ਬੱਚੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਸਕੂਲ ਕੰਡਕਟਰ ਨੂੰ ਉਮਰ ਕੈਦ

ਸੰਗਰੂਰ : ਜ਼ਿਲ੍ਹਾ ਤੇ ਸੈਸ਼ਨ ਜੱਜ ਬੀਐੱਸ ਸੰਧੂ ਦੀ ਅਦਾਲਤ ਨੇ ਧੂਰੀ ’ਚ ਚਾਰ ਸਾਲਾ ਬੱਚੀ ਨਾਲ ਜਬਰ-ਜਨਾਹ ਦੇ ਅਹਿਮ ਕੇਸ ਦਾ ਫ਼ੈਸਲਾ ਸੁਣਾਉਂਦਿਆਂ ਸਕੂਲ ਵੈਨ ਦੇ ਕੰਡਕਟਰ ਨੂੰ ਉਮਰ ਕੈਦ ਤੇ ਇੱਕ ਲੱਖ ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਕੇਸ ਦੀ ਸੁਣਵਾਈ ਛੇ ਮਹੀਨਿਆਂ ਦਰਮਿਆਨ ਹੀ ਮੁਕੰਮਲ ਕਰਦਿਆਂ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ।

ਕੇਸ ਦੇ ਫ਼ੈਸਲੇ ਤੋਂ ਬਾਅਦ ਮੁਦਈ ਪੱਖ ਦੇ ਵਕੀਲ ਨਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ ਧੂਰੀ ਦੇ ਇੱਕ ਨਿੱਜੀ ਸਕੂਲ ਦੇ ਕੰਡਕਟਰ ਕਮਲ ਕੁਮਾਰ ਨੂੰ ਧਾਰਾ 376 (2) (1), 376 ਏ-ਬੀ ਅਤੇ ਪੋਸਕੋ ਐਕਟ ਤਹਿਤ ਉਮਰ ਕੈਦ ਤੇ ਇੱਕ ਲੱਖ ਰੁਪਏ ਜੁਰਮਾਨਾ ਅਤੇ 363 ਆਈਪੀਸੀ ਤਹਿਤ 5 ਸਾਲ ਦੀ ਕੈਦ ਤੇ ਦਸ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।

ਸ੍ਰੀ ਧਾਲੀਵਾਲ ਨੇ ਦੱਸਿਆ ਕਿ ਦੋਸ਼ੀ ਨੂੰ ਤਾਉਮਰ ਕੈਦ ਦੀ ਸਜ਼ਾ ਕੱਟਣੀ ਹੋਵੇਗੀ। ਬੀਤੀ 28 ਨਵੰਬਰ ਨੂੰ ਅਦਾਲਤ ਵੱਲੋਂ ਕੰਡਕਟਰ ਕਮਲ ਕੁਮਾਰ ਨੂੰ ਜਬਰ-ਜਨਾਹ ਦਾ ਦੋਸ਼ੀ ਠਹਿਰਾਇਆ ਗਿਆ ਸੀ ਜਦਕਿ ਸਕੂਲ ਦੇ ਤਿੰਨ ਪ੍ਰਬੰਧਕਾਂ ਜੀਵਨ ਕੁਮਾਰ, ਤਰਸੇਮ ਸਿੰਗਲਾ ਅਤੇ ਬਬੀਤਾ ਰਾਣੀ ਨੂੰ ਬਰੀ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪੁਲੀਸ ਨੇ 26 ਮਈ ਨੂੰ ਨਿੱਜੀ ਸਕੂਲ ਦੇ ਕੰਡਕਟਰ ਕਮਲ ਕੁਮਾਰ ਵਾਸੀ ਧੂਰੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਲੋਕਾਂ ਦੇ ਰੋਸ ਮਗਰੋਂ ਪੁਲੀਸ ਨੇ ਨਿੱਜੀ ਸਕੂਲ ਦੇ ਪ੍ਰਬੰਧਕ ਜੀਵਨ ਕੁਮਾਰ, ਪ੍ਰਧਾਨ ਤਰਸੇਮ ਸਿੰਗਲਾ ਤੇ ਇੰਚਾਰਜ ਬਬੀਤਾ ਰਾਣੀ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਸੀ।

Facebook Comments