ਬਜ਼ੁਰਗ ਮਹਿਲਾ ਨਾਲ ਕਤਲ ਤੋਂ ਪਹਿਲਾਂ ਹੋਇਆ ਜਬਰ-ਜਨਾਹ

ਖਨੌਰੀ: ਇੱਥੇ ਵਾਰਡ ਨੰਬਰ 13 ’ਚ ਬੀਤੇ ਦਿਨੀਂ ਹੋਏ 65 ਸਾਲਾ ਬਿਰਧ ਵਿਧਵਾ ਔਰਤ ਦੇ ਕਤਲ ਦਾ ਮਾਮਲਾ ਖਨੌਰੀ ਪੁਲੀਸ ਨੇ ਸੁਲਝਾ ਕੇ ਇੱਕ ਨਾਬਾਲਗ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋ ਮੁਲਜ਼ਮਾਂ ਮੂਨਕ ਅਦਾਲਤ ’ਚ ਜਦਕਿ ਨਾਬਾਲਗ ਮੁਲਜ਼ਮ ਨੂੰ ਜੁਵੇਨਾਈਲ ਅਦਾਲਤ ਸੰਗਰੂਰ ’ਚ ਪੇਸ਼ ਕੀਤਾ। ਵਾਰਦਾਤ ਦੇ ਮੁੱਖ ਮੁਲਜ਼ਮ ਸਾਗਰ ਨੂੰ ਵੀ ਪੁਲੀਸ ਨੇ ਦੇਰ ਸ਼ਾਮ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿੰਆਂ ਉੱਪ ਕਪਤਾਨ ਪੁਲੀਸ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮੁਲਜ਼ਮ ਸਾਗਰ ਪੁੱਤਰ ਲਾਲੀ ਮ੍ਰਿਤਕ ਭਾਗੋ ਦੇਵੀ ਦੇ ਭਰਾ ਅਮਰਨਾਥ ਦਾ ਦੋਹਤਾ ਲੱਗਦਾ ਹੈ ਅਤੇ ਉਸ ਨੂੰ ਪੈਸਿਆਂ ਦੀ ਜ਼ਰੂਰਤ ਸੀ ਜਿਸ ਕਾਰਨ ਉਸ ਨੇ ਆਪਣੇ ਚਾਰ ਦੋਸਤਾਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਡੀਐੱਸਪੀ ਮੂਨਕ ਨੇ ਦੱਸਿਆ ਕਿ ਸਾਗਰ ਪੁੱਤਰ ਲਾਲੀ (18), ਗੁਰਪ੍ਰੀਤ ਸਿੰਘ ਉਰਫ਼ ਗੋਰੂ ਪੁੱਤਰ ਗੁਰਨਾਮ ਸਿੰਘ (17), ਬਿੱਟੂ ਰਾਮ ਉਰਫ਼ ਬੰਟੀ ਪੁੱਤਰ ਮਹਿੰਦਰਪਾਲ (20), ਵਰਿੰਦਰ ਉਰਫ਼ ਗਿੰਦੂ ਪੁੱਤਰ ਰਾਜੂ (20) ਸਾਰੇ ਵਾਸੀ ਸ਼ੁਤਰਾਣਾ ਤਹਿਸੀਲ ਤੇ ਥਾਣਾ ਪਾਤੜਾਂ, ਜ਼ਿਲ੍ਹਾ ਪਟਿਆਲਾ ਨੇ ਮਿਲ ਕੇ ਵਾਰਦਾਤ ਦੀ ਸਾਜ਼ਿਸ਼ ਰਚੀ।

ਸਾਗਰ, ਗੁਰਪ੍ਰੀਤ ਉਰਫ਼ ਗੋਰੂ ਤੇ ਬਿੱਟੂ ਰਾਮ ਉਰਫ਼ ਬੰਟੀ ਰਾਤ ਕਰੀਬ 9 ਵਜੇ ਰਾਤ ਭਾਗੋ ਦੇਵੀ ਦੇ ਘਰ ਆਏ ਤੇ ਇਨ੍ਹਾਂ ਘਰ ਅੰਦਰ ਦਾਖਲ ਹੁੰਦਿਆਂ ਹੀ ਭਾਗੋ ਦੇਵੀ ਦੇ ਗਲ ਵਿੱਚ ਸਾਫ਼ਾ ਪਾ ਕੇ ਉਸ ਨੂੰ ਅੰਦਰ ਲੈ ਗਏ। ਮੁਲਜ਼ਮਾਂ ਨੇ ਨਸ਼ੇ ਦੀ ਹਾਲਤ ਵਿੱਚ ਭਾਗੋ ਦੇਵੀ ਨਾਲ ਬਲਾਤਕਾਰ ਵੀ ਕੀਤਾ ਅਤੇ ਭਾਗੋ ਦੇਵੀ ਵੱਲੋਂ ਚੀਕਾ ਮਾਰਨ ’ਤੇ ਇਨ੍ਹਾਂ ਉਸ ਦੇ ਮੂੰਹ ’ਤੇ ਸਿਰਹਾਣਾ ਰੱਖ ਕੇ ਉਸ ਨੂੰ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਉਰਫ਼ ਗੋਰੂ ਨੇ ਲੁੱਟੇ ਹੋਏ ਮੋਬਾਈਲ ਵਿੱਚ ਸਿੰਮ ਪਾ ਲਈ ਜਿਸ ਕਾਰਨ ਮੁਲਜ਼ਮ ਫੜੇ ਗਏ। ਮੁਲਜ਼ਮਾਂ ਤੋਂ ਲੁੱਟ ਦਾ ਸਾਮਾਨ ਬਰਾਮਦ ਕਰ ਲਿਆ ਗਿਆ ਹੈ।

Facebook Comments