ਨਵੇਂ ਯੁੱਗ ਦੀ ਸਿਰਜਣਾ ਅਤੇ ਸਾਡਾ ਕਿਰਦਾਰ

ਅਜੈ ਗੜ੍ਹਦੀਵਾਲਾ
ਅੱਜਕਲ੍ਹ ਟੀਵੀ ਚੈਨਲ ਅਤੇ ਹਰ ਅਖ਼ਬਾਰ ਹਕੀਕਤ ਬਿਆਨ ਕਰਦਾ ਹੈ ਕਿ ਸਾਡੇ ਸਮਾਜ ਨੂੰ ਕਿਹੜੀ ਚੀਜ ਦੀ ਲੋੜ ਹੈ। ਕੰਦਾ ਵਾਂਗ ਮੂਕ ਹੋਏ ਲੋਕ ਜਿੰਨਾ ਚਿਰ ਕੰਨ ਹੁੰਦਿਆ ਹੋਇਆ ਵੀ ਚੀਕਾਂ ਨਹੀਂ ਸੁਣਦੇ, ਓਨਾ ਚਿਰ ਹਾਕਮ ਤਾਂ ਬਿਨਾਂ ਕੰਨਾਂ ਵਾਲੇ ਹੀ ਹੋਣਗੇ।
ਜਿੰਨਾ ਚਿਰ ਭੋਲੇ ਲੋਕ ਕਾਲਜ ਸਕੂਲ ਦੀ ਵਿੱਦਿਆ ਨਹੀਂ ਧਾਰਦੇ, ਓਨਾ ਚਿਰ ਧਾਰੇ ਹੋਏ ਗੁਰੂ, ਪੰਡਿਤ, ਮੁੱਲਾਂ ਤੇ ਫ਼ਾਦਰ ਸ਼ਰਧਾ ਦੇ ਨਾਮ ਤੇ ਪਾਪ ਪੁੰਨ, ਧਰਮ ਅਧਰਮ, ਕਰਮ ਕਾਂਡ ਦੀ ਦੁਕਾਨ ਤੇ ਲੁੱਟੇ ਜਾਂਦੇ ਰਹਿਣਗੇ।
ਕਵੀਆਂ ਦੇ ਸ਼ਬਦ ਜਿੰਨਾ ਚਿਰ ਹੀਰ, ਸੱਸੀ, ਮਿਰਜੇ, ਰਾਂਝੇ ਦੇ ਇਸ਼ਕ ਵਿੱਚ ਘੁਲੇ ਰਹਿਣਗੇ ਓਨਾ ਚਿਰ ਗੁਲਾਬ ਦਾ ਫੁੱਲ ਹੀ ਬਣਨਗੇ, ਤੇਗਾਂ ਕਦੇ ਨੀ ਹੋਣ ਲੱਗੇ। ਤੇਗਾਂ ਤੱਕ ਦਾ ਸਫ਼ਰ ਜ਼ੁਲਮ ਦੇ ਭੱਖੜਿਆਂ ਨੂੰ ਨੰਗੇ ਪੈਰੀਂ ਮਿੱਧ ਕੇ ਕਰਨਾ ਹੁੰਦਾ ਹੈ। ਪਰ ਇਹਨਾਂ ਦੇ ਪੈਰੀਂ ਤਾਂ ਮਖ਼ਮਲ ਲਪੇਟਿਆ ਹੋਇਆ ਹੈ। ਫਿਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਇੱਕ ਦਿਨ ਕਲਮਾਂ ਤੇਗਾਂ ਜਰੂਰ ਹੋਣਗੀਆਂ।
ਜਦੋਂ ਜੁਲਮ ਵਧਦਾ ਹੈ, ਜਦੋਂ ਜ਼ਾਲਿਮ ਹਰ ਹੱਦ ਪਾਰ ਕਰ ਲੈਂਦਾ ਹੈ, ਜਦੋਂ ਹਾਕਮ ਘੂਕ ਸੁੱਤਾ ਹੈ, ਜਦੋਂ ਕਿਰਤ ਬਾਗ਼ੀ ਹੋਣ ਨੂੰ ਫਿਰੇ, ਜਦੋਂ ਇੱਜਤ ਮਹਿਜ ਇੱਕ ਖਿਡੌਣਾ ਹੋਵੇ, ਜਦੋਂ ਹੱਥਾਂ ਚ ਫੜ੍ਹੀ ਦਾਤਰੀ ਘਾਹ ਨਹੀਂ ਕੁਛ ਹੋਰ ਵੱਢਣ ਲੇਈ ਵੰਗਾਰੇ, ਜਦੋਂ ਰਗਾਂ ਚ ਸੈਲਾਬ ਆਉਣ ਨੂੰ ਫਿਰੇ ਤਾਂ ਇਹ ਇਸ਼ਾਰੇ ਸਮਝ ਲੈਣੇ ਚਾਹੀਦੇ ਹਨ। ਬੀਤ ਰਿਹਾ ਯੁੱਗ ਨਵੀਂ ਸਿਰਜਣਾ ਦੀ ਮੰਗ ਕਰਦਾ ਹੈ। ਇਸਦੀ ਸਿਰਜਣਾ ਸਾਡੇ ਕਿਰਦਾਰ ਅਤੇ ਸਾਡੀ ਕੁਰਬਾਨੀ ਤੇ ਨਿਰਭਰ ਕਰਦੀ ਹੈ।
ਹੁਸ਼ਿਆਰਪੁਰ 9041527623