ਤਾਲਾਬੰਦੀ ਅਤੇ ਨਸ਼ਿਆਂ ਦੀ ਸਪਲਾਈ

ਮੋਹਨ ਸ਼ਰਮਾ

ਕਰੋਨਾਵਾਇਰਸ ਮਹਾਮਾਰੀ ਕਾਰਨ ਪੰਜਾਬ 23 ਮਾਰਚ ਤੋਂ 17 ਮਈ 2020 ਤੱਕ ਤਾਲਾਬੰਦੀ ਅਤੇ ਕਰਫ਼ਿਊ ਦੀ ਲਪੇਟ ਵਿਚ ਰਿਹਾ। ਕਰੋਨਾਵਾਇਰਸ ਦੇ ਖ਼ੌਫ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ। ਸਿਹਤ ਕਰਮਚਾਰੀ, ਪੁਲੀਸ ਵਿਭਾਗ, ਪ੍ਰਸ਼ਾਸਨ ਨਾਲ ਜੁੜੇ ਅਧਿਕਾਰੀ ਅਤੇ ਮੀਡੀਆ ਕਰਮਚਾਰੀਆਂ ਤੋਂ ਬਿਨਾ ਹੋਰ ਕਿਸੇ ਨੂੰ ਘਰ ਤੋਂ ਬਾਹਰ ਜਾਣ ਦੀ ਮਨਾਹੀ ਰਹੀ। ਘਰਾਂ ਵਿਚ ਬੈਠੇ ਲੋਕਾਂ ਦੀ ਮਾਨਸਿਕ ਹਾਲਤ ਦਬਾਅ ਅਧੀਨ ਰਹੀ।

ਲੋਕਾਂ ਦੇ ਘਰਾਂ ਅੰਦਰ ਰਹਿਣ ਨਾਲ ਜਿੱਥੇ ਸਮਾਜਿਕ ਤੌਰ ਤੇ ਫਾਸਲਾ ਰੱਖਣ ਕਾਰਨ ਕੋਰੋਨਾਵਾਇਰਸ ਦੇ ਫੈਲਾਉ ਨੂੰ ਕਾਫੀ ਹੱਦ ਤੱਕ ਠੱਲ੍ਹ ਪਈ, ਉਥੇ ਵਾਤਾਵਰਨ ਦੀ ਸ਼ੁਧਤਾ, ਰੋਗਾਂ ਤੋਂ ਅਸਥਾਈ ਤੌਰ ਤੇ ਛੁਟਕਾਰਾ, ਸਾਦਾ ਤੇ ਥੋੜ੍ਹਾ ਭੋਜਨ ਖਾਣ ਦੀ ਆਦਤ, ਰਾਜਨੀਤਕ ਲੋਕਾਂ ਦੇ ਰੌਲੇ ਰੱਪੇ ਅਤੇ ਰੈਲੀਆਂ ਵਿਚ ਸਿਆਸੀ ਆਗੂਆਂ ਦਾ ਇੱਕ ਦੂਜੇ ਨੂੰ ਠਿੱਬੀਆਂ ਲਾਉਣ ਦੇ ਨਾਲ ਨਾਲ ਉਨ੍ਹਾਂ ਦੇ ਦਿਲ-ਲੁਭਾਊ ਨਾਅਰੇ ਸੁਣਨ ਤੋਂ ਨਿਜਾਤ ਵੀ ਮਿਲੀ ਹੈ। ਨਾਲ ਹੀ ਮਨੁੱਖ ਨੂੰ ਸ਼ਿੱਦਤ ਨਾਲ ਇਹ ਵੀ ਅਹਿਸਾਸ ਹੋਇਆ ਹੈ ਕਿ ਪਸ਼ੂ ਤੇ ਪੰਛੀ ਪਿੰਜਰੇ ਵਿਚ ਕੈਦ ਕਿੰਜ ਰਹਿੰਦੇ ਹਨ! ਕਿਸੇ ਹੱਦ ਤੱਕ ਮਨੁੱਖ ਨੂੰ ਇਹ ਸੋਝੀ ਵੀ ਆਈ ਹੈ ਕਿ ਕੁਦਰਤ ਨਾਲ ਖਿਲਵਾੜ ਮਹਿੰਗਾ ਅਤੇ ਜਾਨ ਲੇਵਾ ਹੋ ਸਕਦਾ ਹੈ।

ਤਾਲਾਬੰਦੀ ਦਰਮਿਆਨ ਨਸ਼ਿਆਂ ਦੀ ਸਪਲਾਈ ਲਾਈਨ ਬਹੁਤ ਹੱਦ ਤੱਕ ਟੁੱਟੀ ਹੈ। ਪੰਚਾਇਤਾਂ ਅਤੇ ਨੌਜਵਾਨਾਂ ਨੇ ਆਪੋ-ਆਪਣੇ ਪਿੰਡਾਂ ਵਿਚ ਠੀਕਰੀ ਪਹਿਰੇ ਭਾਵੇਂ ਇਸ ਕਰ ਕੇ ਦਿੱਤੇ ਕਿ ਕਿਸੇ ਬਾਹਰਲੇ ਸ਼ਖ਼ਸ ਰਾਹੀਂ ਇਸ ਬਿਮਾਰੀ ਦੇ ਕਿਟਾਣੂਆਂ ਦਾ ਸ਼ਿਕਾਰ ਕੋਈ ਪਿੰਡ ਵਾਸੀ ਨਾ ਬਣ ਜਾਵੇ, ਤੇ ਫਿਰ ਇਸ ਘਾਤਕ ਬਿਮਾਰੀ ਦਾ ਹੋਰ ਪਿੰਡ ਵਾਸੀ ਵੀ ਸ਼ਿਕਾਰ ਨਾ ਬਣ ਜਾਣ ਪਰ ਸਮਾਜਿਕ ਦਬਾਅ ਤੇ ਠੀਕਰੀ ਪਹਿਰਿਆਂ ਦੀ ਚੌਕਸੀ ਨੇ ਨਾ ਤਾਂ ਪਿੰਡ ਵਿਚ ਪੰਜ-ਸੱਤ ਨਸ਼ਾ ਵੇਚਣ ਵਾਲਿਆਂ ਨੂੰ ਬਾਹਰ ਜਾਣ ਦਿੱਤਾ ਅਤੇ ਨਾ ਹੀ ਨਸ਼ੇ ਦੀ ਪੂਰਤੀ ਲਈ ਤਸਕਰਾਂ ਦੇ ਕਦਮ ਪਿੰਡ ਦੀ ਫਿਰਨੀ ਟੱਪ ਸਕੇ। ਇੰਜ ਇਨ੍ਹਾਂ ਠੀਕਰੀ ਪਹਿਰਿਆਂ ਰਾਹੀਂ ਇੱਕ ਪੰਥ ਦੋ ਕਾਜ ਦੇ ਸਾਰਥਕ ਨਤੀਜੇ ਸਾਹਮਣੇ ਵੀ ਆਏ।

ਇਸ ਤੋਂ ਬਿਨਾਂ ਸ਼ਹਿਰਾਂ, ਜ਼ਿਲ੍ਹਿਆਂ ਦੀਆਂ ਹੱਦਾਂ ਅਤੇ ਪ੍ਰਾਂਤਕ ਹੱਦਾਂ ਸੀਲ ਕਰਨ ਦੇ ਨਾਲ ਨਾਲ ਸਰਹੱਦਾਂ ਤੇ ਵੀ ਚੌਕਸੀ ਵਧਾਈ ਗਈ। ਇਹ ਸਭ ਕੁਝ ਦੇ ਪ੍ਰਤੀਕਰਮ ਵਜੋਂ ਨਸ਼ਿਆਂ ਦੀ ਰੋਕਥਾਮ ਅਤੇ ਅਪਰਾਧ ਗਰਾਫ਼ ਨੂੰ ਬਹੁਤ ਹੱਦ ਤੱਕ ਠੱਲ੍ਹ ਪਈ। ਸਪਲਾਈ ਲਾਈਨ ਤੇ ਸੱਟ ਵੱਜਣ ਕਾਰਨ ਤਸਕਰਾਂ ਦਾ ਪੁਰਾਣਾ ਸਟਾਕ ਖਤਮ ਹੋ ਗਿਆ ਅਤੇ ਹੋਰ ਮਿਲਿਆ ਨਹੀਂ। ਨਸ਼ਿਆਂ ਤੇ ਜੁਰਮ ਦਾ ਆਪਸ ਵਿਚ ਡੂੰਘਾ ਰਿਸ਼ਤਾ ਹੈ। ਨਸ਼ੇ ਦੀ ਪ੍ਰਾਪਤੀ ਲਈ ਉਹ ਝਪਟਮਾਰੀ, ਲੁੱਟਾਂ-ਖੋਹਾਂ, ਠੱਗੀਆਂ, ਪਰਚੂਨ ਵਿਚ ਨਸ਼ੇ ਦੀ ਤਸਕਰੀ, ਚੋਰੀਆਂ ਅਤੇ ਲੜਾਈ-ਝਗੜੇ ਕਰਦਾ ਹੈ। ਪ੍ਰਤੀ ਸਾਲ ਆਬਾਦੀ ਵਿਚ ਜਿੱਥੇ ਅੰਦਾਜ਼ਨ 1æ3 ਫੀਸਦੀ ਦਾ ਵਾਧਾ ਹੁੰਦਾ ਹੈ, ਉੱਥੇ ਨਸ਼ਾਖ਼ੋਰੀ ਵਿਚ 18-20 ਫੀਸਦੀ ਦਾ ਵਾਧਾ ਹੋਣਾ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ। ਤਾਲਾਬੰਦੀ ਤੋਂ ਪਹਿਲਾਂ ਜਨਵਰੀ-ਫਰਵਰੀ ਅਤੇ ਤਾਲਾਬੰਦੀ ਵਾਲੇ ਮਹੀਨਿਆਂ, ਮਾਰਚ-ਅਪਰੈਲ, ਦੇ ਅੰਕੜੇ ਦੱਸਦੇ ਹਨ ਕਿ ਇਸ ਮਸਲੇ ਨਾਲ ਜੁੜੇ ਮਾਮਲੇ ਅੰਦਾਜ਼ਨ 40 ਫੀਸਦੀ ਘੱਟ ਦਰਜ ਹੋਏ ਹਨ। ਭਾਰਤ ਵਿਚ 2008 ਤੋਂ 2018 ਤੱਕ, 10 ਸਾਲਾਂ ਵਿਚ ਡਰੱਗਜ਼ ਨਾਲ ਸਬੰਧਤ 25000 ਤੋਂ ਜ਼ਿਆਦਾ ਆਤਮ-ਹੱਤਿਆਵਾਂ ਹੋਈਆਂ ਜਿਨ੍ਹਾਂ ਵਿਚੋਂ 74 ਫੀਸਦੀ ਇਕੱਲੇ ਪੰਜਾਬ ਨਾਲ ਸਬੰਧਤ ਹਨ।

ਹੁਣ ਸਾਡੇ ਅੱਗੇ ਗੰਭੀਰ ਪ੍ਰਸ਼ਨ ਹੈ ਕਿ ਤਾਲਾਬੰਦੀ ਖੁੱਲ੍ਹਣ ਉਪਰੰਤ ਕੀ ਨਸ਼ਿਆਂ ਦੀ ਰੋਕਥਾਮ ਇੰਜ ਹੀ ਘੱਟ ਹੋ ਸਕੇਗੀ? ਨੈਪੋਲੀਅਨ ਬੋਨਾਪਾਰਟ ਨੇ ਲਿਖਿਆ ਹੈ, “ਸਾਰੀਆਂ ਪ੍ਰਾਪਤੀਆਂ ਅਤੇ ਧਰਤੀ ਦੀਆਂ ਸਾਰੀਆਂ ਅਮੀਰੀਆਂ ਦੀ ਸ਼ੁਰੂਆਤ ਵਿਚਾਰ ਕਰਨ ਅਤੇ ਸੋਚਣ ਨਾਲ ਹੀ ਸ਼ੁਰੂ ਹੁੰਦੀ ਹੈ।” ਨਸ਼ਿਆਂ ਦੇ ਭਵਿੱਖ ਵਿਚ ਰੋਕਥਾਮ ਤੇ ਚਰਚਾ ਕਰਨ ਤੋਂ ਪਹਿਲਾਂ ਤਾਲਾਬੰਦੀ ਦੇ ਦਰਮਿਆਨ ਨਸ਼ਿਆਂ ਨਾਲ ਸਬੰਧਤ ਜੋ ਮਾਰੂ ਅਤੇ ਦਿਲ ਕੰਬਾਊ ਘਟਨਾਵਾਂ ਸਾਡੇ ਸਾਹਮਣੇ ਆਈਆਂ ਹਨ ਉਨ੍ਹਾਂ ਵਿਚੋਂ ਕੁਝ ਬਾਰੇ ਚਰਚਾ ਜ਼ਰੂਰੀ ਹੈ। 20 ਅਪਰੈਲ ਨੂੰ ਮਾਨਸਾ ਦੇ ਪੁਲੀਸ ਮੁਲਾਜ਼ਮ ਦਾ ਪੁੱਤਰ ਪਹਿਲਾਂ ਸਰਦੂਲਗੜ੍ਹ ਲਾਗੇ ਪਿੰਡ ਕੋਟੜਾ ਪੁੱਜਿਆ, ਉਥੋਂ ਆਪਣੇ ਦੋਸਤ ਨੂੰ ਨਾਲ ਲੈ ਕੇ ਹਰਿਆਣਾ ਦੇ ਪਿੰਡ ਰੋੜੀ ਵਿਚ ਨਸ਼ਾ ਤਸ਼ਕਰ ਦੇ ਘਰ ਗਿਆ। ਉਥੇ ਹੀ ਨਸ਼ਾ ਕੀਤਾ ਅਤੇ ਓਵਰਡੋਜ਼ ਨਾਲ ਦੋਹਾਂ ਦੀ ਮੌਤ ਹੋ ਗਈ। ਹੈਰਾਨੀ ਇਸ ਗੱਲ ਦੀ ਹੈ ਕਿ ਬਿਨਾਂ ਕਰਫਿਊ ਪਾਸ ਦੋਹਾਂ ਦਾ ਪੰਜਾਬ ਦੀ ਸਰਹੱਦ ਪਾਰ ਕਰ ਕੇ ਹਰਿਆਣੇ ਪ੍ਰਾਂਤ ਦੇ ਪਿੰਡ ਵਿਚ ਜਾਣਾ ਅਮਨ ਕਾਨੂੰਨ ਵਿਵਸਥਾ ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਇਹ ਤਾਂ ਉਨ੍ਹਾਂ ਦੀ ਬਦਕਿਸਮਤੀ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਨਹੀਂ ਤਾਂ ਹੋ ਸਕਦਾ ਸੀ ਕਿ ਉਨ੍ਹਾਂ ਨੇ ਤਸ਼ਕਰ ਕੋਲੋਂ ਹੋਰ ਨਸ਼ਾ ਵੀ ਲੈ ਕੇ ਆਉਣਾ ਸੀ। ਇਉਂ ਹੀ ਤਾਲਾਬੰਦੀ ਦਰਮਿਆਨ ਮੱਖੂ ਲਾਗੇ ਇੱਕ ਪਿੰਡ ਵਿਚ ਨੌਜਵਾਨਾਂ ਨੇ ਗੈਰ ਵਿਅਕਤੀਆਂ ਦੇ ਪਿੰਡ ਵਿਚ ਦਾਖ਼ਲਾ ਰੋਕਣ ਲਈ ਪਹਿਰਾ ਲਾਇਆ ਹੋਇਆ ਸੀ। ਬਾਹਰਲੇ ਦੋ ਵਿਅਕਤੀ ਜਦੋਂ ਨਸ਼ੇ ਦੀ ਸਪਲਾਈ ਲਈ ਪਿੰਡ ਵਿਚ ਜਾਣ ਲੱਗੇ ਤਾਂ ਉਨ੍ਹਾਂ ਨੂੰ ਰੋਕਿਆ ਗਿਆ। ਨਸ਼ੇ ਦੇ ਤਸਕਰਾਂ ਨੇ ਬਿਨਾਂ ਕਿਸੇ ਡਰ-ਭੈਅ ਤੋਂ ਉਨ੍ਹਾਂ ਤੇ ਗੋਲੀ ਚਲਾ ਦਿੱਤੀ। ਪਹਿਰਾ ਦੇਣ ਵਾਲਿਆਂ ਵਿਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਜ਼ਖ਼ਮੀ ਹੋ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਅਣਮਨੁੱਖੀ ਵਰਤਾਰੇ ਨੂੰ ਰੋਕਣ ਲਈ ਚਾਰ ਦਿਨ ਪਹਿਲਾਂ ਮਖੂ ਥਾਣੇ ਵਿਚ ਦਰਖਾਸਤ ਦਿੱਤੀ ਗਈ ਸੀ।

ਇਸ ਤਰੀਕੇ ਨਾਲ ਹੀ ਬਠਿੰਡਾ ਦੇ ਚਾਰ ਤਸ਼ਕਰ ਕਾਰ ਰਾਹੀਂ ਦਿੱਲੀ ਤੋਂ ਬਠਿੰਡਾ ਹੈਰੋਇਨ ਲਿਆਉਣ ਵਿਚ ਕਾਮਯਾਬ ਹੋ ਗਏ। ਉਨ੍ਹਾਂ ਵਿਚੋਂ ਇੱਕ ਦੀ ਲੱਤ ਤੇ ਪਲੱਸਤਰ ਲਾ ਕੇ ਉਸ ਨੂੰ ਮਰੀਜ਼ ਬਣਾਇਆ ਗਿਆ ਅਤੇ ਦੂਜੇ ਤਿੰਨ ਉਸ ਦੀ ਦੇਖ ਭਾਲ ਦੀ ਆੜ ਲੈ ਕੇ ਬਠਿੰਡੇ ਤੋਂ ਦਿੱਲੀ ਜਾ ਕੇ ਹੈਰੋਇਨ ਖਰੀਦ ਲਿਆਏ। ਦਿੱਲੀ, ਹਰਿਆਣਾ ਅਤੇ ਪੰਜਾਬ ਦੀ ਪੁਲੀਸ ਨੂੰ ਉਹ ਧੋਖਾ ਦੇਣ ਵਿਚ ਕਾਮਯਾਬ ਹੋ ਗਏ ਪਰ ਆਖ਼ਰ ਬਠਿੰਡਾ ਲਾਗੇ ਪਿੰਡ ਨੰਦਗੜ੍ਹ ਕੋਲ ਉਹ ਪੁਲੀਸ ਦੇ ਕਾਬੂ ਆ ਗਏ। ਇੱਦਾਂ ਹੀ ਦੋ ਹੋਰ ਤਸਕਰ ਜਾਅਲੀ ਕਰਫਿਊ ਪਾਸ ਬਣਾ ਕੇ ਦਿੱਲੀ ਤੋਂ ਹੈਰੋਇਨ ਲੈ ਆਏ ਅਤੇ ਬਠਿੰਡਾ ਪਹੁੰਚਣ ਤੇ ਉਨ੍ਹਾਂ ਨੂੰ ਹੈਰੋਇਨ ਸਮੇਤ ਦਬੋਚ ਲਿਆ ਗਿਆ। ਅਜਿਹੇ ਕਈ ਕੇਸ ਸੰਗਰੂਰ, ਲੁਧਿਆਣਾ, ਜਗਰਾਉਂ, ਮੋਗਾ ਆਦਿ ਸ਼ਹਿਰਾਂ ਵਿਚ ਵੀ ਸਾਹਮਣੇ ਆਏ ਹਨ। ਖੰਨਾ ਅਤੇ ਰਾਜਪੁਰੇ ਲਾਗੇ ਤਾਲਾਬੰਦੀ ਦਰਮਿਆਨ ਜਾਅਲੀ ਸ਼ਰਾਬ ਦੀਆਂ ਫੈਕਟਰੀਆਂ ਫੜਨਾ ਜਿਸ ਵਿਚ ਬੋਟਲਿੰਗ ਪਲਾਟ ਵੀ ਲੱਗੇ ਹੋਏ ਸਨ, ਚਿੰਤਾ ਵਾਲੀ ਗੱਲ ਹੈ। ਚਰਚਾ ਇਸ ਗੱਲ ਦੀ ਹੈ ਕਿ ਸਿਆਸੀ ਸਰਪ੍ਰਸਤੀ ਨੇ ਕਾਨੂੰਨ ਦਾ ਕੱਦ ਬੌਣਾ ਕਰ ਦਿੱਤਾ ਹੈ ਅਤੇ ਫੈਕਟਰੀ ਦੇ ਮਾਲਕਾਂ ਦੀ ਗ੍ਰਿਫਤਾਰੀ ਵੀ ਨਹੀਂ ਹੋਈ। ਸਬੰਧਤ ਫਾਈਲਾਂ ਆਬਕਾਰੀ ਵਿਭਾਗ ਅਤੇ ਪੁਲੀਸ ਵਿਭਾਗ ਕੋਲ ਪਈਆਂ ਧੂੜ ਫੱਕ ਰਹੀਆਂ ਹਨ। ਦੁਖਾਂਤ ਇਸ ਗੱਲ ਦਾ ਵੀ ਹੈ ਕਿ ਪੰਜਾਬ ਦੀਆਂ ਪੰਚਾਇਤਾਂ ਆਪੋ-ਆਪਣੇ ਪਿੰਡਾਂ ਵਿਚ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਲਈ ਸਾਲ 2009 ਤੋਂ ਲਗਾਤਾਰ ਮਤੇ ਪਾ ਰਹੀਆਂ ਹਨ ਪਰ ਉਨ੍ਹਾਂ ਵਿਚੋਂ ਬਹੁਤ ਸਾਰੀਆਂ ਪੰਚਾਇਤਾਂ ਦੇ ਮਤਿਆਂ ਨੂੰ ਇਸ ਕਰ ਕੇ ਅਪ੍ਰਵਾਨ ਕੀਤਾ ਗਿਆ ਕਿਉਂਕਿ ਉਸ ਪਿੰਡ ਵਿਚ ਕਿਸੇ ਨਾ ਕਿਸੇ ਤੇ 8-9 ਸ਼ਰਾਬ ਦੇ ਠੇਕੇ ਦੀਆਂ ਬੋਤਲਾਂ ਮਿਲਣ ਕਾਰਨ ਮੁਕੱਦਮਾ ਦਰਜ ਹੋ ਗਿਆ ਸੀ। ਇੱਕ ਪਾਸੇ 8-9 ਬੋਤਲਾਂ ਪ੍ਰਾਪਤ ਹੋਣ ਤੇ ਪੰਚਾਇਤੀ ਮਤਿਆਂ ਨੂੰ ਦਰਕਿਨਾਰ ਕੀਤਾ ਗਿਆ, ਦੂਜੇ ਪਾਸੇ ਸ਼ਰਾਬ ਦੀਆਂ ਹਜ਼ਾਰਾਂ ਪੇਟੀਆਂ ਬਰਾਮਦ ਹੋਣ ਤੇ ਆਬਕਾਰੀ ਅਤੇ ਪੁਲੀਸ ਵਿਭਾਗ ਦੀ ਖਾਮੋਸ਼ੀ ਸ਼ੰਕੇ ਪੈਦਾ ਕਰਦੀ ਹੈ।

ਤਾਲਾਬੰਦੀ ਦਰਮਿਆਨ ਜਦੋਂ ਚੱਪੇ ਚੱਪੇ ਤੇ ਪੁਲੀਸ ਖੜ੍ਹੀ ਹੈ, ਪਿੰਡਾਂ ਵਿਚ ਵੀ ਲੋਕ ਪਹਿਰੇਦਾਰੀ ਕਰਦੇ ਰਹੇ, ਇਸ ਦੇ ਬਾਵਜੂਦ ਜੇ ਸਮਾਜ ਦੋਖ਼ੀ ਅਜਿਹੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ, ਫਿਰ ਭਲਾ ਤਾਲਾਬੰਦੀ ਉਪਰੰਤ ਜੋ ਹਾਲਤ ਹੋਵੇਗੀ, ਉਸ ਦਾ ਅੰਦਾਜ਼ਾ ਸਹਿਜੇ ਹੀ ਲੱਗ ਸਕਦਾ ਹੈ। ਕਈ ਥਾਈਂ ਪਿੰਡ ਦੀ ਪਹਿਰੇਦਾਰੀ ਕਰਦਿਆਂ ਕਈ ਅਜਿਹੇ ਪੁਲੀਸ ਕਰਮਚਾਰੀ ਵੀ ਪਿੰਡ ਵਾਸੀਆਂ ਨੇ ਫੜੇ ਜਿਹੜੇ ਵਰਦੀ ਦੀ ਆੜ ਵਿਚ ਤਸਕਰਾਂ ਤੋਂ ਨਸ਼ਾ ਲੈਣ ਲਈ ਪਿੰਡ ਵਿਚ ਦਾਖਲ ਹੋ ਰਹੇ ਸਨ ਪਰ ਲੋਕਾਂ ਦੇ ਏਕੇ ਅੱਗੇ ਅਜਿਹਾ ਸੰਭਵ ਨਹੀਂ ਹੋ ਸਕਿਆ। ਉਂਜ ਸਮਾਜ ਚਿੰਤਕ ਚਿੰਤਾ ਵਿਚ ਇਹ ਜ਼ਰੂਰ ਸੋਚਦੇ ਹਨ, “ਜਦੋਂ ਮਾਲੀਆਂ ਦੀ ਅੱਖ ਦਗ਼ਾਬਾਜ਼ਾਂ ਨਾਲ ਰਲ ਜਾਵੇ ਤਾਂ ਮਹਿਕਾਂ ਦੀ ਪੱਤ ਰੁਲ ਜਾਂਦੀ ਹੈ।” ਖਾਕੀ ਵਰਦੀ ਤੇ ਪਏ ਨਸ਼ਿਆਂ ਦੇ ਧੱਬਿਆਂ ਕਾਰਨ ਪੁਲੀਸ ਵਿਭਾਗ ਨੂੰ ਨਾਮੋਸ਼ੀ ਵੀ ਝੱਲਣੀ ਪਈ ਹੈ।

ਮਨੋਵਿਗਿਆਨੀਆਂ ਅਤੇ ਸਮਾਜ ਚਿੰਤਕਾਂ ਨੇ ਸਮਾਜ ਨੂੰ ਨਸ਼ਾ ਮੁਕਤ ਕਰਨ ਲਈ ਦੋ ਤਰ੍ਹਾਂ ਦੇ ਸੁਝਾਅ ਦਿੱਤੇ ਹਨ:

ਓ) ਪੂਰਨ ਤੌਰ ਤੇ ਸਖ਼ਤੀ ਅਤੇ ਸਪਲਾਈ ਲਾਈਨ ਕੱਟੀ ਜਾਵੇ ਪਰ ਇਹ ਹੱਲ ਸਥਾਈ ਨਹੀਂ ਹੈ। ਸਖ਼ਤੀ ਵਿਚ ਥੋੜ੍ਹੀ ਜਿਹੀ ਢਿੱਲ ਨਾਲ ਹੀ ਮੰਗ ਅਤੇ ਸਪਲਾਈ ਲਾਈਨ ਵਿਚ ਵਾਧਾ ਹੋ ਜਾਵੇਗਾ।

ਅ) ਨਸ਼ੱਈਆਂ ਨੂੰ ਜ਼ਿੰਦਗੀ ਦਾ ਖਲਨਾਇਕ ਨਹੀਂ, ਪੀੜਤ ਸਮਝ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਵੇ।

ਨਸ਼ੇ ਦੇ ਤਸਕਰਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇ। ਜਿਹੜੇ ਫਿਰ ਵੀ ਬਾਜ਼ ਨਹੀਂ ਆਉਂਦੇ, ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ ਅਤੇ ਕਾਨੂੰਨ ਅਨੁਸਾਰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ। ਦਰਅਸਲ ਸਮਾਜ ਉਨ੍ਹਾਂ ਦੀ ਚਿੰਤਾ ਨਹੀਂ ਕਰਦਾ ਜਿਹੜੇ ਜੇਲ੍ਹਾਂ ਵਿਚ ਹਨ ਸਗੋਂ ਉਨ੍ਹਾਂ ਦੀ ਚਿੰਤਾ ਕਰਦਾ ਹੈ ਜਿਹੜੇ ਹੋਣੇ ਜੇਲ੍ਹਾਂ ਵਿਚ ਚਾਹੀਦੇ ਹਨ ਪਰ ‘ਸਮਾਜ ਸੇਵਕ’ ਜਾਂ ਫਿਰ ‘ਸਿਆਸੀ ਆਗੂ’ ਦਾ ਮਖੌਟਾ ਲਾ ਕੇ ਦਨਦਨਾਉਂਦੇ ਫਿਰਦੇ ਹਨ। ਅਸਲ ਵਿਚ ਨਸ਼ਿਆਂ ਤੋਂ ਆਜ਼ਾਦੀ ਪ੍ਰਾਪਤ ਕਰਨ ਨਾਲ ਹੀ ਭੁੱਖਮਰੀ, ਤਸਕਰੀ, ਪਰਿਵਾਰ ਦੀ ਤਬਾਹੀ, ਬਿਮਾਰੀਆਂ ਤੋਂ ਆਜ਼ਾਦੀ ਪ੍ਰਾਪਤ ਹੋਵੇਗੀ।

ਜੇਕਰ ਅਜਿਹਾ ਸੰਭਵ ਨਾ ਹੋਇਆ ਅਤੇ ਚਿਹਰੇ ਤੇ ਪਈ ਧੂੜ ਨੂੰ ਸਾਫ ਕਰਨ ਦੀ ਥਾਂ ਸੀਸ਼ਾ ਸਾਫ ਕਰਦੇ ਰਹੇ, ਸਿਰ ਤੇ ਲੱਗੀ ਸੱਟ ਦੇ ਇਲਾਜ ਦੀ ਥਾਂ ਪੈਰ ਤੇ ਮਰ੍ਹਮ ਪੱਟੀ ਕਰਦੇ ਰਹੇ ਤਾਂ ਪੰਜਾਬ ਦਾ ਭਵਿੱਖ ਸਾਡੀ ਹੋਣੀ ਤੇ ਕੀਰਨੇ ਪਾਉਂਦਾ ਰਹੇਗਾ ਅਤੇ ਅਸੀਂ ਬੁਜ਼ਦਿਲਾਂ ਦੀ ਕਤਾਰ ਵਿਚ ਸ਼ਾਮਲ ਹੋਵਾਂਗੇ। ਸਿਆਸੀ ਆਗੂ, ਸਮਾਜ ਸੇਵੀ, ਧਾਰਮਿਕ ਆਗੂ, ਅਧਿਆਪਕ, ਬੁਧੀਜੀਵੀ ਵਰਗ, ਪੱਤਰਕਾਰ ਭਾਈਚਾਰਾ, ਵੱਖ ਵੱਖ ਜਥੇਬੰਦੀਆਂ ਇਸ ਗੱਲ ਬਾਰੇ ਚਿੰਤਨ ਕਰਨ ਕਿ ਹੋਰ ਮਸਲਿਆਂ ਨੂੰ ਲੈ ਕੇ ਧਰਨੇ ਮੁਜ਼ਾਹਰੇ ਹੁੰਦੇ ਰਹਿੰਦੇ ਹਨ, ਕ੍ਰਿਕਟ ਦਾ ਮੈਚ ਜਿਤਾਉਣ ਲਈ ਅਰਦਾਸਾਂ, ਪਾਠ, ਹਵਨ ਆਦਿ ਕਰਵਾਉਣ ਦੀ ਚਰਚਾ ਵੀ ਸੁਣੀ ਜਾਂਦੀ ਹੈ ਪਰ ਕੀ ਕਦੇ ਨਸ਼ਿਆਂ ਦੇ ਹੜ੍ਹ ਵਿਚ ਰੁੜ੍ਹਦੀ ਜਵਾਨੀ ਨੂੰ ਬਚਾਉਣ ਲਈ ਹਾਅ ਦਾ ਨਾਅਰਾ ਮਾਰਿਆ ਹੈ? ਜੇਕਰ ਅਜਿਹਾ ਸੰਭਵ ਹੋਇਆ, ਫਿਰ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਸ਼ਬਦ “ਵਖਤੁ ਵੀਚਾਰੈ ਸੁ ਬੰਦਾ ਹੋਇ॥” ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇਗਾ।

*ਪ੍ਰਾਜੈਕਟ ਡਾਇਰੈਕਟਰ, ਨਸ਼ਾ ਛੁਡਾਊ ਕੇਂਦਰ, ਸੰਗਰੂਰ।

Leave a Reply

Your email address will not be published. Required fields are marked *