ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸੋਹਣ ਸਿੰਘ ਸੀਤਲ (–ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ)

ਹੈ ਇਕ ’ਤੇ ਨਿਰਭਰ ਦੂਏ ਦੀ ਹਸਤੀ

ਜੇ ਇਕ ਨਾ ਹੁੰਦਾ, ਦੂਆ ਨਾ ਹੁੰਦਾ

ਸਥਾਨ ਹਰ ਇਕ ਦਾ ਅਪਨਾ ਅਪਨਾ

ਨਾ ਖੋਟਾ ਹੁੰਦਾ, ਖਰਾ ਨਾ ਹੁੰਦਾ…

ਜੇ ਮੈਨੂੰ ਕਰਤਾ ਨੇ ਸਾਜਿਆ ਏ

ਤਾਂ ਮੈਂ ਵੀ ਕੀਤਾ ਏ ਉਸਨੂੰ ਪਰਗਟ

ਮਿਰੀ ਤੇ ਉਸਦੀ ਹੈ ਹੋਂਦ ਸਾਂਝੀ

ਜੇ ਮੈਂ ਨਾ ਹੁੰਦਾ, ਖ਼ੁਦਾ ਨਾ ਹੁੰਦਾ…

ਐ ਨੇਕ-ਬਖ਼ਤੋ ! ਤੁਹਾਡੀ ਦੁਨੀਆਂ

ਵਜੂਦ ਵਿਚ ਹੀ ਨਾ ਆਈ ਹੁੰਦੀ

ਜੇ ਪਿਰਥਮੇ ਮੈਂ ਗੁਨਾਂਹ ਕਰਕੇ

ਬਹਿਸ਼ਤ ‘ਚੋਂ ਨਿਕਲਿਆ ਨਾ ਹੁੰਦਾ…

ਗੁਨਾਂਹ ਮਿਰੇ ‘ਤੇ ਆਬਾਦ ਦੁਨੀਆਂ

ਗੁਨਾਂਹ ‘ਤੇ ਨਿਰਭਰ ਹੈ ਕੁਲ ਇਬਾਦਤ

ਮਨੌਣ ਦੀ ਲੋੜ ਹੀ ਨਾ ਪੈਂਦੀ

ਜੇ ਮੇਰੇ ਨਾਲ ਉਹ ਖ਼ਫ਼ਾ ਨਾ ਹੁੰਦਾ…

ਜੋ ਉਸਨੂੰ ਭਾਲਣ ਵੀਰਾਨਿਆਂ ਵਿਚ

ਮੈਂ ਵੇਖ ਉਹਨਾਂ ਨੂੰ ਹੱਸ ਛੱਡਦਾਂ

ਕਿਉਂਕਿ ਰਚਨਾ ਤੋਂ ਰਚਨਹਾਰਾ

ਕਦੇ ਵੀ ‘ਸੀਤਲ’ ਜੁਦਾ ਨਾ ਹੁੰਦਾ।

-ਸੋਹਣ ਸਿੰਘ ਸੀਤਲ

ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸੋਹਣ ਸਿੰਘ ਸੀਤਲ ਨੂੰ ਬਹੁਤੇ ਲੋਕ ਸਿਰਫ ਸ਼੍ਰੋਮਣੀ ਢਾਡੀ ਦੇ ਤੌਰ ’ਤੇ ਜਾਣਦੇ ਹਨ ਪਰ ਕੁਸ਼ਲ ਕਵੀ, ਨਾਵਲਕਾਰ, ਇਤਿਹਾਸਕਾਰ ਤੇ ਇਕ ਪ੍ਰਚਾਰਕ ਦੇ ਤੌਰ ’ਤੇ ਵੀ ਉਨ੍ਹਾਂ ਦੀ ਅਦੁੱਤੀ ਦੇਣ ਹੈ। ਉਨ੍ਹਾਂ ਦੀ ਸਾਹਿਤਕ ਬਗੀਚੀ ’ਚੋਂ ਕਈ ਤਰ੍ਹਾਂ ਦੇ ਫੁੱਲਾਂ ਦੀ ਖੁਸ਼ਬੋ ਆਉਂਦੀ ਹੈ। ਉਨ੍ਹਾਂ ਨੂੰ ਸਾਹਿਤ ਦੀ ਤ੍ਰੈਮੂਰਤੀ ਵੀ ਕਿਹਾ ਜਾਂਦਾ ਹੈ। ਇੱਕ ਇਤਿਹਾਸਕਾਰ ਵਜੋਂ ਸੋਹਣ ਸਿੰਘ ਸੀਤਲ ਦਾ ਅਹਿਮ ਸਥਾਨ ਹੈ। ਉਨ੍ਹਾਂ ਦੀ ਮਕਬੂਲ ਪੁਸਤਕ, ‘ਸਿੱਖ ਰਾਜ ਕਿਵੇਂ ਗਿਆ’ ਜਿੱਥੇ ਪੰਜਾਬੀ ਦੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਪੁਸਤਕ ਹੈ, ਉਥੇ ਇਤਿਹਾਸ ਦੇ ਖੋਜਾਰਥੀਆਂ ਲਈ ਇਕ ਇਤਿਹਾਸਕ ਦਸਤਾਵੇਜ਼ ਵੀ ਹੈ। 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਜਿਸ ਢੰਗ ਨਾਲ ਅੰਗਰੇਜ਼ਾਂ ਹੱਥ ਜਾਂਦਾ ਹੈ, ਉਸ ਦਾ ਇਤਿਹਾਸ ਜਿੱਥੇ ਸਾਡੇ ਮਨ ਨੂੰ ਵਲੂੰਧਰ ਦਿੰਦਾ ਹੈ, ਉਥੇ ਹੀ ਸੀਤਲ ਦੀ ਸਿਰਜਨਾਤਮਕ ਕੁਸ਼ਲਤਾ  ਪਾਠਕ ਨੂੰ ਪ੍ਰਭਾਵਿਤ ਕਰਦੀ ਹੈ। ਇਸੇ ਤਰ੍ਹਾਂ ਸੀਤਲ ਦੀ ਕਵਿਤਾ ’ਚੋਂ ਲੋਕ ਗੀਤਾਂ ਵਾਲਾ ਰਸ ਪ੍ਰਾਪਤ ਹੁੰਦਾ ਹੈ। ‘ਮਲਕੀ-ਕੀਮਾ’ ਦਾ ਗੀਤ ਸੀਤਲ ਦੇ ਸਰੋਦੀ ਸੁਰ ਦੀ ਉੱਘੀ ਮਿਸਾਲ ਹੈ।

ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਵਿੱਚ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ ਵਿੱਚ ਦਿਆਲ ਕੌਰ ਤੇ ਖੁਸ਼ਹਾਲ ਸਿੰਘ ਦੇ ਘਰ ਹੋਇਆ। ਆਜ਼ਾਦੀ ਤੋਂ ਪਹਿਲਾਂ ਪੰਜਾਬੀ ਦੀ ਪੜ੍ਹਾਈ ਹਾਲੇ ਸਕੂਲਾਂ-ਕਾਲਜਾਂ ਵਿੱਚ ਸ਼ੁਰੂ ਨਹੀਂ ਹੋਈ ਸੀ। ਇਸ ਕਰਕੇ ਉਨ੍ਹਾਂ ਗੁਰਦੁਆਰੇ ਦੇ ਭਾਈ ਤੋਂ ਪੰਜਾਬੀ ਦਾ ਗਿਆਨ ਲਿਆ। ਅੱਠਵੀਂ ਵਿੱਚ ਪੜ੍ਹਦਿਆਂ ਉਨ੍ਹਾਂ ਦਾ ਵਿਆਹ ਬੀਬੀ ਕਰਤਾਰ ਕੌਰ ਨਾਲ ਹੋ ਗਿਆ। ਉਨ੍ਹਾਂ ਘਰ ਤਿੰਨ ਪੁੱਤਰਾਂ ਅਤੇ ਇੱਕ ਧੀ ਨੇ ਜਨਮ ਲਿਆ। 1930 ਵਿੱਚ ਉਨ੍ਹਾਂ ਦਸਵੀਂ ਦੀ ਪ੍ਰੀਖਿਆ ਸਰਕਾਰੀ ਸਕੂਲ ਕਸੂੁਰ ’ਚੋਂ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ। 1933 ਵਿੱਚ ਉਨ੍ਹਾਂ ਗਿਆਨੀ ਪਾਸ ਕੀਤੀ ਤੇ 1935 ਵਿੱਚ ਆਪਣਾ ਜਥਾ ਬਣਾ ਲਿਆ। ਇਸ   ਦੌਰਾਨ ਉਹ ਕੁੱਝ ਸਮਾਂ ਆਪਣੇ ਪਿਤਾ-ਪੁਰਖੀ ਕਿੱਤੇ ਖੇਤੀਬਾੜੀ ਨਾਲ ਵੀ ਜੁੜੇ ਰਹੇ।

12 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪਹਿਲੀ ਕਵਿਤਾ ਲਿਖੀ,  ਜੋ ‘ਅਕਾਲੀ’ ਅਖਬਾਰ ਵਿੱਚ ਛਪੀ। ਇਸ ਮਗਰੋਂ ਉਨ੍ਹਾਂ ਦੀਆਂ ਰਚਨਾਵਾਂ ਕਲਕੱਤਾ ਦੇ ਪੰਜਾਬੀ ਅਖਬਾਰਾਂ ਵਿੱਚ ਛਪਣੀਆਂ ਸ਼ੁਰੂ ਹੋ ਗਈਆਂ। ਉਹ ਉੱਤਮ ਗੀਤਕਾਰ ਵੀ ਸਨ। ਉਨ੍ਹਾਂ ਦਾ ਲਿਖਿਆ ਗੀਤ ‘ਮਲਕੀ-ਕੀਮਾ’ ਇੰਨਾ ਪ੍ਰਸਿੱਧ ਹੋਇਆ ਕਿ ਇਹ ਲੋਕ ਗੀਤ ਵਜੋਂ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ‘ਭਾਬੀ ਮੇਰੀ ਗੁੱਤ ਕਰ ਦੇ’ ਵੀ ਸੋਹਣ ਸਿੰਘ ਸੀਤਲ ਦਾ ਲਿਖਿਆ ਗੀਤ ਹੈ।

ਢਾਡੀ ਕਲਾ ਸਾਡੇ ਵਿਰਸੇ ਵਿੱਚ ਮੁਢ ਕਦੀਮ ਤੋਂ ਰਹੀ ਹੈ।  ਗੁਰੂ ਅਰਜਨ ਦੇਵ ਜੀ ਆਖਦੇ ਹਨ, ‘‘ਹਉ ਢਾਢੀ ਦਰਿ ਗੁਣ ਗਾਵਦਾ ਜੇ ਹਰਿ ਪ੍ਰਭ ਭਾਵੈ।।’’ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਤਾਂ ਬੀਰ ਰਸ ਭਰਨ ਲਈ ਉਨ੍ਹਾਂ ਅਕਾਲ ਤਖਤ ’ਤੇ ਢਾਡੀ ਵਾਰਾਂ ਵੀ ਸ਼ੁਰੂ ਕਰਵਾਈਆਂ।

ਆਧੁਨਿਕ ਸਮੇਂ ਵਿੱਚ ਸੋਹਣ ਸਿੰਘ ਸੀਤਲ ਨੇ ਵੀ ਢਾਡੀ ਕਲਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਆਰੰਭ ਵਿੱਚ ਉਹ ਪ੍ਰਸੰਗ ਨੂੰ ਆਪਣੀ ਪ੍ਰਭਾਵਸ਼ਾਲੀ ਆਵਾਜ਼ ਵਿੱਚ ਪੇਸ਼ ਕਰਦੇ ਅਤੇ ਵਾਰ ਦੀਆਂ ਪਹਿਲੀਆਂ ਸਤਰਾਂ ਵੀ ਆਪ ਬੋਲਦੇ। ਫਿਰ ਢਾਡੀ ਉਸ ਲੀਹ ’ਤੇ ਪੈ ਕੇ ਵਾਰਾਂ ਗਾਉਂਦੇ। ਦਿਨੋਂ-ਦਿਨ ਉਨ੍ਹਾਂ ਦੀ ਪ੍ਰਸਿੱਧੀ ਵਿਦੇਸ਼ ਵਿੱਚ ਵੀ ਫੈਲ ਗਈ। ਇਸ ਕਲਾ ਸਦਕਾ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਵਿੱਚ ਜਾਣ ਦਾ ਵੀ ਮੌਕਾ ਮਿਲਿਆ। ਉਨ੍ਹਾਂ ਦੀ ਸ਼ਖ਼ਸੀਅਤ ਦਾ ਇੱਕ ਅਨਿਖੜਵਾਂ ਪੱਖ ਇਹ ਸੀ ਕਿ ਉਨ੍ਹਾਂ ਜੋ ਕੁਝ ਵੀ ਗਾਇਆ, ਉਹ ਉਨ੍ਹਾਂ ਦਾ ਆਪਣਾ ਲਿਖਿਆ ਹੀ ਸੀ। ਜਿਹੜੀਆਂ ਵਾਰਾਂ ਉਹ ਆਪਣੇ ਜਥੇ ਨਾਲ ਗਾਉਂਦੇ, ਉਹ ਉਨ੍ਹਾਂ ਦੀਆਂ ਲਿਖੀਆਂ ਹੀ ਹੁੰਦੀਆਂ। ਇਸ ਕਲਾ ਵਿੱਚ ਪਰਪੱਖ ਹੋਣ ਲਈ ਉਹ ਨੌਂ ਮੀਲ ਪੈਦਲ ਚੱਲ ਕੇ ਪਿੰਡ ਲਲਿਆਣੀ ਵਿੱਚ ਉਸਤਾਦ ਚਿਰਾਗਦੀਨ ਕੋਲ ਜਾਂਦੇ। ਉੱਥੇ ਉਨ੍ਹਾਂ ਢੱਡ ਤੇ ਸਾਰੰਗੀ ਸਿੱਖੀ।

ਨਾਵਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਕਹਾਣੀ ਪ੍ਰਧਾਨ ਨਾਵਲ ਲਿਖੇ। ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦਾ ਅਸਰ ਉਨ੍ਹਾਂ ਦੀਆਂ ਲਿਖਤਾਂ ਵਿੱਚ ਦੇਖਿਆ ਜਾ ਸਕਦਾ ਹੈ। ਇਨ੍ਹਾਂ ਨਾਵਲਾਂ ਵਿੱਚ ਜੋ ਵਿਸ਼ਿਆਂ ਦੀ ਵਿਧਵਤਾ ਸੋਹਣ ਸਿੰਘ ਸੀਤਲ ਵਿੱਚ ਮਿਲਦੀ ਹੈ, ਉਹ ਨਾਨਕ ਸਿੰਘ ਵਿੱਚ ਨਹੀਂ ਮਿਲਦੀ। ਦੋਵੇਂ ਨਾਵਲਕਾਰਾਂ ਦਾ ਆਪਸ ਵਿਚ ਤਾਲਮੇਲ ਵੀ ਸੀ ਤੇ ਨਾਵਲ ਲਿਖਣ ਵੇਲੇ ਇੱਕ-ਦੂਜੇ ਨਾਲ ਸਲਾਹ ਵੀ ਕਰ ਲੈਂਦੇ ਸਨ ਪਰ ਦੋਵੇਂ ਕਰਦੇ ਆਪਣੀ ਹੀ ਸਨ। ਉਨ੍ਹਾਂ ‘ਵਿਜੋਗਣ’, ‘ਜੰਗ ਜਾਂ ਅਮਨ’, ‘ਪ੍ਰੀਤ ਤੇ ਪੈਸਾ’, ‘ਮਹਾਰਾਣੀ ਜਿੰਦਾਂ’, ‘ਤੁੂਤਾਂ ਵਾਲਾ ਖੂਹ’, ‘ਸਭੇ ਸਾਂਝੀਵਾਲ ਸਦਾਇਨ’, ‘ਮੁੱਲ ਤੇ ਮਾਸ’, ‘ਬਦਲਾ’, ‘ਯੁਗ ਬਦਲ ਗਿਆ’ ਸਮੇਤ ਕੁੱਲ 22 ਨਾਵਲ ਲਿਖੇ। ਇਨ੍ਹਾਂ ’ਚੋ ਕੁੱਝ ਨਾਵਲ ਪਾਠ ਪੁਸਤਕਾਂ ਵਜੋਂ ਨਿਰਧਾਰਤ ਵੀ ਕੀਤੇ ਗਏ।

ਸੀਤਲ ਦੇ ਦੋ ਕਹਾਣੀ ਸੰਗ੍ਰਹਿ ‘ਕਦਰਾਂ ਬਦਲ ਗਈਆਂ’ ਤੇ ‘ਅੰਤਰਯਾਮੀ’ ਮਿਲਦੇ ਹਨ। ਉਨ੍ਹਾਂ ਸਿੱਖ ਇਤਿਹਾਸ ਨੂੰ ਜਿਸ ਢੰਗ ਨਾਲ ਪੇਸ਼ ਕੀਤਾ, ਉਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ‘ਦੁਖੀਏ ਮਾਂ ਦੇ ਪੁੱਤ’, ‘ਬੰਦਾ ਸਿੰਘ ਸ਼ਹੀਦ’, ‘ਸਿੱਖ ਮਿਸਲਾਂ ਦੇ ਸਰਦਾਰ ਘਰਾਣੇ’, ‘ਸਿੱਖ ਰਾਜ ਅਤੇ ਸ਼ੇਰੇ ਪੰਜਾਬ’ ਤੇ ‘ਸਿੱਖ ਸ਼ਹੀਦ ਅਤੇ ਯੋਧੇ’ ਉਸ ਦੀਆਂ ਵਰਨਣਯੋਗ ਇਤਹਾਸਕ ਕਿਤਾਬਾਂ ਹਨ। ਉਨ੍ਹਾਂ ਦੀਆ ਪੁਸਤਕਾਂ ’ਚੋਂ ਸਿੱਖੀ ਨਾਲ ਜੁੜੇ ਅਨੇਕਾਂ ਪ੍ਰਸੰਗ ਮਿਲਦੇ ਹਨ। ਨਾਵਲ ‘ਯੁਗ ਬਦਲ ਗਿਆ’ ਲਈ ਉਨ੍ਹਾਂ ਨੂੰ ਸਾਹਿਤ ਅਕਾਦਮੀ ਐਵਾਰਡ ਦਿੱਤਾ ਗਿਆ। ਇਸੇ ਤਰ੍ਹਾਂ ਢਾਡੀ ਖੇਤਰ ਵਿੱਚ ਪਾਏ ਯੋਗਦਾਨ ਲਈ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸ਼੍ਰੋਮਣੀ ਢਾਡੀ ਦਾ ਖਿਤਾਬ ਦਿੱਤਾ। ਆਪਣੀ ਜ਼ਿੰਦਗੀ ਦੇ ਆਖਰੀ ਦਿਨ ਉਨ੍ਹਾਂ ਨੇ ਮਾਡਲ ਗ੍ਰਾਮ ਦੇ ਸੀਤਲ ਭਵਨ ਵਿਚ ਗੁਜ਼ਾਰੇ। 23 ਸਤੰਬਰ 1998 ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ ਪਰ ਸਾਡੇ ਲਈ ਅਨੇਕਾਂ ਯਾਦਾਂ ਛੱਡ ਗਏ।

Leave a Reply

Your email address will not be published. Required fields are marked *