ਜ਼ਿੰਦਗੀ ਦੇ ਪੈਂਡੇ…

ਰਮਾ ਬਾਰ੍ਹਵੀਂ ਕਲਾਸ ਪਾਸ ਕਰਕੇ ਪੜ੍ਹਨੋਂ ਹਟ ਗਈ ਸੀ ਕਿਉਂਕਿ ਕਾਲਜ ਦੀ ਪੜ੍ਹਾਈ ਲਈ ਮਾਪਿਆਂ ਕੋਲ ਪੈਸੇ ਦੀ ਗੁੰਜਾਇਸ਼ ਨਹੀਂ ਸੀ। ਦੋਵਾਂ ਭਰਾਵਾਂ ਤੋਂ ਵੱਡੀ ਰਮਾ ਆਪਣੇ ਮਾਪਿਆਂ ਦੀ ਮਜਬੂਰੀ ਚੰਗੀ ਤਰ੍ਹਾਂ ਸਮਝਦੀ ਸੀ। ਉਹ ਲਾਇਕ ਤੇ ਸਮਝਦਾਰ ਲੜਕੀ ਸੀ। ਆਪਣੀ ਪੜ੍ਹਾਈ ਦੌਰਾਨ ਉਸ ਨੇ ਘਰੇਲੂ ਕੰਮ ਤੇ ਸਲਾਈ ਕਢਾਈ ਆਦਿ ਸਭ ਕੁਝ ਸਿੱਖ ਲਿਆ। ਉਸ ਨੇ ਜਲਦ ਹੀ ਆਪਣੇ ਮਾਂ ਬਾਪ ਦਾ ਹੱਥ ਵਟਾਉਣ ਲਈ ਇੱਕ ਪ੍ਰਾਈਵੇਟ ਕੰਪਨੀ ’ਚ ਨੌਕਰੀ ਕਰ ਲਈ। ਥੋੜ੍ਹੀ ਜਿਹੀ ਤਨਖ਼ਾਹ ਮਿਲਣ ’ਤੇ ਵੀ ਉਹ ਸਕੂਨ ’ਚ ਰਹਿੰਦੀ ਕਿਉਂਕਿ ਉਹ ਆਪਣੇ ਮਾਂ ਬਾਪ ਦਾ ਸਹਾਰਾ ਬਣ ਗਈ ਸੀ। ਦੋਵੇਂ ਛੋਟੇ ਭਰਾ ਸਕੂਲ ਦੀ ਪੜ੍ਹਾਈ ਕਰ ਰਹੇ ਸਨ। ਉਸ ਦਾ ਬਾਪ ਵੀ ਕਿਸੇ ਦੁਕਾਨ ’ਤੇ ਮਾਮੂਲੀ ਜਿਹੀ ਨੌਕਰੀ ਕਰਦਾ ਸੀ। ਮਾਂ ਭਾਵੇਂ ਆਪਣੀ ਧੀ ਦੀਆਂ ਭਾਵਨਾਵਾਂ ਨੂੰ ਸਮਝਦੀ ਸੀ, ਪਰ ਮਜਬੂਰ ਸੀ। ਆਰਥਿਕ ਤੰਗੀ ਨੇ ਉਸ ਨੂੰ ਦਿਲ ’ਤੇ ਪੱਥਰ ਰੱਖ ਕੇ ਜਿਊਣ ਦੀ ਜਾਚ ਸਿਖਾ ਦਿੱਤੀ ਸੀ। ਛੋਟੀ ਉਮਰ ਦੀ ਧੀ ਅੱਠ ਦਸ ਘੰਟੇ ਡਿਊਟੀ ਕਰਕੇ ਥੱਕ ਜਾਂਦੀ। ਘਰ ਦਾ ਰੋਟੀ-ਟੁੱਕ ਰਮਾ ਦੀ ਮਾਂ ਆਪ ਹੀ ਕਰ ਲੈਂਦੀ। ਘਰ ਦੇ ਕੰਮ ਦਾ ਬਹੁਤਾ ਬੋਝ ਉਹ ਧੀ ’ਤੇ ਨਾ ਪਾਉਂਦੀ। ਜਵਾਨ ਧੀ ਦੇ ਹੱਥ ਪੀਲੇ ਕਰਨ ਦੀ ਚਿੰਤਾ ਦੋਵਾਂ ਜੀਆਂ ਨੂੰ ਵੱਢ ਵੱਢ ਖਾਂਦੀ।

ਸਮਾਂ ਬੀਤਦਾ ਰਿਹਾ। ਇੱਕ ਦਿਨ ਰਮਾ ਦਾ ਰਿਸ਼ਤਾ ਨੇੜਲੇ ਸ਼ਹਿਰ ਸੁਖਰਾਜ ਨਾਂ ਦੇ ਲੜਕੇ ਨਾਲ ਹੋ ਗਿਆ। ਸੁਖਰਾਜ ਦੇ ਘਰਦਿਆਂ ਮੁਤਾਬਿਕ ਮੁੰਡਾ ਨਸ਼ੇ ਪੱਤੇ ਤੋਂ ਰਹਿਤ ਸੀ ਤੇ ਦੁਕਾਨ ਚਲਾਉਂਦਾ ਸੀ।

ਛੇਤੀ ਰਮਾ ਦਾ ਵਿਆਹ ਹੋ ਗਿਆ। ਮਾਂ ਬਾਪ ਨੇ ਵੀ ਮਸਾ ਸਿਰੋਂ ਭਾਰ ਲਾਹਿਆ ਸੀ ਰਮਾ ਦਾ ਵਿਆਹ ਕਰਕੇ। ‘‘ਕੁੜੀ ਆਵਦੇ ਘਰ ਗਈ। ਮੁੰਡਿਆਂ ਦਾ ਆਪੇ ਹੁੰਦਾ ਫਿਰੂ।’’ ਰਮਾ ਦੀ ਮਾਂ ਆਪਣੇ ਪਤੀ ਨੂੰ ਇਹ ਕਹਿ ਛੱਡਦੀ।

ਸਹੁਰੇ ਘਰ ਵਿਆਹੀ ਆਈ ਰਮਾ ਅਧੂਰੀਆਂ ਸੱਧਰਾਂ ਤੇ ਚਾਵਾਂ ਦੀ ਪੂਰਤੀ ਦੇ ਸੁਪਨੇ ਵੇਖਣ ਲੱਗੀ।

ਦਿਨ ਲੰਘਦੇ ਗਏ…

ਸਭ ਕੁਝ ਠੀਕ ਠਾਕ ਚੱਲ ਰਿਹਾ ਸੀ। ਉਸ ਦਾ ਵਿਆਹ ਹੋਏ ਨੂੰ ਦੋ ਕੁ ਮਹੀਨੇ ਹੋ ਗਏ ਸਨ। ਇੱਕ ਰਾਤ ਰਮਾ ਦਾ ਪਤੀ ਸੁਖਰਾਜ ਬਾਥਰੂਮ ਗਿਆ। ਰਮਾ ਦੇ ਕਾਫ਼ੀ ਇੰਤਜ਼ਾਰ ਕਰਨ ’ਤੇ ਵੀ ਉਹ ਵਾਪਸ ਨਾ ਆਇਆ। ਰਮਾ ਥੋੜ੍ਹੀ ਬੇਚੈਨ ਜਿਹੀ ਹੋ ਗਈ। ਆਖ਼ਰ ਬਾਥਰੂਮ ਵਿਚ ਏਨਾ ਚਿਰ… ਇਹ ਸੋਚ ਕੇ ਤਰ੍ਹਾਂ ਤਰ੍ਹਾਂ ਦੇ ਖਿਆਲ ਉਸ ਦੇ ਮਨ ਵਿੱਚ ਆਉਣ ਲੱਗੇ। ਉਸ ਨੇ ਬਾਥਰੂਮ ਦਾ ਦਰਵਾਜ਼ਾ ਖੜਕਾਇਆ, ਪਰ ਕੋਈ ਆਵਾਜ਼ ਅੰਦਰੋਂ ਨਾ ਆਈ। ਉਸ ਦੀ ਬੇਚੈਨੀ ਘਬਰਾਹਟ ਵਿੱਚ ਤਬਦੀਲ ਹੋ ਗਈ। ਪਰਿਵਾਰ ਦੇ ਜੀਅ ਹੇਠਾਂ ਆਪਣੇ ਕਮਰਿਆਂ ’ਚ ਸਨ। ਉਸ ਨੇ ਬਾਥਰੂਮ ਦਾ ਦਰਵਾਜ਼ਾ ਜ਼ੋਰ ਜ਼ੋਰ ਨਾਲ ਹਿਲਾਉਣਾ ਸ਼ੁਰੂ ਕੀਤਾ। ਅਚਨਚੇਤ ਦਰਵਾਜ਼ੇ ਦੀ ਕੁੰਡੀ ਖੁੱਲ੍ਹ ਗਈ। ਆਪਣੇ ਪਤੀ ਦੀ ਹਾਲਤ ਦੇਖ ਕੇ ਰਮਾ ਦੇ ਹੋਸ਼ ਉੱਡ ਗਏ। ਸੁਖਰਾਜ ਮੂਧੇ ਮੂੰਹ ਡਿੱਗਿਆ ਪਿਆ ਤੇ ਬਾਂਹ ਵਿਚ ਨਸ਼ੇ ਦੇ ਟੀਕੇ ਵਾਲੀ ਸਰਿੰਜ ਲੱਗੀ ਹੋਈ ਸੀ। ਰਮਾ ਦੇ ਪੈਰਾਂ ਥੱਲੋਂ ਜ਼ਮੀਨ ਖਿਸਕਣ ਲੱਗੀ। ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ। ਉਸ ਦੇ ਡੈਡੀ ਦੇ ਬੋਲ ਉਸ ਨੂੰ ਯਾਦ ਆਏ ਕਿ ਲੜਕਾ ਕੋਈ ਨਸ਼ਾ ਨਹੀਂ ਕਰਦਾ। ਅਸੀਂ ਸਾਰੀ ਪੜਤਾਲ ਕਰ ਲਈ ਹੈ। ਸੋਚਿਆ, ਮੇਰੇ ਤੇ ਮੇਰੇ ਪਰਿਵਾਰ ਵਾਲਿਆਂ ਨਾਲ ਇੰਨਾ ਵੱਡਾ ਧੋਖਾ… ਉਸ ਨੇ ਹੁਸ਼ਿਆਰੀ ਨਾਲ ਦਿਮਾਗ਼ ਵਰਤਿਆ। ਆਪਣੇ ਮੋਬਾਈਲ ਨਾਲ ਸੁਖਰਾਜ ਦੀ ਵੀਡੀਓ ਬਣਾ ਲਈ ਤੇ ਬੇਹੋਸ਼ ਪਤੀ ਨੂੰ ਮੋਢੇ ਦੇ ਸਹਾਰੇ ਨਾਲ ਬੈੱਡ ’ਤੇ ਪਾਇਆ ਤੇ ਹੇਠਾਂ ਸੱਸ ਸਹੁਰੇ ਕੋਲ ਗਈ। ਉਸ ਦਾ ਗੁੱਸਾ ਫੁੱਟ ਪਿਆ। ਉੱਚੀ ਉੱਚੀ ਬੋਲਣ ਲੱਗੀ, ‘‘ਤੁਸੀਂ ਸਾਡੇ ਨਾਲ ਧੋਖਾ ਕੀਤਾ ਹੈ। ਤੁਸੀਂ ਮੇਰੇ ਪਰਿਵਾਰ ਨੂੰ ਝੂਠ ਬੋਲਿਆ ਹੈ। ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ।’’ ਉਸ ਦੇ ਬੋਲ ਸੁਣ ਕੇ ਉਸ ਦੀ ਸੱਸ ਨਾਂਹ ਨੁੱਕਰ ਕਰਨ ਲੱਗੀ ਕਿ ਇਹ ਨਹੀਂ ਹੋ ਸਕਦਾ, ਇਹਨੇ ਤਾਂ ਕਦੇ ਹੱਥ ਹੀ ਨਹੀਂ ਲਾਇਆ ਕਿਸੇ ਨਸ਼ੇ ਨੂੰ। ਰਮਾ ਨੇ ਝੱਟ ਵੀਡੀਓ ਦਿਖਾ ਦਿੱਤੀ ਤਾਂ ਸਭ ਦੀ ਬੋਲਤੀ ਬੰਦ ਹੋ ਗਈ। ਸਹੁਰੇ ਪਰਿਵਾਰ ਨੇ ਪੁੱਤ ਦਾ ਬਚਾਅ ਕਰਦਿਆਂ ਕਿਹਾ ਕਿ ਅੱਜ ਪਹਿਲੀ ਵਾਰ ਹੀ ਹੋਇਆ ਹੈ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਰਮਾ ਦਾ ਗੁੱਸਾ ਹੋਰ ਵਧ ਗਿਆ। ਉਹ ਚੁੱਪਚਾਪ ਆਪਣੇ ਕਮਰੇ ਵਿੱਚ ਆ ਕੇ ਲੇਟ ਗਈ ਤੇ ਸੁਖਰਾਜ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਰਿਹਾ।

ਮਾਪਿਆਂ ਦੀ ਮਜਬੂਰੀ ਨੇ ਰਮਾ ਨੂੰ ਬਹੁਤ ਕੁਝ ਸਿਖਾ ਦਿੱਤਾ। ਉਹ ਹਰ ਤਰ੍ਹਾਂ ਇਸ ਗੱਲ ਨੂੰ ਮਾਂ ਬਾਪ ਤੋਂ ਛੁਪਾ ਕੇ ਰੱਖਣਾ ਚਾਹੁੰਦੀ ਸੀ। ਉਸ ਨੇ ਆਪਣੇ ਮਾਪਿਆਂ ਨੂੰ ਭਿਣਕ ਤਕ ਨਹੀਂ ਸੀ ਪੈਣ ਦਿੱਤੀ। ਉਹ ਮਾਂ ਬਣਨ ਵਾਲੀ ਸੀ। ਉਹ ਹਰ ਤਰ੍ਹਾਂ ਇਸ ਵੇਲੇ ਨੂੰ ਸੰਭਾਲਣ ਦੀ ਕੋਸ਼ਿਸ਼ ਵਿੱਚ ਰਹਿੰਦੀ। ਹਰ ਵਾਰ ਉਹ ਬਨਾਉਟੀ ਜਿਹੇ ਚਿਹਰੇ ਨਾਲ ਪੇਕੇ ਜਾ ਆਉਂਦੀ, ਪਰ ਅੰਦਰੋ-ਅੰਦਰ ਧੁਖ਼ਦੀ ਰਹਿੰਦੀ। ਰਮਾ ਦੇ ਮਾਪੇ ਬੇਖ਼ਬਰ ਸਨ। ਰਮਾ ਕਦੇ ਵਕਤ ਨੂੰ ਕੋਸਦੀ, ਕਦੇ ਕਿਸਮਤ ਨੂੰ। ਉਸ ਦੀਆਂ ਸੱਧਰਾਂ ਸੁਪਨੇ ਸਭ ਖੰਭ ਲਾ ਕੇ ਉੱਡ ਗਏ। ਜ਼ਿੰਦਗੀ ਦੀ ਹਕੀਕਤ ਨੇ ਉਸ ਨੂੰ ਅੰਦਰੋਂ ਮਾਰ ਮੁਕਾਇਆ। ਉਸ ਦੇ ਚਿਹਰੇ ਦੀ ਰੌਣਕ ਪੂਰੀ ਤਰ੍ਹਾਂ ਗੁੰਮ ਹੋ ਗਈ।

ਸਮਾਂ ਬੀਤਣ ਨਾਲ ਰਮਾ ਦੇ ਘਰ ਪੁੱਤਰ ਨੇ ਜਨਮ ਲਿਆ। ਪੇਕੇ ਘਰ ਹੋਏ ਜਣੇਪੇ ਤੋਂ ਬਾਅਦ ਰਮਾ ਨੇ ਇਕ ਸ਼ਰਤ ਸਹੁਰਿਆਂ ਅੱਗੇ ਰੱਖ ਦਿੱਤੀ ਕਿ ਜਦ ਤਕ ਸੁਖਰਾਜ ਨਸ਼ਾ ਨਹੀਂ ਛੱਡਦਾ ਤਦ ਤਕ ਉਹ ਆਪਣੇ ਪੇਕੇ ਘਰ ਰਹੇਗੀ। ਭਾਵੇਂ ਰਮਾ ਲਈ ਵੀ ਇਹ ਸਮਾਂ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ, ਪਰ ਉਹ ਸੁਖਰਾਜ ਨੂੰ ਸਹੀ ਰਸਤੇ ਲਿਆਉਣਾ ਚਾਹੁੰਦੀ ਸੀ। ਆਪਣੇ ਪੁੱਤਰ ਨਾਲ ਛੋਟੀਆਂ ਛੋਟੀਆਂ ਗੱਲਾਂ ਕਰਕੇ ਜ਼ਿੰਦਗੀ ’ਚੋਂ ਖ਼ੁਸ਼ੀਆਂ ਤਲਾਸ਼ਦੀ। ਬੜੀਆਂ ਉਮੀਦਾਂ ਨਾਲ ਉਸ ਨੇ ਪੇਕੇ ਘਰ ਡੇਢ ਦੋ ਸਾਲ ਕੱਢ ਲਏ।

ਅੱਜ ਜਦੋਂ ਉਹ ਸੁਖਰਾਜ ਨਾਲ ਆਪਣੇ ਪੇਕੇ ਗਈ ਤਾਂ ਮੁਰਝਾਇਆ ਹੋਇਆ ਚਿਹਰਾ ਵੇਖ ਮਾਂ ਨੇ ਉਸ ਤੋਂ ਕਾਰਨ ਪੁੱਛਣਾ ਚਾਹਿਆ। ਬਣਾਉਟੀ ਹਾਸੇ ਨਾਲ ਉਸ ਨੇ ਮਾਂ ਨੂੰ ਟਾਲਣਾ ਚਾਹਿਆ… ਪਰ ਮਾਂ ਤਾਂ ਆਖ਼ਰ ਮਾਂ ਹੈ… ਉਸ ਨੇ ਰਮਾ ਨੂੰ ਅਲੱਗ ਕਮਰੇ ’ਚ ਬੁਲਾਇਆ ਤੇ ਪੁੱਛਿਆ, ‘‘ਸਭ ਠੀਕ ਤਾਂ ਹੈ… ਪੁੱਤ, ਸੱਚ ਸੱਚ ਦੱਸ ਦੇ ਸਹੁਰੇ ਠੀਕ ਨੇ? ਕੋਈ ਤਕਲੀਫ਼ ਤਾਂ ਨਹੀਂ!’’ ‘‘ਨਹੀਂ ਨਹੀਂ ਸਭ ਠੀਕ ਹੈ, ਕੋਈ ਗੱਲ ਨਹੀਂ। ਸਭ ਠੀਕ ਚੱਲ ਰਿਹਾ,’’ ਰਮਾ ਨੇ ਫੇਰ ਸਭ ਕੁਝ ਲੁਕੋਣਾ ਚਾਹਿਆ। ‘‘ਪੁੱਤ, ਮੇਰੇ ਸਿਰ ’ਤੇ ਹੱਥ ਰੱਖ ਕੇ ਕਹਿ ਸਭ ਕੁਝ ਠੀਕ ਹੈ,’’ ਮਾਂ ਨੇ ਫਿਰ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ। ਰਮਾ ਹੁਣ ਮਾਂ ਦੇ ਗਲ ਨਾਲ ਚਿੰਬੜ ਗਈ। ਉਸ ਅੰਦਰਲਾ ਦਰਦ ਹੰਝੂ ਬਣ ਮਾਂ ਦੇ ਮੋਢਿਆਂ ’ਤੇ ਆਣ ਡਿੱਗਿਆ। ਮਾਂ ਦੇ ਗਲ ਲੱਗ ਕੇ ਉਹਨੇ ਸਭ ਕੁਝ ਬਿਆਨ ਕਰ ਦਿੱਤਾ। ਉਸ ਨੂੰ ਆਪਣਾ ਆਪ ਹਲਕਾ ਮਹਿਸੂਸ ਹੋਣ ਲੱਗਾ ਜਿਵੇਂ ਮਾਂ ਦੀ ਬੁੱਕਲ ਨੇ ਉਸ ਦੇ ਸਾਰੇ ਦਰਦ ਛੁਪਾ ਲਏ ਹੋਣ।

ਸਮੇਂ ਨੇ ਕਰਵਟ ਲਈ ਤੇ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਲੈਣ ਲਈ ਆ ਗਿਆ। ਸੁਖਰਾਜ ਨੇ ਨਸ਼ੇ ਦੀ ਡੋਜ਼ ਘੱਟ ਜ਼ਰੂਰ ਕਰ ਦਿੱਤੀ ਸੀ, ਪਰ ਬੰਦ ਨਹੀਂ ਸੀ ਕੀਤੀ। ਉਸ ਨੇ ਰਮਾ ਨੂੰ ਸਭ ਕੁਝ ਸੱਚ ਦੱਸ ਦਿੱਤਾ ਅਤੇ ਨਸ਼ਾ ਛੱਡਣ ਦਾ ਵਾਅਦਾ ਕਰ ਉਸ ਨੂੰ ਭਰੋਸੇ ਵਿੱਚ ਲਿਆ ਤਾਂ ਉਹ ਸਹੁਰੇ ਘਰ ਆ ਗਈ। ਰਮਾ ਜ਼ਿੰਦਗੀ ਦਾ ਸੰਘਰਸ਼ ਹਾਰਨਾ ਨਹੀਂ ਸੀ ਚਾਹੁੰਦੀ। ਉਹ ਸੁਖਰਾਜ ਨੂੰ ਸਮਝਾਉਂਦੀ ਰਹਿੰਦੀ। ਸੁਖਰਾਜ ਦੀ ਸਹਿਮਤੀ ਨਾਲ ਉਸ ਨੇ ਬੁਟੀਕ ਦਾ ਕੰਮ ਸਿੱਖ ਲਿਆ ਅਤੇ ਆਪਣਾ ਕੰਮ ਕਰ ਲਿਆ। ਹੌਲੀ ਹੌਲੀ ਸੁਖਰਾਜ ਨੇ ਨਸ਼ੇ ਤੋਂ ਦੂਰੀ ਬਣਾ ਲਈ। ਰਮਾ ਦੀ ਸੂਝ ਸਿਆਣਪ ਨੇ ਜ਼ਿੰਦਗੀ ’ਚ ਨਵਾਂ ਰੰਗ ਭਰਨਾ ਸ਼ੁਰੂ ਕਰ ਦਿੱਤਾ। ਰਮਾ ਦਾ ਪੁੱਤਰ ਹੁਣ ਛੇ ਸੱਤ ਵਰ੍ਹਿਆਂ ਦਾ ਹੋ ਗਿਆ। ਆਪਣਾ ਘਰ ਵਸਾਉਣ ਦੇ ਟੀਚੇ ਨੂੰ ਉਸ ਨੇ ਸਰ ਕਰ ਲਿਆ ਸੀ। ਉਸ ਨੇ ਸਮਝ ਲਿਆ ਸੀ ਕਿ ਕਦੇ ਹੰਝੂਆਂ ਦੀ ਬਰਸਾਤ ਤੇ ਕਦੇ ਹਾਸਿਆਂ ਦੀ ਫੁਹਾਰ ਇਹੀ ਹਨ ਅਸਲੀ ਜ਼ਿੰਦਗੀ ਦੇ ਪੈਂਡੇ…। ਇਨ੍ਹਾਂ ਦੋਵਾਂ ਬਿਨਾਂ ਜ਼ਿੰਦਗੀ ਅਧੂਰੀ ਹੈ।

– ਗੁਰਜੀਤ ਕੌਰ ਮੋਗਾ

Leave a Reply

Your email address will not be published. Required fields are marked *