ਬਿਰਖਾਂ ਜਿਹੇ ਬਾਬੇ

ਦੀਪ ਦੇਵਿੰਦਰ ਸਿੰਘ

ਅੱਜ ਫਿਰ ਉਹ ਮੇਰੀ ਨਿਗ੍ਹਾ ਚੜ੍ਹਿਆ ਸੀ। ਸੜਕ ਦੇ ਪਾਰਲੇ ਕੰਢੇ ਖੜ੍ਹਾ ਕਿਸੇ ਰਿਕਸ਼ੇ ਟੈਂਪੂ ਦੀ ਉਡੀਕ ਕਰ ਰਿਹਾ ਲੱਗਦਾ ਸੀ। ਅਸੀਂ ਆਹਮੋ-ਸਾਹਮਣੇ ਤੇਜ਼ ਵਗਦੀ ਸੜਕ ਦੇ ਦੋਹਾਂ ਕਿਨਾਰਿਆਂ ’ਤੇ ਖੜ੍ਹੇ ਸਾਂ, ਜਿਹਦੇ ਐਨ ਵਿਚਕਾਰ ਲੋਹੇ ਦੀ ਗਰਿੱਲ ਸੀ ਜਿਸ ਨੂੰ ਸਹਿਜੇ ਟੱਪਿਆ ਨਹੀਂ ਸੀ ਜਾ ਸਕਦਾ। ਇਸ ਨਵੇਂ ਬਣੇ ਹਾਈਵੇਅ ਨੇ ਸੜਕਾਂ ’ਤੇ ਗੋਲੀ ਵਾਂਗ ਭੱਜਦੀ ਮਨੁੱਖੀ ਜ਼ਿੰਦਗੀ ਲਈ ਸੱਜੇ-ਖੱਬੇ ਵਾਲਿਆਂ ਦਾ ਸਿੱਧਾ ਮੇਲ-ਜੋਲ ਖ਼ਤਮ ਕਰ ਦਿੱਤਾ ਸੀ। ਹੁਣ ਕਈ ਕਿਲੋਮੀਟਰ ਦੇ ਫ਼ਾਸਲੇ ਬਾਅਦ ਹੀ ਬੰਦਾ ਕੂਹਣੀ-ਮੋੜ ਕੱਟ ਸਕਦਾ ਸੀ।

ਇਸੇ ਲਈ ਮੈਂ ਖੜ੍ਹਾ ਖੜੋਤਾ ਉਹਨੂੰ ਗਹੁ ਨਾਲ ਝਾਕਦਿਆਂ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਉਹਦੇ ਅੱਗੇ ਇਕ ਦੋ ਆਟੋ ਵਾਲਿਆਂ ਨੇ ਬਰੇਕ ਵੀ ਮਾਰੇ ਸਨ ਤੇ ਥੋੜ੍ਹੀ ਜਿਹੀ ਧੌਣ ਬਾਹਰ ਕੱਢ ਕੇ ਉਹਨੂੰ ਜਾਣ ਲਈ ਵੀ ਪੁੱਛਦੇ ਸਨ। ਉਹ ਅੱਗਿਉਂ ਹਰ ਵਾਰੀ ਨਾਂਹ ਵਿਚ ਸਿਰ ਹਿਲਾਉਂਦਾ ਸੀ।

ਮੈਂ ਕਾਹਲੀ ਨਾਲ ਉਪਰੋਂ ਦੀ ਘੁੰਮ ਕੇ ਉਹਦੇ ਸਾਹਮਣੇ ਜਾ ਖੜ੍ਹਾ ਹੋਇਆ ਸਾਂ। ਉਸ ਥੋੜ੍ਹੀ ਕੁ ਧੌਣ ਉਪਰ ਚੁੱਕੀ ਤੇ ਨਿਗਾਹ ਭਰ ਕੇ ਮੇਰੇ ਵੱਲ ਝਾਕਿਆ। ਉਸਦਾ ਚਿਹਰਾ ਬੁਝਿਆ-ਬੁਝਿਆ ਜਿਹਾ ਲੱਗ ਰਿਹਾ ਸੀ। ਉਹਦੇ ਸਿਰ ਉਤਲੀ ਪੱਗ ਦੇ ਲੜ ਵੀ ਐਵੇਂ ਬੇਤਰਤੀਬੇ ਜਿਹੇ ਸਨ ਜਿਵੇਂ ਕਾਹਲੀ-ਕਾਹਲੀ ਬਗ਼ੈਰ ਸ਼ੀਸ਼ੇ ਵਿਚ ਝਾਤੀ ਮਾਰਿਆਂ ਹੀ ਪੱਗ ਉਹਨੇ ਸਿਰ ’ਤੇ ਵਲ੍ਹੇਟ ਲਈ ਹੋਵੇ। ਅੱਜ ਉਹਦੀਆਂ ਅੱਖਾਂ ਵਿਚ ਵਿਚਾਰਗੀ ਅਤੇ ਲਾਚਾਰਗੀ ਸਾਫ਼ ਵਿਖਾਈ ਦਿੰਦੀ ਸੀ।

ਮੇਰੀਆਂ ਸੋਚਾਂ ਵਿਚ ਸੱਤ-ਅੱਠ ਮਹੀਨੇ ਪਹਿਲਾਂ ਵਾਲਾ ਬਾਪੂ ਖ਼ਜ਼ਾਨ ਸਿਹੁੰ ਪ੍ਰਗਟ ਹੁੰਦਾ ਹੈ। ਮੈਂ ਉਸ ਦਿਨ ਆਪਣੇ ਕਾਰੋਬਾਰ ਦੇ ਬਾਹਰ ਬੈਠਾ ਕੁਝ ਪੜ੍ਹ ਰਿਹਾ ਸਾਂ। ਜਦੋਂ ਇਹੋ ਬਾਪੂ ਸਾਹ ਲੈਣ ਲਈ ਮੇਰੇ ਕੋਲ ਆਣ ਖਲੋਤਾ ਸੀ। ਗੱਲਾਂ-ਗੱਲਾਂ ’ਚ ਉਸ ਦੱਸਿਆ ਸੀ ਕਿ ਉਹਦੇ ਦੋ ਪੁੱਤਰ ਨੇ, ਇਕ ਪਿੰਡ ਰਹਿੰਦਾ ਤੇ ਦੂਜਾ ਸ਼ਹਿਰ। ਸ਼ਹਿਰਨ ਨੂੰਹ ਬੁਟੀਕ ਚਲਾਉਂਦੀ ਹੈ ਤੇ ਮੁੰਡਾ ਕਿਸੇ ਕਾਲਜ ਦੀ ਕੰਟੀਨ। ਪਿੰਡ ਵਾਲਾ ਹਮਾਤੜ ਹੈ ਤੇ ਇਹ ਸੌਖੀ ਰੋਟੀ ਖਾਂਦੇ ਨੇ।

ਬਾਪੂ ਖ਼ਜ਼ਾਨ ਸਿਹੁੰ ਕੋਲ ਜ਼ਿੰਦਗੀ ਦੀਆਂ ਬੇਸ਼ੁਮਾਰ ਕਹਾਣੀਆਂ ਸਨ ਜਿਹੜੀਆਂ ਉਸ ਸਾਂਝੀਆਂ ਕੀਤੀਆਂ। ਮੈਂ ਪਾਣੀ-ਧਾਣੀ ਪੁੱਛਿਆ ਅਤੇ ਮੈਂ ਤੁਰਦੇ ਨੂੰ ਝਕਦਿਆਂ-ਝਕਦਿਆਂ ਕੁਝ ਪੈਸੇ ਦੇਣੇ ਚਾਹੇ। ਉਹਨੇ ਤਲਖ਼ੀ ਜਿਹੀ ’ਚ ਉੱਠਦਿਆਂ ਆਪਣੇ ਗਲ਼ ਪਾਏ ਕਮੀਜ਼ ਦੀ ਵੱਖੀ ਵਾਲੀ ਜੇਬ੍ਹ ਅੰਦਰੋਂ ਕੁਝ ਰੁਪਈਏ ਵਿਖਾਉਂਦਿਆਂ ਕਿਹਾ, ‘‘ਤੂੰ ਮੈਨੂੰ ਮਾੜਾ-ਧੀੜਾ ਸਮਝਦੈਂ? ਕਮਾਊ ਪੁੱਤਰ ਐ ਮੇਰੇ…’’ ਤੇ ਨਾਲ ਹੀ ਮੇਰੇ ਤੋਂ ਮੂੰਹ ਫੇਰ ਲਿਆ ਸੀ। ਮੈਂ ਕੱਚਾ ਜਿਹਾ ਹੋ ਗਿਆ ਸਾਂ ਤੇ ਉਹ ਬਿਨਾਂ ਕੁਝ ਹੋਰ ਬੋਲੇ-ਚਾਲੇ ਮੇਰੇ ਲਾਗਿਉਂ ਖਿਸਕ ਗਿਆ ਸੀ।

ਅੱਜ ਫਿਰ ਉਹ ਮੇਰੇ ਸਾਹਮਣੇ ਖੜ੍ਹਾ ਸੀ। ਮੇਰੇ ਵੱਲ ਖ਼ਾਲੀ-ਖ਼ਾਲੀ ਜਿਹੀ ਨਜ਼ਰੇ ਝਾਕਦਾ। ਮੈਂ ਉਸ ਕੋਲੋਂ ਕੁਝ ਸੁਣਨਾ ਚਾਹੁੰਦਾ ਸਾਂ। ਉਹਦੇ ਬਾਰੇ ਉਹਦੇ ਜੀਆ-ਜੰਤ ਬਾਰੇ। ਉਹ ਵੀ ਕੁਝ ਕਹਿਣਾ ਚਾਹੁੰਦਾ ਸੀ। ਉਹਦੇ ਬੁੱਲ੍ਹ ਵੀ ਫਰਕਦੇ ਸਨ ਕਦੇ-ਕਦੇ। ਫਿਰ ਵੀ ਉਹਦੇ ਕੋਲੋਂ ਪਹਿਲਾਂ ਵਰਗੀ ਲੈਅ ਨਹੀਂ ਸੀ ਬੱਝ ਰਹੀ।

‘‘ਬਾਪੂ ਜੀ ਅੱਜ ਸਵੇਰੇ-ਸਵੇਰੇ?’’ ਮੈਂ ਗੱਲ ਛੇੜੀ।

‘‘ਮੁੰਡਾ ਢਿੱਲਾ-ਮੱਠਾ ਸੀ ਇੱਥੋਂ ਵਾਲਾ। ਮਾਂ ਉਹਦੀ ਖਹਿੜੇ ਪਈ ਸੀ ਕਈ ਦਿਨਾਂ ਦੀ ਕਿ ਪਤਾ ਲੈ ਕੇ ਆ। ਆਪ ਉਹਤੋਂ ਤੁਰਿਆ ਫਿਰਿਆ ਨਹੀਂ ਜਾਂਦਾ। ਸਰੀਰ ਭਾਰਾ, ਗੱਡੀਆਂ-ਮੋਟਰਾਂ ’ਤੇ ਚੜ੍ਹ ਨਹੀਂ ਹੁੰਦਾ ਉਹਤੋਂ।’’ ਉਸ ਲੜੀ ਤਾਂ ਸ਼ੁਰੂ ਕੀਤੀ ਸੀ, ਪਰ ਆਵਾਜ਼ ਧੀਮੀ ਤੇ ਨਿਰਾਸ਼ਾ ਵਾਲੀ ਸੀ।

‘‘ਫਿਰ ਮਿਲਿਆ ਮੁੰਡਾ?’’ ਮੈਂ ਪੁੱਛਿਆ।

‘‘ਲਹੂ ਸਫ਼ੈਦ ਹੋ ਗਏ ਐ ਅੱਜਕੱਲ੍ਹ,’’ ਕਹਿੰਦਿਆਂ ਉਸ ਗੱਲਾਂ ਦੀ ਸਿਸਤ ਬੰਨ੍ਹ ਲਈ। ਮੈਂ ਵੀ ਉਹਨੂੰ ਅਟਕਾਉਣਾ ਨਹੀਂ ਸੀ ਚਾਹੁੰਦਾ। ਇਸੇ ਲਈ ਹੁੰਗਾਰਾ ਵੀ ਬਹੁਤ ਮੱਠਾ ਜਿਹਾ ਹੀ ਭਰ ਰਿਹਾ ਸਾਂ।

ਖੰੰਘੂਰਾ ਮਾਰਦਿਆਂ ਬਾਪੂ ਕਹਿੰਦਾ, ‘‘ਏਥੋਂ ਵਾਲਾ ਮੁੰਡਾ ਗੁੱਸੇ ਐ ਛੋਟੇ ਭਰਾ ਨਾਲ। ਕਹਿੰਦਾ ਸੀ ਮੈਂ ਪਿੰਡ ਵਾਲਾ ਥਾਂ ਵੇਚਣਾ ਅੱਧਾ। ਉਹਨੇ ਆਪਣੀ ਕਬੀਲਦਾਰੀ ਦੱਸਦਿਆਂ ਨਾਂਹ-ਨੁੱਕਰ ਕੀਤੀ। ਆਪਾਂ ਬੁੱਢਾ-ਬੁੱਢੀ ਜਿਹਦੇ ਬੂਹੇ ਬੈਠੇ ਆਂ ਉਹਦੀ ਖ਼ੈਰ ਮੰਗਦਿਆਂ ਸਮਝਾਇਆ, ਭਈ ਨਾ ਵੇਚ, ਭੁੱਖੇ ਤਿਹਾਏ ਰਹਿ ਕੇ ਥਾਂ ਬਣਾਇਆ, ਬਣਿਆ ਰਹਿਣ ਦੇ। ਇਸੇ ਗੱਲੋਂ ਵੱਟ ਖਾ ਗਿਆ।’’

ਖ਼ਜ਼ਾਨ ਸਿਹੁੰ ਦੇ ਗੱਲ ਕਰਦਿਆਂ ਕਈ ਰੰਗ ਬਦਲ ਰਹੇ ਸਨ। ਬਾਪੂ ਕਹਿੰਦਾ, ‘‘ਜਦ ਪਤਾ ਲੱਗਿਆ ਮੁੰਡਾ ਢਿੱਲਾ-ਮੱਠਾ ਰਿਹਾ। ਆਪ ਤੋਂ ਕਿੱਥੇ ਰਹਿ ਹੁੰਦਾ, ਆਂਦਰਾਂ ਜੁ ਹੋਈਆਂ। ਮਾਂ ਇਹਦੀ ਨੇ ਸਾਰੀ ਰਾਤ ਜ਼ੁਬਾਨ ਮੂੰਹ ’ਚ ਨਹੀਂ ਪਾਈ, ਸੁੱਚੇ ਮੂੰਹ ਹੀ ਤੋਰਤਾ ਕਿ ਜਾ ਕੇ ਪਤਾ ਲੈ ਕੇ ਆ,’’ ਕਹਿੰਦਿਆਂ ਬਾਪੂ ਅਗਲੀ ਗੱਲ ਕਹਿਣ ਲਈ ਰੁਕ ਗਿਆ ਸੀ, ਸ਼ਾਇਦ ਆਪਣੀ ਅੰਦਰਲੀ ਸੱਤਿਆ ਇਕੱਠੀ ਕਰਨ ਲਈ। ਘਗਿਆਈ ਆਵਾਜ਼ ਵਿਚ ਕਹਿੰਦਾ, ‘‘ਮੈਂ ਉਹਦੇ ਘਰ ਅੰਦਰਲੇ ਦਰਵਾਜ਼ੇ ਨੂੰ ਕਈ ਵਾਰੀ ਖੜਕਾਇਆ। ਜਾਲੀ ਵਾਲੇ ਬੰਦ ਬੂਹੇ ਅੱਗੇ ਆਇਆ ਵੀ। ਨਿਰਮੋਹਿਆਂ ਵਾਂਗ ਵਿੰਹਦਾ ਰਿਹਾ ਚੁੱਪ-ਚਾਪ। ਹਾਰ ਕੇ ਮੈਂ ਹੀ ਪੁੱਛਿਆ ਕਰਨੈਲ ਸਿਹਾਂ ਕੀ ਹਾਲ ਤੇਰਾ ਹੁਣ?’’

‘‘ਅੱਗਿਉਂ ਕਹਿੰਦਾ ਉਹਦੀ ਪਿੰਡ ਵਾਲੇ ਦੀ ਚਿੰਤਾ ਕਰਿਆ ਕਰ। ਮੌਤ ਨਹੀਂ ਪਈ ਸਾਨੂੰ।’’ ਕਹਿ ਕੇ ਦਰਵਾਜ਼ਿਓਂ ਓਹਲੇ ਹੋ ਗਿਆ। ਮੁੜ ਕੋਈ ਜੀਅ ਬਾਹਰ ਨਹੀਂ ਆਇਆ। ਕਹਿੰਦਿਆਂ ਬਾਪੂ ਦਾ ਗੱਚ ਭਰ ਆਇਆ ਸੀ।

ਉਹਦੀ ਗੱਲ ਸੁਣ ਕੇ ਮੈਂ ਝੰਜੋੜਿਆ ਗਿਆ ਸਾਂ। ਮੇਰਾ ਚਿੱਤ ਕਰੇ ਮੈਂ ਉਹਨੂੰ ਕਲਾਵੇ ’ਚ ਲੈ ਕੇ ਦਿਲਾਸਾ ਦੇਵਾਂ। ਇਸੇ ਲਈ ਮੈਂ ਉਹਦੇ ਮੋਢੇ ’ਤੇ ਹੱਥ ਧਰਦਿਆਂ ਕਿਹਾ, ‘‘ਬਾਬਾ ਜੇ ਕਹੇਂ ਤਾਂ ਬਾਈਪਾਸ ਤੀਕ ਛੱਡ ਆਵਾਂ?’’ ਥੋੜ੍ਹਾ ਚਿਰ ਉਹ ਮੇਰੇ ਮੂੰਹ ਵੱਲ ਵਿੰਹਦਾ ਰਿਹਾ। ਫਿਰ ਪਤਾ ਨਹੀਂ ਕੀ ਸੋਚ ਕੇ ਕਹਿਣ ਲੱਗਿਆ, ‘‘ਦਿਲ ਤਾਂ ਨਹੀਂ ਮੰਨਦਾ ਸ਼ੇਰਾ, ਪਰ ਤੂੰ ਐਂ ਕਰ ਮੈਨੂੰ ਕਿਤੇ ਛੱਡ ਕੇ ਆਉਣ ਨਾਲੋਂ ਅੱਜ ਵੀਹ ਰੁਪਏ ਦੇ। ਪਿੰਡ ਜਾਣ ਲਈ ਪੰਜਾਹ ਲੱਗਣੇ ਐ ਤੀਹ ਬਚੇ ਐ ਮੇਰੇ ਕੋਲ।’’ ਮੈਂ ਕਾਹਲੀ ਨਾਲ ਸੌ ਦਾ ਨੋਟ ਕੱਢ ਕੇ ਉਹਦੇ ਵੱਲ ਵਧਾਇਆ। ਉਹਨੇ ਅੱਗਿਉਂ ਦੋਵੇਂ ਹੱਥ ਪਿਛਾਂਹ ਕਰਦਿਆਂ ਵੀਹ ਰੁਪਏ ਵਾਲੀ ਲੋੜ ਦੁਹਰਾਈ ਅਤੇ ਕਿਹਾ, ‘‘ਪਾੜ੍ਹਿਆ ਕੀ ਕਰਨੇ ਆਂ ਮੈਂ ਵਾਧੂ ਪੈਸੇ? ਪਿੰਡ ਪਹੁੰਚਣ ਲਈ ਵੀਹਾਂ ਦੀ ਲੋੜ ਆ ਬਸ।’’

ਮੇਰਾ ਵਧਿਆ ਹੱਥ ਉੱਥੇ ਹੀ ਅਟਕ ਗਿਆ। ਮੈਂ ਬਾਪੂ ਖ਼ਜ਼ਾਨ ਸਿਹੁੰ ਦੇ ਚਿਹਰੇ ਵੱਲ ਨੀਝ ਨਾਲ ਝਾਕ ਰਿਹਾ ਸਾਂ। ਉਹਦੇ ਚਿਹਰੇ ’ਤੇ ਬੇਸ਼ੱਕ ਔਲਾਦ ਦੀ ਬੇਰੁਖੀ ਦਾ ਸੰਘਣਾ ਪ੍ਰਛਾਵਾਂ ਝਲਕ ਰਿਹਾ ਸੀ, ਪਰ ਉਹਦੀਆਂ ਮਹੀਨ ਅੱਖਾਂ ਦੀ ਲਿਸ਼ਕ ਅੰਦਰ ਦਰਵੇਸ਼ਾਂ ਵਰਗੀ ਸਹਿਜਤਾ ਕਿਤੇ ਧੁਰ ਅੰਦਰ ਠੰਢਕ ਦਾ ਅਹਿਸਾਸ ਕਰਵਾ ਰਹੀ ਸੀ।

Leave a Reply

Your email address will not be published. Required fields are marked *