ਵਿਅੰਗ: ਨਵੇਂ ਫੈਸ਼ਨ ਦਾ ਜਨਮ (-ਹਰਵਿੰਦਰ ਸਿੰਘ ਰੋਡੇ)

ਕਿਸੇ ਵੀ ਨਵੇਂ ਫੈਸ਼ਨ ਦਾ ਜਨਮ, ਲੋਕਗੀਤ ਦੇ ਜਨਮ ਵਰਗਾ ਹੀ ਹੁੰਦਾ ਹੈ। ਲੋਕ ਗੀਤ ਦੇ ਅਸਲ ਸਿਰਜਕ ਨੂੰ ਲੱਭਣ ਵਾਂਗ ਕਿਸੇ ਫੈਸ਼ਨ ਦੇ ਸਿਰਜਕ ਨੂੰ ਲੱਭਣਾ ਵੀ ਮੁਸ਼ਕਿਲ ਹੀ ਨਹੀਂ ਸਗੋਂ ਨਾ-ਮੁਮਕਿਨ ਹੈ। ਜਿਵੇਂ ਕੋਈ ਗੀਤ ਕਿਸੇ ਵਿਅਕਤੀ ਵਿਸ਼ੇਸ਼ ਦੇ ਹਾਵੇ-ਹਾਉਕੇ ਵਿੱਚੋਂ ਨਿਕਲ ਕੇ ਸਾਰਿਆਂ ਦੇ ਦਿਲਾਂ ਦੀ ਵੇਦਨਾ ਦਾ ਪ੍ਰਤੀਬਿੰਬ ਬਣਦਿਆਂ ਲੋਕ-ਗੀਤ ਹੋ ਨਿੱਬੜਦਾ ਹੈ ਤਿਵੇਂ ਹੀ ਫੈਸ਼ਨ ਵੀ ਕਿਸੇ ਇੱਕ ਦੀ ਮਜਬੂਰੀ ਜਾਂ ਲਾਲਸਾ ਵਿੱਚੋਂ ਨਿਕਲ ਕੇ ਸਭ ਦੇ ਸਿਰ ਦਾ ਭੂਤ ਬਣ ਬੈਠਦਾ ਹੈ। ਤੁਸੀਂ ਸੋਚਦੇ ਹੋਵੇਗੇ ਇਹ ਭਲਾ ਕਿਵੇਂ ਹੋ ਸਕਦਾ ਹੈ? ਆਓ! ਮੈਂ ਦੱਸਦਾ ਹਾਂ!

ਬੇਰੁਜ਼ਗਾਰੀ ਦੇ ਝੰਬੇ ਹੋਏ ਨੇ ਮੈਂ ਕਈ ਕੰਮ ਬਦਲ-ਬਦਲ ਕੇ ਕੀਤੇ, ਪਰ ਕੋਈ ਫਿੱਟ ਨਾ ਬੈਠਿਆ। ਇਸ ਭੱਜ-ਦੌੜ ਵਿੱਚ ਮੈਨੂੰ ਮੇਰੇ ਦੋਸਤ ਕਿਸ਼ੋਰ ਚੰਦ ਦੀ ਯਾਦ ਆਈ। ਕਿਸ਼ੋਰ ਚੰਦ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਿੱਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਚਲਾਉਂਦਾ ਹੈ। ਖੁੱਡੇ ਜਿੱਡੀ ਦੁਕਾਨ ਤੋਂ ਉਹਨੇ ਖਾਸਾ ਵੱਡਾ ਪਸਾਰਾ ਕਰ ਲਿਆ। ਉਹਦੀ ਤਰੱਕੀ ਵੇਖ ਕੇ ਮੇਰਾ ਮਨ ਵੀ ਉਹਦੇ ਵਾਲਾ ਕੰਮ ਅਜ਼ਮਾਉਣ ਵੱਲ ਉੱਲਰਿਆ। ਭਲਾ ਐਹੋ ਜਿਹੇ ਕੰਮ ਲਈ ਦੇਰ ਕਾਹਦੀ! ਆਪਾਂ ਚੁੱਕਿਆ ਦੁਪਹੀਆ ਤੇ ਉਹਦੇ ਤੋਂ ਸਲਾਹ ਲੈਣ ਤੁਰ ਪਏ।

“ਕੰਮ ਤਾਂ ਬਹੁਤ ਵਧੀਐ… ਪਰ ਜੀਹਦੇ ਗੇੜ ’ਚ ਆ-ਜੇ।” ਸਲਾਹ ਲੈਣ ਗਏ ਨੂੰ ਉਹਨੇ ਦੱਸਿਆ।

“ਗੇੜ ’ਚ ਲਿਆਉਣ ਨੂੰ ਇਹਦੇ ਲਈ ਕੀ ਮਾਰ ਕੇ ’ਗਾਹਾਂ ਕੋਕ ਪੜ੍ਹਨਾ ਪੈਂਦਾ!” ਮੈਂ ਆਪਣੇ ਮਜ਼ਾਹੀਆ ਲਹਿਜ਼ੇ ਵਿੱਚ ਗੱਲ ਕੀਤੀ।

“ਕੋਕ ਤਾਂ ਭਾਵੇਂ ਨਹੀਂ ਪੜ੍ਹਨਾ ਪੈਂਦਾ ਪਰ ਕੋਕ ਪੜ੍ਹਿਆਂ ਦੇ ਵੀ ਅੱਖੀਂ ਘੱਟਾ ਪਾਉਣ ਦੀ ਕਲਾ ਚਾਹੀਦੀ ਐ।” ਕਿਸ਼ੋਰ ਚੰਦ ਦਾ ਜਵਾਬ ਅਸਲੋਂ ਟੇਢਾ ਸੀ। ਮੈਂ ਹੋਰ ਵਿਸਥਾਰ ਜਾਨਣਾ ਚਾਹਿਆ ਤਾਂ ਉਹਨੇ ਮੈਨੂੰ ਇੱਕ-ਦੋ ਹਫ਼ਤੇ ਉਹਦੀ ਦੁਕਾਨ ’ਤੇ ਲਾ ਕੇ ਕੰਮ ਦੀਆਂ ਬਾਰੀਕੀਆਂ ਸਿੱਖ ਲੈਣ ਦੀ ਰਾਇ ਦਿੱਤੀ।

ਮੈਂ ਉਹਦੀ ਗੱਲ ਮੰਨ ਕੇ ਦੁਕਾਨ ’ਤੇ ਜਾਣਾ ਸ਼ੁਰੂ ਕਰ ਦਿੱਤਾ।

ਰੋਜ਼ ਨਵੇਂ ਤੋਂ ਨਵਾਂ ਗਾਹਕ ਆਉਂਦਾ। ਉਹ ਆਪਣੀ ਲੱਛੇਦਾਰ ਭਾਸ਼ਾ ਨਾਲ ਸਭ ਨੂੰ ਕੀਲਦਾ ਤੁਰਿਆ ਜਾਂਦਾ। ਨਵੇਂ-ਨਵੇਂ ਫੈਸ਼ਨਾਂ ਬਾਰੇ ਗੱਲਾਂ ਕਰਦਾ। ਕੱਪੜਿਆਂ ਦੀਆਂ ਕਿਸਮਾਂ ਦੇ ਨਾਂ, ਕੰਪਨੀਆਂ ਦੇ ਨਾਂ, ਰੰਗਾਂ ਦੇ ਨਵੇਂ-ਨਵੇਂ ਨਾਂ, ਸਿਲਾਈ-ਢੰਗ ਦੇ ਨਾਂ ਆਦਿ ਸਭ ਦੂਣੀ ਦੇ ਪਹਾੜੇ ਵਾਂਙੂੰ ਉਹਦੀਆਂ ਉਂਗਲਾਂ ’ਤੇ ਸਨ। ਹਰ ਕਿਸੇ ਨੂੰ ਵਿਸ਼ਵਾਸ ਦਿਵਾਉਣ ਲਈ ਉਹ ਗਾਰੰਟੀ ਤੇ ਗਾਰੰਟੀ ਦਿੰਦਾ ਤੁਰਿਆ ਜਾਂਦਾ। ਮੈਂ ਉਹਦੀਆਂ ਗਾਰੰਟੀਆਂ ਤੋਂ ਤ੍ਰਭਕ ਜਾਂਦਾ।

ਇੱਕ ਦਿਨ ਤਿੱਖੜ ਦੁਪਹਿਰੇ ਮੁੜ੍ਹਕੋ-ਮੁੜ੍ਹਕੀ ਹੋਇਆ ਇਕ ਵਿਅਕਤੀ ਆਇਆ ਤੇ ਆਪਣੇ ਹੱਥ ਵਿਚਲੇ ਲਿਫ਼ਾਫ਼ੇ ’ਚੋਂ ਪੈਂਟ ਕੱਢ ਕੇ ਕਾਊਂਟਰ ’ਤੇ ਲਿਆ ਸੁੱਟੀ।

“ਆਹ ਕੀ ਐ ਯਾਰ! … ਹਾਲੇ ਢਾਈ ਦਿਨ ਨਹੀਂ ਹੋਏ ਲੈ ਕੇ ਗਏ ਨੂੰ ਤੇ ਇਹਦੀਆਂ ਲੁੱਪੀਆਂ ਧਾਗੇ ਛੱਡਣ ਲੱਗ ਗਈਆਂ।” ਆਖਦਿਆਂ ਉਸ ਵਿਅਕਤੀ ਨੇ ਆਪਣੇ ਮੱਥੇ ’ਤੇ ਆਏ ਪਸੀਨੇ ਨੂੰ ਖੱਬੇ ਹੱਥ ਦੀ ਪਹਿਲੀ ਉਂਗਲ ਨਾਲ ਝੁਣਕ ਕੇ ਵਗਾਹ ਮਾਰਿਆ।

“ਕੋਈ ਗੱਲ ਨਹੀਂ ਵੀਰ ਜੀ… ਆਪਾਂ ਚੇਂਜ ਕਰ ਦਿੰਨੇ ਆਂ।” ਕਿਸ਼ੋਰ ਚੰਦ ਦੇ ਏਸ ਹਲੀਮੀ ਭਰੇ ਬੋਲਾਂ ਨੇ ਅੱਕੇ-ਥੱਕੇ ਲੱਗ ਰਹੇ ਓਸ ਵਿਅਕਤੀ ਵਿੱਚ ਜਿਵੇਂ ਨਵੀਂ ਊਰਜਾ ਭਰ ਦਿੱਤੀ ਹੋਵੇ।

ਨਵੇਂ ਉਤਸ਼ਾਹ ਵਿੱਚ ਖੜ੍ਹਾ ਉਹੀ ਵਿਅਕਤੀ ਹੁਣ ਕੋਈ ਨਵੀਂ ਪੈਂਟ ਦੇਖ ਰਿਹਾ ਸੀ। ਕਿਸ਼ੋਰ ਚੰਦ ਮੁਸਕਰਾਉਂਦੇ ਚਿਹਰੇ ਨਾਲ ਕਾਊਂਟਰ ’ਤੇ ਪੈਂਟਾਂ ਵਿਛਾਉਂਦਾ ਜਾ ਰਿਹਾ ਸੀ। ਜਲਦੀ ਹੀ ਉਸ ਵਿਅਕਤੀ ਨੇ ਨਵੀਂ ਪੈਂਟ ਚੁਣੀ ਤੇ ਡੇਢ ਸੌ ਰੁਪਿਆ ਹੋਰ ਦੇ ਕੇ ਚੱਲਦਾ ਬਣਿਆ।

ਮੈਨੂੰ ਕਿਸ਼ੋਰ ਚੰਦ ਦਾ ਇਹ ਸੌਦਾ ਮੂਲੋਂ ਹੀ ਘਾਟੇ ਦਾ ਲੱਗਿਆ। ਉਹਨੂੰ ਇਸ ਬਾਬਤ ਪੁੱਛਿਆ ਤਾਂ ਉਹਨੇ ਮੁਸਕਰਾਉਂਦਿਆਂ ਜਵਾਬ ਦਿੱਤਾ, “ਘਾਟੇ ਦਾ ਨਹੀਂ… ਇਹੀ ਪੈਂਟ ਏਦੂੰ ਮਹਿੰਗੇ ਰੇਟ ’ਚ ਜਾਂਦੀ ਵੇਖ ਲਈਂ। ਬਾਕੀ ਉਹ ਡੇਢ ਸੌ ਵੀ ਥੁੱਕ ਲਾ ਕੇ ਹੀ ਕਮਾ ਲਿਆ। ਸੀ ਤਾਂ ਓਹ ਪੈਂਟ ਵੀ ਏਸੇ ਰੇਟ ਦੀ ਹੀ।”

ਮੇਰੀ ਤਸੱਲੀ ਨਾ ਹੋਈ ਵੇਖ ਉਹ ਗੱਲ ਸੁਣਾਉਣ ਲੱਗਿਆ, “ਮੈਂ ਇਹ ਕੰਮ ਤੁਰੇ ਜਾਂਦੇ ਨੇ ਨਹੀਂ ਸਿੱਖ ਲਿਆ। ਇਹਦੇ ਲਈ ਪੂਰੇ ਢਾਈ ਸਾਲ ਚੰਡੀਗੜ੍ਹ ਵਿੱਚ ਗਾਲੇ ਐ। ਲੈ ਓਥੋਂ ਦੀ ਗੱਲ ਸੁਣ। ਜਿੱਥੋਂ ਮੈਂ ਕੰਮ ਸਿੱਖਿਆ ਉਹ ਬੜੀ ਵੱਡੀ ਕੰਪਨੀ ਸੀ। ਕੱਪੜੇ ਬਣਾਉਂਦੀ ਵੀ ਸੀ ਤੇ ਵੇਚਦੀ ਵੀ। ਓਦੋਂ ਬੈੱਲ-ਬੌਟਮ ਜੀਨਾਂ ਦਾ ਰਿਵਾਜ਼ ਜ਼ੋਰਾਂ ’ਤੇ ਸੀ। ਫੇਰ ਪਤਾ ਨਹੀਂ ਕਿਹੜੀ ਨਵੀਂ ਕੰਪਨੀ ਨੇ ਨੈਰੋ ਜੀਨ ਸ਼ੁਰੂ ਕਰ ਦਿੱਤੀ ਕਿ ਸਾਡੀ ਕੰਪਨੀ ਨੂੰ ਆਪਣਾ ਵੱਡੀ ਤਾਦਾਦ ਵਿੱਚ ਤਿਆਰ ਕੀਤਾ ਸਟਾਕ ਬੇਕਾਰ ਜਾਂਦਾ ਲੱਗਿਆ। ਪਰ ਕੰਪਨੀ ਵਾਲਿਆਂ ਵੀ ਘਾਟ-ਘਾਟ ਦਾ ਪਾਣੀ ਪੀਤਾ ਹੁੰਦਾ। ਉਹ ਯਾਰ ਵੱਡੇ ਵਪਾਰੀ ਬੰਦੇ… ਅਗਲਿਆਂ ਨੇ ਦੋ-ਚਾਰ ਜੀਨਾਂ ਨੂੰ ਗੋਡਿਆਂ ਥੱਲੋਂ ਕੱਟ ਕੇ ਬਰਮੂਡੇ ਜਿਹੇ ਬਣਾ ਦਿੱਤੇ। ਬਸ ਜੀ ਇੱਕ ਨਵੇਂ ਜਿਹੇ ਉੱਠਦੇ ਫਿਲਮੀ ਅਦਾਕਾਰ ਦੇ ਬਰਮੂਡਾ ਪਵਾ ਕੇ ਟੀ.ਵੀ. ’ਤੇ ਗੇੜਾ ਕਢਾਉਣ ਦੀ ਦੇਰ ਸੀ ਕਿ ਦਿਨਾਂ ਵਿੱਚ ਹੀ ਲੋਕ ਕੈਪਰੀ-ਕੈਪਰੀ ਕਰਨ ਲੱਗ ਗਏ। ਕੰਪਨੀ ਦਾ ਸਾਰਾ ਸਟਾਕ ਡੂਢੀ ਕੀਮਤ ’ਤੇ ਵਿਕਿਆ। ਕਹਾਣੀ ਐਸੀ ਗੇੜ ’ਚ ਆਈ ਕਿ ਸਟਾਕ ਮੁੱਕਣ ਮਗਰੋਂ ਕੱਪੜੇ ਦੀ ਲਾਗਤ ਘੱਟ ਤੇ ਮੁਨਾਫ਼ਾ ਵੱਧ ਹੋਣ ਲੱਗ ਗਿਆ। ਲੈ ਮੁਨਾਫ਼ੇ ਦੀ ਸੁਣ-ਲੈ… ਪਤੰਦਰ ਕੈਪਰੀ ਤੋਂ ਨਿੱਕਰਾਂ ’ਤੇ ਆ ਗਏ ਤੇ ਨਿੱਕਰਾਂ ਤੋਂ ਚੱਡੀਆਂ ’ਤੇ। ਜਿਉਂ-ਜਿਉਂ ਕੱਪੜਾ ਘਟਾਉਂਦੇ ਜਾਣ ਤਿਉਂ-ਤਿਉਂ ਰੇਟ ਵਧਾਉਂਦੇ ਜਾਣ… ਜਿਵੇਂ ਘੁਮਿਆਰ ਭੋਰਾ ਵੀ ਮਿੱਟੀ ਅਜਾਈਂ ’ਨੀਂ ਗੁਆਉਂਦਾ ਤਿਵੇਂ ਇਹ ਢਾਈ ਇੰਚ ਦੀ ਲੀਰ ਵੀ ਵਿਅਰਥ ਨਈਂ ਜਾਣ ਦਿੰਦੇ। ਓਦੂੰ ਮਗਰੋਂ ਤਾਂ ਆਵਾ ਈ ਊਤ ਗਿਆ। ਕੰਪਨੀਆਂ ਨੂੰ ਜਿਵੇਂ ਨਿੱਕਰਾਂ ’ਤੇ ਲੇੜ ਮਾਰਨ ਦਾ ਖ਼ਰਚਾ ਵੀ ਫ਼ਜ਼ੂਲ ਜਾਪਣ ਲੱਗਿਆ। ਉਨ੍ਹਾਂ ਬਿਨਾਂ ਲੇੜ ਤੋਂ ਈ ਨਿੱਕਰਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਆਪਣੇ ਆਲੇ ਰੱਬ ਦੇ ਸਿਰ੍ਹਾਣੇ ਉਹ ਫਲੂਸੜਿਆਂ ਜਿਹੀਆਂ ਵਾਲੀਆਂ ਨਿੱਕਰਾਂ ਨੂੰ ਪੈਂਟਾਂ ਤੋਂ ਵੀ ਕਿਤੇ ਮਹਿੰਗੇ ਭਾਅ ਖਰੀਦਦੇ ਐ।”

ਉਹਦੀ ਏਸ ਗੱਲ ਤੋਂ ਮੈਨੂੰ ਮੇਰੇ ਨਾਲ ਪੜ੍ਹਦਾ ਰਿਹਾ ਧੀਰਾ ਯਾਦ ਆ ਗਿਆ। ਸਾਰੀ ਜਮਾਤ ਤੋਂ ਵੱਧ ਟੌਹਰੀ ਸੀ ਧੀਰਾ। ਉਹਦੀ ਪ੍ਰੈੱਸ ਕੀਤੀ ਵਰਦੀ ਦੀਆਂ ਕਰੀਜ਼ਾਂ ਹਰੇਕ ਦਾ ਧਿਆਨ ਖਿੱਚਦੀਆਂ। ਪੂੰਜੀ ਪੱਖੋਂ ਭਾਵੇਂ ਉਨ੍ਹਾਂ ਦਾ ਟੱਬਰ ਮੱਧਵਰਗੀ ਪਰਿਵਾਰ ਤੋਂ ਵੀ ਹੇਠਲੇ ਦਰਜ਼ੇ ਦਾ ਸੀ, ਪਰ ਅੱਜ ਤੱਕ ਕਦੇ ਉਹਨੇ ਬਿਨਾਂ ਪ੍ਰੈੱਸ ਕੀਤੇ ਕੱਪੜੇ ਨਹੀਂ ਸੀ ਪਾਏ। ਜਿਹੜਾ ਵੀ ਕੋਈ ਨਵਾਂ ਫੈਸ਼ਨ ਚੱਲਦਾ ਸਾਨੂੰ ਉਸ ਬਾਰੇ ਧੀਰੇ ਕੋਲੋਂ ਹੀ ਪਤਾ ਲੱਗਦਾ।

ਇਕ ਦਿਨ ਉਸ ਨੇ ਅਜੀਬੋ ਗਰੀਬ ਫੈਸ਼ਨ ਕੀਤਾ ਹੋਇਆ ਸੀ। ਸਾਰੇ ਉਹਨੂੰ ਰੁਕ-ਰੁਕ ਕੇ ਵੇਖਦੇ। ਉਹਦੀ ਸ਼ਰਟ ਮੂਹਰੋਂ ਪੈਂਟ ਵਿੱਚ ਦਿੱਤੀ ਹੋਈ ਤੇ ਪਿੱਛੋਂ ਬਾਹਰ ਕੱਢੀ ਹੋਈ ਸੀ। ਏਸ ਪਹਿਰਾਵੇ ਤੋਂ ਉਹ ਸਾਖਸ਼ਾਤ ਅੰਗਰੇਜ਼ੀ ਪੁਲੀਸ ਦਾ ਸਿਪਾਹੀ ਲੱਗਦਾ ਸੀ। ਉਹਦੇ ਇਸ ਫੈਸ਼ਨ ਦੀ ਰੀਸ-ਘੜੀਸੇ ਦੂਜੇ ਦਿਨ ਹੋਰ ਦੋ-ਚਹੁੰ ਜਣਿਆਂ ਦਾ ਇਉਂ ਹੀ ਕੀਤਾ ਹੋਇਆ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਧੀਰੇ ਦੇ ਇਸ ਨਵੇਂ ਫੈਸ਼ਨ ਦਾ ਜਨਮ ਉਹਦੀ ਮਜਬੂਰੀ ’ਚੋਂ ਹੋਇਆ ਸੀ। ਹੋਇਆ ਇਉਂ ਕਿ ਓਦੂੰ ਇੱਕ ਦਿਨ ਪਹਿਲਾਂ ਹੋਈ ਤੇਜ਼ ਬਾਰਿਸ਼ ਨੇ ਉਹਦੀ ਧੋਤੀ ਹੋਈ ਵਰਦੀ ਸੁੱਕਣ ਨਾ ਦਿੱਤੀ। ਸਵੇਰੇ ਉਹ ਚੁੱਲ੍ਹੇ ਦੀ ਅੱਗ ਨਾਲ ਵਰਦੀ ਸੁਕਾਉਣ ਦੇ ਯਤਨ ਕਰਨ ਲੱਗਾ ਤਾਂ ਕੱਪੜੇ ਅੱਗ ਦੇ ਬਹੁਤਾ ਨੇੜੇ ਹੋ ਜਾਣ ਕਰਕੇ ਅਗਲੇ ਪਾਸਿਓਂ ਸ਼ਰਟ ਤੇ ਪਿਛਲੇ ਪਾਸਿਓਂ ਪੈਂਟ ਸੜ ਗਈ। ਸਕੂਲੋਂ ਵਰਦੀ ਤੋਂ ਬਗੈਰ ਕੁੱਟ ਖਾਣ ਨਾਲੋਂ ਉਹਨੇ ਇਹ ਫੈਸ਼ਨ ਬਣਾ ਲੈਣਾ ਹੀ ਠੀਕ ਸਮਝਿਆ।

ਵਕਤ ਦਾ ਪਹੀਆ ਅੱਗੇ ਰਿੜਿਆ। ਇੱਕ ਦਿਨ ਨਵੀਂ ਦੁਨੀਆ ਦੇ ਕਿਸੇ ਨੌਜਵਾਨ ਗਾਹਕ ਨੇ ਦੁਕਾਨ ਵਿੱਚ ਪੈਰ ਪਾਇਆ। ਨੌਜਵਾਨ ਦੀ ਦਿੱਖ ਵੇਖ ਮੈਂ ਪੂਰਾ ਤਾਣ ਲਾ ਕੇ ਆਪਣਾ ਹਾਸਾ ਰੋਕਿਆ। ਉਹਦੇ ਘੁੱਟਵੀਂ ਪੈਂਟ ਤੇ ਖਿੱਲਰਵੀਂ ਜਿਹੀ ਸ਼ਰਟ ਪਾਈ ਹੋਈ ਸੀ। ਪਾਈਆ ਪੱਕੀ ਜੈੱਲ ਲਾ ਕੇ ਸਿਰ ’ਤੇ ਕੁੱਕੜ ਬੋਦੀ ਬਣਾਈ ਹੋਈ ਤੇ ਵੱਡੇ ਆਕਾਰ ਦੀਆਂ ਕਾਲੀਆਂ ਐਨਕਾਂ ਮੱਥੇ ਤੋਂ ਉਤਾਂਹ ਟਿਕਾਈਆਂ ਹੋਈਆਂ ਸਨ। ਪਿੱਠ ਪਿੱਛੋਂ ਵੇਖਦਿਆਂ ਤਾਂ ਉਹਦਾ ਨਰ ਜਾਂ ਮਾਦਾ ਹੋਣ ਦਾ ਅਨੁਮਾਨ ਲਾਉਣਾ ਵੀ ਔਖਾ ਸੀ।

ਕਿਸ਼ੋਰ ਚੰਦ ਨੇ ਉਹਨੂੰ ਕਈ ਪੈਂਟਾਂ ਦਿਖਾਈਆਂ। ਪਰ ਉਹ ਹਰੇਕ ਪੈਂਟ ਨੂੰ ਵੇਖ ਨੱਕ ਚੜ੍ਹਾ ਲੈਂਦਾ। ਉਹਦਾ ਨਖਰਾ ਵੇਖ ਕੇ ਕਿਸ਼ੋਰ ਚੰਦ ਨੇ ਕਾਊਂਟਰ ਦੇ ਥੱਲਿਓਂ ਇੱਕ ਲਿਫ਼ਾਫ਼ਾ ਬੰਦ ਪੈਂਟ ਕੱਢੀ। ਲਿਫ਼ਾਫ਼ੇ ਵਿੱਚ ਪੈਂਟ ਦੇ ਨਾਲ ਇੱਕ ਫ਼ਿਲਮੀ ਅਦਾਕਾਰ ਦੀ ਤਸਵੀਰ ਵੀ ਝਲਕਾਰੇ ਮਾਰ ਰਹੀ ਸੀ। ਕਿਸ਼ੋਰ ਚੰਦ ਦੇ ਪੈਂਟ ਦਿਖਾਉਂਦਿਆਂ ਹੀ ਗਾਹਕ ਦੇ ਚਿਹਰੇ ’ਤੇ ਮੁਸਕਾਨ ਫੈਲ ਗਈ। ਉਹ ਕਦੇ ਪੈਂਟ ਵੱਲ ਵੇਖਦਾ ਤੇ ਕਦੇ ਲਿਫ਼ਾਫ਼ੇ ਵਿਚਲੀ ਤਸਵੀਰ ਵੱਲ।

ਮੈਂ ਉਸ ਪੈਂਟ ਨੂੰ ਵੇਖ ਕੇ ਹੈਰਾਨ ਸਾਂ। ਇਹ ਤਾਂ ਊਹੀ ਪੈਂਟ ਸੀ ਜੋ ਉਸ ਦਿਨ ਕੋਈ ਗਾਹਕ ਲੁੱਪੀਆਂ ਦੇ ਧਾਗੇ ਨਿਕਲ ਜਾਣ ਕਰਕੇ ਮੋੜ ਗਿਆ ਸੀ। ਮੈਂ ਲੁੱਪੀਆਂ ਵੇਖ ਕੇ ਹੈਰਾਨ ਸਾਂ। ਸੁਰਮੇ ਰੰਗੀ ਪੈਂਟ ’ਤੇ ਕਾਲੇ ਰੰਗ ਦੀਆਂ ਲੁੱਪੀਆਂ ਇਉਂ ਚਮਕ ਰਹੀਆਂ ਸਨ ਜਿਵੇਂ ਗੋਰੇ ਮੁੱਖੜੇ ਨੂੰ ਨਜ਼ਰ ਤੋਂ ਬਚਾਉਣ ਲਈ ਕਾਲੇ ਟਿੱਕੇ ਲਾਏ ਹੋਣ। ਕਿਸ਼ੋਰ ਚੰਦ ਨੇ ਪੈਂਟ ਦੀ ਐਸੀ ਭੂਮਿਕਾ ਬੰਨ੍ਹੀ ਕਿ ਗਾਹਕ ਹੱਸ ਕੇ ਨੌਂ ਸੌ ਰੁਪਏ ਵਿੱਚ ਪੈਂਟ ਖਰੀਦ ਕੇ ਚਲਦਾ ਬਣਿਆ।

ਗਾਹਕ ਤੁਰ ਜਾਣ ਮਗਰੋਂ ਇਸ ਬਾਬਤ ਕਿਸ਼ੋਰ ਚੰਦ ਨੂੰ ਪੁੱਛਿਆ ਤਾਂ ਉਹ ਏਸ ਨਵੇਂ ਫੈਸ਼ਨ ਦੀ ਜਨਮ ਕਹਾਣੀ ਸੁਣਾਉਣ ਲੱਗਾ, “ਮੈਂ ਭਰਾਵਾ ਓਦਣ ਇਹ ਪੈਂਟ ਘਰ ਲੈ ਗਿਆ। ਘਰਆਲੀ ਨੂੰ ਆਖਿਆ, ‘ਭਾਗਵਾਨੇ ਐਹੋ ਜਿਹੇ ਰੰਗ ਦੀ ਕੋਈ ਪੁਰਾਣੀ ਪੈਂਟ ਪਈ ਐ ਤਾਂ ਉਹਦੀਆਂ ਲੁੱਪੀਆਂ ਇਹਦੇ ਲਾ ਛੱਡ।’ ਉਹਨੂੰ ਵਿਚਾਰੀ ਨੂੰ ਏਸ ਰੰਗ ਦੀ ਪੈਂਟ ਤਾਂ ਨਾ ਮਿਲੀ ਪਰ ਲੱਭਦੀ ਲੁਭਾਉਂਦੀ ਦੇ ਹੱਥ ਮੇਰੀ ਘਸੀ-ਪਿਟੀ ਕਾਲੀ ਪੈਂਟ ਲੱਗ ਗਈ। ਮੇਰੇ ਮਨ ਵਿੱਚ ਕਾਲੀ ਪੈਂਟ ਵੇਖਦਿਆਂ ਹੀ ਡਿਜ਼ਾਈਨ ਤਿਆਰ ਹੋ ਗਿਆ। ਮਖਿਆਂ ਏਸੇ ਦੀਆਂ ਹੀ ਜੜ ਦੇ… ਆਪਾਂ ਨਵਾਂ ਫੈਸ਼ਨ ਤਿਆਰ ਕਰ ਦਿਆਂਗੇ। ਬਸ ਫੇਰ ਕੀ ਸੀ! ਪੈਂਟ ਤਿਆਰ ਹੁੰਦਿਆਂ ਹੀ ਮੈਂ ਆਵਦੇ ਪਾ ਕੇ ਫੋਟੋ ਖਿਚਵਾ ਲਈ ਤੇ ਕੰਪਿਊਟਰ ’ਤੇ ਐਡਿਟ ਕਰਦਿਆਂ ਇਸੇ ’ਤੇ ਅਦਾਕਾਰ ਦਾ ਚਿਹਰਾ ਲਾ ਦਿੱਤਾ!”

ਉਹਦੀ ਗੱਲ ਸੁਣ ਕੇ ਮੈਨੂੰ ਇਉਂ ਲੱਗਿਆ ਜਿਵੇਂ ਅੱਜ ਦੇ ਜ਼ਮਾਨੇ ਵਿੱਚ ਕੱਪੜੇ ਦਾ ਕੰਮ ਚਲਾਉਣ ਲਈ ਇਕੱਲੀਆਂ ਗੱਲਾਂ ਹੀ ਨਹੀਂ ਸਗੋਂ ਕੰਪਿਊਟਰ ਸਿੱਖਣਾ ਵੀ ਲਾਜ਼ਮੀ ਹੋ ਗਿਆ ਹੋਵੇ। ਆਖ਼ਰ ਨਵੇਂ ਫੈਸ਼ਨਾਂ ਨੂੰ ਜਨਮ ਵੀ ਤਾਂ ਦੇਣਾ ਪੈਂਦਾ ਏ।

Leave a Reply

Your email address will not be published. Required fields are marked *