ਕੁਦਰਤਿ ਹੈ ਕੀਮਤਿ ਨਹੀ ਪਾਇ।।

ਕਿੱਕਰ (Acacia nilotica) ਦਾ ਸਾਡੇ ਮਿਥਿਹਾਸ, ਇਤਿਹਾਸ ਅਤੇ ਸਾਹਿਤ-ਸੱਭਿਆਚਾਰ ਨਾਲ ਪੁਰਾਤਨ ਰਿਸ਼ਤਾ ਹੈ ਅਤੇ ਇਹ ਪੰਜਾਬ ਦੇ ਵਿਰਾਸਤੀ ਰੁੱਖਾਂ ਵਿੱਚੋਂ ਇੱਕ ਹੈ। ਕਦੇ ਸਮਾਂ ਹੁੰਦਾ ਸੀ, ਜਦੋਂ ਲੋਕ ਸਵੇਰ ਵੇਲੇ ਦਿਨ ਦੀ ਸ਼ੁਰੂਆਤ ਕਿੱਕਰ ਦੀ ਦਾਤਣ ਨਾਲ ਕਰਦੇ ਸਨ।
ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਅਰਬ ਦੇਸ਼, ਅਫ਼ਰੀਕਾ ਆਦਿ ਦੇ ਖੁਸ਼ਕ ਇਲਾਕਿਆਂ ਦੇ ਇਸ ਰੁੱਖ ਨੂੰ ਪੰਜਾਬ ਤੋਂ ਬਾਹਰੀ ਸੂਬਿਆਂ ਵਿੱਚ ‘ਬਬੂਲ’ ਜਾਂ ਦੇਸੀ ਬਬੂਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪੁਰਾਣੇ ਵੇਲਿਆਂ ਵਿੱਚ ਮਾਲਾ ਮਣਕਿਆਂ ਰੂਪੀ ਸਲੇਟੀ ਰੰਗ ਦੇ ਤੁੱਕਿਆਂ ਦਾ ਆਚਾਰ ਖ਼ੂਬ ਪਸੰਦ ਕੀਤਾ ਜਾਂਦਾ ਸੀ। ਕਿੱਕਰ ਦੇ ਵੱਖ-ਵੱਖ ਭਾਗ ਬੱਕਰੀਆਂ, ਊਠਾਂ ਦੀ ਮਨਭਾਉਂਦੀ ਖੁਰਾਕ ਰਹੀ ਹੈ। ਰੋਹੀਆਂ ਦਾ ਇਹ ਰੁੱਖ ਪਾਣੀ ਦੀ ਘਾਟ ਕਾਰਨ ਗੂੜ੍ਹਾ ਕਾਲਾ ਨਜ਼ਰ ਆਉਂਦਾ ਸੀ। ਕਿੱਕਰ ਦੀ ਲੱਕੜ ਤੋਂ ਲੋਕ ਸੰਦੂਕ, ਚਰਖੇ, ਹਲ਼, ਪਹੀਏ, ਅਲਮਾਰੀਆਂ ਆਦਿ ਬਣਾ ਲੈਂਦੇ ਸਨ। ਪਸ਼ੂਆਂ ਲਈ ਚਾਰਾ, ਛਾਂ-ਰੁੱਖ, ਬਾਲਣ, ਸੱਕ ਤੋਂ ਚਮੜੇ ਦੀ ਰੰਗਾਈ, ਭਾਫ਼ ਇੱਜਣਾਂ ਲਈ ਬਿਹਤਰੀਨ ਕੋਇਲਾ, ਗੂੰਦ ਤੋਂ ਦਵਾਈਆਂ ਆਦਿ ਸਭ ਵਸਤਾਂ ਦਾ ਸਰੋਤ ਕਿੱਕਰ ਮੰਨੀ ਜਾਂਦੀ ਰਹੀ ਹੈ। ਕਿੱਕਰ ਦੇ ਸੱਕ ਦੀ ਰੰਗਤ ਅਤੇ ਹਲਕੀ ਮਹਿਕ ਹੋਣ ਕਰਕੇ ਕਈ ਸੱਜਣ ਘਰ ਦੀ ਸ਼ਰਾਬ ਕੱਢਣ ਵਿੱਚ ਵੀ ਵਰਤ ਲੈਂਦੇ ਸਨ। ਕਿੱਕਰ ਦਾ ਸੱਕ, ਜੜ੍ਹਾਂ ਦਾ ਅਰਕ, ਪੱਤੇ, ਗੂੰਦ ਆਦਿ ਅਨੇਕਾਂ ਮਨੁੱਖੀ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਰਿਹਾ ਹੈ। ਕਿੱਕਰ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸ਼ੇਖ ਫਰੀਦ ਜੀ ਵੱਲੋਂ ਕੀਤਾ ਗਿਆ ਹੈ। ਸਾਡੇ ਸਾਹਿਤ ਵਿੱਚ ਕਿੱਕਰ ਆਪਣੀ ਹਾਜ਼ਰੀ ਅਨੇਕ ਥਾਵਾਂ ’ਤੇ ਲਾਉਂਦੀ ਹੈ :
ਫੁੱਲ ਲੱਗ ਗਏ ਕਿੱਕਰਾਂ ਨੂੰ, ਉਨ੍ਹਾਂ ਦੀ ਵੀ ਖੈਰ ਹੋਵੇ
ਜਿਹੜੇ ਭੁੱਲ ਗਏ ਮਿੱਤਰਾਂ ਨੂੰ।
ਪੇਸ਼ਕਸ਼: ਡਾ. ਬਲਵਿੰਦਰ ਸਿੰਘ ਲੱਖੇਵਾਲੀ