ਰਿਟਰਨ ਗਿਫਟ -ਮੁਹੰਮਦ ਇਮਤਿਆਜ਼

‘‘ਬਸ, ਨਿਕਲਣ ਹੀ ਲੱਗਦਾਂ!’’ ਕਹਿ ਕੇ ਵਿਸ਼ਾਲ ਨੇ ਫੋਨ ਕੱਟ ਦਿੱਤਾ।

ਕੈਸ਼ੀਅਰ ਨੇ ਇਕ ਵਾਰ ਫਿਰ ਕੈਬਿਨ ’ਚ ਆ ਕੇ ਨਾਂਹ ਵਿੱਚ ਸਿਰ ਮਾਰਿਆ, ‘‘ਹਾਲੀਂ ਵੀ ਫ਼ਰਕ ਆ ਰਿਹਾ ਐ!’’

‘‘ਪਰ, ਫ਼ਰਕ ਪੈ ਕਿੱਥੇ ਗਿਆ?’’ ਵਿਸ਼ਾਲ ਦੀ ਸੁਰ ਉੱਚੀ ਸੀ। ਕੈਸ਼ੀਅਰ ਦਾ ਡਰ ਤੇ ਸ਼ਰਮ ਨਾਲ ਭਰਿਆ ਚਿਹਰਾ ਹੋਰ ਲਾਲ ਹੋ ਗਿਆ।

ਗੇਟ ’ਤੇ ਬੈਠੇ ਸਕਿਓਰਿਟੀ ਗਾਰਡ ਨੇ ਅੰਦਰ ਝਾਤੀ ਮਾਰੀ।

ਵਿਸ਼ਾਲ ਨੂੰ ਵੀ ਅਹਿਸਾਸ ਹੋਇਆ। ਉਸ ਨੇ ਠੰਢੇ ਲਹਿਜੇ ’ਚ ਸਵਾਲ ਦੁਹਰਾਇਆ, ‘‘ਮਦਨ! … ਫਰਕ ਕਿੰਨਾ ਆ ਰਿਹੈ?’’ ‘‘ਦਸ ਹਜ਼ਾਰ, ਸਰ!’’ ਢਿੱਲੇ ਮੂੰਹ ਨਾਲ ਬੋਲਦਿਆਂ ਕੈਸ਼ੀਅਰ ਨੇ ਤੀਜੀ-ਚੌਥੀ ਵਾਰ ਉਹੋ ਹੀ ਜਵਾਬ ਦਿੱਤਾ।

ਵਿਸ਼ਾਲ ਨੇ ਦੋਹਾਂ ਗੱਲ੍ਹਾਂ ’ਚ ਹਵਾ ਭਰ ਕੇ ਫੂਕ ਮਾਰੀ।

ਉਸ ਦੇ ਕੈਬਿਨ ਦੇ ਬਾਹਰ ਡੀਲਿੰਗ ਕਾਊਂਟਰਾਂ ਦੇ ਸਿਰਾਂ ਉੱਪਰ ਲੱਗੀ ਘੜੀ ਦੀਆਂ ਸੂਈਆਂ ਅੱਠ ਤੋਂ ਨੌਂ ਵਜਾਉਣ ਵੱਲ ਤੇਜ਼ੀ ਨਾਲ ਵਧ ਰਹੀਆਂ ਸਨ। ਹਾਲ ਵਿੱਚ ਸਾਰੀਆਂ ਕੁਰਸੀਆਂ ਵਿਹਲੀਆਂ ਹੋ ਚੁੱਕੀਆਂ ਸਨ। ਸਿਰਫ਼ ਉਸ ਦੇ ਕੈਬਿਨ ਅਤੇ ਕੈਸ਼ ਕਾਊਂਟਰ ’ਤੇ ਹੀ ਗਤੀਵਿਧੀ ਦਾ ਅਹਿਸਾਸ ਹੁੰਦਾ ਸੀ। ਸਕਿਓਰਿਟੀ ਗਾਰਡ ਕਈ ਵਾਰ ਅੰਦਰ-ਬਾਹਰ ਚੱਕਰ ਲਾ ਚੁੱਕਿਆ ਸੀ।

ਫੋਨ ਦੀ ਘੰਟੀ ਵੱਜੀ।

ਸ਼ਾਰਦਾ ਦਾ ਨਾਮ ਵੇਖ ਕੇ ਉਸ ਨੇ ਕਾਲ ਕੱਟ ਦਿੱਤੀ।

ਮੋਬਾਈਲ ਫਿਰ ਵੱਜਿਆ।

‘‘ਸ਼ਾਰਦਾ! ਮੈਂ ਕਿਹਾ ਤਾਂ ਹੈ, ਮੈਂ ਆ ਰਿਹਾਂ!’’ ਉਸ ਦੇ ਲਹਿਜੇ ’ਚ ਤਲਖ਼ੀ ਸੀ।

‘‘ਗੌਰਵ ਭਾ’ਜੀ ਦੀ ਟ੍ਰੇਨ ਐ ਗਿਆਰਾਂ ਵਜੇ। ਫੇਰ ਉਨ੍ਹਾਂ ਨੇ ਚਲੇ ਜਾਣੈ! … ਥੋਡੇ ਈ ਭੈਣਾਂ-ਭਰਾਵਾਂ ਕਰਕੇ ਫੋਨ ਕਰ ਰਹੀ ਆਂ! ਮੇਰੇ ਨਾਲ ਆਏਂ ਬੋਲਣ ਦੀ ਲੋੜ ਨ੍ਹੀਂ…!’’ ਸ਼ਾਰਦਾ ਨੇ ਫੋਨ ਕੱਟ ਦਿੱਤਾ।

‘‘ਓ, ਗੌਡ!’’

ਥੋੜ੍ਹੀ ਦੇਰ ਬਾਅਦ ਫੋਨ ਦੀ ਘੰਟੀ ਫਿਰ ਵੱਜੀ।

ਸਕਰੀਨ ਤੇ ‘ਗੌਰਵ ਭਾ’ਜੀ’ ਲਿਖਿਆ ਆ ਰਿਹਾ ਸੀ।

‘‘ਹਾਂ, ਵਿਸ਼ਾਲ! ਕਿੰਨਾ ਕੁ ਟੈਮ ਲੱਗਣੈ?’’

‘‘ਬਸ, ਭਾ’ਜੀ! ਆ ਹੀ ਰਿਹਾਂ! ਕੈਸ਼ ਦਾ ਇੱਕ ਰੌਲ਼ਾ…!’’

‘‘ਸੁਣ!… ਦੇਖ, ਮੇਰੀ ਟ੍ਰੇਨ ਦਾ ਟਾਈਮ ਹੋਈ ਜਾਂਦੈ! ਤੂੰ ਆਏਂ ਕਰ, ਸਿੱਧਾ ਰੈਸਟੋਰੈਂਟ ਹੀ ਆ-ਜਾ! ਅਸੀਂ ਚਲਦੇ ਆਂ।’’

‘‘ਠੀਕ ਐ, ਭਾ’ਜੀ!’’ ਫੋਨ ਕੱਟਦਿਆਂ ਉਸ ਦੀ ਬੇਚੈਨੀ ਕੁਝ ਘੱਟ ਹੋਈ। ਪਰ ਦਿਲ ਨੂੰ ਡੋਬੂ ਪਿਆ। ‘‘ਪਾਪਾ! ਆਜ ਟਾਈਮ ਪੇ ਆ ਜਾਨਾ ਆਫਿਸ ਸੇ! ਪਿਛਲੀ ਬਾਰ ਕੀ ਤਰਹ ਲੇਟ ਮਤ ਹੋ ਜਾਨਾ! ਨਹੀਂ ਤੋ ਮੈਂ ਆਪ ਸੇ ਬਾਤ ਨਹੀਂ ਕਰੂੰਗੀ!’’ ਮਿੰਨੀ ਨੇ ਸਵੇਰੇ ਕਿਹਾ ਸੀ। ‘‘ਨਹੀਂ, ਬੇਟੇ! ਆਈ ਵਿਲ ਡੈਫੀਨੇਟਲੀ ਕਮ!’’ ਘਰੋਂ ਨਿੱਕਲਦਿਆਂ ਉਸ ਨੇ ਉਸ ਦਾ ਮੱਥਾ ਚੁੰਮਿਆ ਸੀ।

‘‘ਕਿਹੋ ਜਿਹੀ ਬੈਂਕ ਐ ਥੋਡੀ! ਬੱਚੇ ਦੇ ਜਨਮਦਿਨ ’ਤੇ ਵੀ ਛੁੱਟੀ ਨ੍ਹੀਂ ਮਿਲਦੀ!’’ ਸ਼ਾਰਦਾ ਨੇ ਕਾਰ ’ਚ ਉਸ ਨੂੰ ਟਿਫਨ ਫੜਾਉਂਦਿਆਂ ਕਿਹਾ ਸੀ।

‘‘ਤੈਨੂੰ ਪਤਾ ਤਾਂ ਹੈ, ਸ਼ਾਰਦਾ! ਅੱਜ ਕਈ ਜ਼ਰੂਰੀ ਕੰਮ ਨਿਪਟਾਉਣੇ ਨੇ! ਮੇਰੇ ਤੋਂ ਬਿਨਾ ਕੰਮ ਖੜ੍ਹ-ਜੂ! ਸਾਰੀ ਜ਼ਿੰਮੇਵਾਰੀ ਬਰਾਂਚ ਮਨੇਜਰ ਦੀ ਹੁੰਦੀ ਐ!’’ ‘‘ਪ੍ਰਾਈਵੇਟ ਬੈਂਕ ਵੀ ਨਾ…,’’ ਸ਼ਾਰਦਾ ਅੱਗਿਉਂ ਬੋਲਦੀ-ਬੋਲਦੀ ਰੁਕ ਗਈ ਸੀ।

‘‘ਸਰ! ਪਤਾ ਚੱਲ ਗਿਐ!’’ ਕੈਸ਼ੀਅਰ ਉਸ ਦੇ ਕੈਬਿਨ ’ਚ ਫਿਰ ਦਾਖ਼ਲ ਹੋਇਆ। ‘‘ਗ਼ਲਤੀ ਨਾਲ ਇੱਕ ਬੰਦੇ ਦੇ ਖਾਤੇ ’ਚ ਪੈ ਗਏ!’’

‘‘ਫੋਨ ਕਰੋ, ਫੇਰ, ਉਹਨੂੰ!’’

‘‘ਕੀਤਾ ਸੀ, ਸਰ! ਪਰ ਉਹ ਪੈਰਾਂ ’ਤੇ ਪਾਣੀ ਈ ਨ੍ਹੀਂ ਪੈਣ ਦਿੰਦਾ!’’

‘‘ਹੈ ਕੌਣ ਉਹ?’’ ਉਸ ਨੇ ਭਰਵੱਟੇ ਕੱਸੇ।

‘‘ਜੇ.ਈ. ਐ ਕੋਈ!’’

ਵਿਸ਼ਾਲ ਨੇ ਫੋਨ ’ਤੇ ਇੱਕ ਨੰਬਰ ਡਾਇਲ ਕੀਤਾ।

‘‘ਹੈਲੋ! ਹਾਂ, ਹਰਬੰਸ! … ਠੀਕ ਐ ਸਭ! … ਕਾਹਦਾ ਬਰ-ਡੇ, ਯਾਰ! ਮੈਂ ਤਾਂ ਬੈਂਕ ’ਚ ਫਸਿਆ ਬੈਠਾਂ! … ਸੁਣ! ਥੋਡੇ ਡਿਪਾਰਟਮੈਂਟ ਦਾ ਜੇ.ਈ. ਐ ਇੱਕ! ਉਹਦੇ ਖਾਤੇ ’ਚ ਗ਼ਲਤੀ ਨਾਲ ਦਸ ਹਜ਼ਾਰ ਚਲੇ ਗਏ। ਹੁਣ ਉਹ ਮੋੜ ਨ੍ਹੀਂ ਰਿਹਾ। … ਹਾਂ, ਮੇਰਾ ਕੈਸ਼ੀਅਰ ਤੈਨੂੰ ਨਾਮ ਦੱਸਦੈ…,’’ ਉਸ ਨੇ ਫੋਨ ਮਦਨ ਵੱਲ ਵਧਾਇਆ।

ਜਦੋਂ ਉਸ ਨੇ ਮਦਨ ਕੋਲੋਂ ਫੋਨ ਵਾਪਸ ਲਿਆ ਤਾਂ ਸਕਰੀਨ ’ਤੇ ਸ਼ਾਰਦਾ ਦੀਆਂ ਤਿੰਨ-ਚਾਰ ਮਿੱਸ ਕਾੱਲਾਂ ਦਿਸੀਆਂ। ਫੋਨ ਦੀ ਘੰਟੀ ਫਿਰ ਖੜਕੀ।

ਆਵਾਜ਼ ਪਛਾਣਦਿਆਂ ਉਹ ਬੋਲਿਆ, ‘‘ਹਾਂ, ਦੀਦੀ! … ਬਸ, ਉਹ ਪ੍ਰੌਬਲਮ ਸੋਲਵ ਹੋ-ਗੀ ਸਮਝੋ! … ਥੋੜ੍ਹਾ ਜਿਹਾ ਲੱਗ-ਜੂ ਟਾਈਮ! … ਕੋਈ ਨ੍ਹੀਂ ਤੁਸੀਂ ਖਾਣਾ ਖਾ ਲੋ! ਭਾ’ਜੀ ਹੁਰ੍ਹਾਂ ਨੇ ਵੀ ਜਾਣਾ ਹੋਣੈ! … ਕੇਕ ਬਾਅਦ ’ਚੋਂ ਕੱਟ ਲਾਂ-ਗੇ!’’

ਮੋਬਾਈਲ ਨੂੰ ਟੇਬਲ ’ਤੇ ਰੱਖਦਿਆਂ ਉਸ ਦਾ ਮਨ ਮਸੋਸਿਆ ਗਿਆ ਸੀ। ਮਿੰਨੀ ਦਾ ਚਿਹਰਾ ਉਸ ਦੀਆਂ ਅੱਖਾਂ ਅੱਗੇ ਘੁੰਮ ਗਿਆ। ‘‘ਪਾਪਾ! ਆਪ ਏਕ ਘੰਟੇ ਮੇਂ ਕਿਤਨੇ ਪੈਸੇ ਕਮਾ ਲੇਤੇ ਹੋ?’’ ਮਿੰਨੀ ਵੱਲ ਵੇਖਦਿਆਂ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਹੀ ਕੀ ਜਵਾਬ ਦੇਵੇ।

‘‘ਦੱਸੋ ਨਾ, ਪਾਪਾ!’’

‘‘ਪੰਜ ਸੌ!’’ ਕਾਫ਼ੀ ਸੋਚਣ ਤੋਂ ਬਾਅਦ ਉਸ ਨੇ ਐਵੇਂ ਹੀ ਕਹਿ ਦਿੱਤਾ ਸੀ। ‘‘ਪਰ, ਤੂੰ ਕਿਉਂ ਪੁੱਛ ਰਹੀ ਐਂ?’’

‘‘ਕਿਉਂਕਿ ਮੇਰੇ ਬਰਥ-ਡੇ ਵਾਲੇ ਦਿਨ ਮੁਝੇ ਆਪਕਾ ਏਕ ਘੰਟਾ ਚਾਹੀਏ! … ਔਰ ਮੈਂ ਉਸ ਦਿਨ ਆਪ ਕੋ ਰਿਟਰਨ-ਗਿਫਟ ਦੂੰਗੀ!’’

ਫੋਨ ਦੀ ਘੰਟੀ ਨੇ ਉਸ ਦੀਆਂ ਸੋਚਾਂ ਦੀ ਲੜੀ ਭੰਗ ਕਰ ਦਿੱਤੀ।

‘‘ਹੈਲੋ! … ਹਾਂ, ਹਰਬੰਸ? … ਹੋ ਗਿਆ?… ਥੈਂਕ-ਯੂ, ਯਾਰ!’’ ਕਹਿ ਕੇ ਉਸ ਨੇ ਫੋਨ ਬੰਦ ਕੀਤਾ ਤੇ ਇੰਟਰਕੌਮ ਦਾ ਰਿਸੀਵਰ ਚੁੱਕਿਆ।

‘‘ਹਾਂ, ਮਦਨ! ਉਹ ਜੇ.ਈ. ਮੰਨ ਗਿਐ! ਬਸ, ਤੂੰ ਅਡਜਸਟਮੈਂਟ ਕਰ ਦੇ, ਕੱਲ੍ਹ ਆਪਾਂ ਉਹਦੇ ਤੋਂ ਸਾਈਨ ਕਰਵਾ ਲਵਾਂਗੇ।’’ ਉਸ ਦੇ ਲਹਿਜੇ ’ਚ ਉਤਸ਼ਾਹ ਸੀ।

ਮੋਬਾਈਲ ਫੋਨ ਤੋਂ ਹਾਲੀਂ ਉਹ ਸ਼ਾਰਦਾ ਦੀਆਂ ਮਿੱਸ ਕਾੱਲਾਂ ਲੱਭ ਹੀ ਰਿਹਾ ਸੀ ਕਿ ਫੋਨ ਦੀ ਰਿੰਗ ਖੜਕੀ। ਸਕਰੀਨ ’ਤੇ ਏ.ਡੀ.ਸੀ. ਲਿਖਿਆ ਆ ਰਿਹਾ ਸੀ।

‘‘ਹੈਲੋ, ਸਰ! … ਓ.ਕੇ. ਸਰ! … ਸਰ, ਜੇ ਸਵੇਰੇ ਬਣਾ ਦੇਈਏ? … ਓ.ਕੇ., ਓ.ਕੇ.! ਨੋ ਪ੍ਰੌਬਲਮ, ਸਰ! ਹੋ ਜਾਏਗਾ।’’

ਫੋਨ ਕੱਟਦਿਆਂ ਹੀ ਉਹ ਕੁਰਸੀ ’ਤੇ ਡਿੱਗ ਪਿਆ।

ਕੁਝ ਸੋਚ ਕੇ ਉਸ ਨੇ ਇੰਟਰਕੌਮ ਦਾ ਬਟਨ ਫਿਰ ਦੱਬਿਆ। ‘‘ਹਾਂ, ਮਦਨ!…,’’ ਉਸ ਦੀ ਆਵਾਜ਼ ਵਿੱਚ ਥਕਾਵਟ ਸੀ, ‘‘ਯਾਰ! ਏ.ਡੀ.ਸੀ. ਦਾ ਡਰਾਫਟ ਬਣਾਉਣੈ ਹੁਣੇ ਈ! … ਸਵੇਰੇ ਸਾਝਰੇ ਚਾਹੀਦੈ ਉਹਨੂੰ! ਉਹਨੇ ਸਵੇਰੇ ਚੰਡੀਗੜ੍ਹ ਜਾਣੈ ਮੀਟਿੰਗ ਲਈ! … ਐਡਮਿਨਿਸਟ੍ਰੇਸ਼ਨ ਵੱਲੋਂ ਪੇਮੈਂਟ ਜਾਣੀ ਐ ਕੋਈ। ਡਿਟੇਲਜ਼ ਭੇਜਦਾਂ ਮੈਂ ਤੈਨੂੰ…,’’ ਅਚਾਨਕ ਉਸ ਦੀ ਆਵਾਜ਼ ’ਚ ਗੁੱਸਾ ਰਲ ਗਿਆ, ‘‘ਯਾਰ, ਮੈਂ ਵੀ ਤਾਂ ਬੈਠਾਂ ਤੇਰੇ ਸਾਹਮਣੇ! ਮੇਰੀ ਬੇਟੀ ਦਾ ਬਰ-ਡੇ ਐ ਅੱਜ…!’’ ਉਸ ਨੂੰ ਲੱਗਿਆ ਗੱਲ ਕਰਦਿਆਂ ਉਸ ਦੀ ਭੁੱਬ ਨਿੱਕਲ ਜਾਵਗੀ।

ਇੰਟਰਕੌਮ ਰੱਖਦਿਆਂ ਹੀ ਉਸ ਨੇ ਆਪਣਾ ਮੂੰਹ ਹੱਥਾਂ ’ਚ ਦੇ ਲਿਆ।

ਮੋਬਾਈਲ ਫੋਨ ਦੀ ਘੰਟੀ ਨੇ ਉਸ ਦੀ ਬਿਰਤੀ ਫੇਰ ਭੰਗ ਕੀਤੀ।

‘‘ਹਾਂ, ਸ਼ਾਰਦਾ?’’ ਉਸ ਦੀ ਆਵਾਜ਼ ਵਿੱਚ ਠੰਢਾਪਣ ਸੀ, ‘‘ਤੁਸੀਂ ਕੱਟ ਲੋ ਕੇਕ, ਯਾਰ! ਮੇਰੇ ਤੋਂ ਪਹੁੰਚਿਆ ਨ੍ਹੀਂ ਜਾਣਾ!’’ ਸ਼ਾਰਦਾ ਦੀ ਗੱਲ ਜਾਰੀ ਸੀ। ਪਰ ਉਸ ਨੇ ਕਾੱਲ ਕੱਟ ਦਿੱਤੀ।

ਉਸ ਦੇ ਬਾਹਰ ਨਿਕਲਦਿਆਂ ਹੀ ਸਕਿਓਰਿਟੀ ਗਾਰਡ ਨੇ ਢਿੱਲਾ ਸਲੂਟ ਮਾਰਿਆ। ਪਰ ੳਹ ਧਿਆਨ ਦਿੱਤੇ ਬਗੈਰ ਕਾਰ ਵੱਲ ਤੁਰ ਪਿਆ।

ਘਰ ਦੇ ਪੋਰਚ ਵਿੱਚ ਲਾਈਟਾਂ ਦਾ ਅੱਧ-ਚਾਨਣ ਪਸਰਿਆ ਹੋਇਆ ਸੀ। ਡੈਡੀ ਵਾਲੀ ਕਾਰ ਮੌਜੂਦ ਨਹੀਂ ਸੀ।

ਉਸ ਨੇ ਗੇਟ ਦਾ ਲਾਟੂ ਘੁਮਾਇਆ। ਲਿਵਿੰਗ ਰੂਮ ’ਚ ਹਨੇਰਾ ਸੀ। ਬੋਚ ਕੇ ਪੈਰ ਧਰਦਿਆਂ ਉਹ ਬੈੱਡਰੂਮ ’ਚ ਦਾਖ਼ਲ ਹੋਇਆ।

ਹਨੇਰੇ ’ਚ ਬੈੱਡ ’ਤੇ ਹਿਲਜੁਲ ਹੋਈ। ਸ਼ਾਰਦਾ ਦੀ ਮੌਜੂਦਗੀ ਦਾ ਅਹਿਸਾਸ ਹੁੰਦਿਆਂ ਹੀ ਉਸ ਨੇ ਪੁੱਛਿਆ, ‘‘ਮਿੰਨੀ?’’

‘‘ਉਹ ਆਪਣੀ ਬੂਆ ਕੋਲ ਸੌਂ-ਗੀ ਦੂਜੇ ਕਮਰੇ ’ਚ!’’

‘‘…ਤੇ ਬਾਕੀ ਜਣੇ?’’

‘‘ਪਾਪਾ ਤੇ ਜੀਜਾ ਜੀ ਗੌਰਵ ਭਾ’ਜੀ ਨੂੰ ਸਟੇਸ਼ਨ ਛੱਡਣ ਗਏ ਨੇ।… ਤੁਹਾਡੀ ਰੋਟੀ ਪੈਕ ਕਰਵਾ ਲਿਆਏ ਸੀ ਅਸੀਂ! … ਮੈਂ ਦਿੰਨੀ ਆਂ!’’ ਕਹਿੰਦਿਆਂ ਸ਼ਾਰਦਾ ਨੇ ਉੱਠ ਕੇ ਬੱਤੀ ਜਗਾਈ। ਅੰਗਰੇਜ਼ੀ ਵਿੱਚ ਸਾਹਮਣੇ ਲਿਖਿਆ ‘ਹੈਪੀ ਬਰਥਡੇਅ ਮਿੰਨੀ’ ਅਤੇ ਕੰਧਾਂ ’ਤੇ ਲਟਕਦੀਆਂ ਲੜੀਆਂ ਚਮਕ ਉੱਠੀਆਂ।

ਬੈੱਡ ’ਤੇ ਬੈਠਦਿਆਂ ਜਦੋਂ ਵਿਸ਼ਾਲ ਨੇ ਪੱਟਾਂ ’ਤੇ ਰੱਖਣ ਲਈ ਸਿਰਹਾਣਾ ਚੁੱਕਿਆ ਤਾਂ ਉਸ ਨੂੰ ਉਨਾਭੀ ਰੰਗ ਦਾ ਐਨਵੈਲਪ ਦਿਸਿਆ। ਮਿੰਨੀ ਦੀ ਲਿਖਾਈ ਪਛਾਣਦਿਆਂ ਉਸ ਨੇ ਪੜ੍ਹਿਆ- ‘‘ਪਾਪਾ ਕਾ ਰਿਟਰਨ ਗਿਫਟ’’।

ਖੋਲ੍ਹਿਆ ਤਾਂ ਅੰਦਰੋਂ ਪੰਜ ਸੌ ਦਾ ਨੋਟ ਨਿਕਲਿਆ। ਵਿਸ਼ਾਲ ਦੇ ਕਾਲਜੇ ਦਾ ਰੁੱਗ ਭਰਿਆ ਗਿਆ।

ਹਨੇਰੇ ’ਚ ਝਾਕਦਿਆਂ ਵਿਸ਼ਾਲ ਨੇ ਬੈੱਡ ਦੇ ਦੂਜੇ ਸਿਰੇ ਤੋਂ ਸ਼ਾਰਦਾ ਨੂੰ ਸੁਣਾ ਕੇ ਕਿਹਾ, ‘‘ਅਗਲੇ ਬਰ-ਡੇ ’ਤੇ ਪਹਿਲਾਂ ਈ ਛੁੱਟੀ ਅਪਲਾਈ ਕਰ ਦੇਣੀ ਐ!’’

ਕੰਧ ਵੱਲ ਪਾਸਾ ਪਰਤਦਿਆਂ ਸ਼ਾਰਦਾ ਨੇ ਨੀਵੀਂ ਆਵਾਜ਼ ’ਚ ਜਵਾਬ ਦਿੱਤਾ, ‘‘ਸੌਂ-ਜੋ ਹੁਣ! ਸਵੇਰੇ ਔਫਿਸ ਜਾਣੈ!’’

Leave a Reply

Your email address will not be published. Required fields are marked *