ਸੰਤਾਲੀ ਵਾਲੀ ਛਬੀਲ

ਸਾਂਵਲ ਧਾਮੀ

ਸੰਤਾਲੀ ਵਿੱਚ ਪੰਜਾਬ ਅੰਦਰ ਲਹੂ ਵਗਿਆ। ਉਸ ਸਿਆਹ ਦੌਰ ਅੰਦਰ ਕਿਤੇ-ਕਿਤੇ ਕੁਝ ਅਜਿਹਾ ਵੀ ਵਾਪਰਿਆ ਜੋ ਇਸ ਲਹੂ ਦੇ ਦਰਿਆ ’ਤੇ ਤੈਰਦੇ ਫੁੱਲਾਂ ਵਰਗਾ ਸੀ। ਇਸ ਇਮਤਿਹਾਨ ’ਚ ਕੁਝ ਪੰਜਾਬੀਆਂ ਨੇ ਇਨਸਾਨੀਅਤ ਦੀ ਲਾਜ ਰੱਖ ਲਈ। ਅੱਜ ਮੈਂ ਅਜਿਹੇ ਪੰਜਾਬੀਆਂ ’ਚੋਂ ਇੱਕ ਦੀ ਬਾਤ ਪਾਉਣੀ ਹੈ। ਉਸ ਸ਼ਖ਼ਸ ਨੂੰ ਮਿਲਣ ਲਈ ਮੈਨੂੰ ਰਾਮਗੜ੍ਹ ਝੁੰਗੀਆਂ ਜਾਣਾ ਪਿਆ। ਇਹ ਪਿੰਡ ਗੜ੍ਹਸ਼ੰਕਰ-ਬਲਾਚੌਰ ਰੋਡ ’ਤੇ ਘੁੱਗ ਵੱਸਦੇ ਪਿੰਡ ਸਮੁੰਦੜੇ ਤੋਂ ਚੜ੍ਹਦੇ ਪਾਸੇ ਪੈਂਦਾ ਹੈ। ਉਹਦਾ ਘਰ ਪਿੰਡੋਂ ਬਾਹਰ ਖੇਤਾਂ ’ਚ ਹੈ। ਸਾਦੇ ਜਿਹੇ ਵਸਤਰ ਪਹਿਨੀ ਵਿਹੜੇ ’ਚ ਡੱਠੇ ਮੰਜੇ ’ਤੇ ਬੈਠੇ ਇਸ ਬਜ਼ੁਰਗ ਦਾ ਨਾਂ ਕਾਮਰੇਡ ਭਗਤ ਸਿੰਘ ਹੈ। ਉਹ ਬੋਲਿਆ:

‘ਸਾਡਾ ਪਿੰਡ ਬਹੁਤ ਵੱਡਾ ਨਹੀਂ। ਇਹਦਾ ਪੋਸਟ ਆਫਿਸ ਸਮੁੰਦੜਾ ਹੈ। ਸਮੁੰਦੜੇ ’ਚ ਅੱਧੇ ਹਿੰਦੂ ਤੇ ਅੱਧੇ ਮੁਸਲਮਾਨ ਵੱਸਦੇ ਸਨ, ਪਰ ਸਾਡੇ ਪਿੰਡ ’ਚ ਕੋਈ ਵੀ ਮੁਸਲਮਾਨ ਨਹੀਂ ਸੀ। ਸਾਨੂੰ ਮਾਣ ਹੈ ਕਿ ਸਾਡੇ ਪਿੰਡ ’ਚ ਬੱਬਰ ਅਕਾਲੀ ਸ਼ਹੀਦ ਉਦੈ ਸਿੰਘ ਹੋਇਆ। ਉਹ ਪਰਿਵਾਰ ’ਚੋਂ ਮੇਰਾ ਚਾਚਾ ਲੱਗਦਾ ਸੀ।

ਮੇਰਾ ਜਨਮ 1928 ਦਾ ਹੈ। ਸਮੁੰਦੜੇ ਸਕੂਲ ’ਚ ਸਾਨੂੰ ਪਹਿਲੀ-ਦੂਜੀ ’ਚ ਦੌਲਤ ਰਾਮ ਤੇ ਤੀਜੀ ਜਮਾਤ ’ਚ ਪੰਡਤ ਰਾਮ ਲਾਲ ਹੋਰਾਂ ਪੜ੍ਹਾਇਆ। ਸੜੋਏ ਵਾਲੇ ਉਸਤਾਦ ਅਬਦੁਲ ਲਤੀਫ਼ ਹੋਰੀਂ ਚੌਥੀ ਜਮਾਤ ਨੂੰ ਪੜ੍ਹਾਉਂਦੇ ਸੀ। ਉਹ ਸੜੋਏ ਦੇ ਜ਼ੈਲਦਾਰ ਗ਼ੁਲਾਮ ਮੁਸਤਫ਼ਾ ਦੇ ਜਵਾਈ ਸਨ।

1939 ਵਿੱਚ ਮੈਂ ਚੌਥੀ ਜਮਾਤ ਪਾਸ ਕਰ ਲਈ ਤੇ ਵਜ਼ੀਫ਼ੇ ਦਾ ਇਮਤਿਹਾਨ ਦੇਣ ਲਈ ਸਿੰਬਲੀ ਸਕੂਲ ਗਿਆ। ਮੇਰੇ ਨਾਲ ਅਫ਼ਜ਼ਲ ਤੌਸੀਫ਼ ਨੇ ਵੀ ਇਮਤਿਹਾਨ ਦਿੱਤਾ ਸੀ। ਉਹ ਦੂਜੇ ਨੰਬਰ ਉੱਤੇ ਆਈ ਸੀ ਤੇ ਮੈਂ ਅੱਵਲ ਆਇਆ ਸੀ। ਸੰਤਾਲੀ ’ਚ ਉਹਦਾ ਤਕਰੀਬਨ ਸਾਰਾ ਪਰਿਵਾਰ ਇੱਥੇ ਮਾਰਿਆ ਗਿਆ ਸੀ। ਉਹ ਨਾਨਕਿਆਂ ਦੇ ਗਈ ਹੋਣ ਕਰਕੇ ਬਚ ਗਈ ਸੀ। ਓਧਰ ਜਾ ਕੇ ਉਹਨੇ ਬੜੀਆਂ ਕਿਤਾਬਾਂ ਲਿਖੀਆਂ। ਫਿਰ ਉਹ ਅੰਦਾਜ਼ਨ ਸੱਠ ਕੁ ਵਰ੍ਹਿਆਂ ਬਾਅਦ ਆਪਣਾ ਪਿੰਡ ਵੇਖਣ ਆਈ। ਮੈਨੂੰ ਉਚੇਚ ਨਾਲ ਸੱਦਿਆ। ਆਖਣ ਲੱਗੀ- ਤੂੰ ਮੈਨੂੰ ਉਹ ਖੂਹ ਵਿਖਾਲ, ਜਿਸ ਵਿੱਚ ਦਰਿੰਦਿਆਂ ਨੇ ਮੇਰੇ ਘਰ ਦੇ ਜੀਆਂ ਨੂੰ ਕਤਲ ਕਰਕੇ ਸੁੱਟਿਆ ਸੀ। ਫਿਰ ਉਹ ਮੈਨੂੰ ਪੁੱਛਣ ਲੱਗੀ- ਤੂੰ ਪੜ੍ਹਾਈ ’ਚ ਬੜਾ ਹੁਸ਼ਿਆਰ ਸੀ। ਬਾਅਦ ’ਚ ਕਿੱਥੋਂ ਤੱਕ ਪੜ੍ਹਿਆਂ?

ਮੈਂ ਚੁੱਪ ਹੋ ਗਿਆ। ਦਰਅਸਲ, ਵਜ਼ੀਫ਼ੇ ਵਾਲੇ ਇਮਤਿਹਾਨ ਤੋਂ ਥੋੜ੍ਹੇ ਦਿਨ ਬਾਅਦ ਸਾਡੇ ਸਕੂਲ ਵਿੱਚ ਇੰਸਪੈਕਟਰ ਆਇਆ। ਉਹ ਸਿੱਖ ਸੀ। ਉਹਨੇ ਪੱਗ ਦਾ ਤੁਰਲਾ ਛੱਡਿਆ ਹੋਇਆ ਸੀ ਤੇ ਖਾਕੀ ਨਿੱਕਰ ਪਾਈ ਹੋਈ ਸੀ। ਉਹਨੇ ਮੈਨੂੰ ਇੱਕ ਆਨਾ ਨਵਾਂ ਪੈਸਾ ਇਨਾਮ ਦਾ ਦਿੱਤਾ। ਫਿਰ ਉਹ ਉਰਦੂ ’ਚ ਕਹਿਣ ਲੱਗਾ- ਬੱਚਿਓ, ਮੇਰੇ ਪਿੱਛੇ-ਪਿੱਛੇ ਨਾਅਰੇ ਲਗਾਓ। ਉਹਦੀ ਆਵਾਜ਼ ਗੂੰਜੀ ‘ਬਰਤਾਨੀਆ ਜ਼ਿੰਦਾਬਾਦ! ਹਿਟਲਰ ਮੁਰਦਾਬਾਦ!’ ਮੈਂ ਕਿਹਾ-ਭਾਰਤ ਜ਼ਿੰਦਾਬਾਦ। ਬਰਤਾਨੀਆ ਮੁਰਦਾਬਾਦ। ਉਹਨੇ ਮੈਨੂੰ ਓਥੇ ਹੀ ਢਾਹ ਲਿਆ ਅਤੇ ਬਹੁਤ ਬੇਦਰਦੀ ਨਾਲ ਕੁੱਟਿਆ। ਸਮੁੰਦੜੇ ਦਾ ਅਲੀ ਅਹਿਮਦ ਮੇਰਾ ਜਮਾਤੀ ਸੀ। ਉਹਨੇ ਮੇਰੇ ਪਿੱਛੇ ਮੇਰੇ ਵਾਲਾ ਨਾਅਰਾ ਮਾਰਿਆ। ਉਹਨੂੰ ਵੀ ਬਹੁਤ ਕੁੱਟ ਪਈ। ਪੰਡਤ ਰਾਮ ਲਾਲ ਤੇ ਅਬਦੁਲ ਲਤੀਫ਼ ਹੋਰਾਂ ਉਹਦੀਆਂ ਬੜੀਆਂ ਮਿੰਨਤਾਂ ਕੀਤੀਆਂ, ਪਰ ਉਹ ਨਾ ਟਲਿਆ। ਉਹਦੇ ਹੱਥ ’ਚ ਤੂਤ ਦੀ ਛਟੀ ਸੀ। ਮੇਰਾ ਸਾਰਾ ਪਿੰਡਾ ਲਾਸਾਂ ਨਾਲ ਭਰ ਗਿਆ।

ਇੰਸਪੈਕਟਰ ਨੇ ਡੀ.ਸੀ. ਤੋਂ ਮਨਜ਼ੂਰੀ ਲੈ ਕੇ ਮੈਨੂੰ ਸਕੂਲ ਤੋਂ ਖਾਰਜ ਕਰ ਦਿੱਤਾ। ਨਾਲ ਇਹ ਵੀ ਲਿਖ ਦਿੱਤਾ ਕਿ ਇਹ ਦੇਸ਼ ਭਗਤਾਂ ਦੀਆਂ ਗੱਲਾਂ ਕਰਦਾ ਏ। ਇਹ ਅੰਗਰੇਜ਼ ਹਕੂਮਤ ਦਾ ਗੱਦਾਰ ਏ। ਇਹਨੂੰ ਕਿਸੇ ਸਕੂਲ ’ਚ ਦਾਖਲਾ ਨਹੀਂ ਮਿਲਣਾ ਚਾਹੀਦਾ।

ਓਸ ਵਕਤ ਸੜੋਏ ਵਾਲੇ ਜ਼ੈਲਦਾਰ ਗ਼ੁਲਾਮ ਮੁਸਤਫ਼ਾ ਦੀ ਮੌਤ ਹੋ ਚੁੱਕੀ ਸੀ ਤੇ ਉਹਦਾ ਵੱਡਾ ਬੇਟਾ ਅਬਦੁਰ ਰਹਿਮਾਨ ਜ਼ੈਲਦਾਰ ਬਣਿਆ ਸੀ। ਸਿੰਬਲੀ ਦਾ ਜ਼ੈਲਦਾਰ ਮਹਿੰਦੀ ਖਾਂ ਸੀ ਅਤੇ ਆਲੋਵਾਲ ਦਾ ਸਫ਼ੈਦਪੋਸ਼ ਅਹਿਮਦ ਖਾਂ ਹੁੰਦਾ ਸੀ। ਮੇਰਾ ਬਾਪੂ ਇਨ੍ਹਾਂ ਤਿੰਨਾਂ ਮੋਹਤਬਰਾਂ ਕੋਲ ਗਿਆ। ਇਹ ਤਿੰਨੋਂ ਰਲਕੇ ਆਲੇ-ਦੁਆਲੇ ਦੇ ਸਾਰੇ ਸਕੂਲਾਂ ਵਿੱਚ ਗਏ। ਉਹ ਪਨਾਮ ਗਏ, ਸਿੰਬਲੀ ਗਏ, ਸੜੋਏ ਗਏ, ਸਾਹਬੇ ਗਏ, ਪਰ ਮੈਨੂੰ ਕਿਸੇ ਵੀ ਸਕੂਲ ’ਚ ਦਾਖਲ ਹੋਣ ਦੀ ਮਨਜ਼ੂਰੀ ਨਾ ਮਿਲੀ। ਆਖਿਰ ਉਹ ਡੀ.ਸੀ. ਦਫ਼ਤਰ ਗਏ। ਡੀ.ਸੀ. ਕਹਿੰਦਾ ਕਿ ਮੇਰੇ ਕੋਲ ਇਸ ਦੀ ਲਿਖਤੀ ਸ਼ਿਕਾਇਤ ਆਈ ਹੈ। ਹੁਣ ਇਹਨੂੰ ਕਿਤੇ ਵੀ ਦਾਖਲਾ ਨਹੀਂ ਮਿਲਣਾ।

ਸੰਤਾਲੀ ’ਚ ਮੈਂ ਉੱਨੀ ਵਰ੍ਹਿਆਂ ਦਾ ਗੱਭਰੂਟ ਸਾਂ। ਜਦੋਂ ਸੜੋਏ ’ਤੇ ਹਮਲਾ ਹੋਇਆ ਤਾਂ ਕੁੱਕੜ ਮਜਾਰੇ ਦਾ ਬਾਵਾ ਸਿੰਘ ਜ਼ੈਲਦਾਰ ਅਬਦੁਰ ਰਹਿਮਾਨ ਨੂੰ ਸਾਡੇ ਘਰ ਛੱਡ ਗਿਆ ਸੀ। ਜ਼ੈਲਦਾਰ ਦਾ ਪਰਿਵਾਰ ਪਹਿਲਾਂ ਤੋਂ ਬਾਰ ਵਾਲੇ ਮੁਰੱਬਿਆਂ ’ਚ ਜਾ ਚੁੱਕਾ ਸੀ। ਉਹ ਸਾਡੇ ਘਰ ਦੋ ਦਿਨ ਰਿਹਾ। ਫਿਰ ਜਨੂੰਨੀ ਬੰਦੇ ਸਾਨੂੰ ਵੀ ਘੂਰਨ ਲੱਗ ਪਏ। ਸਹੂੰਗੜੇ ਦਾ ਰਾਮ ਸਿੰਘ ਤੇ ਬਾਲੀਵਾਲ ਦਾ ਵਤਨ ਸਿੰਘ ਵੀ ਜ਼ੈਲਦਾਰ ਨੂੰ ਲੱਭ ਰਹੇ ਸੀ। ਇੱਕ ਦਿਨ ਉਹ ਸਾਡੇ ਘਰ ਮੂਹਰੇ ਆ ਗਏ। ਬਾਪੂ ਕਹਿੰਦਾ-ਤਲਾਸ਼ੀ ਤਾਂ ਅਸੀਂ ਤੁਹਾਨੂੰ ਦੇਣੀ ਨਹੀਂ, ਪਰ ਯਕੀਨ ਕਰੋ ਕਿ ਅਸੀਂ ਆਪਣੇ ਘਰ ’ਚ ਕਿਸੇ ਨੂੰ ਨਹੀਂ ਲੁਕੋਇਆ।

ਉਸੀ ਰਾਤ ਮੇਰੇ ਬਾਪੂ ਨੇ ਉਹਨੂੰ ਕਿਤੇ ਹੋਰ ਛੱਡਣ ਦਾ ਫ਼ੈਸਲਾ ਕਰ ਲਿਆ। ਘਰੋਂ ਤੁਰਨ ਲੱਗਿਆਂ ਜ਼ੈਲਦਾਰ ਮੈਨੂੰ ਕਹਿਣ ਲੱਗਾ- ਅੱਛਾ ਬੇਟਾ ਅਲਵਿਦਾ, ਮੈਨੂੰ ਇਸ ਗੱਲ ਦਾ ਹਮੇਸ਼ਾਂ ਅਫ਼ਸੋਸ ਰਹੇਗਾ ਕਿ ਮੈਂ ਤੇਰੇ ਕਿਸੇ ਕੰਮ ਨਹੀਂ ਆ ਸਕਿਆ। ਰਾਤ ਨੂੰ ਸਾਡਾ ਬਾਪ, ਚਾਚਾ ਤੇ ਦੋ ਤਿੰਨ ਬੰਦੇ ਹੋਰ ਉਹਨੂੰ ਗੁੱਜਰਾਂ ਦੇ ਪਿੰਡ ਰੋੜੀ ਛੱਡ ਆਏ। ਬਾਬੂ ਰਾਮ ਦੇ ਘਰ। ਉਨ੍ਹਾਂ ਉਹਦੀ ਪੂਰੀ ਹਿਫ਼ਾਜ਼ਤ ਕੀਤੀ। ਮਿਲਟਰੀ ਸੱਦੀ ਤੇ ਉਹਨੂੰ ਕੈਂਪ ਲਈ ਤੋਰ ਦਿੱਤਾ। ਓਥੋਂ ਉਹ ਸਹੀ ਸਲਾਮਤ ਪਾਕਿਸਤਾਨ ਚਲਾ ਗਿਆ ਤੇ ਸਾਨੂੰ ਕਾਫ਼ੀ ਸਮਾਂ ਉਹਦੀਆਂ ਚਿੱਠੀਆਂ ਵੀ ਆਉਂਦੀਆਂ ਰਹੀਆਂ।

ਕੁਝ ਬੰਦਿਆਂ ਨੂੰ ਛੱਡ ਕੇ ਸਾਡੇ ਤਕਰੀਬਨ ਸਾਰੇ ਪਿੰਡ ਨੇ ਮਜ਼ਲੂਮਾਂ ਦੀ ਮਦਦ ਹੀ ਕੀਤੀ ਸੀ। ਪੁੱਠੀ ਖੋਪੜੀ ਵਾਲੇ ਤਾਂ ਛੇ-ਸੱਤ ਕੁ ਬੰਦੇ ਸਨ। ਉਨ੍ਹਾਂ ਦੀ ਵੀ ਕੋਈ ਪੇਸ਼ ਨਹੀਂ ਗਈ, ਕਿਉਂਕਿ ਇੱਥੇ ਚੰਗਿਆਂ ਦੀ ਗਿਣਤੀ ਜ਼ਿਆਦਾ ਸੀ। ਅਸੀਂ ਆਪਣੇ ਪਿੰਡ ’ਚ ਅਮਨ ਕਮੇਟੀ ਵੀ ਬਣਾਈ ਸੀ। ਅਸੀਂ ਇਹ ਪ੍ਰਚਾਰ ਕਰਦੇ ਸਾਂ ਕਿ ਇਹ ਮੁਸਲਮਾਨ ਵੀ ਸਾਡੇ ਭਰਾ ਨੇ। ਜੇ ਇਹ ਇੱਥੇ ਰਹਿੰਦੇ ਨੇ ਤਾਂ ਇਨ੍ਹਾਂ ਨੂੰ ਰਹਿਣ ਦਿਓ। ਜੇ ਜਾਂਦੇ ਆ ਤਾਂ ਇਨ੍ਹਾਂ ਉੱਤੇ ਹਮਲੇ ਨਾ ਕਰੋ। ਇਹਦਾ ਬਹੁਤ ਸਾਰਾ ਅਸਰ ਵੀ ਹੋਇਆ। ਸਮੁੰਦੜੇ ਵਾਲੀ ਅਮਨ ਕਮੇਟੀ ਦੇ ਮਾਸਟਰ ਲਤੀਫ ਹੋਰੀਂ ਵੀ ਮੈਂਬਰ ਸੀ। ਉਸ ਪਿੰਡ ’ਚ ਇੱਕ ਵੀ ਕਤਲ ਨਹੀਂ ਸੀ ਹੋਇਆ।

ਸੰਤਾਲੀ ਵੇਲੇ ਸਾਡਾ ਜੱਦੀ ਘਰ ਪਿੰਡ ’ਚ ਹੁੰਦਾ ਸੀ। ਖੱਡ ਦੇ ਕੰਢੇ ਸਾਡੀ ਕੱਚੀ ਹਵੇਲੀ ਹੁੰਦੀ ਸੀ। ਬਾਪੂ ਉਦੋਂ ਜਵਾਨ ਸੀ ਤੇ ਦਾਦੇ ਹੋਰੀਂ ਵੀ ਜਿਊਂਦੇ ਸਨ। ਜਿਸ ਦਿਨ ਸੜੋਏ ’ਤੇ ਹਮਲਾ ਹੋਇਆ, ਓਥੋਂ ਜਾਨ ਬਚਾ ਕੇ ਦੌੜੇ ਲੋਕ ਚੋਈ ’ਚੋਂ ਹੁੰਦੇ ਹੋਏ ਸਾਡੇ ਪਿੰਡ ਤੱਕ ਪਹੁੰਚੇ। ਉਨ੍ਹਾਂ ’ਚੋਂ ਬਹੁਤੇ ਜ਼ਖ਼ਮੀ ਸਨ। ਅਸੀਂ ਖੱਡ ਕਿਨਾਰੇ ਪਾਣੀ ਦੇ ਵਲਟੋਹੇ ਭਰ ਕੇ ਰੱਖੇ ਹੋਏ ਸੀ। ਮੈਂ ਘਰੋਂ ਲੱਸੀ ਦੀ ਭਰੀ ਚਾਟੀ ਵੀ ਚੁੱਕ ਕੇ ਲੈ ਗਿਆ ਸੀ। ਅਸੀਂ ਸਾਰੇ ਲੋਕਾਂ ਨੂੰ ਲੱਸੀ ਤੇ ਪਾਣੀ ਪਿਲਾਇਆ। ਕਾਫ਼ਲੇ ’ਚੋਂ ਇਕ ਮੁਸਲਮਾਨ ਵੀ ਸਾਡੇ ਨਾਲ ਮਦਦ ਕਰਵਾਉਣ ਲੱਗ ਪਿਆ ਸੀ। ਉਹ ਉੱਚੀ ਆਵਾਜ਼ ’ਚ ਕਹਿੰਦਾ-ਜਿਹਨੂੰ ਪਿਆਸ ਲੱਗੀ ਹੈ, ਉਹ ਪਾਣੀ ਪੀਵੇ। ਜਿਹਨੂੰ ਨਹੀਂ ਲੱਗੀ ਉਹ ਕਾਫ਼ਲੇ ’ਚ ਤੁਰੀ ਜਾਵੇ।

ਉਸ ਕਾਫ਼ਲੇ ’ਚ ਜਾਣ ਵਾਲਿਆਂ ’ਚੋਂ ਆਲੋਵਾਲੀਏ ਅਹਿਮਦ ਖਾਂ ਅਤੇ ਸ਼ੇਰ ਮੁਹੰਮਦ ਮੇਰੇ ਬਾਪੂ ਦੇ ਗਲ਼ ਲੱਗ ਕੇ ਕਾਫ਼ੀ ਦੇਰ ਡੁਸਕਦੇ ਰਹੇ ਸਨ। ਇੱਥੋਂ ਨਿਕਲ ਕੇ ਉਹ ਸਮੁੰਦੜੇ ਹੁੰਦੇ ਹੋਏ ਅਗਾਂਹ ਰਾਹੋਂ ਵਾਲੇ ਕੈਂਪ ’ਚ ਪਹੁੰਚ ਗਏ ਸਨ। ਹਾਂ, ਇੱਕ ਗੱਲ ਹੋਰ। ਬੀਤ ਇਲਾਕੇ ਦਾ ਇੱਕ ਮਸ਼ਹੂਰ ਪਿੰਡ ਆ ਹੈਬੋਵਾਲ। ਓਥੋਂ ਦਾ ਇੱਕ ਅੱਧਖੜ ਉਮਰ ਦਾ ਸ਼ੇਖ਼ ਵੀ ਇਸ ਸੜੋਏ ਵਾਲੇ ਹਮਲੇ ’ਚ ਜ਼ਖ਼ਮੀ ਹੋ ਗਿਆ ਸੀ। ਉਹਦੇ ਛੋਟੇ ਭਰਾ ਨੇ ਉਹਨੂੰ ਮੋਢਿਆਂ ’ਤੇ ਚੁੱਕਿਆ ਹੋਇਆ ਸੀ। ਇੱਥੇ ਆ ਕੇ ਜਦੋਂ ਕਾਫ਼ਲਾ ਰੁਕਿਆ ਤਾਂ ਛੋਟੇ ਭਰਾ ਨੇ ਉਹਨੂੰ ਰੇਤ ’ਤੇ ਲੰਮਾ ਪਾ ਦਿੱਤਾ। ਉਹਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਪਾਣੀ ਉਹਦੇ ਅੰਦਰ ਨਾ ਲੰਘਿਆ। ਪਹਿਲਾਂ ਤਾਂ ਉਹ ਹੂੰਅ-ਹਾਂਅ ਕਰਦਾ ਸੀ, ਫਿਰ ਉਹ ਬਿਲਕੁਲ ਚੁੱਪ ਕਰ ਗਿਆ। ਉਹਦਾ ਛੋਟਾ ਭਰਾ ਰੋਣ ਲੱਗਾ। ਅਸੀਂ ਉਹਨੂੰ ਬੜੇ ਪਿਆਰ ਨਾਲ ਸਮਝਾਇਆ- ਤੁਹਾਡੀ ਜਾਨ ਨੂੰ ਹਰ ਥਾਂ ਖ਼ਤਰਾ ਏ। ਤੂੰ ਕਾਫ਼ਲੇ ਨਾਲ ਇੱਥੋਂ ਤੁਰ ਜਾ। ਅਸੀਂ ਇਹਨੂੰ ਆਪੇ ਦਫ਼ਨਾ ਦੇਵਾਂਗੇ। ਉਹਨੇ ਮੋਏ ਭਰਾ ਦਾ ਮੱਥਾ ਚੁੰਮਿਆ ਤੇ ਵਿਲਕਦਾ ਹੋਇਆ ਤੁਰ ਪਿਆ। ਥੋੜ੍ਹੀ ਦੂਰ ਜਾ ਕੇ ਉਹ ਮੁੜਿਆ ਤੇ ਪੁੱਛਣ ਲੱਗਾ- ਜਿਨ੍ਹਾਂ ਸਾਨੂੰ ਸੜੋਏ ’ਚ ਘੇਰ ਕੇ ਗੋਲੀਆਂ ਮਾਰੀਆਂ ਅਸੀਂ ਤਾਂ ਉਨ੍ਹਾਂ ਨੂੰ ਸਿੱਖ ਸਮਝਦੇ ਸਾਂ, ਪਰ ਹੁਣ ਪਤਾ ਲੱਗਿਆ ਕਿ ਸਿੱਖ ਤਾਂ ਆਹ ਨੇ ਜੋ ਉੱਜੜ ਕੇ ਜਾਂਦੇ ਮਜ਼ਲੂਮਾਂ ਲਈ ਛਬੀਲ ਲਾਈ ਬੈਠੇ ਨੇ।’ ਇਸ ਗੱਲ ਨਾਲ ਭਗਤ ਸਿੰਘ ਹੋਰਾਂ ਦੀ ਗੱਲ ਮੁਕ ਗਈ।

Leave a Reply

Your email address will not be published. Required fields are marked *