ਗੁਰਮਤਿ ਕੀਰਤਨ ਪਰੰਪਰਾ ਵਿੱਚ ਪਖਾਵਜ ਦਾ ਸਥਾਨ

ਤੀਰਥ ਸਿੰਘ ਢਿੱਲੋਂ*

ਪੁਰਾਤਨ ਸਾਜ਼ ਪਖਾਵਜ ਦਾ ਉੱਤਰੀ ਭਾਰਤ ਅਤੇ ਕਰਨਾਟਕ ਸ਼ੈਲੀ ਦੇ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਉੱਘਾ ਯੋਗਦਾਨ ਤਾਂ ਹੈ ਹੀ ਬਲਕਿ ਗੁਰਮਤਿ ਸੰਗੀਤ ਵਿੱਚ ਵੀ ਗੁਰੂ ਕਾਲ ਤੋਂ ਹੀ ਇਸ ਦੀ ਵਰਤੋਂ ਹੁੰਦੀ ਆ ਰਹੀ ਹੈ। ਇਹ ਸਾਜ਼ ਵਾਦਨ ਦਾ ਸਾਜ਼ ਹੈ ਅਰਥਾਤ ਤਬਲਾ, ਮ੍ਰਦੰਗ ਆਦਿ ਦੀ ਹੀ ਸ਼੍ਰੇਣੀ ਦਾ ਇਹ ਸਾਜ਼ ਜਦੋਂ ਵਜਾਇਆ ਜਾਂਦਾ ਹੈ ਤਾਂ ਅਗੰਮੀ ਮਾਹੌਲ ਸਿਰਜਿਆ ਜਾਂਦਾ ਹੈ। ਗੁਰੂ ਘਰ ਵਿੱਚ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਨਿਰਬਾਣ ਕੀਰਤਨ ਪਰੰਪਰਾ ਦੇ ਮਹੱਤਵਪੂਰਨ ਅਤੇ ਸੁਰੋਦੀ ਸਾਜ਼ ਵਜੋਂ ਪਖਾਵਜ ਦਾ ਬੜਾ ਵੱਡਾ ਯੋਗਦਾਨ ਹੈ। ਭਾਰਤੀ ਸ਼ਾਸਤਰੀ ਸੰਗੀਤ ਵਿੱਚ ਭਗਤੀ ਰਸ ਦੀਆਂ ਰਚਨਾਵਾਂ ਦਾ ਗਾਇਨ ਧਰੁਪਦ-ਧਮਾਰ ਰਾਹੀਂ ਇਸੇ ਸਾਜ਼ ਨਾਲ ਹੁੰਦਾ ਰਿਹਾ ਹੈ। ਭਾਈ ਗੁਰਦਾਸ ਜੀ ਇਸ ਸਾਜ਼ ਦੀ ਉੱਚਤਾ ਬਾਰੇ ਇਸ ਪ੍ਰਕਾਰ ਹਵਾਲਾ ਦਿੰਦੇ ਹਨ:

ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗੁ ਰਬਾਬਾ।। (ਵਾਰ 24, ਪੌੜੀ 4)

ਪੰਜਵੇਂ ਗੁਰੂ ਅਰਜਨ ਦੇਵ ਜੀ ਦੋ ਮੁੱਢਲੇ ਸਾਜ਼ਾਂ ਰਬਾਬ ਤੇ ਪਖਾਵਜ ਦਾ ਜ਼ਿਕਰ ਗੁਰਬਾਣੀ ’ਚ ਇੰਜ ਕਰਦੇ ਹਨ:

ਤੇਰਾ ਜਨੁ ਨਿਰਤਿ ਕਰੇ ਗੁਨ ਗਾਵੈ।।

ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁ ਵਜਾਵੈ।।

(ਆਸਾ ਰਾਗ ਮੁਹੱਲਾ ਪੰਜਵਾਂ)

ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਦੀ ਬਾਣੀ ਅਤੇ ਭਾਈ ਗੁਰਦਾਸ ਵੱਲੋਂ ਰਚਿਤ ਵਾਰਾਂ ਵਿੱਚ ਇਹ ਤੱਥ ਉਜਾਗਰ ਕੀਤਾ ਗਿਆ ਹੈ ਕਿ ਪਖਾਵਜ ਸਾਜ਼ ਗਾਇਨ ਅਤੇ ਨ੍ਰਿਤ ਦੀ ਸੰਗਤ ਲਈ ਹੋਂਦ ਵਿੱਚ ਆਇਆ ਅਤੇ ਸਹਿਜੇ ਸਹਿਜੇ ਹਰਮਨ ਪਿਆਰਾ ਹੁੰਦਾ ਗਿਆ। ਗੁਰਬਾਣੀ ਵਿੱਚ ਰਾਮਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਪਖਾਵਜ ਬਾਰੇ ਇੱਕ ਹੋਰ ਫਰਮਾਨ ਹੈ:

ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ।।

ਪਖਾਵਜ ਗਹਿਰ ਗੰਭੀਰ ਪ੍ਰਾਕਿਤੀ ਅਤੇ ਸੂਰਬੀਰਤਾ ਪੈਦਾ ਕਰਨ ਵਾਲਾ ਅਜਿਹਾ ਸਾਜ਼ ਹੈ ਜਿਹੜਾ ਭਗਤੀ ਰਸ ਦੀਆਂ ਰਚਨਾਵਾਂ ਵਿੱਚ ਸਦੀਆਂ ਤੋਂ ਪ੍ਰਚੱਲਿਤ ਰਿਹਾ ਹੈ। ਕਿਸੇ ਸਮੇਂ ਇਹ ਸਾਜ਼ ਗੁਰੂ ਘਰਾਂ, ਸ਼ਿਵਦੁਆਲਿਆਂ ਅਤੇ ਮੰਦਿਰਾਂ ਵਿੱਚ ਬੜੀ ਸ਼ਾਨ ਨਾਲ ਵਜਾਇਆ ਅਤੇ ਰੀਝ ਨਾਲ ਸੁਣਿਆ ਜਾਂਦਾ ਸੀ। ਪਖਾਵਜ ਅਜੋਕੇ ਸਮੇਂ ਵਿੱਚ ਲੱਕੜੀ ਦਾ ਬਣਿਆ ਹੁੰਦਾ ਹੈ। ਇਸ ਦੀ ਲੰਬਾਈ ਅਮੁਮਨ 24-25 ਇੰਚ, ਥਾਪ ਵਾਲਾ ਪਾਸਾ ਤਕਰੀਬਨ ਸੱਤ ਇੰਚ ਅਤੇ ਧਾਮੇ ਵਾਲਾ ਪਾਸਾ ਤਕਰੀਬਨ ਨੌਂ ਇੰਚ ਦਾ ਹੁੰਦਾ ਹੈ। ਇਸ ਦੇ ਥਾਪ ਵਾਲੇ ਪਾਸੇ ਪੁੜੇ ’ਤੇ ਸਿਆਹੀ ਲਾਈ ਹੁੰਦੀ ਹੈ ਅਤੇ ਦੂਜਾ ਪਾਸਾ ਜਿਸ ਨੂੰ ਧਾਮਾ ਆਖਿਆ ਜਾਂਦਾ ਹੈ, ਉਸ ’ਤੇ ਗੁੰਨ੍ਹਿਆ ਹੋਇਆ ਆਟੇ ਦਾ ਪੇੜਾ ਲਗਾਇਆ ਜਾਂਦਾ ਹੈ। ਫਿਰ ਧਾਮੇ ਅਤੇ ਥਾਪ ਵਾਲੇ ਪਾਸੇ ਨੂੰ ਚਮੜੇ ਦੀ ਰੱਸੀ ਨਾਲ ਬੰਨ੍ਹਿਆ ਜਾਂਦਾ ਹੈ, ਜਿਸ ਨੂੰ ਪੈਂਦ ਕਹਿੰਦੇ ਹਨ। ਨਾਲ ਹੀ ਥਾਪ ਵਾਲੇ ਪਾਸੇ ਦੋ-ਦੋ ਘਰਾਂ ਵਿੱਚ ਲੱਕੜੀ ਦਾ ਇੱਕ ਗੱਟਾ ਪਾਇਆ ਜਾਂਦਾ ਹੈ। ਕੁੱਲ ਮਿਲਾ ਕੇ 16 ਘਰਾਂ ਵਿੱਚ ਅੱਠ ਗੱਟੇ ਪਾਏ ਜਾਂਦੇ ਹਨ। ਇਨ੍ਹਾਂ ਦੀ ਮਦਦ ਨਾਲ ਥਾਪ ਵਾਲੇ ਪਾਸੇ ਨੂੰ ਲੋੜ ਅਨੁਸਾਰ ਨਿਰਧਾਰਤ ਸੁਰ ’ਤੇ ਮਿਲਾਇਆ ਜਾਂਦਾ ਹੈ।

ਗੁਰੂ ਕਾਲ ਤੋਂ ਗੁਰਬਾਣੀ ਕੀਰਤਨ ਵਿੱਚ ਇਸ ਸਾਜ਼ ਦੀ ਵਰਤੋਂ ਹੁੰਦੀ ਆ ਰਹੀ ਹੈ। ਇਹ ਸਾਜ਼ ਵਜਾਉਣਾ ਹਾਰੀ-ਸਾਰੀ ਦਾ ਕੰਮ ਨਹੀਂ। ਇਹ ਬੜੀ ਮਿਹਨਤ ਮੰਗਦਾ ਹੈ। ਗੁਰੂ ਸਾਹਿਬਾਨ ਆਪ ਤੰਤੀ ਸਾਜ਼ ਅਤੇ ਖਾਸ ਤੌਰ ’ਤੇ ਪਖਾਵਜ ਵਜਾਇਆ ਕਰਦੇ ਸਨ, ਇਸ ਕਰਕੇ ਬਾਕੀ ਕੀਰਤਨਕਾਰਾਂ ਨੂੰ ਵੀ ਉਨ੍ਹਾਂ ਨੇ ਇਹ ਦਾਤ ਬਖਸ਼ੀ। ਗੁਰੂ ਤੇਗ਼ ਬਹਾਦਰ ਜੀ ਜਿੱਥੇ ਤੇਗ਼ ਦੇ ਧਨੀ ਸਨ, ਉੱਥੇ ਮਹਾਨ ਮ੍ਰਿਦੰਗ ਅਤੇ ਪਖਾਵਜ ਅਚਾਰੀਆ ਵੀ ਸਨ।

ਸਮੇਂ ਦੇ ਬਦਲਣ ਨਾਲ ਸੰਗੀਤ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਹਨ, ਜਿਸ ਦਾ ਪ੍ਰਭਾਵ ਇਸ ਸਾਜ਼ ਉੱਤੇ ਵੀ ਪਿਆ ਹੈ। ਅੱਜ ਇਸ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਜ਼ਿਆਦਾਤਰ ਰਾਗੀ ਤਬਲੇ ਨਾਲ ਹੀ ਕੀਰਤਨ ਕਰਦੇ ਹਨ ਜਾਂ ਕਦੇ ਕਦੇ ਇਸ ਨੂੰ ਹੀ ਇੱਕ ਰਾਗਾਤਮਕ ਸ਼ਬਦ ਲਈ ਪਖਾਵਜੀ ਅੰਗ ਵਿੱਚ ਵਜਾਉਂਦੇ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿੱਚ ਪੁਰਾਤਨ ਕੀਰਤਨਕਾਰਾਂ ਅਤੇ ਰਬਾਬੀਆਂ ਵੱਲੋਂ ਪਖਾਵਜ ਸਾਜ਼ ਨਾਲ ਕੀਰਤਨ ਕੀਤਾ ਜਾਂਦਾ ਸੀ। ਅਜਿਹੇ ਮਹਾਨ ਕੀਰਤਨਕਾਰਾਂ ਵਿੱਚ ਭਾਈ ਸੰਤੂ, ਭਾਈ ਨਸੀਰਾ, ਭਾਈ ਸਾਈਂ ਦਿੱਤਾ, ਭਾਈ ਮਹੰਦਾ ਅਤੇ ਭਾਈ ਰੱਖਾ (ਸਾਰੇ ਮੁਸਲਮਾਨ ਰਬਾਬੀ) ਆਦਿ ਸ਼ਾਮਲ ਹਨ। ਇਸ ਦੇ ਨਾਲ ਨਾਲ ਭਾਈ ਹਰਨਾਮ ਸਿੰਘ ਜੰਮੂ ਵਾਲੇ, ਭਾਈ ਰਤਨ ਸਿੰਘ, ਭਾਈ ਗੋਪਾਲ ਸਿੰਘ (ਪੁਰਾਤਨ) ਅਤੇ ਭਾਈ ਅਰਜਨ ਸਿੰਘ ਤਰੰਗੜ ਵੀ ਗੁਰੂ ਘਰ ਦੇ ਮਹਾਨ ਪਖਾਵਜੀ ਹੋਏ ਹਨ। ਭਾਈ ਤਰੰਗੜ ਇੰਨੇ ਵੱਡੇ ਪਖਾਵਜ ਅਤੇ ਤਬਲਾਵਾਦਕ ਸਨ ਕਿ ਹਿੰਦੋਸਤਾਨ ਦੇ ਵੱਡੇ-ਵੱਡੇ ਉਸਤਾਦ ਉਨ੍ਹਾਂ ਕੋਲੋਂ ਇਨ੍ਹਾਂ ਸਾਜ਼ਾਂ ਦੇ ਗੁਰ ਸਿੱਖਣ ਆਉਂਦੇ ਸਨ। ਇਹ ਤਸੱਲੀ ਵਾਲੀ ਗੱਲ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਅਸੀਂ (ਸ਼੍ਰੋਮਣੀ ਕਮੇਟੀ ਦੀ ਕੀਰਤਨ ਸਬ ਕਮੇਟੀ ਦੇ ਮੈਂਬਰਾਂ ਖਾਸਕਰ ਪ੍ਰਸਿੱਧ ਸੰਗੀਤ ਅਚਾਰੀਆ ਡਾਕਟਰ ਗੁਰਨਾਮ ਸਿੰਘ ਪਟਿਆਲਾ ਅਤੇ ਪ੍ਰੋਫੈਸਰ ਕਰਤਾਰ ਸਿੰਘ) ਨੇ ਤੰਤੀ ਸਾਜ਼ਾਂ ਦੀ ਵਰਤੋਂ ਸ਼ੁਰੂ ਕਰਵਾਈ ਤਾਂ ਨਾਲ ਹੀ ਪਖਾਵਜ ਅੰਗ ਨਾਲ ਗਾਇਨ ਦੀ ਪਰੰਪਰਾ ਵੀ ਕੁਝ ਹੱਦ ਤੱਕ ਬਹਾਲ ਹੋਈ ਹੈ। ਹੁਣ ਮੌਜੂਦਾ ਪ੍ਰਧਾਨ ਬੀਬੀ ਜਗੀਰ ਕੌਰ ਵੀ ਇਸ ਪਾਸੇ ਧਿਆਨ ਦੇ ਰਹੇ ਹਨ, ਜਿਸ ਦਾ ਨਤੀਜਾ ਹੈ ਕਿ ਕਾਫੀ ਜਥੇ ਹੁਣ ਪਖਾਵਜ ਸਾਜ਼ ਦੀ ਵਰਤੋਂ ਕਰਨ ਲੱਗ ਪਏ ਹਨ।

ਗੁਰਮਤਿ ਸੰਗੀਤ ਨੂੰ ਪਿਆਰ ਕਰਨ ਵਾਲੇ ਸਭਨਾਂ ਲੋਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਸ ਮਹਾਨ ਅਤੇ ਵਡਮੁੱਲੇ ਸਾਜ਼ ਨੂੰ ਜਿੱਥੇ ਸੰਭਾਲ ਕੇ ਰੱਖਣ ਲਈ ਉਪਰਾਲੇ ਕਰਨ ਉੱਥੇ ਨਾਲ ਹੀ ਅਲੋਪ ਹੁੰਦੀ ਜਾ ਰਹੀ ਧਰੁਪਦ – ਧਮਾਰ ਗਾਇਨ ਸ਼ੈਲੀ (ਜਿਵੇਂ ਕਿ ਮਹਾਨ ਗਾਇਕ ਡਾਗਰ ਬੰਧੂ) ਗਾਇਨ ਕਰਦੇ ਸਨ, ਨੂੰ ਜਿਉਂਦਾ ਰੱਖਣ ਲਈ ਤਨੋਂ-ਮਨੋਂ ਉਪਰਾਲੇ ਕਰਨ।

*ਮੈਂਬਰ, ਕੀਰਤਨ ਸਬ-ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ)

Leave a Reply

Your email address will not be published. Required fields are marked *