ਜਲਵਾਯੂ ਦਾ ਬਦਲਦਾ ਰੁਖ਼

ਬਲਜੀਤ ਸਿੰਘ ਵਿਰਕ
ਜਲਵਾਯੂ ਦੇ ਬਦਲਾਅ ਦੀਆਂ ਅਲਾਮਤਾਂ ਉਦਯੋਗਿਕ ਵਿਕਾਸ ਦੇ ਨਾਲ ਹੀ ਦਿਸਣ ਲੱਗ ਪਈਆਂ ਸਨ। ਉਦਯੋਗੀਕਰਨ ਦਾ ਆਗਾਜ਼ 18ਵੀਂ ਸਦੀ ਦੇ ਮਗਰਲੇ ਅੱਧ ਤੋਂ ਸ਼ੁਰੂ ਹੋਇਆ। 19ਵੀਂ ਸਦੀ ਵਿਚ ਇਸ ਦੀ ਰਫਤਾਰ ਤੇਜ਼ ਹੋ ਗਈ। ਮੌਜੂਦਾ ਸਮੇਂ ਦੌਰਾਨ ਵੀ ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਵੱਖ ਵੱਖ ਪ੍ਰਕਾਰ ਦੇ ਉਦਯੋਗਾਂ ਦੀ ਸਥਾਪਨਾ ਦਾ ਮਕਸਦ ਸੰਸਾਰ ਦੀ ਵੱਧ ਰਹੀ ਆਬਾਦੀ ਦੀਆਂ ਲੋੜਾਂ ਪੂਰਾ ਕਰਨਾ ਸੀ। ਅਨੇਕਾਂ ਪ੍ਰਕਾਰ ਦੀਆਂ ਵਸਤਾਂ ਦੀ ਪੈਦਾਵਾਰ ਦੀ ਬਹੁਲਤਾ ਨੇ ਕੌਮਾਂਤਰੀ ਵਪਾਰ ਨੂੰ ਹੁਲਾਰਾ ਦਿੱਤਾ। ਇਸ ਨਾਲ ਵੱਖ ਵੱਖ ਦੇਸ਼ਾਂ ਦੀ ਆਮਦਨ ਵਿਚ ਵੀ ਭਾਰੀ ਇਜ਼ਾਫਾ ਹੋਇਆ। ਧਨ ਦੀ ਬਹੁਲਤਾ ਨੇ ਜੀਵਨ ਪੱਧਰ ਵੀ ਪਹਿਲਾਂ ਦੇ ਮੁਕਾਬਲੇ ਬਹੁਤ ਉੱਚਾ ਅੱਤੇ ਆਨੰਦਮਈ ਕਰ ਦਿੱਤਾ ਕਿਉਂਕਿ ਐਸ਼ੋ-ਆਰਾਮ ਦੀ ਹਰ ਸਹੂਲਤ ਮਨੁੱਖੀ ਕਦਮਾਂ ਤੇ ਸੀ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਉਦਯੋਗੀਕਰਨ ਦੇ ਇਸ ਵਧਦੇ ਰੁਝਾਨ ਕਾਰਣ ਮਨੁੱਖ ਨੇ ਸਮਾਜਿਕ ਅਤੇ ਆਰਥਿਕ ਪੱਖੋਂ ਅਥਾਹ ਤੱਰਕੀ ਕੀਤੀ ਹੈ ਪਰ ਇਸ ਰੁਝਾਨ ਨੇ ਵਾਤਾਵਰਨ ਵਿੱਚ ਕੁਝ ਅਜਿਹੇ ਬਦਲਾਅ ਕੀਤੇ ਜਿਹਨਾਂ ਦੇ ਮਾੜੇ ਪ੍ਰਭਾਵ ਅੱਜ ਮਨੁੱਖੀ ਜੀਵਨ ਨੂੰ ਨਰਕ ਬਣਾ ਰਹੇ ਹਨ। ਇਹਨਾਂ ਫੈਕਟਰੀਆਂ ਦੀਆਂ ਚਿਮਨੀਆਂ ਵਿਚੋਂ ਉਗਲਦੇ ਕਾਲੇ ਧੂੰਏਂ ਦੇ ਗੁਬਾਰਾਂ ਨੇ ਜੀਵਨ ਦੇਣ ਵਾਲੀ ਸ਼ੁੱਧ ਹਵਾ ਨੂੰ ਜ਼ਹਿਰੀਲਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਇਹ ਧੂੰਆਂ ਕਾਰਬਨ ਡਾਇਆਕਸਾਈਡ, ਨਾਈਟਰਸ ਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਦਾ ਮਿਸ਼ਰਨ ਹੁੰਦਾ ਹੈ ਜਿਹਨਾਂ ਨੂੰ ਵਿਗਿਆਨੀ ਭਾਸ਼ਾ ਵਿਚ ਗਰੀਨ ਹਾਊਸ ਗੈਸਾਂ ਆਖਦੇ ਹਨ ਜੋ ਹਵਾ ਵਿਚ ਮਿਲ ਕੇ ਇਸ ਨੂੰ ਦੂਸ਼ਿਤ ਕਰਦੀਆਂ ਹਨ। ਇਹ ਗੈਸਾਂ ਕੇਵਲ ਵਾਤਾਵਰਨ ਨੂੰ ਹੀ ਨਹੀਂ ਗੰਧਲਾ ਕਰਦੀਆਂ ਸਗੋਂ ਧਰਤੀ ਦੇ ਤਾਪਮਾਨ ਨੂੰ ਵੀ ਨਿਰੰਤਰ ਵਧਾ ਰਹੀਆਂ ਹਨ ਜਿਸ ਨਾਲ ਜਲਵਾਯੂ ਵਿਚ ਭਾਰੀ ਬਦਲਾਅ ਆ ਰਹੇ ਹਨ। ਕੈਲੀਫੋਰਨੀਆ, ਸਾਇਬੇਰੀਆ, ਐਮੇਜ਼ੋਨ, ਯੂਨਾਨ, ਅਤੇ ਤੁਰਕੀ ਵਿਚ ਅਚਨਚੇਤ ਲੱਗੀਆਂ ਜੰਗਲੀ ਅੱਗਾਂ ਕਾਰਨ ਮਨੁੱਖਾਂ ਤੋਂ ਇਲਾਵਾ ਜਾਨਵਰਾਂ ਅੱਤੇ ਪੰਛੀਆਂ ਦੀਆਂ ਕਈ ਪਰਜਾਤੀਆਂ ਵੀ ਅਗਨੀ ਭੇਟ ਹੋ ਗਈਆਂ ਹਨ। ਜਰਮਨੀ, ਬੈਲਜੀਅਮ, ਚੀਨ ਅਤੇ ਨਿਊਯਾਰਕ ਵਿਚ ਬੇਮੌਸਮੀ ਬਾਰਸ਼ਾਂ ਕਾਰਨ ਆਏ ਤਬਾਹਕੁਨ ਹੜ੍ਹ, ਕਈ ਅਫਰੀਕੀ ਮੁਲਕਾਂ ਵਿਚ ਪਿਆ ਭਿਆਨਕ ਸੋਕਾ, ਉੱਤਰੀ ਅਤੇ ਦੱਖਣੀ ਧਰੁਵਾਂ ਤੇ ਗਲੇਸ਼ੀਅਰਾਂ ਦਾ ਪਿਘਲਣਾ ਫਲਸਰੂਪ ਸਮੁੰਦਰੀ ਤੱਲ ਦਾ ਉੱਚਾ ਹੋਣਾ ਆਦਿ ਮੌਸਮੀ ਤਬਦੀਲੀ ਦੀਆਂ ਕੁਝ ਅਹਿਮ ਮਿਸਾਲਾਂ ਹਨ। ਇਹਨਾਂ ਬੇਸ਼ੁਮਾਰ ਕਾਰਖਾਨਿਆਂ ਅਤੇ ਹੋਰ ਆਵਾਜਾਈ ਦੇ ਸਾਧਨਾਂ ਨੂੰ ਚਲਾਉਣ ਲਈ ਵੱਡੀ ਮਾਤਰਾ ਵਿਚ ਕੋਲਾ ਅਤੇ ਤੇਲ ਵਜੋਂ ਵਰਤੇ ਜਾਂਦੇ ਹਨ। ਇਹਨਾਂ ਦੇ ਬਲਣ ਕਾਰਨ ਇਹ ਜ਼ਹਿਰੀਲੀਆਂ ਗੈਸਾਂ ਬਣਦੀਆਂ ਹਨ। ਕਾਰਖਾਨਿਆਂ ਵਿਚੋਂ ਨਿਕਲਦਾਂ ਰਸਾਇਣਕ ਗੰਦ ਅਕਸਰ ਨਦੀਆਂ ਵਿਚ ਸੁੱਟਿਆ ਜਾਂਦਾ ਹੈ। ਜ਼ਹਿਰੀਲੇ ਰਸਾਇਣ ਇਸ ਪਾਣੀ ਨੂੰ ਵੀ ਜ਼ਹਿਰੀਲਾ ਬਣਾ ਦਿੰਦੇ ਹਨ ਅਤੇ ਇਸ ਦੀ ਵਰਤੋਂ ਕੈਂਸਰ ਵਰਗੀਆਂ ਜਾਨ ਲੇਵਾ ਬਿਮਾਰੀਆਂ ਨੂੰ ਜਨਮ ਦਿੰਦੀ ਹੈ।

ਇੱਕ ਨਵੇਂ ਅਧਿਐਨ ਅਨੁਸਾਰ ਪਿਛਲੇ ਸਾਲ ਸਾਇਬੇਰੀਆ ਦੀਆਂ ਗਰਮ ਹਵਾਵਾਂ ਨੇ ਤਾਪਮਾਨ ਇਸ ਕਦਰ ਵਧਾਇਆ ਕਿ ਮਿਥੇਨ ਨਾਂ ਦੀ ਜ਼ਹਿਰਲੀ ਗੈਸ ਹਵਾ ਵਿਚ ਮਿਲੀ ਜੋ ਕਾਰਬਨ ਡਾਇਆਕਸਾਈਡ ਤੋਂ ਕਈ ਗੁਣਾਂ ਵੱਧ ਘਾਤਕ ਹੈ। ਇਸ ਗੈਸ ਨਾਲ ਵਧੇ ਤਾਪਮਾਨ ਕਾਰਨ ਪਰਮਾਫਰੋਸਟ (ਸਥਾਈ ਤੌਰ ਤੇ ਜੰਮੀ ਬਰਫ) ਜੋ ਜ਼ਮੀਨ ਦੀ ਸਤ੍ਵਾ ਉੱਪਰ ਅਤੇ ਹੇਠਾਂ ਮਿੱਟੀ, ਰੇਤ, ਜਾਨਵਰਾਂ ਅਤੇ ਪੌਦਿਆਂ ਦੀ ਰਹਿੰਦ ਖੂੰਹਦ ਦਾ ਜਮ੍ਹਾਂ ਹੋਇਆ ਮਿਸ਼ਰਨ ਹੈ, ਜਿਸ ਨੂੰ ਬਰਫ ਨੇ ਜਕੜਿਆ ਹੋਇਆ ਹੈ- ਦੇ ਪਿਘਲਣ ਦਾ ਖ਼ਦਸ਼ਾ ਵਧ ਗਿਆ ਹੈ। ਜੇ ਅਜਿਹਾ ਹੋਇਆ ਤਾਂ ਵੱਧ ਮਾਤਰਾ ਵਿਚ ਮਿਥੇਨ ਦਾ ਨਿਕਾਸ ਹੋਵੇਗਾ ਜਿਸ ਦੇ ਖਤਰਨਾਕ ਸਿੱਟੇ ਨਿਕਲਣਗੇ। ਵਧ ਰਹੀ ਜ਼ਮੀਨੀ ਗਰਮੀ ਕਾਰਨ ਵਿਗਿਆਨੀ ਖਾੜੀ ਦੀ ਧਾਰਾ ਦੇ ਤਾਪਮਾਨ ਦੇ ਬਦਲਾਅ ਤੋਂ ਵੀ ਚਿੰਤਤ ਹਨ। ਖਾੜੀ ਦੀ ਧਾਰਾ ਗਰਮ ਪਾਣੀ ਦੀ ਇੱਕ ਨਦੀ ਹੈ ਜੋ ਮੈਕਸੀਕੋ ਦੀ ਖਾੜੀ ਤੋਂ ਅੰਧ ਮਹਾਸਾਗਰ ਤੱਕ ਅੱਤੇ ਪੱਛਮੀ ਯੂਰੋਪ ਵਲ ਵਹਿੰਦੀ ਹੈ। ਇਸ ਦੇ ਵਹਾਅ ਕਾਰਨ ਪੂਰਬੀ ਤੱਟ ਨਾਲ ਲੱਗਦੇ ਅਮਰੀਕਾ ਦੇ ਇਲਾਕਿਆਂ ਅਤੇ ਪੱਛਮੀ ਯੂਰੋਪੀਅਨ ਦੇਸ਼ਾਂ ਦਾ ਤਾਪਮਾਨ ਦੂਜਿਆਂ ਦੇ ਮੁਕਾਬਲਤਨ ਗਰਮ ਰਹਿੰਦਾ ਹੈ। ਇਸ ਲਈ ਜੇ ਇਸ ਧਾਰਾ ਦੇ ਤਾਪਮਾਨ ਵਿਚ ਕੋਈ ਠੋਸ ਬਦਲਾਅ ਆਇਆ ਤਾਂ ਇਸ ਤੋਂ ਪ੍ਰਭਾਵਿਤ ਇਲਾਕਿਆਂ ਦੇ ਤਾਪਮਾਨ ਵੀ ਸੁਭਾਵਿਕ ਤੌਰ ਤੇ ਬਦਲਣਗੇ ਅਤੇ ਇੱਥੋਂ ਦਾ ਜਲ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।

2015 ਵਿਚ ਲਗਭਗ 200 ਦੇਸ਼ਾਂ ਦੇ ਪ੍ਰਤੀਨਿਧੀਆਂ ਦੁਆਰਾ ਪੈਰਿਸ ਸਮਝੌਤਾ ਕੀਤਾ ਗਿਆ ਜਿਸ ਦੇ ਅਨੁਸਾਰ ਜ਼ਮੀਨੀ ਤਾਪਮਾਨ ਨੂੰ 1.5 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਦਾ ਅਹਿਦ ਲਿਆ ਗਿਆ ਸੀ ਪਰ ਇਸ ਦਿਸ਼ਾ ਵੱਲ ਕੋਈ ਠੋਸ ਕੱਦਮ ਨਹੀਂ ਚੁੱਕੇ ਗਏ। ਲਿਹਾਜ਼ਾ ਜ਼ਮੀਨੀ ਤਾਪਮਾਨ ਲਗਾਤਾਰ ਵਧ ਰਿਹਾ ਹੈ। 9 ਅਗਸਤ, 2021 ਨੂੰ ਸੰਯੁਕਤ ਰਾਸ਼ਟਰ ਦੀ ਕੌਮਾਂਤਰੀ ਪੈਨਲ ਦੀ ਰਿਪੋਰਟ ਵਿਚ ਸਖਤ ਚਿਤਾਵਨੀ ਦਿੱਤੀ ਗਈ ਹੈ ਕਿ ਜਲਵਾਯੂ ਵਿਚ ਬਦਲਾਅ ਸੰਸਾਰ ਦੇ ਹਰ ਖਿੱਤੇ ਵਿਚ ਤੇਜ਼ੀ ਨਾਲ ਆ ਰਿਹਾ ਹੈ। ਇਸ ਦੇ ਮਾੜੇ ਪ੍ਰਭਾਵ ਹਵਾ, ਸਮੁੰਦਰਾਂ, ਉੱਤਰੀ ਅਤੇ ਦਖਣੀ ਧਰੁਵਾਂ ਅਤੇ ਜ਼ਮੀਨ ਉਤੇ ਦੇਖਣ ਨੂੰ ਮਿਲ ਰਹੇ ਹਨ। ਜ਼ਮੀਨੀ ਤਾਪਮਾਨ ਇਸ ਦਹਾਕੇ ਵਿਚ ਹੀ 1.5 ਡਿਗਰੀ ਤੋਂ ਉਤੇ ਪਹੁੰਚਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਕੁਝ ਤਬਦੀਲੀਆਂ ਸਥਾਈ ਰੂਪ ਲੈ ਚੁੱਕੀਆਂ ਹਨ, ਜਿਵੇਂ ਸਮੁੰਦਰਾਂ ਦਾ ਜਲ ਸਤਰ ਵਧਣਾ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਸ ਨੇ ਇਹਨਾਂ ਮਾੜੀਆਂ ਘਟਨਾਵਾਂ ਉੱਤੇ ਚਿੰਤਾ ਪ੍ਰਗਟ ਕਰਦਿਆਂ ਹੋਇਆਂ ਕਿਹਾ ਹੈ ਕਿ ਜ਼ਹਿਰੀਲੀਆਂ ਗੈਸਾਂ ਕਾਰਨ ਕਰੋੜਾਂ ਲੋਕਾਂ ਦੀ ਜ਼ਿੰਦਗੀ ਖਤਰੇ ਵਿਚ ਪੈ ਗਈ ਹੈ। ਇਸ ਲਈ ਇਸ ਵਿਨਾਸ਼ਕਾਰੀ ਕਿਰਿਆ ਨੂੰ ਤੁਰੰਤ ਰੋਕਣ ਚਾਹੀਦਾ ਹੈ। ਵਾਤਾਵਰਨ ਅਧਿਐਨ ਦੀ ਮਾਹਰ ਪ੍ਰੋਫੈਸਰ ਹੋਲੀ ਬੱਕ (ਨਿਊ ਯਾਰਕ) ਲਿਖਦੇ ਹਨ ਕਿ ਨਵੀਆਂ ਤਕਨੀਕਾਂ ਦੁਆਰਾ ਵਾਯੂਮੰਡਲ ਵਿਚੋਂ ਕਾਰਬਨ ਡਾਈਆਕਸਾਈਡ ਨੂੰ ਜਜ਼ਬ ਕਰਨਾ, ਜੰਗਲਾਂ ਨੂੰ ਸੁਰੱਖਿਅਤ ਰੱਖਣਾ, ਸੇਮ ਵਾਲੀਆਂ ਜ਼ਮੀਨਾਂ ਨੂੰ ਬਰਕਰਾਰ ਰੱਖਣਾ, ਸਮੁੰਦਰੀ ਬੂਟੀਆਂ ਦੀ ਖੇਤੀ ਕਰਨਾ ਕੁਝ ਅਹਿਮ ਕਦਮ ਹਨ ਜਿਹਨਾਂ ਦੁਆਰਾ ਵਧ ਰਹੇ ਜ਼ਮੀਨੀ ਤਾਪਮਾਨ ਨੂੰ ਠੱਲ੍ਹ ਪਾਈ ਜਾ ਸਕਦੀ ਹੈ।

ਵਾਯੂਮੰਡਲ ਵਿਚ ਪੈਦਾ ਹੋ ਰਹੇ ਬਦਲਾਅ ਲਈ ਮਨੁੱਖ ਆਪ ਹੀ ਜ਼ਿੰਮੇਵਾਰ ਹੈ। ਵਿਕਾਸ ਦੇ ਨਾਂ ਤੇ ਕੁਦਰਤੀ ਸਰੋਤਾਂ ਦਾ ਸ਼ੋਸ਼ਣ, ਕੋਲੇ ਅਤੇ ਤੇਲ ਦੀ ਅਨ੍ਹੇਵਾਹ ਵਰਤੋਂ, ਜੰਗਲਾਂ ਨੂੰ ਕੱਟਣਾ, ਬੇਹੱਦ ਨਾਜ਼ੁਕ ਸਥਾਨਾਂ ਤੇ ਡੈਮ ਬਣਾਉਣਾ, ਬੇਤਰਤੀਬੀ ਨਾਲ ਪਹਾੜਾਂ ਨੂੰ ਕੱਟਣਾ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਨਾ ਹੈ। ਵੱਖ ਵੱਖ ਮੁਲਕਾਂ ਵਿਚ ਆਰਥਿਕ ਅਤੇ ਸੈਨਿਕ ਪੱਖੋਂ ਇੱਕ ਦੂਜੇ ਨੂੰ ਪਿਛਾੜਨ ਲਈ ਲੱਗੀ ਅੰਨ੍ਹੀ ਦੌੜ ਨੇ ਮਨੱਖ ਨੂੰ ਅੰਨ੍ਹਾ ਕਰ ਦਿੱਤਾ ਹੈ। ਇਹ ਵਿਨਾਸ਼ਕਾਰੀ ਪ੍ਰਕਿਰਿਆ ਮਨੁੱਖ ਨੇ ਹੀ ਪੈਦਾ ਕੀਤੀ ਹੈ ਅਤੇ ਕੇਵਲ ਉਹ ਹੀ ਇਸ ਨੂੰ ਰੋਕ ਸਕਦਾ ਹੈ; ਨਹੀਂ ਤਾਂ ਇਸ ਦੇ ਭਿਆਨਕ ਸਿੱਟੇ ਨਿਕਲਣਗੇ। ਅਸੀਂ ਅਜਿਹੇ ਜਵਾਲਾਮੁਖੀ ਤੇ ਬੈਠੇ ਹਾਂ ਜੋ ਕਦੇ ਵੀ ਫਟ ਸਕਦਾ ਹੈ। ਇਸ ਦੇ ਫਟਣ ਦੇ ਆਸਾਰ ਸਪੱਸ਼ਟ ਦਿਖਾਈ ਦੇ ਰਹੇ ਹਨ। ਅੱਖਾਂ ਮੀਟਣ ਦੀ ਥਾਂ ਇਸ ਗ੍ਰਹਿ ਤੇ ਜੀਵਨ ਨੂੰ ਬਚਾਉਣ ਲਈ ਤੁਰੰਤ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ। ਇਸ ਵਕਤ ਸਾਰੀ ਆਸ ਸੰਯੁਕਤ ਰਾਸ਼ਟਰ ਦੀ ਜਲਵਾਯੂ ਬਦਲਾਅ ਕਾਨਫਰੰਸ ਤੇ ਲੱਗੀਆਂ ਹਨ ਜੋ ਨਵੰਬਰ 2021 ਨੂੰ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਚ ਹੋ ਰਹੀ ਹੈ।

Leave a Reply

Your email address will not be published. Required fields are marked *