ਵੀ ਆਰ ਈਡੀਅਟਸ

ਰੋਚਿਕਾ ਅਰੁਣ ਸ਼ਰਮਾ

‘‘ਪਾਪਾ, ਤੁਸੀਂ ਮੈਨੂੰ ਬੱਸ ਸਟੈਂਡ ’ਤੇ ਛੱਡ ਦਿਓ ਪਲੀਜ਼!’’ ਰੋਹਨ ਨੇ ਆਪਣੇ ਜੁੱਤਿਆਂ ਦੇ ਫੀਤੇ ਬੰਨ੍ਹੇ ਅਤੇ ਲਿਫ਼ਟ ਕੋਲ ਖੜ੍ਹ ਗਿਆ।

‘‘ਓ ਬਈ, ਤੂੰ ਏਥੇ ਕਿਵੇਂ? ਕਾਲਜ ਛੁੱਟੀਆਂ ਨੇ?’’ ਗੁਆਂਢੀ ਮਿਸਟਰ ਜੋਸ਼ੀ ਨੇ ਪੁੱਛਿਆ।

‘‘ਜੀ ਨਹੀਂ, ਅੰਕਲ! ਮੈਂ ਇਸੇ ਸ਼ਹਿਰ ਦੇ ਕਾਲਜ ਵਿੱਚ ਦਾਖ਼ਲਾ ਲੈ ਲਿਆ ਹੈ।’’ ਰੋਹਨ ਨੇ ਮੁਸਕਰਾ ਕੇ ਕਿਹਾ।

‘‘ਏਥੇ ਕਿਉਂ? ਤੂੰ ਤਾਂ ਹੋਰ ਸ਼ਹਿਰ ਦੇ ਪ੍ਰਸਿੱਧ ਇੰਜੀਨੀਅਰਿੰਗ ਕਾਲਜ ਵਿੱਚ ਪੜ੍ਹ ਰਿਹਾ ਸੀ! ਓਥੋਂ ਏਥੇ ਕਿਵੇਂ?’’

ਰੋਹਨ ਉਨ੍ਹਾਂ ਦੀ ਗੱਲ ਦਾ ਜਵਾਬ ਦਿੱਤੇ ਬਿਨਾਂ ਹੀ ਲਿਫਟ ਵਿੱਚ ਚਲਾ ਗਿਆ।

ਅਗਲੀ ਹੀ ਸ਼ਾਮ ਨੂੰ ਜਦੋਂ ਰੋਹਨ ਦੀ ਮਾਂ ਆਪਣੇ ਦਫ਼ਤਰੋਂ ਮੁੜੀ, ਗੁਆਂਢਣ ਨੇ ਵਿਅੰਗ ਕੱਸਦਿਆਂ ਪੁੱਛ ਲਿਆ, ‘‘ਕੀ ਗੱਲ ਰੰਜਨਾ, ਬੇਟੇ ਦਾ ਕਾਲਜ ਬਦਲ ਲਿਆ?’’

‘‘ਹੂੰਅ… ਇਹਨੂੰ ਤਾਂ ਫੋਟੋਗ੍ਰਾਫੀ ਦਾ ਸ਼ੌਕ ਹੈ ਤੇ ਪਹੁੰਚ ਗਿਆ ਇੰਜੀਨੀਅਰਿੰਗ ਕਾਲਜ ਵਿੱਚ। ਸੋ ਵਾਪਸ ਤਾਂ ਆਉਣਾ ਹੀ ਸੀ।’’

‘‘ਓ, ਤਾਂ ਇਹ ਗੱਲ ਹੈ! ਮੀਨਜ਼ ਹੀ ਇਜ਼ ਵਨ ਆਫ ਦਿ ਥ੍ਰੀ ਈਡੀਅਟਸ!’’

ਹੁਣ ਇਹ ਤਾਅਨੇ ਅਤੇ ਵਿਅੰਗ ਰੰਜਨਾ ਅਤੇ ਉਸ ਦੇ ਪਤੀ ਦੇ ਜੀਵਨ ਦਾ ਰੋਜ਼ਾਨਾ ਦਾ ਹਿੱਸਾ ਬਣ ਗਏ ਸਨ। ਅੱਜ ਤਾਂ ਹੱਦ ਹੀ ਹੋ ਗਈ, ਜਦੋਂ ਰੋਹਨ ਆਪਣੇ ਅਪਾਰਟਮੈਂਟ ਦੇ ਬਾਹਰ ਬਗੀਚੇ ਵਿਚ ਟਾਹਣੀਆਂ ’ਤੇ ਬੈਠੇ ਪੰਛੀਆਂ ਦੀ ਫੋਟੋ ਲੈ ਰਿਹਾ ਸੀ ਤਾਂ ਉੱਥੋਂ ਦੀ ਇੱਕ ਨਿਵਾਸੀ ਨੇ ਛੇੜਦਿਆਂ ਕਿਹਾ, ‘‘ਫੋਟੋਗ੍ਰਾਫਰ ਸਾਹਿਬ! ਪਹਿਲਾਂ ਆਪਣੇ ਵਾਲ ਤਾਂ ਸੋਹਣੀ ਤਰ੍ਹਾਂ ਕਟਵਾ ਲੈਂਦੇ! ਵਾਲ ਵੇਖੇ ਨੇ ਆਪਣੇ, ਬਟੇਰ ਦੇ ਖੰਭਾਂ ਵਰਗੇ! ਜੀਅ ਕਰਦਾ ਹੈ, ਇਕ ਰਬੜ ਬੈਂਡ ਲੈ ਕੇ ਗੁੱਤ ਕਰ ਦਿਆਂ।’’

ਉਦੋਂ ਹੀ ਹੋਰ ਔਰਤ ਬੋਲੀ, ‘‘ਜੇ ਫੋਟੋਗ੍ਰਾਫਰ ਹੀ ਬਣਨਾ ਸੀ ਤਾਂ ਬਾਰ੍ਹਵੀਂ ਵਿੱਚ ਦਿਨ-ਰਾਤ ਸਖ਼ਤ ਮਿਹਨਤ ਕਰ ਕੇ ਇੰਨੇ ਚੰਗੇ ਨੰਬਰ ਲੈਣ ਦੀ ਕੀ ਲੋੜ ਸੀ? ਸੋ ਸਿਲੀ!’’

ਰੰਜਨਾ ਕਈ ਵਾਰੀ ਸੋਚਦੀ- ਸਭ ਉਸੇ ਦੀ ਹੀ ਗ਼ਲਤੀ ਹੈ। ਜੇ ਉਹ ਨੌਕਰੀ ਨਾ ਕਰਦੀ ਤੇ ਆਪਣੇ ਬੇਟੇ ਦੀ ਪਾਲਣਾ-ਪੋਸ਼ਣਾ ’ਤੇ ਬਚਪਨ ਤੋਂ ਹੀ ਧਿਆਨ ਦਿੰਦੀ ਤਾਂ ਸ਼ਾਇਦ ਅੱਜ ਉਹ ਆਪਣੀ ਪੜ੍ਹਾਈ ’ਤੇ ਧਿਆਨ ਦਿੰਦਾ। ਜਿਹਨੂੰ ਉਹ ਸ਼ੌਕ ਸਮਝ ਰਹੀ ਸੀ, ਉਹਨੂੰ ਉਹ ਆਪਣਾ ਕਰੀਅਰ ਬਣਾ ਲਵੇਗਾ- ਅਜਿਹਾ ਤਾਂ ਉਹਨੇ ਸੋਚਿਆ ਵੀ ਨਹੀਂ ਸੀ। ਆਪਣੇ ਆਪ ਨੂੰ ਹੀ ਦੋਸ਼ੀ ਮੰਨ ਕੇ ਕੋਸਦੀ ਕਿ ਜਦੋਂ ਉਹ ਇੰਜੀਨੀਅਰਿੰਗ ਕਰਨ ਚਲਾ ਹੀ ਗਿਆ ਸੀ ਤਾਂ ਉਹਨੂੰ ਮਹਿੰਗਾ ਕੈਮਰਾ ਲੈ ਕੇ ਦੇਣ ਦੀ ਕੀ ਲੋੜ ਸੀ! ਸ਼ੌਕ ਆਪਣੀ ਹੱਦ ਵਿੱਚ ਹੀ ਰਹਿੰਦਾ ਤਾਂ ਜ਼ਿਆਦਾ ਠੀਕ ਸੀ।

‘‘ਕਿੰਨਾ ਸੋਚਦੇ ਹੋ ਤੁਸੀਂ ਦੀਦੀ!’’ ਉਹਦੀ ਛੋਟੀ ਭੈਣ ਫੋਨ ’ਤੇ ਕਹਿ ਰਹੀ ਸੀ, ‘‘ਦੀਦੀ, ਕਈ ਵਾਰੀ ਬੱਚੇ ਫੇਲ੍ਹ ਵੀ ਤਾਂ ਹੋ ਜਾਂਦੇ ਨੇ, ਤਾਂ ਕੀ ਜ਼ਿੰਦਗੀ ਉੱਥੇ ਹੀ ਮੁੱਕ ਜਾਂਦੀ ਹੈ? ਇਕ ਹੀ ਤਾਂ ਬੇਟਾ ਹੈ ਤੁਹਾਡਾ!’’

‘‘ਇਸੇ ਲਈ ਤਾਂ ਚਿੰਤਾ ਹੈ! ਇਕਲੌਤਾ ਬੇਟਾ ਵੀ ਜੇ ਕੁਝ ਨਾ ਕਰ ਸਕੇ ਤਾਂ ਮਾਤਾ-ਪਿਤਾ ਦਾ ਜੀਵਨ ਤਾਂ ਫਜ਼ੂਲ ਹੈ ਨਾ!’’ ‘‘ਪਰ ਇਹੋ ਸੋਚ ਤਾਂ ਸਾਨੂੰ ਸਾਡੇ ਬੱਚਿਆਂ ਨੂੰ ਕੁਝ ਕਰਨ ਤੋਂ ਰੋਕਦੀ ਹੈ। ਅਸੀਂ ਇਸ ਤਰ੍ਹਾਂ ਕਿਉਂ ਨਾ ਸੋਚੀਏ ਕਿ ਇਨ੍ਹਾਂ ਨੂੰ ਇੱਕ ਵਾਰੀ ਜੋ ਕਰਨਾ ਚਾਹੁਣ, ਕਰਨ ਦੇਈਏ। ਇਨ੍ਹਾਂ ਦੀਆਂ ਵੀ ਤਾਂ ਇੱਛਾਵਾਂ ਹੁੰਦੀਆਂ ਨੇ! ਜਿਨ੍ਹਾਂ ਨੂੰ ਅਸੀਂ ਆਪਣੀਆਂ ਇੱਛਾਵਾਂ ਹੇਠਾਂ ਕੁਚਲ ਦਿੰਦੇ ਹਾਂ। ਜਿਸ ਕੰਮ ਨੂੰ ਉਹ ਮਨ ਲਾ ਕੇ ਕਰਨਗੇ, ਉਸ ਖੇਤਰ ਵਿੱਚ ਜ਼ਰੂਰ ਕਾਮਯਾਬੀ ਹਾਸਲ ਕਰਨਗੇ।’’

‘‘ਪਰ ਇਹ ਇਹਦੇ ਕਰੀਅਰ ਦਾ ਸੁਆਲ ਹੈ! ਕਿਵੇਂ ਇਹਨੂੰ ਮਨਮਰਜ਼ੀ ਕਰਨ ਦੇਈਏ! ਆਖ਼ਰ ਆਪਣੀ ਜ਼ਿੰਦਗੀ ਦੇ ਸੁਨਹਿਰੀ ਵਰ੍ਹੇ ਗੁਆ ਰਿਹਾ ਹੈ।’’

‘‘ਦੀਦੀ, ਮੈਂ ਮੰਨਦੀ ਹਾਂ, ਤੁਹਾਡੀ ਗੱਲ ਸੋ ਫ਼ੀਸਦੀ ਠੀਕ ਹੈ। ਪਰ ਹਰ ਖੇਤਰ ਵਿੱਚ ਕੰਮ ਦੇ ਜਾਣਕਾਰਾਂ ਦੀ ਲੋੜ ਹੈ। ਅਸੀਂ ਸਿਰਫ਼ ਡਾਕਟਰ, ਇੰਜੀਨੀਅਰ, ਵਕੀਲ, ਸੀਏ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਾਂ ਜਿਸ ਕਾਰਨ ਇੱਕ ਡਿਗਰੀ ਲੈ ਕੇ ਸਾਡੇ ਕਿੰਨੇ ਨੌਜਵਾਨ ਥਾਂ-ਥਾਂ ਧੱਕੇ ਖਾਂਦੇ ਨਜ਼ਰ ਆ ਰਹੇ ਹਨ। ਪਰ ਅਸੀਂ ਆਪ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਕੁਝ ਸਫ਼ਲ ਲੋਕਾਂ ਨੂੰ ਧਿਆਨ ਵਿੱਚ ਰੱਖਦੇ ਹਾਂ ਅਤੇ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਉਨ੍ਹਾਂ ਸਫ਼ਲ ਲੋਕਾਂ ਵਰਗੇ ਮਹਾਨ ਬਣਨ ਅਤੇ ਉਹਦੇ ਲਈ ਅਸੀਂ ਉਨ੍ਹਾਂ ਦੇ ਜ਼ਿੰਦਗੀ ਭਰ ਦੇ ਸੁਪਨਿਆਂ ਨੂੰ ਚਕਨਾਚੂਰ ਕਰ ਦਿੰਦੇ ਹਾਂ।’’

‘‘ਤੇਰੀ ਗੱਲ ਤਾਂ ਠੀਕ ਹੈ। ਪਰ ਜਿਸ ਉੱਤੇ ਇਹ ਬੀਤਦੀ ਹੈ ਉਹੀ ਇਸ ਪੀੜ ਨੂੰ ਸਮਝ ਸਕਦਾ ਹੈ।’’

‘‘ਮੈਂ ਤੁਹਾਡੇ ਦਰਦ ਤੋਂ ਵਾਕਿਫ਼ ਹਾਂ ਦੀਦੀ! ਪਰ ਆਪਣੇ ਬੱਚਿਆਂ ਲਈ ਸਭ ਕੁਝ ਸਹਿਣਾ ਵੀ ਤਾਂ ਪੈਂਦਾ ਹੈ। ਆਖ਼ਰ ਮਾਂ-ਪਿਓ ਕਿਸ ਲਈ ਹੁੰਦੇ ਨੇ ਫੇਰ! ਕਈ ਵਾਰੀ ਬੱਚੇ ਇੱਕ ਖੇਤਰ ਵਿੱਚ ਅਸਫ਼ਲ ਹੋ ਜਾਂਦੇ ਹਨ ਅਤੇ ਜੇ ਉਨ੍ਹਾਂ ਨੂੰ ਦੂਜਾ ਮੌਕਾ ਦਿੱਤਾ ਜਾਵੇ ਤਾਂ ਉਹ ਦੂਜੇ ਖੇਤਰ ਵਿਚ ਬੜਾ ਵਧੀਆ ਕੰਮ ਕਰ ਜਾਂਦੇ ਹਨ। ਥਿੰਕ ਪਾਜ਼ਿਟਿਵ ਦੀਦੀ!’’

ਰੰਜਨਾ ਦਾ ਚਿਹਰਾ ਅਕਸਰ ਲਟਕਿਆ ਹੀ ਰਹਿੰਦਾ। ਹੋਰ ਤਾਂ ਹੋਰ, ਹੁਣ ਤਾਂ ਉਹ ਗੁਆਂਢੀਆਂ ਤੋਂ ਵੀ ਨਜ਼ਰਾਂ ਚੁਰਾਉਣ ਲੱਗ ਪਈ ਸੀ। ਉਹਨੂੰ ਲੱਗਦਾ ਕਿਤੇ ਕੋਈ ਉਹਦੇ ਬੇਟੇ ਬਾਰੇ ਸਵਾਲ ਨਾ ਪੁੱਛ ਲਵੇ।

‘‘ਪਤਾ ਨਹੀਂ ਲੋਕਾਂ ਨੂੰ ਦੂਜਿਆਂ ਦੇ ਕੰਮਾਂ ਵਿੱਚ ਟੰਗ ਅੜਾਉਣ ਦੀ ਆਦਤ ਕਿਉਂ ਪਈ ਹੈ? ਜੀਅ ਕਰਦਾ ਹੈ ਇੱਕ ਜੜ ਦਿਆਂ, ਜਦੋਂ ਕੋਈ ਮੈਨੂੰ ਮੇਰੇ ਰਹਿਣ-ਸਹਿਣ ਲਈ ਟੋਕਾ-ਟਾਕੀ ਕਰੇ! ਮੇਰੀ ਮਰਜ਼ੀ, ਮੈਂ ਚਾਹੇ ਸਲੀਪਰ ਪਾ ਕੇ ਬਾਹਰ ਜਾਵਾਂ, ਜਾਂ ਫਿਰ ਬਰੈਂਡਡ ਬੂਟ। ਉਸ ਤੋਂ ਕਿਸੇ ਨੇ ਕੀ ਲੈਣਾ ਦੇਣਾ!’’ ਰੋਹਨ ਬੁੜਬੁੜਾ ਰਿਹਾ ਸੀ।

‘‘ਹਾਂ ਬੇਟੇ, ਸਮਾਜ ਅਨੁਸਾਰ ਸਾਨੂੰ ਆਪਣਾ ਰਹਿਣ-ਸਹਿਣ ਤਾਂ ਰੱਖਣਾ ਪਵੇਗਾ ਨਾ!’’ ਰੰਜਨਾ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ।

‘‘ਹਾਂ, ਅਤੇ ਇਹ ਸਮਾਜ ਦੇ ਅਨੁਸਾਰ ਰਹਿਣ-ਸਹਿਣ ਬਣਾਇਆ ਕਿਸ ਨੇ?’’ ਰੋਹਨ ਬਹਿਸ ਕਰਨ ਲੱਗਿਆ ਸੀ ਅਤੇ ਉਹਦੇ ਨਵੀਂ ਪੀੜ੍ਹੀ ਦੇ ਸੁਆਲਾਂ ਦੇ ਜੁਆਬ ਰੰਜਨਾ ਕੋਲ ਨਹੀਂ ਸਨ।

‘‘ਚੰਗਾ ਹੁਣ ਬਹਿਸ ਬੰਦ ਕਰ। ਆ ਜਾ, ਖਾਣਾ ਖਾ ਲੈਂਦੇ ਹਾਂ। ਆਪਾਂ ਕਿਸੇ ਦਾ ਮੂੰਹ ਤਾਂ ਬੰਦ ਨਹੀਂ ਕਰ ਸਕਦੇ ਨਾ! ਤੂੰ ਮੇਰਾ ਬੇਟਾ ਹੈਂ ਅਤੇ ਸਾਨੂੰ ਸਭ ਤੋਂ ਪਿਆਰਾ ਹੈਂ। ਮੈਂ ਤਾਂ ਬਸ ਇਹੋ ਜਾਣਦੀ ਹਾਂ।’’ ਰੰਜਨਾ ਨੇ ਉਹਦਾ ਹੱਥ ਫੜਦਿਆਂ ਕਿਹਾ।

ਰੋਹਨ ਆਪਣੀ ਫੋਟੋਗ੍ਰਾਫੀ ਦੇ ਖੇਤਰ ਵਿੱਚ ਅੱਗੇ ਵਧ ਰਿਹਾ ਸੀ। ਹਰ ਰੋਜ਼ ਉਹਦੀਆਂ ਖਿੱਚੀਆਂ ਤਸਵੀਰਾਂ ਪ੍ਰਦਰਸ਼ਨੀਆਂ ਵਿੱਚ ਸ਼ਾਮਲ ਹੋ ਰਹੀਆਂ ਸਨ। ਉਹਦੀ ਆਪਣੀ ਪਛਾਣ ਵੀ ਬਣਨ ਲੱਗ ਪਈ ਸੀ। ਇੰਜੀਨੀਅਰਿੰਗ ਕਾਲਜ ਤਾਂ ਉਹ ਜਾ ਹੀ ਰਿਹਾ ਸੀ। ਜਦੋਂ ਕਲਾਸ ਹੁੰਦੀ, ਉੱਥੇ ਜੀਅ ਲਾ ਕੇ ਪੜ੍ਹ ਲੈਂਦਾ ਤਾਂ ਕਿ ਘਰੇ ਆ ਕੇ ਪੜ੍ਹਾਈ ਵਿੱਚ ਵਧੇਰੇ ਧਿਆਨ ਨਾ ਦੇਣਾ ਪਵੇ।

‘‘ਤੁਸੀਂ ਐਵੇਂ ਹੀ ਪ੍ਰੇਸ਼ਾਨ ਹੁੰਦੇ ਹੋ ਦੀਦੀ, ਤੁਹਾਡਾ ਬੇਟਾ ਤਾਂ ਜੀਨੀਅਸ ਹੈ! ਵੇਖੋ ਇੰਜੀਨੀਅਰਿੰਗ ਦੇ ਨਾਲ-ਨਾਲ ਫੋਟੋਗ੍ਰਾਫੀ ਵੀ ਕਰ ਰਿਹਾ ਹੈ। ਕਿਤੇ ਵੀ ਪਿੱਛੇ ਨਹੀਂ।’’

ਰੰਜਨਾ ਨੇ ਇਹ ਗੱਲ ਰੋਹਨ ਨੂੰ ਦੱਸੀ ਤਾਂ ਉਹਦਾ ਚਿਹਰਾ ਖ਼ੁਸ਼ੀ ਨਾਲ ਖਿੜ ਗਿਆ। ਉਸ ਦਾ ਸਵੈ-ਵਿਸ਼ਵਾਸ ਵਧ ਗਿਆ ਸੀ। ਅੱਜ ਉਹ ਪੂਰੇ ਉਤਸ਼ਾਹ ਨਾਲ ਮਾਂ ਨਾਲ ਗੱਲਾਂ ਕਰ ਰਿਹਾ ਸੀ, ‘‘ਮੰਮਾ, ਤੁਹਾਨੂੰ ਪਤਾ ਨਹੀਂ, ਫੋਟੋਗ੍ਰਾਫੀ ਵਿੱਚ ਵੀ ਵੱਖ-ਵੱਖ ਫੀਲਡ ਹੁੰਦੇ ਨੇ। ਜਿਵੇਂ ਪੀਜੀ ਕੋਰਸ ਆਫ਼ ਫੋਟੋਗ੍ਰਾਫੀ, ਪ੍ਰੋਡਕਟ ਫੋਟੋਗ੍ਰਾਫੀ ਵਿੱਚ ਗ੍ਰੈਜੂਏਸ਼ਨ, ਈਵੈਂਟ ਮੈਨੇਜਮੈਂਟ, ਵਾਈਲਡ-ਲਾਈਫ਼ ਫੋਟੋਗ੍ਰਾਫੀ, ਸਿਨੇਮੈਟੋਗ੍ਰਾਫ਼ੀ, ਵੈਡਿੰਗ ਸ਼ੂਟ ਆਦਿ। ਪਰ ਸਾਰਿਆਂ ਨੂੰ ਤਾਂ ਇਨ੍ਹਾਂ ਬਾਰੇ ਜਾਣਕਾਰੀ ਨਹੀਂ ਹੈ ਨਾ! ਲੋਕ ਕੁਝ ਨਵਾਂ ਸੋਚਣਾ ਹੀ ਨਹੀਂ ਚਾਹੁੰਦੇ ਅਤੇ ਨਾ ਹੀ ਦੂਜਿਆਂ ਨੂੰ ਕਰਨ ਦਿੰਦੇ ਹਨ। ਬਸ ਇੱਕ ਨੌਕਰੀ ਕਰੋ ਜਿਸ ਨਾਲ ਤੁਹਾਡਾ ਮਹੀਨੇ ਦਾ ਖ਼ਰਚ ਚਲਦਾ ਰਹੇ। ਅਤੇ ਉਸ ਨੌਕਰੀ ਵਿੱਚ ਸਾਰੀ ਜ਼ਿੰਦਗੀ ਅਸੀਂ ਦੂਜਿਆਂ ਲਈ ਕੰਮ ਕਰਦੇ ਰਹੀਏ। ਅਸੀਂ ਸਿਰਫ਼ ਨੌਕਰੀ ਤਕ ਹੀ ਕਿਉਂ ਸੀਮਤ ਰਹੀਏ? ਆਪਣਾ ਕਾਰੋਬਾਰ ਵੀ ਤਾਂ ਸ਼ੁਰੂ ਕਰ ਸਕਦੇ ਹਾਂ ਅਤੇ ਪੜ੍ਹਾਈ ਤਾਂ ਪੜ੍ਹਾਈ ਹੈ, ਚਾਹੇ ਕਿਸੇ ਵੀ ਖੇਤਰ ਵਿਚ ਹੋਵੇ। ਅਸੀਂ ਕਿਉਂ ਸਿਰਫ਼ ਇੰਜੀਨੀਅਰ ਅਤੇ ਡਾਕਟਰ ਦੀ ਭੇਡਚਾਲ ਵਿਚ ਚਲੀਏ? ਜੇ ਸਾਰੇ ਇੰਜੀਨੀਅਰ ਅਤੇ ਡਾਕਟਰ ਬਣ ਗਏ ਤਾਂ ਉਨ੍ਹਾਂ ਨੂੰ ਕਿੱਥੇ ਨੌਕਰੀਆਂ ਮਿਲਣ ਵਾਲੀਆਂ ਹਨ? ਪੜ੍ਹ-ਲਿਖ ਕੇ ਉਨ੍ਹਾਂ ਨੂੰ ਵੀ ਤਾਂ ਆਪਣਾ ਕਾਰੋਬਾਰ ਸ਼ੁਰੂ ਕਰਨਾ ਪਵੇਗਾ ਅਤੇ ਜਾਂ ਫਿਰ ਬੇਰੁਜ਼ਗਾਰ ਘੁੰਮਦੇ ਰਹਿਣਗੇ। ਜਾਂ ਹੋ ਸਕਦੈ, ਘੱਟ ਤਨਖ਼ਾਹ ਵਿੱਚ ਆਪਣਾ ਘਰ ਚਲਾਉਣ ਯੋਗ ਨੌਕਰੀ ਕਰ ਲੈਣ। ਦੁਨੀਆਂ ਤਾਂ ਡਿਮਾਂਡ ਤੇ ਸਪਲਾਈ ’ਤੇ ਚੱਲਦੀ ਹੈ। ਕੀ ਫੋਟੋਗ੍ਰਾਫਰ ਦੀ ਡਿਮਾਂਡ ਨਹੀਂ ਹੈ ਸੋਸਾਇਟੀ ਵਿਚ?’’

ਰੰਜਨਾ ਨੂੰ ਸਮਝ ਆ ਗਿਆ ਕਿ ਆਪਣੇ ਬਾਰੇ ਪਾਜ਼ਿਟਿਵ ਸੁਣ ਕੇ ਉਹ ਕਿੰਨਾ ਖ਼ੁਸ਼ ਹੋ ਗਿਆ ਹੈ ਅਤੇ ਉਹਨੂੰ ਆਪਣੇ ਕੰਮ ਬਾਰੇ ਕਿੰਨੀ ਜਾਣਕਾਰੀ ਹੈ ਅਤੇ ਉਹਦੇ ਲਈ ਫੋਕਸਡ ਵੀ ਹੈ! ਜਦੋਂਕਿ ਆਂਢ-ਗੁਆਂਢ ਦੀਆਂ ਨਕਾਰਾਤਮਕ ਗੱਲਾਂ ਸੁਣ ਕੇ ਉਹ ਕਿੰਨਾ ਅਪਸੈੱਟ ਹੋ ਜਾਂਦਾ ਹੈ!

ਅਗਲੇ ਦਿਨ ਜਦੋਂ ਉਹ ਦਫ਼ਤਰ ਲਈ ਤਿਆਰ ਹੋਈ, ਰੋਹਨ ਦੀ ਆਵਾਜ਼ ਆਈ, ‘‘ਮੰਮਾ, ਮੈਨੂੰ ਬੱਸ ਸਟੈਂਡ ਤਕ ਛੱਡ ਦੇਣਾ ਪਲੀਜ਼! ਅੱਜ ਮੈਂ ਲੇਟ ਹਾਂ। ਰਾਤੀਂ ਦੇਰ ਤਕ ਕੰਮ ਕਰਦਾ ਰਿਹਾ।’’

‘‘ਹਾਂ ਹਾਂ, ਕਿਉਂ ਨਹੀਂ! ਮੈਂ ਤੇਰੀ ਉਡੀਕ ਕਰਦੀ ਹਾਂ। ਛੇਤੀ ਆ ਜਾ।’’

ਜਿਉਂ ਹੀ ਉਹ ਆਪਣੀ ਕਾਰ ਤੱਕ ਪਹੁੰਚਿਆ, ਨਾਲ ਦੇ ਫਲੈਟ ਵਾਲ਼ੇ ਅੰਕਲ ਆ ਗਏ, ‘‘ਹੋਰ ਬਈ ਫੋਟੋਗ੍ਰਾਫਰ, ਕਿੱਥੋਂ ਤੱਕ ਪਹੁੰਚਿਆ ਤੇਰਾ ਕੰਮ! ਵਾਹ ਬੇਟਾ, ਇੰਨੇ ਚੰਗੇ ਕਾਲਜ ਦੀ ਇੰਜੀਨੀਅਰਿੰਗ ਛੱਡ ਕੇ ਇੱਥੇ ਜੰਗਲਾਂ ਵਿੱਚ ਜਾ ਕੇ ਫੋਟੋਗ੍ਰਾਫ਼ੀ ਕਰਦਾ ਹੈਂ। ਆਪਣੀ ਸ਼ਕਲ ਵੇਖ, ਕਿੰਨਾ ਹੈਂਡਸਮ ਹੈਂ ਤੂੰ! ਅਤੇ ਆਪਣੀ ਜ਼ਿੰਦਗੀ ਉਨ੍ਹਾਂ ਜੰਗਲੀ ਜਾਨਵਰਾਂ ਦੀ ਫੋਟੋ ਖਿੱਚਣ ਵਿੱਚ ਬਰਬਾਦ ਕਰ ਰਿਹਾ ਹੈਂ!’’

‘‘ਅੰਕਲ, ਤੁਸੀਂ ਇੰਨੇ ਵਰ੍ਹਿਆਂ ਤੋਂ ਇਕ ਹੀ ਥਾਂ ਨੌਕਰੀ ਕਰ ਰਹੇ ਹੋ। ਕੀ ਤੁਸੀਂ ਇਸ ਨੌਕਰੀ ਤੋਂ ਖ਼ੁਸ਼ ਹੋ?’’

‘‘ਬੇਟਾ, ਸਾਡੇ ਜ਼ਮਾਨੇ ਵਿੱਚ ਕਿੱਥੇ ਇੰਨੀਆਂ ਸਹੂਲਤਾਂ ਅਤੇ ਨੌਕਰੀਆਂ ਸਨ! ਇੱਕ ਵਾਰੀ ਜਿੱਥੇ ਲੱਗ ਗਏ ਤਾਂ ਬਸ ਜੰਮ ਗਏ! ਅਠਾਰਾਂ ਸਾਲ ਵਿੱਚ ਤਾਂ ਸ਼ਾਦੀ ਹੋ ਗਈ, ਜ਼ਿੰਮੇਵਾਰੀਆਂ ਆ ਪਈਆਂ ਤਾਂ ਫਿਰ ਕੁਝ ਸੋਚਣ ਨੂੰ ਬਚਿਆ ਹੀ ਨਹੀਂ। ਨਹੀਂ ਤਾਂ ਮੈਨੂੰ ਗਾਇਕੀ ਦਾ ਬੜਾ ਸ਼ੌਕ ਸੀ!’’

‘‘ਹੂੰਅ… ਹੁਣ ਆਏ ਨਾ ਤੁਸੀਂ ਅਸਲੀ ਗੱਲ ’ਤੇ ਅੰਕਲ! ਪਰ ਤੁਸੀਂ ਤਾਂ ਸ਼ੌਕ ਨੂੰ ਮਾਰ ਕੇ ਨੌਕਰੀ ਕੀਤੀ, ਕਿਉਂਕਿ ਸ਼ਾਦੀ ਹੋ ਗਈ, ਜ਼ਿੰਮੇਵਾਰੀਆਂ ਆ ਪਈਆਂ। ਤਾਂ ਕੀ ਸ਼ਾਦੀ ਕਰਨਾ ਇੰਨਾ ਜ਼ਰੂਰੀ ਹੈ?’’

‘‘ਇਹ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈਂ ਤੂੰ, ਈਡੀਅਟ! ਮੈਡਮ, ਬੱਚਿਆਂ ਨਾਲ ਜ਼ਰਾ ਸਖ਼ਤ ਰਹਿਣਾ ਚਾਹੀਦਾ ਹੈ, ਨਹੀਂ ਤਾਂ ਇਹ ਤਮੀਜ਼ ਭੁੱਲ ਜਾਂਦੇ ਹਨ।’’

ਆਪਣੇ ਅਪਾਰਟਮੈਂਟ ਦੇ ਵਿਅਕਤੀ ਮੂੰਹੋਂ ਨਿਕਲੇ ਇਹ ਸ਼ਬਦ ਰੰਜਨਾ ਅਤੇ ਉਹਦੇ ਬੇਟੇ ਨੂੰ ਬੜੇ ਚੁਭੇ ਸਨ।

‘‘ਜਦੋਂ ਤਾਂ ਅੰਕਲ ਮੈਨੂੰ ਟੋਕ ਰਹੇ ਨੇ ਤਾਂ ਤਮੀਜ਼ ਅਤੇ ਜਦੋਂ ਮੈਂ ਸ਼ੀਸ਼ਾ ਵਿਖਾਇਆ ਤਾਂ ਬਦਤਮੀਜ਼!’’ ਰੋਹਨ ਬੁੜਬੁੜਾਇਆ।

ਅਜੇ ਕੁਝ ਹੀ ਦਿਨ ਬੀਤੇ ਸਨ ਕਿ ਰੰਜਨਾ ਦੇ ਦਫ਼ਤਰ ਦੀ ਖ਼ਾਸ ਸਹੇਲੀ ਦੇ ਚਿਹਰੇ ’ਤੇ ਉਦਾਸੀ ਛਾਈ ਹੋਈ ਸੀ ਜਿਸ ਨੂੰ ਰੰਜਨਾ ਨੇ ਭਾਂਪ ਲਿਆ ਅਤੇ ਬੋਲੀ, ‘‘ਕੀ ਗੱਲ ਹੈ ਨਿਸ਼ੀ! ਕੋਈ ਪ੍ਰੇਸ਼ਾਨੀ ਹੈ? ਤੇਰੀ ਤਬੀਅਤ ਤਾਂ ਠੀਕ ਹੈ ਨਾ!’’

‘‘ਕੁਝ ਨਹੀਂ। ਬੇਟੇ ਦੇ ਕਾਲਜ ਤੋਂ ਫੋਨ ਆਇਆ ਹੈ। ਕੱਲ੍ਹ ਉੱਥੇ ਜਾਣ ਲਈ ਫਲਾਈਟ ਦੀ ਟਿਕਟ ਬੁੱਕ ਕਰਵਾਈ ਹੈ।’’

‘‘ਕੋਈ ਖ਼ਾਸ ਵਜ੍ਹਾ, ਫੋਨ ਕਿਸ ਲਈ?’’ ਰੰਜਨਾ ਨੇ ਪੁੱਛਿਆ।

‘‘ਹੁਣ ਤੈਥੋਂ ਕੀ ਲੁਕਾਅ ਰੰਜਨਾ! ਬੇਟਾ ਇੰਜੀਨੀਅਰਿੰਗ ਕਰ ਰਿਹਾ ਹੈ। ਪੜ੍ਹਨ ਵਿਚ ਤਾਂ ਜੀਅ ਲੱਗਦਾ ਨਹੀਂ, ਨਾ ਹੀ ਹੋਸਟਲ ਵਿੱਚ ਰਹਿਣ, ਖਾਣ-ਪੀਣ ਦੀਆਂ ਠੀਕ ਸਹੂਲਤਾਂ ਹਨ। ਛੱਡ ਕੇ ਆਉਣਾ ਚਾਹੁੰਦਾ ਸੀ, ਤਾਂ ਮੈਂ ਉਹਨੂੰ ਸਮਝਾ-ਬੁਝਾ ਕੇ ਹੋਰ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਤਾਂ ਕਿ ਉਹ ਮੈੱਸ ਦਾ ਖਾਣਾ ਚੰਗਾ ਨਾ ਲੱਗੇ ਤਾਂ ਬਾਹਰੋਂ ਖਾ ਕੇ ਆ ਸਕੇ। ਕਈ ਸੀਨੀਅਰ ਸਟੂਡੈਂਟ ਵੀ ਬਾਹਰੋਂ ਖਾਂਦੇ ਹਨ। ਬਾਹਰ ਆਉਣ-ਜਾਣ ਨਾਲ ਪਤਾ ਨਹੀਂ ਕੀਹਦੀ ਸੰਗਤ ਨਾਲ ਨਸ਼ੇ ਕਰਨ ਲੱਗ ਪਿਆ। ਇੱਕ ਵਾਰੀ ਪਹਿਲਾਂ ਵੀ ਕਾਲਜ ਤੋਂ ਸ਼ਿਕਾਇਤ ਆਈ ਸੀ ਤਾਂ ਮੈਂ ਸਮਝਾ ਦਿੱਤਾ ਸੀ। ਪਰ ਹੁਣ ਤਾਂ ਉਹ ਅਕਸਰ ਨਸ਼ੇ ਕਰਦਿਆਂ ਫੜਿਆ ਜਾਣ ਲੱਗਾ ਹੈ। ਕੱਲ੍ਹ ਉਹਦੇ ਦੋਸਤ ਦਾ ਫੋਨ ਆਇਆ ਸੀ ਕਿ ਇਕ ਘੰਟੇ ਤੋਂ ਬਾਥਰੂਮ ਬੰਦ ਕਰਕੇ ਬੈਠਾ ਹੈ। ਮੈਨੂੰ ਡਰ ਲੱਗਿਆ, ਕਿਤੇ ਕੁਝ ਕਰ ਨਾ ਲਵੇ। ਇਸੇ ਲਈ ਉਸ ਨੂੰ ਮਿਲਣ ਜਾ ਰਹੀ ਹਾਂ।’’

ਪਤਾ ਲੱਗਿਆ ਨਿਸ਼ੀ ਦਾ ਬੇਟਾ ਨਸ਼ਿਆਂ ਦਾ ਆਦੀ ਨਹੀਂ ਸੀ, ਪਰ ਸੀਨੀਅਰਜ਼ ਦੇ ਕਹਿਣ ਨਾਲ ਇੱਕ-ਅੱਧ ਵਾਰ ਉਹਨੇ ਟ੍ਰਾਈ ਕੀਤੀ ਅਤੇ ਉਹ ਹੋਸਟਲ ਦੇ ਕਮਰੇ ਵਿਚ ਨਸ਼ਿਆਂ ਨਾਲ ਫੜਿਆ ਗਿਆ। ਇਸ ਪਿੱਛੋਂ ਵਾਰਡਨ ਨੇ ਉਸ ਨੂੰ ਧਮਕਾਉਣਾ ਸ਼ੁਰੂ ਕੀਤਾ ਅਤੇ ਬਲੈਕਮੇਲ ਵੀ ਕਰਨ ਲੱਗਿਆ। ਇਹ ਵਾਰਡਨ ਲਈ ਉਤਲੀ ਆਮਦਨ ਦਾ ਇੱਕ ਸਾਧਨ ਸੀ। ਹੋਸਟਲ ਵਿੱਚ ਹੋਰ ਕਈ ਬੱਚਿਆਂ ਦਾ ਵੀ ਇਹੋ ਹਾਲ ਸੀ। ਬੱਚੇ ਡਰਦੇ ਮਾਰੇ ਮਾਪਿਆਂ ਤੋਂ ਲੁਕਾਉਂਦੇ ਅਤੇ ਵਾਰਡਨ ਇਹਦਾ ਫ਼ਾਇਦਾ ਉਠਾਉਂਦੇ।

ਇੱਕ ਵਾਰ ਤਾਂ ਨਿਸ਼ੀ ਨੂੰ ਲੱਗਿਆ ਕਿ ਉਹ ਵਾਰਡਨ ਦੀ ਸ਼ਿਕਾਇਤ ਉੱਤੇ ਕਰੇ। ਪਰ ਪਤਾ ਲੱਗਿਆ, ਉੱਤੋਂ ਤੋਂ ਹੇਠਾਂ ਤਕ ਸਭ ਮਿਲੇ ਹੋਏ ਹਨ। ਕਿਉਂਕਿ ਪਤਾ ਨਹੀਂ ਕਿੰਨੇ ਬੱਚੇ ਆਪਣੇ ਮਾਪਿਆਂ ਦੇ ਦਬਾਅ ਕਰਕੇ ਉੱਥੇ ਦਾਖਲਾ ਲੈ ਲੈਂਦੇ ਹਨ। ਪਰ ਪਿੱਛੋਂ ਪੜ੍ਹਾਈ ਵਿੱਚ ਜੀਅ ਨਾ ਲੱਗਣ ਕਰਕੇ ਇਨ੍ਹਾਂ ਭੈੜੀਆਂ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਹਨ।

ਉਹਨੇ ਆਪਣੇ ਬੇਟੇ ਨਾਲ ਖੁੱਲ੍ਹ ਕੇ ਗੱਲ ਕੀਤੀ। ਉਹ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਕਰਨੀ ਚਾਹੁੰਦਾ ਸੀ। ਉੱਥੇ ਉਹਦਾ ਦਾਖ਼ਲਾ ਮਿਲਦਿਆਂ ਹੀ ਉਹਨੇ ਆਪਣੀ ਬੇਟੇ ਨੂੰ ਇੰਜੀਨੀਅਰਿੰਗ ਛੁਡਵਾ ਦਿੱਤੀ। ਦਫ਼ਤਰ ਵਿਚ ਇਹ ਗੱਲ ਜੰਗਲ ਦੀ ਅੱਗ ਵਾਂਗ ਫੈਲ ਗਈ। ਨਿਸ਼ੀ ਨੂੰ ਮਨ ਹੀ ਮਨ ਬਹੁਤ ਬੁਰਾ ਲੱਗ ਰਿਹਾ ਸੀ, ਪਰ ਉਹਦੇ ਅਨੁਭਵ ਨਾਲ ਰੰਜਨਾ ਖ਼ੁਦ ਨੂੰ ਮਜ਼ਬੂਤ ਕਰ ਚੁੱਕੀ ਸੀ।

ਜਿਉਂ ਹੀ ਕਿਸੇ ਨੇ ਨਿਸ਼ੀ ’ਤੇ ਵਿਅੰਗ ਕੀਤਾ- ‘‘ਓ, ਹੀ ਇਜ਼ ਵਨ ਅਮੰਗਸਟ ਦਿ ਥ੍ਰੀ ਇਡੀਅਟਸ!’’ ਤਾਂ ਰੰਜਨਾ ਨੇ ਤੁਰੰਤ ਜਵਾਬ ਦਿੱਤਾ, ‘‘ਹੀ ਇਜ਼ ਨਾਟ, ਵੀ ਆਰ ਈਡੀਅਟਸ!’’ ਅਤੇ ਉਹ ਸਵੈ-ਵਿਸ਼ਵਾਸ ਨਾਲ ਮੁਸਕਰਾਉਣ ਲੱਗ ਪਈ।

ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ

Leave a Reply

Your email address will not be published. Required fields are marked *