਖ ਖੇਡਾਂ ਦੇ ਸੈਮੀਫਾਈਨਲ ਅਤੇ ਫਾਈਨਲ ਮੈਚ ਕਰਵਾਏ ਗਏ। ਗੀਤਕਾਰ ਹਰਵਿੰਦਰ ਉਹੜਪੁਰੀ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ। ਗਾਇਕ ਹਰਮਿੰਦਰ ਨੂਰਪੁਰੀ ਨੇ ਇਨ੍ਹਾਂ ਖੇਡਾਂ ਲਈ ਵਿਸ਼ੇਸ਼ ਗੀਤ ਗਾਇਆ।

ਗਾਇਕ ਦੇਬੀ ਮਖਸੂਸਪੁਰੀ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਇਸ ਮੌਕੇ ਦਲਵੀਰ ਲਸਾੜਾ, ਟਿੱਪਣੀਕਾਰ ਰਮਨਦੀਪ ਸਿੰਘ ਸੋਢੀ, ਪੱਤਰਕਾਰ ਮਨਦੀਪ ਸੈਣੀ, ਸੁਰਿੰਦਰ ਖੁਰਦ, ਮਨਪ੍ਰੀਤ ਸੈਣੀ, ਨਵਤੇਜ ਰੰਧਾਵਾ, ਪਰਮਿੰਦਰ ਸਿੰਘ, ਨਰਿੰਦਰਬੀਰ ਸਿੰਘ, ਲਵਲੀਨ ਨਿੱਝਰ, ਜੱਸੀ ਸਿੰਘ, ਹਰਮੀਕ ਸਿੰਘ ਨੇ ਯੋਗਦਾਨ ਪਾਇਆ। ਅਮਰੀਕ ਸਿੰਘ ਅਤੇ ਸੋਹਣ ਸਿੰਘ ਨੇ ਸਟੇਜ ’ਤੇ ਸਾਜ਼ਾਂ ਅਤੇ ਭੰਗੜੇ ਨਾਲ ਸਾਥ ਦਿੱਤਾ। ਦਸਤਾਰਾਂ ਸਜਾਉਣ ਦਾ ਕਾਰਜ ਮਨਜੀਤ ਸਿੰਘ ਫਿਰੋਜ਼ਪੁਰੀਆ, ਬੀਬੀ ਅਰਵਿੰਦਰ ਕੌਰ ਅਤੇ ਕੁਲਦੀਪ ਸਿੰਘ ਰਾਜਾ ਨੇ ਕੀਤਾ।

ਪੁਰਸ਼ਾਂ ਦੇ ਕਬੱਡੀ ਮੈਚ ਵਿਚ ਮੀਰੀ-ਪੀਰੀ ਆਸਟਰੇਲੀਆ ਨੇ ਬੇਅ ਆਫ ਪਲੈਂਟੀ ਕਲੱਬ ਨੂੰ ਹਰਾ ਕੇ ਟਰਾਫੀ ਜਿੱਤੀ। ਲੜਕੀਆਂ ਦੇ ਕਬੱਡੀ ਮੁਕਾਬਲੇ ਵਿਚ ਭਾਰਤ ਦੀ ਟੀਮ ਜੇਤੂ ਰਹੀ। ਅਥਲੈਟਿਕਸ ਵਿਚ 400 ਮੀਟਰ ਦੀ ਦੌੜ ਜਗਜੀਤ ਸਿੰਘ ਸਿੱਧੂ ਨੇ ਜਿੱਤੀ। ਉਹ 100 ਅਤੇ 200 ਮੀਟਰ ਦੀ ਦੌੜ ਵਿਚ ਤੀਜੇ ਸਥਾਨ ’ਤੇ ਰਿਹਾ। 60 ਸਾਲ ਦੀ ਉਮਰ ਵਰਗ ਵਿਚ ਖੜਕ ਸਿੰਘ ਨੇ 400 ਮੀਟਰ ਅਤੇ 100 ਮੀਟਰ ਦੌੜ ਵਿਚ ਪਹਿਲਾ ਇਨਾਮ ਹਾਸਲ ਕੀਤਾ। ਕਲੇਅ ਸ਼ੂਟਿੰਗ ਵਿਚ ਬ੍ਰਿਜੇਸ਼ ਸਿੰਘ ਸੰਧੂ ਪਹਿਲੇ, ਡੌਨ ਗਰੇਵਾਲ ਦੂਜੇ, ਰਣਬੀਰ ਸਿੰਘ ਸੰਧੂ ਤੀਜੇ ਤੇ ਲਾਲੀ ਸੰਧੂ ਚੌਥੇ ਨੰਬਰ ’ਤੇ ਰਹੇ।

ਮੁੱਖ ਪ੍ਰਬੰਧਕ ਦਿਲਜੀਤ ਸਿੱਧੂ ਅਤੇ ਤਾਰਾ ਸਿੰਘ ਬੈਂਸ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ ਤੇ ਪਿਛਲੇ 32 ਸਾਲਾਂ ਤੋਂ ਆਸਟਰੇਲੀਆ ‘ਚ ਸਿੱਖ ਖੇਡਾਂ ਕਰਵਾ ਰਹੀ ਟੀਮ ਦੇ ਮੈਂਬਰ ਮਨਜੀਤ ਬੋਪਾਰਾਏ, ਸਤਨਾਮ ਪਾਬਲਾ, ਰਣਜੀਤ ਖੇੜਾ ਅਤੇ ਮੁਖਤਾਰ ਬਾਸੀ ਦਾ ਸਨਮਾਨ ਕੀਤਾ। ਪ੍ਰਬੰਧਕਾਂ ਨੇ ਖਿਡਾਰੀਆਂ ਦਾ ਸਨਮਾਨ ਕੀਤਾ।

Facebook Comments