ਆਪਟੀਕਲ ਫਾਈਬਰ ਤਕਨਾਲੋਜੀ ਦਾ ਪਿਤਾਮਾ ਨਰਿੰਦਰ ਸਿੰਘ ਕਪਾਨੀ

ਡਾ. ਸਤਬੀਰ ਸਿੰਘ*

ਡਾਕਟਰ ਨਰਿੰਦਰ ਸਿੰਘ ਕਪਾਨੀ ਮਹਾਨ ਭਾਰਤੀ-ਅਮਰੀਕੀ ਭੌਤਿਕ ਵਿਗਿਆਨੀ ਸਨ ਜੋ ਆਪਣੇ ਆਪਟੀਕਲ ਫਾਈਬਰ (ਪ੍ਰਕਾਸ਼ੀ ਰੇਸ਼ੇ) ਦੇ ਖੋਜ ਕਾਰਜਾਂ ਕਰਕੇ ਵਿਸ਼ਵ ਪੱਧਰ ’ਤੇ ਪ੍ਰਸਿੱਧ ਹੋਏ। ਸ਼ਬਦ ਫਾਈਬਰ ਆਪਟਿਕਸ ਪਹਿਲੀ ਵਾਰ ਉਨ੍ਹਾਂ ਨੇ ਹੀ ਖੋਜਿਆ ਸੀ। ਇਸੇ ਕਰਕੇ ਉਨ੍ਹਾਂ ਨੂੰ ਫਾਈਬਰ ਆਪਟਿਕਸ ਦਾ ਪਿਤਾਮਾ ਕਿਹਾ ਜਾਂਦਾ ਹੈ। ਫੌਰਚਿਊਨ ਨਾਮਕ ਵੱਕਾਰੀ ਵਿਸ਼ਵ ਸੰਸਥਾ ਨੇ ਉਨ੍ਹਾਂ ਨੂੰ ਵਿਸ਼ਵ ਦੇ ਸੱਤ ਵੱਡੇ ਬਿਜ਼ਨਸਮੈਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਅਤੇ 1999 ਵਿੱਚ ਉਨ੍ਹਾਂ ਨੂੰ ‘ਸਦੀ ਦੇ ਪ੍ਰਸਿੱਧ ਕਾਰੋਬਾਰੀ’ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ।

ਨਰਿੰਦਰ ਸਿੰਘ ਕਪਾਨੀ ਦਾ ਜਨਮ ਅਕਤੂਬਰ 1926 ਨੂੰ ਪੰਜਾਬ ਦੇ ਮੋਗਾ ਸ਼ਹਿਰ ਵਿੱਚ ਹੋਇਆ। ਸਕੂਲੀ ਵਿੱਦਿਆ ਉਨ੍ਹਾਂ ਨੇ ਦੇਹਰਾਦੂਨ (ਉੱਤਰਾਖੰਡ) ਵਿੱਚੋਂ ਹਾਸਲ ਕਰਨ ਉਪਰੰਤ ਗਰੈਜੂਏਸ਼ਨ ਆਗਰਾ ਯੂਨੀਵਰਸਿਟੀ ਤੋਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਭਾਰਤੀ ਆਰਡੀਨੈਂਸ ਫੈਕਟਰੀ ਸੇਵਾਵਾਂ ਵਿੱਚ ਅਫ਼ਸਰ ਵਜੋਂ ਨੌਕਰੀ ਮਿਲ ਗਈ। ਇੱਥੇ ਰਹਿ ਕੇ ਉਨ੍ਹਾਂ ਨੇ ਭੌਤਿਕ ਵਿਗਿਆਨ ਦੇ ਕਈ ਵਿਸ਼ਿਆਂ ਜਿਵੇਂ ਲੇਜ਼ਰ, ਆਪਟੀਕਲ ਫਾਈਬਰ ਆਦਿ ਬਾਰੇ ਕੰਮ ਕਰਨਾ ਸ਼ੁਰੂ ਕੀਤਾ। 1952 ਵਿੱਚ ਉਨ੍ਹਾਂ ਨੂੰ ਲੰਡਨ ਯੂਨੀਵਰਸਿਟੀ ਦੇ ਇੰਪੀਰੀਅਲ ਸਾਇੰਸ ਕਾਲਜ ਵਿੱਚ ਭੌਤਿਕ ਵਿਗਿਆਨ ਦੇ ਵਿਸ਼ੇ ਵਿੱਚ ਪੀਐੱਚ.ਡੀ. ਕਰਨ ਲਈ ਦਾਖ਼ਲਾ ਮਿਲ ਗਿਆ। 1955 ਵਿਚ ਉਨ੍ਹਾਂ ਨੂੰ ਸਫ਼ਲਤਾਪੂਰਵਕ ਖੋਜ ਕਾਰਜ ਸੰਪੰਨ ਕਰਨ ਉਪਰੰਤ ਪੀਐੱਚ.ਡੀ. ਦੀ ਡਿਗਰੀ ਪ੍ਰਦਾਨ ਕੀਤੀ ਗਈ। ਇੰਪੀਰੀਅਲ ਸਾਇੰਸ ਕਾਲਜ, ਲੰਡਨ ਵਿਚ ਕਪਾਨੀ ਨੇ ਇੱਕ ਹੋਰ ਖੋਜਕਾਰ ਹੈਰੋਲਡ ਹੌਪਕਿਨਜ਼ ਨਾਲ ਮਿਲ ਕੇ ਪ੍ਰਕਾਸ਼ੀ ਰੇਸ਼ਿਆਂ (Optical fiber) ’ਤੇ ਕੰਮ ਸ਼ੁਰੂ ਕੀਤਾ। ਉਨ੍ਹਾਂ ਨੇ ਪਹਿਲੀ ਵਾਰ ਪ੍ਰਕਾਸ਼ੀ ਰੇਸ਼ਿਆਂ ਦੇ ਬੰਡਲ ਨੂੰ ਵਰਤੋਂ ਵਿੱਚ ਲਿਆ ਕੇ ਸੰਚਾਰ ਪ੍ਰਬੰਧਾਂ ਰਾਹੀਂ ਚਿੱਤਰਾਂ ਤੇ ਫੋਟੋਆਂ ਦਾ ਟਰਾਂਸਮਿਸ਼ਨ ਕੀਤਾ। ਇਹ ਚਿੱਤਰ ਬਹੁਤ ਹੀ ਉੱਚ ਪੱਧਰ ਦੀ ਗੁਣਵੱਤਾ ਵਾਲੇ ਸਨ। ਦੋਵਾਂ ਵਿਗਿਆਨੀਆਂ ਨੇ ਅਜਿਹੀ ਤਕਨੀਕ ਦਾ ਇਸਤੇਮਾਲ ਕੀਤਾ ਜੋ ਪਹਿਲਾਂ ਕਦੇ ਨਹੀਂ ਵਰਤੀ ਗਈ ਸੀ ਜਿਸ ਰਾਹੀਂ ਵਧੀਆ ਕਿਸਮ ਦੇ ਇਮੇਜ ਦੂਰ ਤੱਕ ਭੇਜੇ ਜਾ ਸਕਦੇ ਸਨ। ਦੂਰਸੰਚਾਰ ਪ੍ਰਣਾਲੀ ਵਿੱਚ ਇਹੀ ਤਕਨੀਕ 21ਵੀਂ ਸਦੀ ਦੀ ਅਤਿ ਆਧੂਨਿਕ ਇੰਟਰਨੈੱਟ ਤਕਨਾਲੋਜੀ ਯਾਨੀ ਫਾਈਬਰ ਟੂ ਦਿ ਹੋਮ (FTTH) ਵਿੱਚ ਵਰਤੀ ਜਾ ਰਹੀ ਹੈ। ਅਜਿਹੇ ਗਲਾਸ ਜਾਂ ਪਲਾਸਟਿਕ ਪ੍ਰਕਾਸ਼ੀ ਰੇਸ਼ਿਆਂ ਰਾਹੀਂ ਪੂਰੀ ਦੁਨੀਆਂ ਵਿੱਚ ਲੋਕਾਂ ਨੂੰ 100 ਮੈਗਾਬਾਈਟਸ/ਸੈਕਿੰਡ (Mbps) ਤੋਂ ਲੈ ਕੇ 1 ਗਿਗਾਬਾਈਟਸ/ਸੈਕਿੰਡ (Gbps) ਤੱਕ ਇੰਟਰਨੈੱਟ ਡਾਟਾ ਦੀ ਸਪੀਡ ਮਿਲ ਰਹੀ ਹੈ।

1960 ਵਿੱਚ ਕਪਾਨੀ ਨੇ ਅਮਰੀਕੀ ਰਸਾਲੇ ‘ਸਾਇੰਟਿਫਿਕ ਅਮੈਰਕਿਨ’ ਵਿੱਚ ਖੋਜ ਪੱਤਰ ਲਿਖਿਆ ਤੇ ਪਹਿਲੀ ਵਾਰ ਸ਼ਬਦ ‘ਫਾਈਬਰ ਆਪਟਿਕਸ’ ਦਾ ਇਸਤੇਮਾਲ ਕੀਤਾ। ਫਾਈਬਰ ਆਪਟਿਕਸ ਨੂੰ ਪਹਿਲਾਂ ਆਪਟੀਕਲ ਕਲੈਡਿੰਗ (Cladding) ਦਾ ਨਾਮ ਡੱਚ ਵਿਗਿਆਨੀ ਬਰਾਮ ਵੈਨਹੀਲ ਨੇ ਦਿੱਤਾ ਸੀ। ਉਪਰੰਤ ਕਪਾਨੀ ਹੋਰਾਂ ਨੇ ਫਾਈਬਰ ਆਪਟਿਕਸ ਦੇ ਨਵੇਂ ਵਿਸ਼ੇ ’ਤੇ ਇੱਕ ਮਹੱਤਵਪੂਰਨ ਕਿਤਾਬ ਲਿਖੀ ਜੋ ਬਾਅਦ ਵਿੱਚ ਪੂਰੇ ਵਿਸ਼ਵ ਦੇ ਵਿਗਿਆਨੀਆਂ ਲਈ ਪ੍ਰਕਾਸ਼ੀ ਰੇਸ਼ਿਆਂ ਦੀ ਖੋਜ ਦੇ ਮਾਮਲੇ ਵਿੱਚ ਰੀੜ੍ਹ ਦੀ ਹੱਡੀ ਸਾਬਿਤ ਹੋਈ। 1960 ਵਿੱਚ ਉਨ੍ਹਾਂ ਨੇ ‘ਆਪਟਿਕਸ ਟੈਕਨੋਲੋਜੀ’ ਨਾਮਕ ਕੰਪਨੀ ਖੋਲ੍ਹੀ ਜਿਸ ਦੇ ਉਹ 12 ਸਾਲ ਚੇਅਰਪਰਸਨ ਅਤੇ ਡਾਇਰੈਕਟਰ ਰਿਸਰਚ ਰਹੇ। 1967 ਵਿੱਚ ਇਹ ਕੰਪਨੀ ਜਨਤਕ ਕਰ ਦਿੱਤੀ ਗਈ। 1973 ਵਿੱਚ ਉਨ੍ਹਾਂ ਨੇ ਕੈਪਟਰੌਨ ਕੰਪਨੀ ਖੋਲ੍ਹੀ ਜਿਸ ਦੇ ਉਹ 1990 ਤੱਕ ਮੁਖੀ ਤੇ ਸੀ.ਈ.ਓ. ਰਹੇ। 1990 ਵਿੱਚ ਉਨ੍ਹਾਂ ਨੇ K2 ਆਪਟਰਾਨਿਕਸ ਨਾਮਕ ਤਕਨੀਕੀ ਕੰਪਨੀ ਖੋਲ੍ਹੀ। ਉਨ੍ਹਾਂ ਨੇ ਅਲੱਗ-ਅਲੱਗ ਕੰਪਨੀਆਂ ਦੇ ਬੋਰਡ ਆਫ ਕੰਟਰੋਲ ਮੈਂਬਰ ਵਜੋਂ ਵੀ ਯੋਗਦਾਨ ਪਾਇਆ। ਕਪਾਨੀ ਦੀ ਖੋਜ ਦੇ ਮੁੱਖ ਵਿਸ਼ਿਆਂ ਵਿੱਚ ਫਾਈਬਰ ਆਪਟਿਕਸ ’ਤੇ ਆਧਾਰਿਤ ਸੰਚਾਰ ਪ੍ਰਬੰਧ, ਲੇਜ਼ਰ ਸੰਚਾਰ ਪ੍ਰਣਾਲੀ, ਬਾਇਓ ਮੈਡੀਕਲ, ਸੂਰਜੀ ਊਰਜਾ ਅਤੇ ਪ੍ਰਦੂਸ਼ਣ ਕੰਟਰੋਲ ਆਦਿ ਪ੍ਰਮੁੱਖ ਸਨ। ਉਨ੍ਹਾਂ ਦੀਆਂ 100 ਦੇ ਕਰੀਬ ਖੋਜਾਂ ਪੇਟੈਂਟ ਹਨ ਅਤੇ ਉਹ ਅਮਰੀਕਾ ਦੀ ਰਾਸ਼ਟਰੀ ਖੋਜ ਕੌਂਸਲ ਦੇ ਮੈਂਬਰ ਰਹੇ। ਇਸ ਤੋਂ ਇਲਾਵਾ ਉਹ ਕਈ ਪ੍ਰਮੁੱਖ ਖੋਜ ਸੰਸਥਾਵਾਂ ਦੇ ਸੀਨੀਅਰ ਫੈਲੋ ਮੈਂਬਰ ਵੀ ਰਹੇ ਜਿਨ੍ਹਾਂ ਵਿੱਚ ਰਾਇਲ ਇੰਜੀਨੀਅਰਿੰਗ ਅਕੈਡਮੀ, ਆਪਟੀਕਲ ਸੁਸਾਇਟੀ ਆਫ ਅਮਰੀਕਾ ਅਤੇ AAAS ਦੀ ਫੈਲੋਸ਼ਿਪ ਵੀ ਮਿਲੀ। ਨਰਿੰਦਰ ਕਪਾਨੀ ਨਵੀਨਤਾ ਦੀਆਂ ਪ੍ਰਕਿਰਿਆਵਾਂ, ਤਕਨਾਲੋਜੀ ਅਤੇ ਤਕਨੀਕ ਰੂਪਾਂਤਰਨ ਦੇ ਪ੍ਰਬੰਧਨ ਵਿੱਚ ਵਿਸ਼ੇਸ਼ ਮਾਹਿਰ ਸਨ। ਆਪਟੀਕਲ ਫਾਈਬਰ ਵਾਲੇ ਇੰਟਰਨੈੱਟ ਤੋਂ ਬਿਨਾਂ ਲੇਜ਼ਰ ਸਰਜਰੀ ਅਤੇ ਉੱਚਤਮ ਸਪੀਡ ਵਾਲੀਆਂ ਸੰਚਾਰ ਸੇਵਾਵਾਂ ਵੀ ਕਪਾਨੀ ਦੀ ਹੀ ਦੇਣ ਹਨ। ਵਿਸ਼ਵ ਪ੍ਰਸਿੱਧ ‘ਨੇਚਰ’ ਰਸਾਲੇ ਵਿੱਚ ਉਨ੍ਹਾਂ ਦੇ ਫਾਈਬਰ ਆਪਟਿਕਸ ਬਾਰੇ ਛਪੇ ਲੇਖ ਨੇ ਪ੍ਰਕਾਸ਼ੀ ਰੇਸ਼ਿਆਂ ਨੂੰ ਐਂਡੋਸਕੋਪ ਤੇ ਲੇਜ਼ਰ ਪਰੋਬਾਂ ਵਿੱਚ ਵਰਤਣ ਦੀ ਵਿਧੀ ਬਾਰੇ ਵਿਸਤਾਰਪੂਰਬਕ ਜਾਣਕਾਰੀ ਦਿੱਤੀ ਜੋ ਬਾਅਦ ਵਿੱਚ ਸਿਹਤ ਵਿਗਿਆਨ ਲਈ ਬਹੁਤ ਮਹੱਤਵਪੂਰਨ ਸਾਬਿਤ ਹੋਈ। 1955 ਵਿੱਚ ਅਮਰੀਕੀ ਰਸਾਲੇ ‘ਆਪਟਿਕਾ ਐਕਟਾ’ ਵਿੱਚ ਉਨ੍ਹਾਂ ਦਾ ਯੁੱਗ ਪਲਟਾਊ ਖੋਜ ਪੱਤਰ ਛਪਿਆ।

ਦੇਹਰਾਦੂਨ ਸਕੂਲ ਵਿੱਚ ਪੜ੍ਹਾਉਂਦੇ ਅਧਿਆਪਕ ਨੇ ਕਲਾਸ ਵਿੱਚ ਦੱਸਿਆ ਕਿ ਪ੍ਰਕਾਸ਼ ਹਮੇਸ਼ਾ ਸਿੱਧੀ ਲਕੀਰ ਵਿੱਚ ਹੀ ਚਲਦਾ ਹੈ। ਪੜ੍ਹਦਿਆਂ ਨਰਿੰਦਰ ਸਿੰਘ ਕਪਾਨੀ ਨੇ ਆਪਣੇ ਅਧਿਆਪਕ ਦੀ ਇਸ ਗੱਲ ਨੂੰ ਚੁਣੌਤੀ ਵਜੋਂ ਕਬੂਲ ਕੀਤਾ ਅਤੇ ਸਾਰੀ ਉਮਰ ਪ੍ਰਕਾਸ਼ ਬਾਰੇ ਹੀ ਖੋਜ ਕੀਤੀ।

1954 ਵਿੱਚ ਵਿਸ਼ਵ ਪ੍ਰਸਿੱਧ ਨੇਚਰ ਰਸਾਲੇ ਨੇ ਕਪਾਨੀ ਦੀ ਫਾਈਬਰ ਆਪਟਿਕਸ ਬਾਰੇ ਖੋਜ ਛਾਪੀ। 1955 ਵਿੱਚ ਉਨ੍ਹਾਂ ਨੂੰ ਪੀਐੱਚ.ਡੀ. ਦੀ ਡਿਗਰੀ ਮਿਲੀ। ਇਸ ਵੱਡੀ ਖੋਜ ਬਦਲੇ ਉਨ੍ਹਾਂ ਨੂੰ ਅਮਰੀਕਾ ਦੀ ਰੋਸ਼ੈਸਟਰ ਯੂਨੀਵਰਸਿਟੀ ਵਿੱਚ ਨੌਕਰੀ ਮਿਲ ਗਈ। ਇਸ ਤੋਂ ਇਲਾਵਾ ਉਹ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਵਿੱਚ ਵੀ ਪ੍ਰੋਫ਼ੈਸਰ ਰਹੇ। ਸਟੈਨਫਰਡ ਯੂਨੀਵਰਸਿਟੀ ਵਿੱਚ ਉਹ ਭੌਤਿਕ ਵਿਗਿਆਨ ਦੇ ਵਿਜ਼ਿਟਿੰਗ ਪ੍ਰੋਫ਼ੈਸਰ ਦੇ ਅਹੁਦੇ ’ਤੇ ਤਾਇਨਾਤ ਰਹੇ। ਇਸ ਤੋਂ ਇਲਾਵਾ ਉਹ ਬਿਜਲਾਣੂ ਇੰਜੀਨੀਅਰਿੰਗ ਵਿਭਾਗ ਦੇ ਬੋਰਡ ਆਫ ਕੰਟਰੋਲ ਵਿੱਚ ਸ਼ਾਮਲ ਰਹੇ। ਪ੍ਰੋ. ਕਪਾਨੀ ਇਕ ਪਰਉਪਕਾਰੀ, ਉੱਦਮੀ ਇਨਸਾਨ ਅਤੇ ਸਫ਼ਲ ਕਾਰੋਬਾਰੀ ਸਨ। ਵਿਸ਼ਵ ਪੱਧਰ ’ਤੇ ਉਨ੍ਹਾਂ ਨੂੰ ਖੋਜ ਕਾਰਜਾਂ ਸਦਕਾ ਬਹੁਤ ਸਾਰੇ ਮਾਣ-ਸਨਮਾਨ ਪ੍ਰਾਪਤ ਹੋਏ।

ਵਿਸ਼ਵ ਪੱਧਰ ’ਤੇ ਵੱਡੇ ਵਿਗਿਆਨੀ ਬਣਨ ਤੋਂ ਬਾਅਦ ਡਾ. ਨਰਿੰਦਰ ਸਿੰਘ ਕਪਾਨੀ ਨੇ ਮਹਿਸੂਸ ਕੀਤਾ ਕਿ ਉਹ ਆਪਣੇ ਮਹਾਨ ਸਿੱਖ ਵਿਰਸੇ ਤੋਂ ਦੂਰ ਜਾ ਰਹੇ ਹਨ, ਉਨ੍ਹਾਂ ਨੂੰ ਆਪਣੇ ਪਿਛੋਕੜ ਵੱਲ ਵੀ ਦੇਖਣਾ ਚਾਹੀਦਾ ਹੈ। ਸਿੱਖ ਕਲਾ ਦੀ ਸੰਭਾਵਨਾ ਅਜੇ ਤੱਕ ਅਣਛੋਹੀ ਪਈ ਹੈ। ਇਸ ਨੂੰ ਵੀ ਅੱਗੇ ਵਧਾਉਣਾ ਚਾਹੀਦਾ ਹੈ। 1967 ਵਿਚ ਉਨ੍ਹਾਂ ਨੇ ਅਮਰੀਕਾ ਵਿੱਚ ਸਿੱਖ ਸੰਸਥਾ (ਫਾਊਂਡੇਸ਼ਨ) ਦਾ ਨੀਂਹ ਪੱਥਰ ਰੱਖਿਆ। ਡਾ. ਕਪਾਨੀ ਸਿੱਖਿਆ ਅਤੇ ਕਲਾ ਦੇ ਮਾਹਿਰ ਸਨ। ਉਹ ਤਕਰੀਬਨ 50 ਸਾਲ ਸਿੱਖ ਸੰਸਥਾ ਦੇ ਚੇਅਰਮੈਨ ਰਹੇ। ਕਈ ਕੌਮਾਂਤਰੀ ਸੰਸਥਾਵਾਂ ਨਾਲ ਜੁੜ ਕੇ ਇਸ ਸੰਸਥਾ ਨੇ ਮਨੁੱਖਤਾ ਦੇ ਭਲੇ ਲਈ ਬਹੁਤ ਕੁਝ ਕੀਤਾ ਹੈ। ਇਸ ਸੰਸਥਾ ਨੇ ਕਈ ਪੇਪਰ, ਖੋਜ ਪੱਤਰ ਵੀ ਪ੍ਰਕਾਸ਼ਿਤ ਕਰਵਾਏ, ਲੋਕਾਂ ਤੱਕ ਸਿੱਖਿਆ ਪਹੁੰਚਾਈ ਅਤੇ ਕਲਾਕ੍ਰਿਤਾਂ ਵੀ ਮੁਹੱਈਆ ਕਰਵਾਈਆਂ। 1988 ਵਿੱਚ ਪ੍ਰੋ. ਕਪਾਨੀ ਨੇ ਕੈਲੀਫੋਰਨੀਆ ਯੂਨੀਵਰਸਿਟੀ ਸੈਂਟਾ ਬਾਰਬਰਾ ਵਿੱਚ ਸਿੱਖ ਅਧਿਐਨ ਬਾਰੇ ਇੱਕ ਚੇਅਰ ਸਥਾਪਤ ਕੀਤੀ। 1999 ਵਿੱਚ ਉਨ੍ਹਾਂ ਨੇ ਸਾਂ ਫਰਾਂਸਿਸਕੋ ਵਿਚ ਏਸ਼ੀਆ ਆਰਟ ਮਿਊਜ਼ੀਅਮ ਲਈ 5 ਲੱਖ ਡਾਲਰ ਦੀ ਸਹਾਇਤਾ ਵੀ ਦਿੱਤੀ। 1999 ਵਿਚ ਹੀ ਉਨ੍ਹਾਂ ਨੇ ਕੈਲੀਫੋਰਨੀਆ ਯੂਨੀਵਰਸਿਟੀ, ਸਾਂਤਾ ਕਰੂਜ਼ ਵਿਚ ਆਪਟੋ-ਇਲੈਕਟ੍ਰਾਨਿਕਸ ਦੀ ਚੇਅਰ ਸਥਾਪਿਤ ਕੀਤੀ। ਉਹ ਇਸ ਯੂਨੀਵਰਸਿਟੀ ਦੇ ਟਰੱਸਟੀ ਵੀ ਰਹੇ। ਇਸ ਤੋਂ ਇਲਾਵਾ ਉਹ ਕੈਲੀਫੋਰਨੀਆ ਦੇ ਮੈਨਲੋ ਸਕੂਲ, ਮੈਨਲੋ ਪਾਰਕ ਦੇ ਟਰੱਸਟੀ ਵੀ ਰਹੇ। ਕਪਾਨੀ ਕਲਾ ਪ੍ਰੇਮੀ ਸਨ। ਸਿੱਖ ਚਿੱਤਰਕਲਾ ਵਿੱਚ ਉਨ੍ਹਾਂ ਦੀ ਖ਼ਾਸ ਰੁਚੀ ਸੀ। ਮਾਰਚ 1999 ਵਿੱਚ ਲੰਡਨ ਦੇ ਵਿਕਟੋਰੀਆ ਤੇ ਅਲਰਬਟ ਮਿਊਜ਼ੀਅਮ ਦੀ ਸ਼ੁਰੂਆਤ ਵੇਲੇ ਉਨ੍ਹਾਂ ਨੇ ਕਰਜ਼ੇ ਲੈ ਕੇ ਬਹੁਤ ਹੀ ਦੁਰਲੱਭ ਪੇਂਟਿੰਗਜ਼ ਅਤੇ ਹੋਰ ਚੀਜ਼ਾਂ ਸਿੱਖ ਕਲਾ ਪ੍ਰਦਰਸ਼ਨੀ ਵਿੱਚ ਭੇਟ ਕੀਤੀਆਂ। ਪੰਜਾਬ ਦੀ ਸ਼ਾਨ: ਸਿੱਖ ਕਲਾ ਤੇ ਸਾਹਿਤ ਬਾਰੇ ਇਹੀ ਪ੍ਰਦਰਸ਼ਨੀ ਮਾਰਚ 2000 ਵਿਚ ਟੋਰਾਂਟੋ ਦੇ ਰਾਇਲ ਓਂਟਾਰੀਓ ਮਿਊਜ਼ੀਅਮ ਵਿਚ ਲਗਾਈ ਗਈ। ਸਾਰਾ ਖਰਚਾ ਕਪਾਨੀ ਨੇ ਕੀਤਾ।

ਵਿਗਿਆਨਕ ਖੋਜਾਂ, ਸਿੱਖ ਕਲਾ ਅਤੇ ਸਾਹਿਤ ਬਾਰੇ ਵੱਡੇ ਯੋਗਦਾਨ ਕਰਕੇ ਉਨ੍ਹਾਂ ਨੂੰ ਕਾਫ਼ੀ ਐਵਾਰਡ ਮਿਲੇ। ਭਾਰਤ ਸਰਕਾਰ ਵੱਲੋਂ 2004 ਵਿੱਚ ਉਨ੍ਹਾਂ ਨੂੰ ਪਰਵਾਸੀ ਭਾਰਤੀ ਸਨਮਾਨ ਦਿੱਤਾ ਗਿਆ; ਅਮਰੀਕਨ ਪੈਨ ਏਸ਼ੀਆ ਕਾਮਰਸ ਚੈਂਬਰ ਐਵਾਰਡ 1998, ਉੱਤਮਤਾ ਐਵਾਰਡ 2000 ਵਿੱਚ ਅਮਰੀਕਾ ਵਿੱਚ ਮਿਲਿਆ, ਫੌਰਚਿਊਨ ਨਾਇਕ ਐਵਾਰਡ 1999 ਵਿੱਚ ਮਿਲਿਆ ਅਤੇ ਫੀਏਟ ਲਕਸ ਐਵਾਰਡ 2008 ਵਿੱਚ (ਸਾਂਤਾ ਕਰੂਜ਼ ਫਾਊਂਡੇਸ਼ਨ ਵੱਲੋਂ ਪ੍ਰਦਾਨ ਕੀਤਾ ਗਿਆ)।

ਡਾ. ਕਪਾਨੀ ਵੱਲੋਂ ਕੀਤੇ ਗਏ ਹੋਰ ਸ਼ਾਨਦਾਰ ਕੰਮ: ਆਪਣੇ ਮਾਤਾ ਸ੍ਰੀਮਤੀ ਕੁੰਦਨ ਕੌਰ ਕਪਾਨੀ ਦੀ ਯਾਦ ਵਿੱਚ ਉਨ੍ਹਾਂ ਨੇ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਸਿੱਖ ਸਟੱਡੀ ਚੇਅਰ ਦੀ ਤਿਆਰੀ ਲਈ ਕਾਫ਼ੀ ਫੰਡਿੰਗ ਕੀਤੀ। ਡਾ. ਕਪਾਨੀ ਵੱਲੋਂ ਸਥਾਪਿਤ ਕੀਤੀ ਗਈ ਸਿੱਖ ਕਲਾ ਤੇ ਸਾਹਿਤ ਫਾਊਂਡੇਸ਼ਨ ਨੇ ਹੁਣ ਤੱਕ ਸਿੱਖ ਸਿਧਾਂਤਾਂ ਬਾਰੇ 300 ਦੇ ਕਰੀਬ ਕਿਤਾਬਾਂ, ਖੋਜਕਾਰਾਂ ਵੱਲੋਂ 55 ਕਿਤਾਬਾਂ ਅਤੇ ਬੱਚਿਆਂ ਦੀ ਲਾਇਬਰੇਰੀ ਲਈ 20 ਦੇ ਕਰੀਬ ਕਿਤਾਬਾਂ ਵੀ ਛਪਵਾਈਆਂ ਹਨ।

ਯੂਨੈਸਕੋ ਦੀ ਮਦਦ ਨਾਲ ਡਾ. ਕਪਾਨੀ ਦੁਆਰਾ ਸਥਾਪਿਤ ਇਸ ਸਿੱਖ ਫਾਊਂਡੇਸ਼ਨ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਵਿੱਚ ਗੁਰੂ ਹਰਿਗੋਬਿੰਦ ਸਾਿਹਬ ਜੀ ਵੱਲੋਂ ਤਿਆਰ ਕਰਵਾਈ ਮਸਜਿਦ ‘ਗੁਰੂ ਕੀ ਮਸੀਤ’ ਵੀ ਦੁਬਾਰਾ ਸੋਹਣੇ ਤਰੀਕੇ ਨਾਲ ਤਿਆਰ ਕਰਵਾਈ ਹੈ। ਇਸੇ ਸਿੱਖ ਸੰਸਥਾ ਨੇ ਅਮਰੀਕਾ ਦੀ ਸਟੈਨਫਰਡ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਸਟੱਡੀ ਪ੍ਰੋਗਰਾਮ ਦਾ ਸੰਚਾਲਨ ਵੀ ਕੀਤਾ ਹੈ। ਇੱਕ ਸਿੱਖ ਹਾਈ ਸਕੂਲ ਵੀ ਖੋਲ੍ਹਿਆ ਜਾ ਰਿਹਾ ਹੈ। ਅਮਰੀਕਾ ਤੇ ਹੋਰ ਮੁਲਕਾਂ ਵਿੱਚ ਸਿੱਖ ਭਾਈਚਾਰੇ ਦੀ ਹਾਲਤ ਕਿਵੇਂ ਹੈ, ਬਾਰੇ ਵੀ ਇਸ ਸਿੱਖ ਸੰਸਥਾ ਨੇ ਕਾਫ਼ੀ ਸੋਹਣੇ ਢੰਗ ਨਾਲ ਪੂਰੇ ਵਿਸ਼ਵ ਵਿੱਚ ਪ੍ਰਚਾਰ ਕੀਤਾ ਹੈ। ਪਿੱਛੇ ਜਿਹੇ ਹੀ ਇਸ ਸੰਸਥਾ ਨੇ ਟੋਰਾਂਟੋ ਵਿਚ ਹੋਰਨਾਂ ਸਿੱਖ ਸੰਸਥਾਵਾਂ ਨਾਲ ਮਿਲ ਕੇ ਸਿੱਖ ਫਿਲਮ ਉਤਸਵ ਦਾ ਆਗਾਜ਼ ਵੀ ਕੀਤਾ ਹੈ।

ਲੰਡਨ ਵਿੱਚ ਹੀ ਕਪਾਨੀ ਦਾ ਵਿਆਹ ਸਤਿੰਦਰ ਕੌਰ ਨਾਲ ਹੋਇਆ। ਉਨ੍ਹਾਂ ਦੇ ਬੱਚੇ ਅਮਰੀਕਾ ਵਿੱਚ ਵਧੀਆ ਨੌਕਰੀਆਂ ਕਰ ਰਹੇ ਹਨ। 4 ਦਸੰਬਰ 2020 ਨੂੰ ਵਿਸ਼ਵ ਦਾ ਇਹ ਮਹਾਨ ਸਿੱਖ ਵਿਗਿਆਨੀ ਚਲਾਣਾ ਕਰ ਗਿਆ। ਉਨ੍ਹਾਂ ਨੂੰ ਅਤੇ ਉਨ੍ਹਾਂ ਵੱਲੋਂ ਕੀਤੇ ਲੋਕ ਭਲਾਈ ਦੇ ਕੰਮਾਂ ਨੂੰ ਸਾਰੀ ਦੁਨੀਆਂ ਸਦਾ ਯਾਦ ਰੱਖੇਗੀ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਨ੍ਹਾਂ ਦੀ ਯਾਦ ਵਿੱਚ ਇੱਕ ਆਧੁਨਿਕ ਵਿਗਿਆਨਕ ਸੰਸਥਾ ਦੀ ਸਥਾਪਨਾ ਕਰੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨਰਿੰਦਰ ਸਿੰਘ ਕਪਾਨੀ ਨੂੰ ਯਾਦ ਰੱਖ ਸਕਣ।

* ਸੀਨੀ. ਸਹਾਇਕ ਪ੍ਰੋਫ਼ੈਸਰ, ਇਲੈਕਟ੍ਰਾਨਿਕਸ ਤਕਨਾਲੋਜੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਰਿਜਨਲ ਕੈਂਪਸ, ਗੁਰਦਾਸਪੁਰ।

Leave a Reply

Your email address will not be published. Required fields are marked *