ਬਹਾਨੇ

ਹਰਵਿੰਦਰ ਸਿੰਘ ‘ਰੋਡੇ’
ਕਿਸੇ ਵੀ ਕੰਮ ਤੋਂ ਟਾਲ਼ਾ ਵੱਟਣ ਦੇ ਸੌ ਬਹਾਨੇ ਹੁੰਦੇ ਨੇ ਤੇ ਓਸੇ ਕੰਮ ਨੂੰ ਨੇਪਰੇ ਚਾੜ੍ਹਣ ਦੇ ਹਜ਼ਾਰ ਤਰੀਕੇ ਵੀ ਹੁੰਦੇ ਹਨ। ਨਿਰਭਰ ਸਾਡੇ ’ਤੇ ਕਰਦਾ ਹੈ, ਅਸੀਂ ਕਿਹੜਾ ਰਾਹ ਚੁਣਨਾ ਹੈ। ਝੂਠ ਦੇ ਉੱਤੇ ਸੱਚ ਦਾ ਗਿਲਾਫ਼ ਪਾਉਣ ਦੀ ਕੀਤੀ ਗਈ ਕੋਸ਼ਿਸ਼ ਨੂੰ ਬਹਾਨਾ ਕਿਹਾ ਜਾਂਦਾ ਹੈ। ਬਹਾਨਾ ਇੱਕ ਵਿਲੱਖਣ ਕਿਸਮ ਦਾ ਝੂਠ ਹੈ ਜੋ ਬਿਨਾਂ ਕਿਸੇ ਹਿਚਕਿਚਾਹਟ ਤੋਂ ਸਹਿਜੇ ਹੀ ਬੋਲਿਆ ਜਾ ਸਕਦਾ ਹੈ। ਬਹਾਨਾ ਸੁਣਨਾ ਕੋਈ ਵੀ ਪਸੰਦ ਨਹੀਂ ਕਰਦਾ, ਪਰ ਬਹਾਨੇ ਬਣਾਉਂਦੇ ਸਾਰੇ ਹੀ ਹਨ। ਬਹਾਨੇ ਕੰਮਚੋਰ ਮਨੁੱਖਾਂ ਨੇ ਇਜਾਦ ਕੀਤੇ ਤੇ ਹੌਲੀ-ਹੌਲੀ ਪੂਰੀ ਦੁਨੀਆਂ ਵਿੱਚ ਅਪਣਾਏ ਜਾਣ ਲੱਗੇ। ਬਹਾਨੇ ਦੀ ਲੋੜ ਓਥੇ ਪੈਂਦੀ ਹੈ ਜਿੱਥੇ ਅਸੀਂ ਵਕਤ ਵਿਹਾ ਚੁੱਕੇ ਹੋਈਏ। ਆਪਣਾ ਕੰਮ ਸਮੇਂ ਸਿਰ ਨਿਬੇੜਣ ਵਾਲੇ ਨੂੰ ਕਦੇ ਬਹਾਨੇ ਬਣਾਉਣ ਦੀ ਨੌਬਤ ਹੀ ਨਹੀਂ ਆਉਂਦੀ।
ਬਹਾਨੇ ਆਲਸ ਨੂੰ ਉਪਜਾਉਂਦੇ ਤੇ ਅਸਫ਼ਲਤਾ ਨੂੰ ਜਨਮ ਦਿੰਦੇ ਹਨ। ਸਕੂਲ ਵਿੱਚ ਅਧਿਆਪਕ ਕੋਲ ਕਾਪੀ ਘਰ ਭੁੱਲ ਆਉਣ ਦਾ ਬਹਾਨਾ ਲਾਉਣ ਵਾਲੇ ਵਿਦਿਆਰਥੀ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੁੰਦੇ। ਬਹਾਨਾ ਲਾਉਣ ਦਾ ਮਤਲਬ ਜਾਣ-ਬੁੱਝ ਕੇ ਅਣਜਾਣ ਬਣਨਾ ਹੁੰਦਾ ਹੈ। ਅਜਿਹੇ ਵਿਅਕਤੀ ਅਣਜਾਣ ਬਣਦੇ ਬਣਦੇ ਸੱਚਮੁੱਚ ਹੀ ਅਣਜਾਣ ਰਹਿ ਜਾਂਦੇ ਹਨ, ਕਿਉਂਜੋ ਉਨ੍ਹਾਂ ਦਾ ਬਹਾਨਿਆਂ ਨਾਲ ਕੰਮ ਚੱਲਣ ਲੱਗ ਪੈਂਦਾ ਹੈ। ਬਹਾਨਿਆਂ ਤੋਂ ਬੁਰੀਆਂ ਆਦਤਾਂ ਪੈਦਾਇਸ਼ ਹੁੰਦੀ ਹੈ। ਨੌਕਰੀ ’ਤੇ ਦੇਰ ਨਾਲ ਪਹੁੰਚਿਆ ਵਿਅਕਤੀ ਕੋਈ ਬਹਾਨਾ ਬਣਾ ਕੇ ਆਪਣਾ ਅਕਸ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਉਹਦੇ ਇਸ ਬਹਾਨੇ ’ਤੇ ਯਕੀਨ ਕਰ ਲਿਆ ਜਾਵੇ ਤਾਂ ਇਹ ਉਹਦੇ ਸੁਭਾਅ ਦਾ ਹਿੱਸਾ ਬਣ ਜਾਵੇਗਾ। ਉਸ ਤੋਂ ਚੱਲ ਕੇ ਇਹ ਆਦਤ ਬਾਕੀ ਕਰਮਚਾਰੀਆਂ ਦੇ ਸੁਭਾਅ ਵਿੱਚ ਵੀ ਜਾ ਰਲੇਗੀ ਤੇ ਇਉਂ ਪੂਰੀ ਸੰਸਥਾ ਵਿੱਚ ਤੇ ਸੰਸਥਾ ਤੋਂ ਪਿੰਡ, ਪਿੰਡ ਤੋਂ ਸੂਬੇ, ਦੇਸ਼, ਵਿਸ਼ਵ ਤੱਕ ਇਹ ਸੁਭਾਅ ਪਹੁੰਚਦਾ ਹੈ।
ਬਹਾਨਿਆਂ ਵਿੱਚ ਕੀਮਤੀ ਵਕਤ ਅਜਾਈਂ ਗੁਆਚਦਾ ਹੈ। ਜੇਕਰ ਬਹਾਨਾ ਸੁਣਨ ਵਾਲਾ ਵਿਅਕਤੀ ਦੁੱਧੋਂ-ਪਾਣੀ ਛਾਣਨ ਦੀ ਠਾਣ ਲਵੇ ਤਾਂ ਇਸ ਲਈ ਚੋਖੇ ਵਕਤ ਦੀ ਲੋੜ ਪੈਂਦੀ ਹੈ। ਇਹੀ ਕਾਰਨ ਹੈ ਕਿ ਸਾਡੀਆਂ ਅਦਾਲਤਾਂ ਦੇ ਨਿਰਣੇ ਬੜੀ ਮੁਸ਼ਕਿਲ ਨਾਲ ਹੁੰਦੇ ਹਨ। ਅਦਾਲਤਾਂ ਵਿੱਚ ਸੱਚ ਘੱਟ ਤੇ ਬਹਾਨੇ ਜ਼ਿਆਦਾ ਚਲਾਏ ਜਾਂਦੇ ਹਨ। ਵਕੀਲ ਆਪਣੇ ਗਾਹਕਾਂ ਨੂੰ ਬਹਾਨੇ ਬਣਾਉਣ ਤੇ ਬਹਾਨੇ ਪ੍ਰਗਟਾਉਣ ਦੀ ਸਿਖਲਾਈ ਦਿੰਦੇ ਹਨ। ਬਹਾਨੇ ਸਿਰਦਰਦੀ ਨੂੰ ਘਟਾਉਣ ਦੀ ਬਜਾਏ ਵਧਾਉਂਦੇ ਹਨ। ਇੱਕ ਕੰਪਨੀ ਦਾ ਮਾਲਕ ਕਦੇ ਵੀ ਸਮੇਂ ਸਿਰ ਆਪਣੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਤਨਖ਼ਾਹ ਨਹੀਂ ਸੀ ਦਿੰਦਾ। ਉਹ ਹਮੇਸ਼ਾ ਹੀ ਤਨਖ਼ਾਹ ਲੇਟ ਦੇਣ ਲਈ ਕੋਈ ਨਾ ਕੋਈ ਬਹਾਨਾ ਘੜਦਾ ਰਹਿੰਦਾ ਸੀ। ਮੁਲਾਜ਼ਮਾਂ ਦਾ ਤਨਖ਼ਾਹ ਬਿਨਾਂ ਗ਼ੁਜ਼ਾਰਾ ਨਾ ਹੁੰਦਾ ਹੋਣ ਕਰਕੇ ਉਹ ਆਪਣੇ ਮਾਲਕ ਕੋਲੋਂ ਜਲਦੀ ਤਨਖ਼ਾਹ ਕਢਵਾਉਣ ਲਈ ਕੋਈ ਬਹਾਨਾ ਸੋਚਦੇ ਰਹਿੰਦੇ ਸਨ। ਇਸੇ ਉਧੇੜ-ਬੁਣ ਦੇ ਚਲਦਿਆਂ ਉਨ੍ਹਾਂ ਦਾ ਕੰਮ ਕਰਨ ਵਾਲਾ ਕੀਮਤੀ ਵਕਤ ਅਜਾਈਂ ਚਲਾ ਜਾਂਦਾ ਸੀ। ਸਿੱਟੇ ਵਜੋਂ ਸਾਰਾ ਕੰਮ ਪਛੜਿਆ ਰਹਿੰਦਾ ਸੀ।
ਉਧਾਰ ਨਾ ਮੋੜਨ ਵਾਲੇ ਵਿਅਕਤੀਆਂ ਦੇ ਬਹਾਨਿਆਂ ਦੀ ਇੱਕ ਵੱਡੀ ਕਿਤਾਬ ਬਣ ਸਕਦੀ ਹੈ। ਕੰਪਨੀਆਂ ਵਾਲੇ ਜ਼ਿਆਦਾ ਮਾਲ ਵੇਚਣ ਦੇ ਮਕਸਦ ਨਾਲ ਕਿਸੇ ਵਸਤ ਨੂੰ ਕਿਸੇ ਹੋਰ ਵਸਤ ਨਾਲ ਮੁਫ਼ਤ ਦੇਣ ਦੀ ਆਫ਼ਰ ਪੈਦਾ ਕਰਦੇ ਹਨ। ਦਰਅਸਲ, ਇਹ ਵਸਤ ਮੁਫ਼ਤ ਨਹੀਂ ਹੁੰਦੀ ਮਹਿਜ਼ ਉਸ ਨੂੰ ਵੇਚਣ ਦਾ ਇੱਕ ਅਦ੍ਰਿਸ਼ ਬਹਾਨਾ ਹੁੰਦਾ ਹੈ। ਇਉਂ ਹੀ ਵਸਤੂਆਂ ਦੇ 99, 199, 599 ਆਦਿ ਅੰਕਿਤ ਮੁੱਲ ਵੀ ਗਾਹਕ ਨੂੰ ਆਕਰਸ਼ਿਤ ਕਰਨ ਲਈ ਤੇ ਇੱਕ ਰੁਪਿਆ ਵੱਧ ਵਸੂਲਣ ਦਾ ਬਹਾਨਾ ਹੈ (ਭਾਵੇਂ ਇਸ ਵਿਚ ਆਮਦਨ ਕਰ ਦੀ ਸਲੈਬ ਮੁੱਖ ਕਾਰਨ ਹੈ)।
ਬਹਾਨੇ ਸਾਡੇ ਊਣੇ ਹੋਣ ਦੀ ਨਿਸ਼ਾਨੀ ਹਨ। ਇਹ ਸਾਨੂੰ ਅਸਲ ਨਿਸ਼ਾਨੇ ਤੋਂ ਭਟਕਾਉਂਦੇ ਤੇ ਸਮਾਜ ਦਾ ਨੁਕਸਾਨ ਕਰਦੇ ਹਨ। ਹਰ ਕਿਸੇ ਨੂੰ ਆਪਣੇ ਕਿੱਤੇ ਅਤੇ ਆਪਣੀਆਂ ਆਦਤਾਂ ਅਨੁਸਾਰ ਬਹਾਨੇ ਬਣਾਉਣੇ ਆਉਂਦੇ ਹਨ। ਸ਼ਰਾਬੀ ਹਰ ਵਕਤ ਸ਼ਰਾਬ ਪੀਣ ਦਾ ਬਹਾਨਾ ਟੋਲਦਾ ਰਹਿੰਦਾ ਹੈ। ਸ਼ਰਾਬੀਆਂ ਦੀਆਂ ਗੱਲਾਂ ਵਿਚੋਂ ਸਹਿਜੇ ਹੀ ਇਸ ਗੱਲ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਕਿਸੇ ਸ਼ਰਾਬੀ ਨੂੰ ਵਿਆਹ ਵਿੱਚ ਸ਼ਰਾਬ ਪੀਂਦੇ ਨੂੰ ਮਿਲੋ ਤਾਂ ਉਹਦੇ ਜਵਾਬ ਹੋਣਗੇ: ‘‘ਖੁਸ਼ੀ ਦਾ ਦਿਨ ਹੈ।’’ ‘‘ਮਹਿਫ਼ਲ ਵਿੱਚ ਬੈਠਾ ਹਾਂ।’’ ‘‘ਯਾਰਾਂ ਨੇ ਪਿਆ ਦਿੱਤੀ।’’ ਜੇਕਰ ਓਸੇ ਸ਼ਰਾਬੀ ਨੂੰ ਕਦੇ ਇਕੱਲਤਾ ਵਿੱਚ ਪੀਂਦੇ ਵੇਖੋ ਤਾਂ ਉਹ ‘‘ਇਕੱਲਾਪਣ ਮਹਿਸੂਸ ਹੋ ਰਿਹਾ ਸੀ’’, ‘‘ਦਿਮਾਗ ’ਤੇ ਬੜੀ ਭਾਰੀ ਟੈਨਸ਼ਨ ਸੀ’’ ਆਦਿ ਵਾਕਾਂ ਦੀ ਵਰਤੋਂ ਕਰੇਗਾ। ਬਹਾਨੇ ਸੰਬੰਧਾਂ ਵਿੱਚ ਵਿਗਾੜ ਪੈਦਾ ਕਰਦੇ ਹਨ। ਕੁਝ ਪਤਨੀਆਂ ਬਾਜ਼ਾਰ ਜਾਣ ਲਈ ਪਤੀ ਦੀਆਂ ਲੋੜੀਂਦੀਆਂ ਚੀਜ਼ਾਂ ਦੀ ਸੂਚੀ ਨੂੰ ਬਹਾਨਾ ਬਣਾਉਂਦੀਆਂ ਹਨ। ਪਤੀ ਆਪਣੀ ਪਤਨੀ ਦੀ ਫਜ਼ੂਲ ਖਰਚੀ ਤੋਂ ਡਰਦਾ ਉਸ ਨਾਲ ਨਾ ਜਾਣ ਦਾ ਕੋਈ ਬਹਾਨਾ ਟੋਲਦਾ ਹੈ। ਨੂੰਹ ਨਾਲ ਲੜਨ ਦਾ ਬਹਾਨਾ ਭਾਲਦੀ ਸੱਸ ਆਪਣੇ ਪੁੱਤ ਨਾਲ ਵੀ ਵਿਗਾੜ ਬੈਠਦੀ ਹੈ। ਸਰਕਾਰ ਆਪਣੇ ਲੋਕਾਂ ਦਾ ਮੂੰਹ ਬੰਦ ਕਰੀ ਰੱਖਣ ਲਈ ਕੋਈ ਨਾ ਕੋਈ ਬਹਾਨਾ ਬਣਾਈ ਰੱਖਦੀ ਹੈ। ਬਹੁਤੇ ਲੀਡਰ ਆਪਣੇ ਲੰਘੇ ਕਾਰਜਕਾਲ ਲਈ ਬਹਾਨੇ ਤੇ ਆਉਣ ਵਾਲੇ ਸਮੇਂ ਲਈ ਲਾਰੇ ਸੋਚਣ ਵਿੱਚ ਮਸ਼ਰੂਫ਼ ਰਹਿੰਦੇ ਨੇ। ਕਈ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਮਹਿਜ਼ ਨਵਾਂ ਮੋਬਾਈਲ ਖਰੀਦਣ ਦਾ ਬਹਾਨਾ ਬਣ ਕੇ ਰਹਿ ਗਈ। ਨੌਜਵਾਨ ਮੁੰਡੇ ਕੁੜੀਆਂ ਇੱਕ ਦੂਜੇ ਦੇ ਨੇੜੇ ਹੋਣ ਦਾ ਬਹਾਨਾ ਲੱਭਦੇ ਰਹਿੰਦੇ ਹਨ। ‘‘ਮਿਲਣਾ ਤਾਂ ਰੱਬ ਨੂੰ ਏ ਤੇਰਾ ਪਿਆਰ ਬਹਾਨਾ ਏ’’ ਕੂਕਣ ਵਾਲਿਆਂ ਦਾ ਅਸਲ ਵਿੱਚ ‘ਪਿਆਰ’ ਨਹੀਂ ਸਗੋਂ ‘ਰੱਬ’ ਬਹਾਨਾ ਹੁੰਦਾ ਹੈ। ਅੱਜਕੱਲ੍ਹ ਪਿਆਰ ਨੂੰ ਜਿਸਮਾਨੀ ਸ਼ੋਸ਼ਣ ਦੇ ਬਹਾਨੇ ਵਜੋਂ ਵਰਤਿਆ ਜਾਣ ਲੱਗਾ ਹੈ। ਰਾਵਣ ਨੇ ਸੀਤਾ ਦਾ ਹਰਨ ਕਰਨ ਲਈ ਖ਼ੈਰ ਮੰਗਣ ਦਾ ਬਹਾਨਾ ਬਣਾਇਆ। ਰਾਂਝੇ ਦਾ ਮੱਝਾਂ ਚਾਰਨਾ ਜਾਂ ਕੰਨ ਪੜਵਾ ਕੇ ਜੋਗੀ ਬਣਨਾ ਕੋਈ ਸ਼ੌਕ ਨਹੀਂ ਸਗੋਂ ਹੀਰ ਨੂੰ ਮਿਲਣ ਦਾ ਬਹਾਨਾ ਸੀ। ਕੁਝ ਲੋਕ ਆਪਣੀ ਪ੍ਰਸਿੱਧੀ ਜਾਂ ਕਿਸੇ ਨਿੱਜੀ ਪ੍ਰਾਪਤੀ ਲਈ ਸਮਾਜ ਸੇਵਾ ਦਾ ਬਹਾਨਾ ਬਣਾ ਲੈਂਦੇ ਹਨ। ਸਮਾਜ ਸੇਵਾ ਕਰਨਾ ਇਨ੍ਹਾਂ ਲੋਕਾਂ ਦਾ ਕੋਈ ਸ਼ੌਕ ਨਹੀਂ ਹੁੰਦਾ। ਅਜਿਹੇ ਵਿਅਕਤੀ ਨਾ ਖ਼ੁਦ ਸਮਾਜ ਦਾ ਕੁਝ ਸੰਵਾਰਦੇ ਹਨ ਤੇ ਨਾ ਹੀ ਕਿਸੇ ਹੋਰ ਨੂੰ ਸੰਵਾਰਨ ਦਾ ਮੌਕਾ ਦਿੰਦੇ ਹਨ।
ਬਹਾਨੇ ਸਾਨੂੰ ਅਸਲੀਅਤ ਤੋਂ ਦੂਰ ਕਰਕੇ ਬਣਾਵਟੀ ਜ਼ਿੰਦਗੀ ਦੇ ਭਰਮ-ਜਾਲ ਵਿੱਚ ਫਸਾਈ ਰੱਖਦੇ ਨੇ। ਬਹਾਨੇ ਬਣਾਉਣ ਵਾਲਾ ਵਿਅਕਤੀ ਜ਼ਿੰਦਗੀ ਦਾ ਅਸਲ ਆਨੰਦ ਨਹੀਂ ਮਾਣ ਸਕਦਾ। ਅਜਿਹਾ ਮਨੁੱਖ ਜ਼ਿੰਦਗੀ ਨਹੀਂ ਮਾਣਦਾ ਸਗੋਂ ਜੂਨ ਭੋਗਦਾ ਹੈ। ਬਹਾਨੇ ਵਿੱਚ ਧੋਖਾ ਛੁਪਿਆ ਹੁੰਦਾ ਹੈ ਤੇ ਇਹ ਅਕਸਰ ਹੀ ਆਪਣਿਆਂ ਕੋਲ ਲਾਏ ਜਾਂਦੇ ਹਨ। ਇਉਂ ਬਹਾਨੇ ਆਪਣਿਆਂ ਨੂੰ ਹੀ ਧੋਖਾ ਦਿੰਦੇ ਹਨ। ਬਹਾਨੇ ਸਾਨੂੰ ਸ਼ਪੱਸ਼ਟਤਾਵਾਦੀ ਨਹੀਂ ਹੋਣ ਦਿੰਦੇ ਜਿਸ ਦੇ ਫਲਸਰੂਪ ਲੋਕਾਂ ਵਿੱਚ ਸਾਡੇ ਪ੍ਰਤੀ ਅਵਿਸ਼ਵਾਸ ਪੈਦਾ ਹੁੰਦਾ ਹੈ। ਬਹਾਨੇ ਦੂਜਿਆਂ ਨੂੰ ਵਰਤਣ ਦੀ ਪ੍ਰਕਿਰਿਆ ਹੈ, ਪਰ ਇਸ ਵਿੱਚ ਨੁਕਸਾਨ ਸਾਡਾ ਆਪਣਾ ਹੁੰਦਾ ਹੈ। ਬਹਾਨੇ ਸਾਡੀ ਸਿਰਜਣਾਤਮਿਕ ਊਰਜਾ ਨੂੰ ਨਸ਼ਟ ਕਰਦੇ ਹਨ। ਬਹਾਨਿਆਂ ਤੋਂ ਬਿਨਾਂ ਜ਼ਿੰਦਗੀ ਜਿਉਣੀ ਸਿੱਖੋ। ਅਜਿਹੀ ਜ਼ਿੰਦਗੀ ਦਾ ਸੁਆਦ ਹੀ ਵੱਖਰਾ ਹੈ। ਬੱਚਿਆਂ ਨੂੰ ਬਹਾਨੇ ਬਣਾਉਣ ਤੋਂ ਨਾ ਰੋੋਕੋ ਸਗੋਂ ਆਪ ਬਹਾਨੇ ਬਣਾਉਣੇ ਬੰਦ ਕਰ ਦੇਵੋ, ਬੱਚੇ ਆਪੇ ਸਿੱਖ ਜਾਣਗੇ। ਹਾਂ ਕਹਿਣ ਵੇਲੇ ਹਾਂ ਤੇ ਨਾਂਹ ਕਹਿਣ ਵੇਲੇ ਨਾਂਹ ਕਹੋਗੇ ਤਾਂ ਲੋਕ ਤੁਹਾਡੀ ਸ਼ਖ਼ਸੀਅਤ ਦਾ ਲੋਹਾ ਮੰਨਣ ਲੱਗ ਜਾਣਗੇ।