ਪਰਿਵਾਰ ਨਾਲ ਕਰਤਾਰਪੁਰ ਜਾਣ ਦੀ ਆਗਿਆ ਨਹੀਂ ਮਿਲ ਰਹੀ

ਅੰਮ੍ਰਿਤਸਰ: ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਪਰਿਵਾਰ ਸਮੇਤ ਜਾਣ ਦੇ ਇੱਛੁਕ ਸ਼ਰਧਾਲੂਆਂ ਵਿਚੋਂ ਜ਼ਿਆਦਾਤਰ ਨੂੰ ਵੀਜ਼ਾ ਨਾ ਮਿਲਣ ਕਾਰਨ ਨਿਰਾਸ਼ਾ ਹੈ। ਸ਼੍ਰੋਮਣੀ ਕਮੇਟੀ ਨੇ ਗੁਰਦੁਆਰਾ ਕਰਤਾਰਪੁਰ ਜਾਣ ਦੇ ਚਾਹਵਾਨ ਸ਼ਰਧਾਲੂਆਂ ਲਈ ਆਨ ਲਾਈਨ ਫਾਰਮ ਭਰਨ ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ ਸੰਗਤ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ 9 ਨਵੰਬਰ ਨੂੰ ਖੋਲ੍ਹਿਆ ਗਿਆ ਸੀ। ਲਗਪਗ ਇਕ ਮਹੀਨਾ ਮੁਕੰਮਲ ਹੋਣ ਨੇੜੇ ਹੈ, ਪਰ ਗੁਰਦੁਆਰਾ ਕਰਤਾਰਪੁਰ ਜਾਣ ਦੇ ਇੱਛੁਕ ਸ਼ਰਧਾਲੂਆਂ ਨੂੰ ਆਨ ਲਾਈਨ ਫਾਰਮ ਭਰਨ ਅਤੇ ਪ੍ਰਵਾਨਗੀ ਨਾ ਮਿਲਣ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਿੰਸੀਪਲ ਕਮਲਜੋਤ ਸਿੰਘ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਆਨ ਲਾਈਨ ਫਾਰਮ ਭਰੇ ਸਨ, ਪਰ ਉਨ੍ਹਾਂ ਦੇ ਦੋ ਬੱਚਿਆਂ ਨੂੰ ਹੀ ਕਰਤਾਰਪੁਰ ਜਾਣ ਦੀ ਪ੍ਰਵਾਨਗੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਉਸਨੂੰ ਤੇ ਉਸ ਦੀ ਪਤਨੀ ਨੂੰ ਪ੍ਰਵਾਨਗੀ ਨਾ ਦੇਣ ਬਾਰੇ ਵੀ ਕੋਈ ਕਾਰਨ ਸਪੱਸ਼ਟ ਨਹੀਂ ਕੀਤਾ ਗਿਆ। ਸਾਰੇ ਪਰਿਵਾਰ ਨੂੰ ਪ੍ਰਵਾਨਗੀ ਨਾ ਮਿਲਣ ਕਾਰਨ ਉਹ ਗੁਰਦੁਆਰਾ ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣ ਤੋਂ ਵਾਂਝੇ ਰਹਿ ਗਏ ਹਨ। ਜਗਜੀਵਨ ਸਿੰਘ (ਦੁਕਾਨਕਾਰ) ਨੇ ਦੱਸਿਆ ਕਿ ਉਸ ਨੇ ਵੀ ਪਰਿਵਾਰ ਸਮੇਤ ਗੁਰਦੁਆਰਾ ਕਰਤਾਰਪੁਰ ਜਾਣ ਵਾਸਤੇ ਫਾਰਮ ਭਰੇ ਸਨ ਪਰ ਉਸ ਨੂੰ ਇਕੱਲਿਆਂ ਹੀ ਪ੍ਰਵਾਨਗੀ ਮਿਲੀ ਹੈ, ਜਿਸ ਕਾਰਨ ਪਰਿਵਾਰ ਵਿੱਚ ਨਿਰਾਸ਼ਾ ਹੈ। ਉਸ ਦੇ ਇਕ ਹੋਰ ਰਿਸ਼ਤੇਦਾਰ ਕੁਲਵਿੰਦਰਜੀਤ ਸਿੰਘ ਨੇ ਵੀ ਪਰਿਵਾਰ ਸਮੇਤ ਪ੍ਰਵਾਨਗੀ ਲਈ ਫਾਰਮ ਭਰੇ ਸਨ ਪਰ ਸਿਰਫ ਉਸ ਨੂੰ ਹੀ ਪ੍ਰਵਾਨਗੀ ਮਿਲੀ ਹੈ, ਜਿਸ ਕਾਰਨ ਉਸ ਦਾ ਪਰਿਵਾਰ ਨਿਰਾਸ਼ ਹੈ।

ਇਸੇ ਦੌਰਾਨ ਸਿੱਖ ਜਥੇਬੰਦੀ ਅਕਾਲ ਪੁਰਖ ਕੀ ਫੌਜ ਦੇ ਮੁਖੀ ਜਸਵਿੰਦਰ ਸਿੰਘ ਐਡਵੋਕੇਟ ਨੇ ਆਖਿਆ ਕਿ ਉਸ ਨੂੰ ਪਰਿਵਾਰ ਸਮੇਤ ਜਾਣ ਦੀ ਪ੍ਰਵਾਨਗੀ ਮਿਲੀ ਹੈ ਅਤੇ ਉਸ ਨੂੰ ਕੋਈ ਮੁਸ਼ਕਲ ਨਹੀਂ ਆਈ। ਉਸ ਨੇ ਦੱਸਿਆ ਕਿ ਪਾਸਪੋਰਟ ਦੇ ਆਧਾਰ ’ਤੇ ਪ੍ਰਵਾਨਗੀ ਪ੍ਰਾਪਤ ਕਰਨ ਵਾਲੇ ਸ਼ਰਧਾਲੂਆਂ ਦੀ ਪੁਲੀਸ ਰਿਪੋਰਟ ਦੀ ਸ਼ਰਤ ਖਤਮ ਹੋਣੀ ਚਾਹੀਦੀ ਹੈ। ਉਸ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਭਾਰਤੀ ਪਾਸੇ ਅਧਿਕਾਰੀਆਂ ਦਾ ਸ਼ਰਧਾਲੂਆਂ ਪ੍ਰਤੀ ਵਤੀਰਾ ਠੀਕ ਨਹੀਂ ਸੀ, ਜਿਸ ਨੂੰ ਬਦਲਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸ਼ਰਧਾਲੂਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਆਨ ਲਾਈਨ ਫਾਰਮ ਭਰਨ ਦੀ ਸਮੱਸਿਆ ਨੂੰ ਖਤਮ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਦੇ ਲਗਪਗ 34 ਗੁਰਦੁਆਰਿਆਂ ਵਿਚ ‘ਹੈਲਪ ਡੈਸਕ’ ਸ਼ੁਰੂ ਕੀਤੇ ਹਨ, ਜਿਥੇ ਸ਼ਰਧਾਲੂਆਂ ਦੇ ਆਨ ਲਾਈਨ ਫਾਰਮ ਭਰੇ ਜਾ ਰਹੇ ਹਨ।

Facebook Comments