ਅਕਾਲ ਤਖ਼ਤ ਦਾ ਫ਼ੈਸਲਾ ਮੈਨੂੰ ਪਤਾ ਹੈ ਕੀ ਆਵੇਗਾ : ਡੇਰਾ ਮੁਖੀ

ਸੰਗਰੂਰ : ਡੇਰਾ ਪ੍ਰਮੇਸ਼ਰ ਦੁਆਰ ਦੇ ਮੁਖੀ ਰਣਜੀਤ ਸਿੰਘ ਢੱਡਰੀਆਂ ਵਿਰੁੱਧ ਸਿੱਖ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕੀਤੇ ਜਾਣ ਦੇ ਦੋਸ਼ਾਂ ਨੂੰ ਲੈ ਕੇ ਉਸ ਨੂੰ ਤਲਬ ਕਰਨ ਦੀ ਮੰਗ ਸਬੰਧੀ ਕਰੀਬ ਦੋ ਮਹੀਨੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੇਸ਼ ਵਿਦੇਸ਼ ਨਾਲ ਸਬੰਧਿਤ ਦੋ ਦਰਜਨ ਦੇ ਕਰੀਬ ਸਿੱਖ ਜਥੇਬੰਦੀਆਂ ਤੇ ਪ੍ਰਚਾਰਕਾਂ ਵਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਪੜਤਾਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬਣਾਈ ਪੰਜ ਮੈਂਬਰੀ ਪੜਤਾਲ ਕਮੇਟੀ ਵਲੋਂ ਇਸ ਮਾਮਲੇ ਦੀ ਛਾਣ-ਬੀਣ ਸ਼ੁਰੂ ਕਰ ਦਿੱਤੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਪ੍ਰਤੀ ਇਸ ਡੇਰਾ ਮੁਖੀ ਵਲੋਂ ਵੀ ਅਪਣੇ ਵਿਚਾਰ ਪ੍ਰਗਟ ਕੀਤੇ ਗਏ ਹਨ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਢੱਡਰੀਆਂ ਖਿਲਾਫ ਆਈਆਂ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਇਸ 5 ਮੈਂਬਰੀ ਕਮੇਟੀ ਵਲੋਂ ਬੀਤੇ ਦਿਨ ਅੰਮ੍ਰਿਤਸਰ ਵਿਖੇ ਚੁੱਪ-ਚੁਪੀਤੇ ਢੰਗ ਨਾਲ ਇਕੱਤਰਤਾ ਵੀ ਕੀਤੀ ਗਈ ਹੈ। ਓਧਰ ਇਸ ਸਬੰਧੀ ਕੈਨੇਡਾ ਤੋਂ ਮੀਡੀਏ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਢੱਡਰੀਆਂ ਨੇ ਕਿਹਾ ਕਿ ਉਸ ਨੇ ਹਮੇਸ਼ਾ ਬਾਣੀ ਦਾ ਹੀ ਪ੍ਰਚਾਰ ਕੀਤਾ ਹੈ, ਉਹੀ ਕੁਝ ਬੋਲਿਆ ਹੈ ਜੋ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹੈ।

ਉਸ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਉਨ੍ਹਾਂ ਖਿਲਾਫ ਸ਼ਿਕਾਇਕ ਮਿਲਣ ਤੇ ਕਾਰਵਾਈ ਕਰਨ ਲਈ ਪੰਥਕ ਵਿਦਵਾਨਾਂ ਨਾਲ ਸਲਾਹ ਕਰਕੇ ਫੈਸਲਾ ਕਰਨ ਸਬੰਧੀ ਆਏ ਬਿਆਨ ਦੀ ਉਸ ਨੂੰ ਕੋਈ ਪ੍ਰਵਾਹ ਨਹੀਂ।

ਉਸਨੇ ਜਥੇਦਾਰ ਨੂੰ ਸਵਾਲ ਕੀਤਾ ਕਿ ਜੇਕਰ ਵੀਡੀਓਗ੍ਰਾਫੀ ਕਰਨ ਦੀ ਹਿੰਮਤ ਹੈ ਤਾਂ ਇਕ ਵਿਦਵਾਨਾਂ ਦੀ ਕਮੇਟੀ ਬਣਾਓ ਅਤੇ ਚਾਰ ਪਹਿਲਾਂ ਅਹੁਦਿਆਂ ਤੋਂ ਲਾਂਭੇ ਹੋ ਚੁੱਕੇ ਜਥੇਦਾਰਾਂ ਦੀ ਵੀਡੀਓਗ੍ਰਾਫੀ ਬਣਾਉ ਅਤੇ ਜਥੇਦਾਰ ਗੁਰਬਚਨ ਸਿੰਘ, ਜਥੇਦਾਰ ਗੁਰਮੁਖ ਸਿੰਘ, ਗਿਆਨੀ ਇਕਬਾਲ ਸਿੰਘ ਤੋਂ ਪੁੱਛੋ ਕਿ ਸਰਸੇ ਵਾਲੇ ਨੂੰ ਮਾਫ ਕਰਨ ਦਾ ਫੈਸਲਾ ਕਿਸਦਾ ਸੀ ਉਹਨਾਂ ਉਪਰ ਦਬਾਅ ਕਿਸਦੇ ਕਹਿਣ ਤੇ ਬਣਾਇਆ ਗਿਆ ਅਤੇ ਚਿੱਠੀ ਕਿਸਦੀ ਆਈ ਸੀ?

ਉਸ ਵੀਡੀਓਗ੍ਰਾਫੀ ਨੂੰ ਜਨਤਾ ਦੇ ਵਿਚ ਜਾਰੀ ਕਰੋ, ਕਿਸਦੇ ਕਹਿਣ ‘ਤੇ ਹੁਕਮਨਾਮਾ ਜਾਰੀ ਹੋਇਆ, ਸਰਸੇ ਵਾਲੇ ਨੂੰ ਮਾਫ ਕਰਨ ਉਤੇ ਕਿੰਨਾ ਪੈਸਾ ਖਰਚ ਹੋਇਆ, ਇਸਦੀ ਵੀਡੀਓਗ੍ਰਾਫੀ ਬਣਾਓ। ਸਾਰਾ ਸੱਚ ਸਾਹਮਣੇ ਆਉਂਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਵੀਡੀਓ ਬਣਾਉਣ ਤੋਂ ਪਹਿਲਾਂ ਆਪਣੇ ਪੁਰਾਣੇ ਜਥੇਦਾਰ ਸਾਹਿਬਾਨਾਂ ਦੀਆਂ ਵੀਡੀਓ ਜਾਰੀ ਕਰੋ।

ਅਖੀਰ ਢੱਡਰੀਆਂ ਨੇ ਕਿਹਾ ਕਿ ਆਪਣਿਆਂ ਦੀਆਂ ਕੱਛ ਵਿਚ ਅਤੇ ਬਿਗਾਨਿਆਂ ਦੀਆਂ ਹੱਥ ਵਿਚ ਨਾ ਰੱਖਣ। ਅਕਾਲ ਤਖਤ ਵਲੋਂ ਜੋ ਵੀ ਫੈਸਲਾ ਆਵੇਗਾ ਮੈਨੂੰ ਉਸ ਬਾਰੇ ਪਹਿਲਾਂ ਹੀ ਪਤਾ ਹੈ ਕਿ ਉਹ ਸਾਡੇ ਖਿਲਾਫ ਹੀ ਆਵੇਗਾ ਇਸ ਲਈ ਮੇਰੀਆਂ ਨੂੰ ਸੰਗਤਾਂ ਨੂੰ ਡੋਲਣ ਦੀ ਲੋੜ ਨਹੀਂ।

Facebook Comments