ਭਾਈ ਜਗਤਾਰ ਹਵਾਰਾ ਨੇ ਤਿਹਾੜ ਜੇਲ ਦੇ ਸੁਪਰਡੈਂਟ ਨੂੰ ਲੀਗਲ ਨੋਟਿਸ ਭੇਜਿਆ

ਮੁਲਾਕਾਤੀਆਂ ਦੀ ਗਿਣਤੀ 10 ਤੋਂ ਘਟਾ ਕੇ 4 ਕਰਨ ਦੀ ਪੇਸ਼ਕਸ਼ ਕੀਤੀ

ਚੰਡੀਗੜ੍ਹ : ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹਤਿਆ ’ਚ ਨਾਮਜ਼ਦ ਭਾਈ ਜਗਤਾਰ ਸਿੰਘ ਹਵਾਰਾ ਨੇ ਦਿੱਲੀ ਪ੍ਰਸਾਸ਼ਨ ਵਲੋਂ ਉਸ ਦੀਆਂ ਮੁਲਾਕਾਤਾਂ ਬੰਦ ਕਰਨ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਤਿਹਾੜ ਜੇਲ ਦੇ ਸੁਪਰਡੈਂਟ ਨੂੰ ਕਾਨੂੰਨੀ ਨੋਟਿਸ ਭੇਜ ਦਿਤਾ ਹੈ। ਅਪਣੇ ਵਕੀਲ ਰਾਹੀਂ ਜੇਲ ਸੁਪਰਡੈਂਟ ਨੂੰ ਭੇਜੇ ਨੋਟਿਸ ਵਿਚ ਮੁਲਾਕਾਤੀਆਂ ਦੀ ਸੂਚੀ ਵਿਚ 10 ਨਾਵਾਂ ਤੋਂ ਘਟਾ ਕੇ ਚਾਰ ਕਰਨ ਦੀ ਪੇਸਕਸ਼ ਕੀਤੀ ਗਈ ਹੈ।

ਦਿੱਲੀ ਪ੍ਰਸਾਸ਼ਨ ਵਲੋਂ  ਕੁੱਝ ਮਹੀਨੇ ਪਹਿਲਾਂ ਹਵਾਰਾ ਨਾਲ ਮੁਲਾਕਾਤ ਕਰਨ ‘ਤੇ ਰੋਕ ਲਗਾ ਦਿਤੀ ਗਈ ਸੀ ਅਤੇ ਉਸ ਦੇ ਵਕੀਲਾਂ ਨੂੰ ਹੀ ਹਫ਼ਤੇ ਵਿਚ ਦੋ ਵਾਰ ਕੇਸਾਂ ਬਾਰੇ ਸਲਾਹ ਮਸ਼ਵਰਾ ਕਰਨ ਦੀ ਛੋਟ ਦਿਤੀ ਗਈ ਹੈ। ਹਵਾਰਾ ਵਿਰੁਧ ਚਲਦੇ 33 ਕੇਸਾਂ ਵਿਚੋਂ 32 ਦਾ ਨਿਪਟਾਰਾ ਹੋ ਚੁੱਕਾ ਹੈ ਅਤੇ ਇਕ ਆਖ਼ਰੀ ਦੀ ਸੁਣਵਾਈ 4 ਦਸੰਬਰ ਦੀ ਰੱਖੀ ਗਈ ਹੈ।

ਹਵਾਰਾ ਦੇ ਵਕੀਲ ਨੇ ਭੇਜੇ ਪੱਤਰ ਵਿਚ ਕਿਹਾ ਹੈ ਕਿ ਉਸ ਦਾ ਖ਼ੂਨ ਦਾ ਕੋਈ ਵੀ ਰਿਸ਼ਤੇਦਾਰ ਭਾਰਤ ਵਿਚ ਨਹੀਂ ਰਹਿ ਰਿਹਾ। ਬਜ਼ੁਰਗ ਮਾਂ ਉਸਦੇ ਜੱਦੀ ਘਰ ਵਿਚ ਰਹਿ ਤਾਂ ਰਹੀ ਹੈ ਪਰ ਉਹ ਇਸ ਉਮਰ ਦੇ ਪੜਾਅ ਵਿਚ ਤੁਰਨ ਫਿਰਨ ਦੇ ਸਮਰੱਥ ਨਹੀਂ। ਇਸ ਕਰ ਕੇ ਚਾਰ ਨੇੜਲੇ ਦੋਸਤਾਂ ਅਤੇ ਹਮਾਇਤੀਆਂ ਦੇ ਨਾਂ ਮੁਲਾਕਾਤ ਰਜਿਸਟਰ ਵਿਚ ਦਰਜ ਕੀਤੇ ਜਾਣ। ਇਨ੍ਹਾਂ ਨਾਂਵਾਂ ਵਿਚੋਂ ਉਸ ਦੀ ਮਾਂ ਨੂੰ ਵੀ ਬਾਹਰ ਰਖਿਆ ਗਿਆ ਹੈ।

ਜਿਹੜੇ ਚਾਰ ਮੁਲਾਕਾਤੀਆਂ ਦੇ ਨਾਂ ਦਿਤੇ ਗਏ ਹਨ। ਉਨ੍ਹਾਂ ਵਿਚ ਬਲਬੀਰ ਸਿੰਘ ਹਿਸਾਰ, ਗੁਰਚਰਨ ਸਿੰਘ ਪਟਿਆਲਾ, ਅਮਰੀਕ ਸਿੰਘ ਨਵੀਂ ਦਿੱਲੀ ਅਤੇ ਸਤਨਾਮ ਸਿੰਘ ਅੰਮ੍ਰਿਤਸਰ ਸ਼ਾਮਲ ਹਨ। ਮੁਲਾਕਾਤ ਲਈ ਹਫ਼ਤੇ ਵਿਚ ਦੋ ਦਿਨ ਮੰਗਲਵਾਰ ਅਤੇ ਸ਼ੁਕਰਵਾਰ ਰਖਿਆ ਗਿਆ ਹੈ। ਪੱਤਰ ਵਿਚ ਦਿੱਲੀ ਪ੍ਰਸਾਸ਼ਨ ਨੂੰ ਆਗਿਆ ਦੇਣ ਤੋਂ ਪਹਿਲਾਂ ਮੁਲਾਕਾਤੀਆਂ ਦੇ ਆਚਰਨ ਦੀ ਵੈਰੀਫਿਕੇਸ਼ਨ ਕਰਾਉਣ ਦੀ ਪੇਸਕਸ਼ ਕੀਤੀ ਗਈ ਹੈ।

ਚੇਤੇ ਕਰਾਇਆ ਜਾਂਦਾ ਹੈ ਕਿ ਮਰਹੂਮ ਬੇਅੰਤ ਸਿੰਘ ਦੀ 31 ਅਗੱਸਤ 1995 ਨੂੰ ਪੰਜਾਬ ਸਿਵਲ ਸਕਤਰੇਤ ਮੂਹਰੇ ਇਕ ਬੰਬ ਧਮਾਕੇ ਵਿਚ ਹਤਿਆ ਕਰ ਦਿਤੀ ਗਈ ਸੀ। ਪੁਲਿਸ ਨੇ 9 ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਸੀ। ਅਦਾਲਤ ਵਲੋਂ ਕੇਸ ਦੇ ਫ਼ੈਸਲੇ ਵੇਲੇ ਦੋ ਨੂੰ ਬਰੀ ਕਰ ਦਿਤਾ ਗਿਆ ਅਤੇ ਸੱਤ ਤਾਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ। ਇਕ ਹੋਰ ਦੋਸ਼ੀ ਅੱਤਵਾਦੀ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਾ ਸਜ਼ਾ ਦਿਤੀ ਗਈ ਸੀ ਜਿਹੜੀ ਕਿ ਉਮਰ ਕੈਦ ਵਿਚ ਬਦਲ ਦਿਤੀ ਗਈ ਹੈ। ਹਵਾਰਾ ਦੇ ਧਰਮ ਦੇ ਪਿਤਾ ਬਾਪੂ ਗੁਰਚਰਨ ਸਿੰਘ ਨੇ ਦਸਿਆ ਕਿ ਮੁਲਾਕਾਤਾਂ ਨਾ ਖੋਲ੍ਹਣ ਦੀ ਸੂਰਤ ਵਿਚ ਅਦਾਲਤ ਦਾ ਦਰਵਾਜ਼ਾ ਖੜਾਕਾਇਆ ਜਾਵੇਗਾ।

Facebook Comments