ਧਨੀ ਰਾਮ ਚਾਤ੍ਰਿਕ ਦੀ ਚਿੰਤਾ ਨੂੰ ਸਮਝਦਿਆਂ (-ਸਵਰਾਜਬੀਰ)

ਧਨੀ ਰਾਮ ਚਾਤ੍ਰਿਕ ਦੀ ਮਸ਼ਹੂਰ ਕਵਿਤਾ ‘‘ਅਸੀਂ ਨਹੀਂ ਭੁਲਾਉਣੀ, ਬੋਲੀ ਹੈ ਪੰਜਾਬੀ ਸਾਡੀ।’’ ਚੇਤਿਆਂ ’ਚੋਂ ਵਿਸਰ ਚੁੱਕੀ ਸੀ। 2013 ਵਿਚ ਇਹ ਕਵਿਤਾ ਮੈਂ ਦਿੱਲੀ ਵਿਚ ਭਾਈ ਵੀਰ ਸਿੰਘ ਸਦਨ ਵਿਚ ਸੁਣੀ ਤਾਂ ਬਹੁਤ ਅਜੀਬ ਤਰ੍ਹਾਂ ਦਾ ਅਨੁਭਵ ਹੋਇਆ। ਇਸ ਨੂੰ ਤਰਨਜੀਤ ਕੌਰ ਹੋਰਾਂ ਨੇ ਬਹੁਤ ਸੋਜ਼ਮਈ ਆਵਾਜ਼ ਵਿਚ ਗਾਇਆ। ਗੀਤ ਵਾਂਗ ਗਾਈ ਇਹ ਕਵਿਤਾ ਦਿਲ ਨੂੰ ਧੂਹ ਪਾਉਂਦੀ ਹੈ ਅਤੇ ਸੋਚਣ ਲਈ ਮਜਬੂਰ ਕਰਦੀ ਹੈ:

ਅਸੀਂ ਨਹੀਂ ਭੁਲਾਉਣੀ, ਬੋਲੀ ਹੈ ਪੰਜਾਬੀ ਸਾਡੀ।

ਏਹੋ ਜਿੰਦ ਜਾਨ ਸਾਡੀ,

ਮੋਤੀਆਂ ਦੀ ਖਾਨ ਸਾਡੀ,

ਹੱਥੋਂ ਨਹੀਂ ਗੁਆਉਣੀ, ਬੋਲੀ ਹੈ ਪੰਜਾਬੀ ਸਾਡੀ।

ਤ੍ਰਿੰਞਣਾਂ ਭੰਡਾਰਾਂ ਵਿਚ,

ਵੰਝਲੀ ਤੇ ਵਾਰਾਂ ਵਿਚ,

ਮਿੱਠੀ ਤੇ ਸੁਹਾਉਣੀ, ਬੋਲੀ ਹੈ ਪੰਜਾਬੀ ਸਾਡੀ।

ਜੋਧ ਤੇ ਕਮਾਈਆਂ ਵਿਚ,

ਜੰਗਾਂ ਤੇ ਲੜਾਈਆਂ ਵਿਚ,

ਏਹੋ ਜਿੰਦ ਪਾਉਣੀ, ਬੋਲੀ ਹੈ ਪੰਜਾਬੀ ਸਾਡੀ।

ਫੁੱਲਾਂ ਦੀ ਕਿਆਰੀ ਸਾਡੀ,

ਸੁੱਖਾਂ ਦੀ ਅਟਾਰੀ ਸਾਡੀ,

ਭੁੱਲ ਕੇ ਨਹੀਂ ਢਾਉਣੀ, ਬੋਲੀ ਹੈ ਪੰਜਾਬੀ ਸਾਡੀ।

ਪਹਿਲੀ ਨਜ਼ਰੇ ਕਿਹਾ ਜਾ ਸਕਦਾ ਹੈ ਕਿ ਇਹ ਬਹੁਤ ਖ਼ੂਬਸੂਰਤ ਕਵਿਤਾ ਹੈ ਜਿਹੜੀ ਧਨੀ ਰਾਮ ਚਾਤ੍ਰਿਕ ਦੇ ਪੰਜਾਬੀ ਪ੍ਰਤੀ ਪਿਆਰ ਨੂੰ ਪ੍ਰਗਟ ਕਰਦੀ ਅਤੇ ਪੰਜਾਬੀ-ਪਿਆਰਿਆਂ ਦੀ ਆਪਣੀ ਭਾਸ਼ਾ ਪ੍ਰਤੀ ਨਿਸ਼ਠਾ ਅਤੇ ਪ੍ਰੇਮ ਨੂੰ ਜ਼ੁਬਾਨ ਦਿੰਦੀ ਹੈ ਪਰ ਕਿਸੇ ਨਾ ਕਿਸੇ ਪੱਧਰ ’ਤੇ ਇਹ ਕਵਿਤਾ ਪ੍ਰੇਸ਼ਾਨ ਵੀ ਕਰਦੀ ਹੈ।

ਮੈਂ ਬਹੁਤ ਵਾਰ ਆਪਣੇ ਆਪ ਨੂੰ ਧਨੀ ਰਾਮ ਚਾਤ੍ਰਿਕ ਹੋਰਾਂ ਦੇ ਸਮੇਂ ਵਿਚ ਵਾਪਸ ਲੈ ਕੇ ਜਾਣ ਦੀ ਕਲਪਨਾ ਕਰਦਿਆਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਚਾਤ੍ਰਿਕ ਹੋਰਾਂ ਦੇ ਮਨ ਵਿਚ ਇਹ ਚਿੰਤਾ ਕਿਉਂ ਉੱਭਰੀ ਕਿ ਅਸੀਂ ਪੰਜਾਬੀ ਬੋਲੀ ਨੂੰ ਭੁਲਾਉਣਾ ਨਹੀਂ; ਸਪੱਸ਼ਟ ਹੈ ਧਨੀ ਰਾਮ ਚਾਤ੍ਰਿਕ ਇਹ ਵਰਤਾਰਾ ਕਿ ਪੰਜਾਬੀ ਬੋਲੀ ਨੂੰ ਭੁਲਾਇਆ ਜਾ ਰਿਹਾ ਹੈ, ਆਪਣੇ ਸਾਹਮਣੇ ਦੇਖ ਰਹੇ ਸਨ; ਇਸੇ ਲਈ ਉਨ੍ਹਾਂ ਦੇ ਦਿਲ ਵਿਚੋਂ ਹੂਕ ਉੱਠੀ ‘‘ਅਸੀਂ ਨਹੀਂ ਭੁਲਾਉਣੀ ਬੋਲੀ ਹੈ ਪੰਜਾਬੀ ਸਾਡੀ।’’

ਪੁਰਾਤਨ ਸਮਿਆਂ ਬਾਰੇ ਗੱਲ ਕਰਨੀ ਇਸ ਲੇਖ ਦੀ ਸੀਮਾ ਤੋਂ ਬਾਹਰ ਹੈ। ਧਨੀ ਰਾਮ ਚਾਤ੍ਰਿਕ ਦੇ ਸਮਿਆਂ (ਜਨਮ 1876 – ਦੇਹਾਂਤ 1954) ਵਿਚ ਪੰਜਾਬੀ ਬੋਲੀ ਨੂੰ ਭੁਲਾਉਣ, ਮਧੋਲਣ ਅਤੇ ਇਸ ਨੂੰ ਪੱਛੜੀ ਹੋਈ ਬੋਲੀ ਕਹਿਣ ਦਾ ਵਰਤਾਰਾ ਸਿਖਰਾਂ ’ਤੇ ਸੀ। ਅੰਗਰੇਜ਼ਾਂ ਨੇ ਉਰਦੂ ਨੂੰ ਪੰਜਾਬ ਦੀ ਸਰਕਾਰੀ ਭਾਸ਼ਾ ਬਣਾ ਦਿੱਤਾ ਸੀ ਅਤੇ ਸਰਕਾਰੀ ਸਕੂਲਾਂ, ਕਾਲਜਾਂ ਆਦਿ ਵਿਚ ਪੜ੍ਹਾਈ-ਲਿਖਾਈ ਉਰਦੂ ਅਤੇ ਅੰਗਰੇਜ਼ੀ ਵਿਚ ਕਰਾਈ ਜਾਂਦੀ ਸੀ।

ਬਸਤੀਵਾਦੀ ਹਾਕਮ ਗ਼ੁਲਾਮ ਹੋ ਰਹੀਆਂ ਕੌਮਾਂ ਸਾਹਮਣੇ ਕਈ ਮੁਸ਼ਕਿਲ ਸਵਾਲ ਖੜ੍ਹੇ ਕਰਦੇ ਹੋਏ ਉਨ੍ਹਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਹਨ। ਬਸਤੀਵਾਦੀ ‘ਆਧੁਨਿਕਤਾ’ ਗ਼ੁਲਾਮ ਲੋਕਾਂ ਨੂੰ ਦੱਸਦੀ ਹੈ ਕਿ ਤੁਸੀਂ ਸਭਿਅਕ ਤੌਰ ’ਤੇ ਪੱਛੜੇ ਹੋਏ, ਉਜੱਡ ਅਤੇ ਆਪ ਰਾਜ ਕਰਨ ਦੇ ਕਾਬਿਲ ਨਹੀਂ ਹੋ। ਇਹ ਆਧੁਨਿਕਤਾ ਗ਼ੁਲਾਮ ਲੋਕਾਂ ਤੋਂ ਉਨ੍ਹਾਂ ਦੀ ਪਛਾਣ ਬਾਰੇ ਸਵਾਲ ਵੀ ਪੁੱਛਦੀ ਹੈ : ਤੁਸੀਂ ਕੌਣ ਹੋ; ਤੁਹਾਡਾ ਧਰਮ ਕੀ ਹੈ; ਤੁਹਾਡੀ ਬੋਲੀ ਕਿਹੜੀ ਹੈ। ਇਹ ਸਵਾਲ ਸਾਂਝਾਂ ਬਣਾਉਣ ਲਈ ਨਹੀਂ, ਭਾਈਚਾਰਕ ਸਾਂਝਾਂ ਨੂੰ ਤੋੜਨ ਲਈ ਪੁੱਛੇ ਜਾਂਦੇ ਹਨ। ਦੁਖਾਂਤ ਇਹ ਹੈ ਕਿ ਬਸਤੀਵਾਦੀ ਆਧੁਨਿਕਤਾ ਨੇ ਜਦ ਇਹ ਸਵਾਲ ਪੰਜਾਬੀਆਂ ਨੂੰ ਪਾਏ ਤਾਂ ਹੋਰ ਗ਼ੁਲਾਮ ਕੌਮਾਂ ਵਾਂਗ ਪੰਜਾਬੀਆਂ ਨੇ ਵੀ ਉਹੀ ਜਵਾਬ ਦਿੱਤਾ ਜਿਹੜਾ ਬਸਤੀਵਾਦੀ ਚਾਹੁੰਦੇ ਸਨ। ਪੰਜਾਬੀ ਹਿੰਦੂਆਂ ਨੇ ਕਿਹਾ ਅਸੀਂ ਹਿੰਦੂ ਹਾਂ, ਸਾਡਾ ਹਜ਼ਾਰਾਂ ਸਾਲਾਂ ਦਾ ਪਿਛੋਕੜ ਬਹੁਤ ਗੌਰਵ ਵਾਲਾ ਹੈ, ਸਾਡੀ ਆਪਣੀ ਬੋਲੀ ਹੈ, ਜਿਸ ਦਾ ਨਾਂ ਹੈ ਹਿੰਦੀ।  ਪੰਜਾਬੀ ਮੁਸਲਮਾਨਾਂ ਨੇ ਕਿਹਾ ਅਸੀਂ ਮੁਸਲਮਾਨ ਹਾਂ, ਅਸੀਂ ਹਜ਼ਾਰ ਸਾਲ ਇਸ ਦੇ ਦੇਸ਼ ’ਤੇ ਹਕੂਮਤ ਕਰਦੇ ਰਹੇ ਹਾਂ, ਸਾਡੀ ਬੋਲੀ ਉਰਦੂ-ਫ਼ਾਰਸੀ ਹੈ। ਸਿੱਖਾਂ ਨੇ ਕਿਹਾ ਅਸੀਂ ਸਿੱਖ ਹਾਂ ਤੇ ਸਾਡੀ ਬੋਲੀ ਪੰਜਾਬੀ ਹੈ ਜਿਹੜੀ ਗੁਰਮੁਖੀ ਲਿਪੀ ਵਿਚ ਲਿਖੀ ਜਾਂਦੀ ਹੈ। ਇਸ ਤਰ੍ਹਾਂ ਭਾਸ਼ਾਵਾਂ ਅਤੇ ਲਿਪੀਆਂ ਧਰਮਾਂ ਨਾਲ ਜੁੜ ਗਈਆਂ। ਧਰਮਾਂ ਦੇ ਆਧਾਰ ’ਤੇ ਭਾਸ਼ਾਵਾਂ ਦੀ ਇਸ ਪਛਾਣ ਨੇ ਫ਼ਿਰਕਾਪ੍ਰਸਤੀ ਨੂੰ ਵਧਾਇਆ ਅਤੇ ਫ਼ਿਰਕਾਪ੍ਰਸਤੀ ਨੇ ਭਾਸ਼ਾਵਾਂ ਦੀ ਵੰਡ ਨੂੰ ਹੋਰ ਡੂੰਘਾ ਕੀਤਾ।

ਉਨ੍ਹਾਂ ਹੀ ਸਮਿਆਂ ਵਿਚ ਸਭ ਧਰਮਾਂ ਵਿਚ ਆਪਣੇ ਆਪ ਨੂੰ ਸਰਬਉੱਚ ਅਤੇ ਦੂਸਰਿਆਂ ਤੋਂ ਵੱਖਰਾ ਸਿੱਧ ਕਰਨ ਵਾਲੀਆਂ ਲਹਿਰਾਂ ਜਨਮੀਆਂ ਜਿਨ੍ਹਾਂ ਨੇ ਲੋਕਾਂ ਨੂੰ ਧਰਮ ਦੇ ਨਾਲ ਨਾਲ ਭਾਸ਼ਾ ਦੇ ਆਧਾਰ ’ਤੇ ਨਿਖੇੜਿਆ। ਇਹ ਵਰਤਾਰੇ ਬਹੁਤ ਜਟਿਲ ਸਨ। ਸਿੱਖਾਂ ਨੇ ਤਾਂ ਪੰਜਾਬੀ ਬੋਲੀ ਅਪਣਾ ਲਈ ਪਰ ਹਿੰਦੂ ਅਤੇ ਮੁਸਲਮਾਨ ਭਾਈਚਾਰਿਆਂ ਦੇ ਕਈ ਹਿੱਸਿਆਂ ਵਿਚ ਪੰਜਾਬੀ ਤੋਂ ਦੂਰ ਹੋਣ ਦੇ ਰੁਝਾਨ ਵਧੇ। ਮੁਸਲਮਾਨ ਭਾਈਚਾਰੇ ਵਿਚ ਜਨ ਸਾਧਾਰਨ ਤਾਂ ਪੰਜਾਬੀ ਬੋਲਦਾ ਸੀ ਪਰ ਕੁਲੀਨ ਵਰਗ ਨੇ ਉਰਦੂ ਨੂੰ ਅਪਣਾਇਆ। ਹਿੰਦੂ ਭਾਈਚਾਰੇ ਦੀਆਂ ਕੁਝ ਧਾਰਮਿਕ ਲਹਿਰਾਂ ਅਤੇ ਸੰਸਥਾਵਾਂ ਇਸ ਪਾੜੇ ਨੂੰ ਗੂੜ੍ਹਾ ਕਰਨ ਦਾ ਯਤਨ ਕਰਦਿਆਂ ਭਾਈਚਾਰੇ ਦੀ ਵੱਡੀ ਗਿਣਤੀ ਨੂੰ ਇਹ ਵਿਸ਼ਵਾਸ ਦਿਵਾਉਣ ਵਿਚ ਸਫ਼ਲ ਹੋਈਆਂ ਕਿ ਉਨ੍ਹਾਂ ਦੀ ਮਾਂ-ਬੋਲੀ ਹਿੰਦੀ ਹੈ। ਧਨੀ ਰਾਮ ਚਾਤ੍ਰਿਕ ਦੀ ਇਹ ਕਵਿਤਾ ਉਸੇ ਫ਼ਿਕਰ ’ਚੋਂ ਜਨਮੀ। ਇਹ ਨਹੀਂ ਕਿ ਉਨ੍ਹਾਂ ਸਮਿਆਂ ਵਿਚ ਹਿੰਦੂ ਲਿਖਾਰੀਆਂ ਨੇ ਪੰਜਾਬੀ ਵਿਚ ਨਹੀਂ ਲਿਖਿਆ ਸਗੋਂ ਉਨ੍ਹਾਂ ਸਮਿਆਂ ਵਿਚ ਪੰਡਿਤ ਕਾਲੀਦਾਸ, ਲਾਲਾ ਕਿਰਪਾ ਸਾਗਰ, ਧਨੀ ਰਾਮ ਚਾਤ੍ਰਿਕ, ਬਾਂਕੇ ਦਿਆਲ, ਦੇਵੀ ਦਾਸ ਹਿੰਦੀ, ਚਕਰਧਾਰੀ ਬੇਜ਼ਰ, ਆਈ.ਸੀ. ਨੰਦਾ, ਬਰਕਤ ਰਾਮ ਯਮਨ, ਨੰਦ ਲਾਲ ਨੂਰਪੁਰੀ, ਬਲਵੰਤ ਗਾਰਗੀ, ਜਸਵੰਤ ਰਾਏ ‘ਰਾਏ’, ਦੇਵਿੰਦਰ ਸਤਿਆਰਥੀ, ਬਾਵਾ ਬਲਵੰਤ ਅਤੇ ਹਿੰਦੂ ਭਾਈਚਾਰੇ ਨਾਲ ਸਬੰਧ ਰੱਖਦੇ ਹੋਰ ਬਹੁਤ ਸਾਰੇ ਲੇਖਕਾਂ ਨੇ ਪੰਜਾਬੀ ਸਾਹਿਤ ਦੇ ਭੰਡਾਰ ਵਿਚ ਵੱਡਾ ਵਾਧਾ ਕੀਤਾ ਪਰ ਧਨੀ ਰਾਮ ਚਾਤ੍ਰਿਕ ਆਪਣੀਆਂ ਅਤੇ ਹੋਰ ਲੇਖਕਾਂ ਦੀਆਂ ਨਿੱਜੀ ਪ੍ਰਾਪਤੀਆਂ ਵੱਲ ਨਹੀਂ ਸਗੋਂ ਪੰਜਾਬੀ ਸਮਾਜ ਵਿਚ ਵੱਡੇ ਪੱਧਰ ’ਤੇ ਵਾਪਰ ਰਹੇ ਵਰਤਾਰੇ ਨੂੰ ਦੇਖ ਅਤੇ ਮਹਿਸੂਸ ਕਰ ਰਹੇ ਸਨ। ਉਹ ਇਸ ਵਰਤਾਰੇ ਨੂੰ ਸਮਝ ਰਹੇ ਅਤੇ ਇਸ ਬਾਰੇ ਫ਼ਿਕਰਮੰਦ ਸਨ ਕਿ ਪੰਜਾਬੀ ਬੋਲੀ ਨੂੰ ਭੁਲਾਇਆ ਜਾ ਰਿਹਾ ਹੈ। ਵੰਡ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਉਜਾੜ ਦਿੱਤਾ। ਫ਼ਿਰਕੂ ਵੰਡ ਨੇ ਆਜ਼ਾਦੀ ਤੋਂ ਬਾਅਦ ਵੀ ਪੰਜਾਬ ਤੇ ਪੰਜਾਬੀ ਨੂੰ ਬਹੁਤ ਨੁਕਸਾਨ ਪਹੁੰਚਾਇਆ। ਬਾਬਾ ਨਜ਼ਮੀ ਦਾ ਸ਼ਿਅਰ ‘‘ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ’’ ਵੀ ਅਜਿਹੇ ਫ਼ਿਕਰਾਂ ਨੂੰ ਪੇਸ਼ ਕਰਦਾ ਹੈ। ਪੰਜਾਬੀ ਦਾ ਦੀਵਾ ਤਾਂ ਬਲ਼ ਰਿਹਾ ਹੈ ਪਰ ਝੱਖੜ ਬੜੇ ਡਾਹਢੇ ਅਤੇ ਕਹਿਰਵਾਨ ਹਨ।

ਇਨ੍ਹਾਂ ਵਰਤਾਰਿਆਂ ਕਾਰਨ ਹੀ ਵੀਹਵੀਂ ਸਦੀ ’ਚ ਵੱਡੇ ਪੰਜਾਬੀ ਲੇਖਕਾਂ ਜਿਨ੍ਹਾਂ ਵਿਚ ਰਾਜਿੰਦਰ ਸਿੰਘ ਬੇਦੀ, ਸਾਅਦਤ ਹਸਨ ਮੰਟੋ, ਯਸ਼ਪਾਲ, ਉਪੇਂਦਰ ਨਾਥ ਅਸ਼ਕ, ਫੈਜ਼ ਅਹਿਮਦ ਫੈਜ਼, ਕ੍ਰਿਸ਼ਨ ਚੰਦਰ, ਮੋਹਨ ਰਾਕੇਸ਼, ਭੀਸ਼ਮ ਸਾਹਨੀ, ਰਵਿੰਦਰ ਕਾਲੀਆ ਅਤੇ ਕਈ ਹੋਰ ਸ਼ਾਮਿਲ ਹਨ, ਪੰਜਾਬੀ ਵਿਚ ਨਾ ਲਿਖ ਸਕੇ। ਫੈਜ਼ ਅਹਿਮਦ ਫੈਜ਼ ਜਿਹੇ ਰਚਨਾਕਾਰਾਂ ਨੇ ਇਸ ਗ਼ਲਤੀ ਨੂੰ ਬਹੁਤ ਦੇਰ ਬਾਅਦ ਮਹਿਸੂਸ ਕੀਤਾ। ਇਤਿਹਾਸਕਾਰ ਸੁਮੇਲ ਸਿੰਘ ਅਨੁਸਾਰ ਜੇ ਇਨ੍ਹਾਂ ਲੇਖਕਾਂ ਨੇ ਪੰਜਾਬੀ ਵਿਚ ਲਿਖਿਆ ਹੁੰਦਾ ਤਾਂ 20ਵੀਂ ਸਦੀ ਦੇ ਪੰਜਾਬੀ ਸਾਹਿਤ ਦੀ ਨੁਹਾਰ ਕੁਝ ਹੋਰ ਹੋਣੀ ਸੀ ਅਤੇ ਪੰਜਾਬੀ ਬੋਲੀ ਵਿਚ ਪ੍ਰਗਟਾਵੇ ਦੀ ਸਮਰੱਥਾ ਦੇ ਨਵੇਂ ਆਯਾਮ ਪੈਦਾ ਹੋਣੇ ਸਨ; ਅਜਿਹੇ ਰੁਝਾਨਾਂ ਨੇ ਇਕ ਇਤਿਹਾਸਕ ਮੌਕਾ ਖੁੰਝਾਇਆ।

1966 ਵਿਚ ਬੋਲੀ ’ਤੇ ਆਧਾਰਿਤ ਸੂਬਾ ਤਾਂ ਬਣ ਗਿਆ ਪਰ ਪੰਜਾਬੀਆਂ ਦੇ ਮਨ ਵਿਚ ਪੰਜਾਬੀ ਤੋਂ ਦੂਰੀ ਬਣਾਉਣ ਦਾ ਅਮਲ ਜਾਰੀ ਰਿਹਾ। ਸ਼ਹਿਰਾਂ ਵਿਚ ਇਹ ਅਮਲ ਵੱਡੇ ਪੱਧਰ ’ਤੇ ਹੈ ਅਤੇ ਬਹੁਤ ਸਾਰੇ ਹਿੰਦੂ-ਸਿੱਖ ਘਰਾਂ ਵਿਚ ਬੱਚਿਆਂ ਨਾਲ ਹਿੰਦੀ, ਅੰਗਰੇਜ਼ੀ ਬੋਲਣ ਨੂੰ ਸਹੀ ਅਤੇ ਸਭਿਆਚਾਰਕ ਸ੍ਰੇਸ਼ਠਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਨਿੱਜੀ ਖੇਤਰ ਦੇ ਵਿਦਿਅਕ ਅਦਾਰਿਆਂ ਨੇ ਇਸ ਧਾਰਨਾ ਨੂੰ ਮਜ਼ਬੂਤ ਕੀਤਾ ਹੈ ਕਿ ਪੰਜਾਬੀ ਬੋਲਣਾ ਅਤੇ ਸਿੱਖਣਾ ਬੱਚਿਆਂ ਦੇ ਭਵਿੱਖ ਦੇ ਹਿੱਤ ਵਿਚ ਨਹੀਂ। 

ਲੋਕਾਂ ਦੀ ਮਾਂ ਬੋਲੀ ਪ੍ਰਤੀ ਬੇਰੁਖ਼ੀ ਸਰਕਾਰਾਂ ਨੂੰ ਬਹੁਤ ਰਾਸ ਆਉਂਦੀ ਹੈ ਕਿਉਂਕਿ ਲੋਕ-ਹੱਕਾਂ ਲਈ ਆਵਾਜ਼ ਹਮੇਸ਼ਾ ਮਾਤ-ਭਾਸ਼ਾ ਰਾਹੀਂ ਹੀ ਉੱਠਦੀ ਹੈ। ਸਿਆਸੀ ਜਮਾਤ ਨੇ ਪੰਜਾਬੀ ਪ੍ਰਤੀ ਪ੍ਰਤੀਬੱਧਤਾ ਕਦੇ ਵੀ ਨਹੀਂ ਦਿਖਾਈ। ਇਹ ਦੋਵੇਂ ਵਰਤਾਰੇ (ਲੋਕਾਂ ਅਤੇ ਸਰਕਾਰ ਦੀ ਪੰਜਾਬੀ ਪ੍ਰਤੀ ਬੇਰੁਖ਼ੀ) ਅਸਿੱਧੇ ਤੌਰ ’ਤੇ ਪੰਜਾਬੀ ਲੇਖਕਾਂ ਦੇ ਹੱਕ ਵਿਚ ਵੀ ਭੁਗਤੇ। ਲੇਖਕ ਸਭਾਵਾਂ ਨੇ ਸਰਕਾਰਾਂ ਵਿਰੁੱਧ ਧਰਨੇ ਮਾਰ ਕੇ ਆਪਣੇ ਜ਼ਮੀਰ ਤੋਂ ਭਾਰ ਹੌਲਾ ਕਰ ਲਿਆ। ਲੋਕਾਂ ਦੀ ਬੇਰੁਖ਼ੀ ਕਾਰਨ ਲੇਖਕਾਂ ਦੀ ਇਹ ਜਵਾਬਦੇਹੀ ਵੀ ਤੈਅ ਨਹੀਂ ਹੋ ਸਕਦੀ ਕਿ ਉਹ ਅਜਿਹਾ ਸਾਹਿਤ ਕਿਉਂ ਰਚਦੇ ਹਨ ਜਿਹੜਾ ਲੋਕ-ਮਨ ਨਾਲ ਸਾਂਝ ਨਹੀਂ ਪਾ ਸਕਦਾ। ਸਾਹਿਤਕ ਰਚਨਾਵਾਂ ਬਹੁਤ ਘੱਟ ਪਾਠਕਾਂ ਤਕ ਪਹੁੰਚਦੀਆਂ ਅਤੇ ਜ਼ਿਆਦਾ ਕਰਕੇ ਅਕਾਦਮਿਕ ਅਦਾਰਿਆਂ ਤਕ ਸੀਮਤ ਰਹਿੰਦੀਆਂ ਹਨ। 

ਹੋਰ ਸੂਝਵਾਨਾਂ ਨੇ ਇਸ ਅਮਲ ਨੂੰ ਆਰਥਿਕਤਾ ਨਾਲ ਜੋੜ ਕੇ ਦੇਖਿਆ ਜਿਸ ਵਿਚ ਬੁਨਿਆਦੀ ਦਲੀਲ ਇਹ ਸੀ/ਹੈ ਕਿ ਅੰਗਰੇਜ਼ੀ ਤੇ ਹਿੰਦੀ ਨੌਜਵਾਨਾਂ ਵਾਸਤੇ ਰੁਜ਼ਗਾਰ ਦੇ ਜ਼ਿਆਦਾ ਮੌਕੇ ਮੁਹੱਈਆ ਕਰਾ ਸਕਦੀਆਂ ਹਨ ਜੋ ਪੰਜਾਬੀ ਨਹੀਂ ਕਰਾ ਸਕਦੀ ਅਤੇ ਇਸ ਲਈ ਲੋਕ ਪੰਜਾਬੀ ਭਾਸ਼ਾ ਨੂੰ ਅਲਵਿਦਾ ਕਹਿ ਰਹੇ ਹਨ। ਸੁਰਜੀਤ ਪਾਤਰ ਦੀ ਨਜ਼ਮ ‘‘ਮਰ ਰਹੀ ਹੈ ਮੇਰੀ ਭਾਸ਼ਾ- ਇਕ ਸੰਵਾਦ’’ ਇਸ ਵਰਤਾਰੇ ਅਤੇ ਸਮਝ ਦੀ ਤਰਜ਼ਮਾਨੀ ਕਰਦੀ ਹੈ:

ਮਰ ਰਹੀ ਹੈ ਮੇਰੀ ਭਾਸ਼ਾ

ਕਿਉਂਕਿ ਜੀਉਂਦੇ ਰਹਿਣਾ ਚਾਹੁੰਦੇ ਨੇ

ਮੇਰੀ ਭਾਸ਼ਾ ਦੇ ਲੋਕ

ਜੀਉਂਦੇ ਰਹਿਣਾ ਚਾਹੁੰਦੇ ਨੇ

ਮੇਰੀ ਭਾਸ਼ਾ ਦੇ ਲੋਕ

ਇਸ ਸ਼ਰਤ ’ਤੇ ਵੀ

ਕਿ ਮਰਦੀ ਏ ਤਾਂ ਮਰ ਜਾਏ ਭਾਸ਼ਾ

ਕੀ ਬੰਦੇ ਦਾ ਜਿਊਂਦੇ ਰਹਿਣਾ

ਜ਼ਿਆਦਾ ਜ਼ਰੂਰੀ ਹੈ

ਕਿ ਭਾਸ਼ਾ ਦਾ?

ਹਾਂ ਜਾਣਦਾ ਹਾਂ

ਤੁਸੀਂ ਕਹੋਗੇ

ਇਸ ਸ਼ਰਤ ਤੇ ਜੋ ਬੰਦਾ ਜਿਉਂਦਾ ਰਹੇਗਾ

ਉਹ ਜਿਉਂਦਾ ਤਾਂ ਰਹੇਗਾ

ਪਰ ਕੀ ਉਹ ਬੰਦਾ ਰਹੇਗਾ?

ਤੁਸੀਂ ਮੈਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਨਾ ਕਰੋ

ਤੁਸੀਂ ਆਪ ਹੀ ਦੱਸੋ

ਹੁਣ ਜਦੋਂ

ਦਾਣੇ ਦਾਣੇ ਉੱਪਰ

ਖਾਣ ਵਾਲੇ ਦਾ ਨਾਮ ਵੀ

ਤੁਹਾਡਾ ਰੱਬ ਅੰਗਰੇਜ਼ੀ ਵਿਚ ਹੀ ਲਿਖਦਾ ਹੈ

ਤਾਂ ਕੌਣ ਬੇਰਹਿਮ ਮਾਂ-ਬਾਪ ਚਾਹੇਗਾ

ਕਿ ਉਸ ਦੇ ਬੱਚੇ

ਡੁੱਬ ਰਹੀ ਭਾਸ਼ਾ ਦੇ ਜਹਾਜ਼ ਵਿਚ ਬੈਠੇ ਰਹਿਣ?

ਜੀਉਂਦਾ ਰਹੇ ਮੇਰਾ ਬੱਚਾ

ਮਰਦੀ ਏ ਤਾਂ ਮਰ ਜਾਏ

ਤੁਹਾਡੀ ਬੁੱਢੜੀ ਭਾਸ਼ਾ

ਇਸ ਵਿਚ ਕੋਈ ਸ਼ੱਕ ਨਹੀਂ ਕਿ ਲੋਕਾਂ ਦੇ ਭਾਸ਼ਾ ਨਾਲੋਂ ਟੁੱਟਣ ਦੇ ਬਹੁਤ ਸਾਰੇ ਇਤਿਹਾਸਕ, ਸਮਾਜਿਕ, ਸਭਿਆਚਾਰਕ, ਸਿਆਸੀ ਤੇ ਆਰਥਿਕ ਕਾਰਨ ਹਨ (ਇਹ ਫ਼ਿਕਰ ਧਨੀ ਰਾਮ ਚਾਤ੍ਰਿਕ ਦੀ ਕਵਿਤਾ ਵਿਚ ਅਣਕਹੇ ਰੂਪ ਵਿਚ ਪਏ ਹਨ।) ਪਰ ਇਕ ਜ਼ਿੰਮੇਵਾਰੀ ਸਾਹਿਤਕਾਰਾਂ ਦੀ ਵੀ ਹੁੰਦੀ ਹੈ ਕਿ ਉਹ ਅਜਿਹਾ ਸਾਹਿਤ ਪੈਦਾ ਕਰਨ ਜਿਹੜਾ ਅਜਿਹੇ ਭਾਸ਼ਾ-ਵਿਰੋਧੀ ਵਰਤਾਰਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਲੋਕਾਂ ਦੇ ਮਨਾਂ ਵਿਚ ਆਲ੍ਹਣੇ ਪਾ ਸਕੇ। ਇਸ ਲਈ ਇਕ ਵੱਡੀ ਅਸਫ਼ਲਤਾ ਸਾਡੀ ਸਾਹਿਤਕਾਰਾਂ ਦੀ ਸੀ/ਹੈ ਜੋ ਪੰਜਾਬੀ ਵਿਚ ਇਹੋ ਜਿਹਾ ਸਾਹਿਤ ਲੋਕਾਂ ਨੂੰ ਨਹੀਂ ਦੇ ਸਕੇ ਜਿਹੜਾ ਲੋਕਾਂ ਦੀਆਂ ਦੁਸ਼ਵਾਰੀਆਂ, ਪ੍ਰੇਸ਼ਾਨੀਆਂ, ਆਸਾਂ-ਉਮੀਦਾਂ, ਭਾਵਨਾਵਾਂ, ਸੰਭਾਵਨਾਵਾਂ, ਮਜਬੂਰੀਆਂ, ਵੀਰਾਨੀਆਂ, ਹਿੰਸਾ, ਅਨਿਆਂ, ਜਿੱਤਾਂ, ਹਾਰਾਂ, ਸੰਘਰਸ਼ਾਂ ਆਦਿ ਨੂੰ ਆਪਣੇ ਵਿਚ ਸਮੋ ਕੇ, ਲੋਕਾਂ ਦੇ ਦਿਲ ਵਿਚ ਘਰ ਕਰ ਜਾਣ ਵਾਲੀਆਂ ਸਾਹਿਤਕ ਕਿਰਤਾਂ ਦੇ ਰੂਪ ਵਿਚ ਪੇਸ਼ ਹੁੰਦਾ। ਅਸੀਂ ਪੇਤਲੀਆਂ ਕਿਰਤਾਂ ਰਚ ਕੇ ਲੋਕਾਂ ਸਾਹਮਣੇ ਪਰੋਸੀਆਂ ਤੇ ਇਕ ਦੂਸਰੇ ਦੀ ਵਾਹ ਵਾਹ ਕਰਕੇ ਮਸ਼ਹੂਰੀ ਤੇ ਸੰਤੁਸ਼ਟੀ ਖੱਟੀ। ਪਿਛਲੇ ਕਈ ਦਹਾਕਿਆਂ ਤੋਂ ਸਾਡੀ ਭਾਸ਼ਾ ਲੋਕ-ਮਨ ਨਾਲ ਡੂੰਘੀ ਸਾਂਝ ਪਾ ਸਕਣ ਵਾਲੀਆਂ ਰਮਜ਼ਾਂ ਤੋਂ ਵਾਂਝੀ ਹੋ ਗਈ ਹੈ। ਸਾਡੇ ’ਤੇ ਸੁਲਤਾਨ ਬਾਹੂ ਦੇ ਇਹ ਸ਼ਬਦ ‘‘ਲਾਮ ਲਿਖਣ ਸਿਖਿਓ ਤੇ ਲਿਖ ਨਾ ਜਾਣਾ ਕਿਉਂ ਕਾਗਜ਼ ਕੀਤੀਓ ਜ਼ਾਇਆ ਹੂ’’ ਬਹੁਤ ਢੁੱਕਦੇ ਹਨ।

ਮੈਨੂੰ ਲੱਗਦਾ ਹੈ ਕਿ ਇਸ ਵੇਲੇ ਅਸੀਂ, ਪੰਜਾਬੀ ਦੇ ਸਾਹਿਤਕਾਰ ਅਜਿਹਾ ਸਾਹਿਤ ਨਾ ਸਿਰਜ ਕੇ, ਜੱਸ, ਮਸ਼ਹੂਰੀ ਤੇ ਸ਼ਲਾਘਾ ਖੱਟਣ ਦੀ ਦੌੜ ਵਿਚ ਫਸੇ ਹੋਏ ਹਾਂ। ਧਨੀ ਰਾਮ ਚਾਤ੍ਰਿਕ ਦੇ ਫ਼ਿਕਰ ਦੇ ਕਾਰਨਾਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਨਾਲ ਨਾਲ ਸਾਨੂੰ ਆਪਣੀ ਸਾਹਿਤਕਾਰੀ ਅਤੇ ਰਚਨਾਤਮਿਕਤਾ ਬਾਰੇ ਆਤਮ-ਮੰਥਨ ਕਰਨ ਦੀ ਵੀ ਸਖ਼ਤ ਜ਼ਰੂਰਤ ਹੈ।

ਲੋਕ ਬੋਲੜੀ

ਨਜ਼ਮ ਹੁਸੈਨ ਸਈਅਦ

ਲੋਕ ਬੋਲੜੀ ਉਹ

ਜਿਹੜੀ ਖਲਕ ਕੇ ਵਿੱਸਰੇ ਬੋਲ ਬੋਲੇ

ਜਿਹਨਾਂ ਮੱਲ ਦੀ ਚੋਪੜੀ ਨਹੀਂ ਚੱਖੀ

ਇਨਕਾਰ ਬਣੇ

ਸਾਂਝ ਮਿੱਸੜਾ ਕੌਲ ਕਰਾਰ ਬਣੇ,

ਲੋਕ ਬੋਲੜੀ ਉਹ

ਹੱਥੋਂ ਹੱਤਕੜੀਆਂ ਪੈਰੋਂ ਬੇੜੀਆਂ ਲਾਹੇ ਵਿਜੋਗ ਦੀਆਂ

ਤਲੀ ਤਲੀ ਜਗਾਏ ਜੋ ਲੇਖ ਬੁੱਝੇ

ਚਿਤ ਚੇਤੜੇ ਨੂੰ ਲਾਏ ਵਿੱਸਰੀ ਆਸ ਦਾ ਬੌਹੜ ਪਾਣੀ

ਕਣਕਾਂ ਨਿੱਸਰਨ ਸੱਤ ਸੰਜੋਗ ਦੀਆਂ

ਬੋਲੜੀ: ਬੋਲੀ, ਜ਼ੁਬਾਨ, ਵਿੱਸਰੇ: ਭੁੱਲੇ, 

ਮਿੱਸੜਾ: ਮਿੱਸਾ, ਰਲਿਆ ਮਿਲਿਆ ਅੰਨ 

(ਜਿਵੇਂ ਕਣਕ ਤੇ ਛੋਲਿਆਂ ਦੇ ਆਟੇ ਦੀ 

ਰੋਟੀ), ਕੌਲ ਕਰਾਰ: ਵਾਅਦਾ, ਕਮਿੱਟਮਿੰਟ, ਵਿਜੋਗ: ਓਪਰ, ਏਲੀਏਨੇਸ਼ਨ, ਬੇਗ਼ਾਨਗੀ, ਆਪਣੇ ਤਤ ਸਤ ਤੋਂ ਦੂਰੀ, ਲੇਖ: 1) ਲਿਖੇ ਹੋਏ 

2) ਨਸੀਬ, ਕਿਸਮਤ, ਲੇਖਾ 3) ਕੁਦਰਤ ਦਾ ਦਿੱਤਾ, ਚਿਤ: ਦਿਲ, ਦਿਮਾਗ਼, ਸੁਰਤ, ਕੌਂਸ਼ਸਨਿਸ, ਚੇਤੜਾ: ਚੇਤਾ, ਯਾਦ, ਮੈਮੁਰੀ, ਬੌਹੜ: ਬੌਹੜ ਕੇ, (ਬੌਹੜਣ: ਸਾਥ ਲਈ, ਹਿਤ ਲਈ ਰਲ਼ਣ), ਸੱਤ; ਸੱਚ, ਦਾਨ, ਨਿੱਸਰਨ: ਪੁੰਗਰਨ, ਸਿੱਟੇ ਬਣਨ, ਸੰਜੋਗ: ਮਿਲਾਪ

ਮਾਂ ਬੋਲੀ ਲਈ ਇਕ ਮਾਂ ਦਾ ਪ੍ਰਣ ਗੀਤ

(ਦਿੱਲੀ ਵਿਚ 2013 ਨੂੰ ਪੰਜਾਬੀ ਦੇ ਹੱਕ ਵਿਚ ਚਲਾਈ ਗਈ ਮੁਹਿੰਮ ਦੌਰਾਨ ਲਿਖੀ ਗਈ ਕਵਿਤਾ)

ਮਾਂ ਬੋਲੀ ਪੰਜਾਬੀ ਲਈ ਮੋਮਬੱਤੀ ਜਗਾਈਏ

ਤੇ ਚਾਨਣ ਏਸ ਤੋਂ ਪਾਈਏ

ਮੇਰੇ ਲਾਲ, ਮੈਂ ਮੋਮਬੱਤੀ ਜਗਾਵਾਂਗੀ

ਤੈਨੂੰ ਉਂਗਲ ਨਾਲ ਲਾਵਾਂਗੀ

ਅੱਖਰ ਅੱਖਰ ਤੈਨੂੰ ਤੁਰਨਾ ਸਿਖਾਵਾਂਗੀ

ਪੜ੍ਹਨਾ ਸਿਖਾਵਾਂਗੀ

ਲੜਨਾ ਸਿਖਾਵਾਂਗੀ

ਲੋਅ ਹਰਫ਼ਾਂ ਦੀ

ਤੇਰੀ ਜੀਭ ’ਤੇ ਰੱਖਾਂਗੀ

ਤੇਰੇ ਦਿਲ ਦੀ ਧੜਕਣ ਨੂੰ

ਬੋਲਾਂ ਦਾ ਪਤਾ ਦੱਸਾਂਗੀ

ਮਾਂ ਬੋਲੀ ਬਿਨਾ

ਅੰਦਰ ਹਨੇਰਾ

ਬਾਹਰ ਹਜ਼ਾਰ ਗੱਲਾਂ

ਪਰ ਨਾ ਕੋਈ ਸਵੇਰਾ

ਪਰਾਈ ਬੋਲੀ ਦੇ ਤੀਲ੍ਹੇ ’ਕੱਠੇ ਕਰ ਕਰ

ਮਸਨੂਈ ਆਲ੍ਹਣੇ ਬਣਾਉਣੇ

ਕੱਚ ਦੇ ਟੁਕੜੇ ਸਜਾਉਣੇ

ਝੂਠੀ ਲਿਸ਼ਕ ’ਚ ਨਹਾਉਣਾ

ਗੀਤ ਪਰਾਇਆ ਗਾਉਣਾ

ਗਾਉਣਾ ਤੇ ਗਾ ਨਾ ਸਕਣਾ

ਦੁੱਖ ਗੁੱਝਾ ਕਿਸੇ ਨੂੰ ਸੁਣਾ ਨਾ ਸਕਣਾ

ਮਾਂ ਬੋਲੀ ਉਹ ਏ

ਜੋ ਮਾਂ ਬੋਲੇ

ਜਿਦ੍ਹੇ ’ਚ ਕੂੰਜ ਤਾਂਘਾਂ ਦੀ ਪਰ ਤੋਲੇ

ਜਿਦ੍ਹੇ ’ਚ ਜੀਊੜਾ ਬੋਲੇ

ਮਜ਼ੂਰੀ ਕਰਕੇ ਘਰ ਅਇਆ ਬੰਦਾ

ਦਿਲ ਆਪਣਾ ਫੋਲੇ

ਮਾਂ ਬੋਲੀ, ਲਾਲ ਮੇਰੇ

ਹਮੇਸ਼ਾ ਨਾਲ ਹੁੰਦੀ ਏ

ਇਹਦੇ ਕਾਰਨ ਮਟਕਦੀ ਤੋਰ ਸਾਡੀ

ਇਹਦੇ ਕਰਕੇ ਸੋਹਣੀ ਨੁਹਾਰ ਹੁੰਦੀ ਏ

ਬਲ਼ਦੀ ਏ ਲੂੰ ਲੂੰ ਵਿਚ

ਗਿੱਧੇ ਦਾ ਤਾਲ ਹੁੰਦੀ ਏ

ਅਣਬੁੱਝੀ ਬੁਝਾਰਤ

ਅਣਦੱਸਿਆ ਸਵਾਲ ਹੁੰਦੀ ਏ

ਇਨ੍ਹਾਂ ਵਿਚ ਹੀ ਪਨਪਦੀਆਂ ਉਮੰਗਾਂ

ਫੁੱਲਾਂ ਦੀ ਡਾਲ ਹੁੰਦੀ ਏ

ਇਹ ਦੇਂਦੀ ਉਡੀਕਾਂ ਨੂੰ ਹਰਫ਼

ਮਿਲਣੇ ਦਾ ਖੁਮਾਰ ਹੁੰਦੀ ਏ

ਹਸਤੀ ਦੀ ਚਾਦਰ

ਭਿੱਜ ਭਿੱਜ ਇਹਦੇ ’ਚ

ਲਾਲ ਗੁਲਾਲ ਹੁੰਦੀ ਏ

ਇਸ ਤੋਂ ਬਿਨਾ, ਲਾਲ ਮੇਰੇ

ਜਿੰਦ ਬਹੁਤ ਖਵਾਰ ਹੁੰਦੀ ਏ

ਆ, ਲਾਲ ਮੇਰੇ

ਮੋਮਬੱਤੀ ਜਗਾ ਲਈਏ

ਚਾਨਣ ਝੋਲੀ ਪਾ ਲਈਏ

ਦਿਲ ਦੀ ਬੋਲੀ

ਉਸਤਾਦ ਚਿਰਾਗ ਦੀਨ ‘ਦਾਮਨ’

ਉਸਤਾਦ ਚਿਰਾਗ ਦੀਨ ‘ਦਾਮਨ’

ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ

ਉਰਦੂ ਵਿਚ ਕਿਤਾਬਾਂ ਦੇ ਠਣਦੀ ਰਹੇਗੀ।

ਏਹਦਾ ਪੁੱਤਰ ਹਾਂ ਏਹਦੇ ਤੋਂ ਦੁੱਧ ਮੰਗਨਾਂ,

ਮੇਰੀ ਭੁੱਖ ਏਹੀ ਛਾਤੀ ਤਣਦੀ ਰਹੇਗੀ

ਏਹਦੇ ਲੱਖ ਹਰੀਫ਼ ਪਏ ਹੋਣ ਪੈਦਾ

ਦਿਨ-ਬ-ਦਿਨ ਏਹਦੀ ਸ਼ਕਲ ਬਣਦੀ ਰਹੇਗੀ

ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ

ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ

ਮੈਨੂੰ ਕਈਆਂ ਨੇ ਆਖਿਆ ਕਈ ਵਾਰ

ਤੂੰ ਲੈਣਾ ਪੰਜਾਬ ਦਾ ਨਾਂ ਛੱਡਦੇ।

ਗੋਦੀ ਜਿਸਦੀ ਪਲਕੇ ਜਵਾਨ ਹੋਇਉਂ

ਉਹ ਮਾਂ ਛੱਡ ਦੇ ਤੇ ਗਰਾਂ ਛੱਡਦੇ

ਜੇ ਪੰਜਾਬੀ-ਪੰਜਾਬੀ ਹੀ ਕੂਕਣਾ ਏ,

ਜਿੱਥੇ ਖਲੋਤਾ ਏਂ ਉਹ ਥਾਂ ਛੱਡ ਦੇ।

ਮੈਨੂੰ ਇੰਝ ਲੱਗਦਾ ਲੋਕੀ ਆਖਦੇ ਨੇ

ਤੂੰ ਪੁੱਤਰਾ ਆਪਣੀ ਮਾਂ ਛੱਡ ਦੇ

ਉਰਦੂ ਦਾ ਮੈਂ ਦੋਖੀ ਨਾਹੀਂ ਤੇ

ਦੁਸ਼ਮਣ ਨਹੀਂ ਅੰਗਰੇਜ਼ੀ ਦਾ

ਪੁੱਛਦੇ ਓ ਮੇਰੇ ਦਿਲ ਦੀ ਬੋਲੀ

ਹਾਂ ਜੀ ਹਾਂ, ਪੰਜਾਬੀ ਏ।

ਬੁੱਲ੍ਹਾ ਮਿਲਿਆ ਏਸੇ ਵਿਚ,

ਏਸੇ ਵਿਚ ਵਾਰਿਸ ਵੀ।

ਵਾਰਾਂ ਮਿਲੀਆਂ ਏਸੇ ਵਿਚ

ਮੇਰੀ ਮਾਂ ਪੰਜਾਬੀ ਏ

ਏਹਦੇ ਬੋਲ ਕੰਨਾਂ ਵਿਚ ਪੈਂਦੇ

ਦਿਲ ਮੇਰੇ ਦੇ ਵਿਚ ਰਹਿੰਦੇ

ਤਪਦੀਆਂ ਹੋਈਆਂ ਰੇਤਾਂ ਉੱਤੇ

ਇਕ ਠੰਢੀ ਛਾਂ ਪੰਜਾਬੀ ਏ

ਪੁੱਛਦੇ ਓ ਮੇਰੇ ਦਿਲ ਦੀ ਬੋਲੀ

ਹਾਂ ਜੀ ਹਾਂ, ਪੰਜਾਬੀ ਏ।

ਆਪਣੀ ਬੋਲੀ ਨਾਲ ਪਿਆਰ

ਫ਼ਿਰੋਜ਼ਦੀਨ ਸ਼ਰਫ਼

ਬੋਲੀ ਆਪਣੀ ਨਾਲ ਪਿਆਰ ਰੱਖਾਂ

ਇਹ ਗੱਲ ਆਖਣੋਂ ਕਦੇ ਨਾ ਸੰਗਦਾ ਹਾਂ

ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ

ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ।

ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ

ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ

ਵਾਰਿਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ

ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ।

ਰਵ੍ਹਾਂ ਏਥੇ ਤੇ ਯੂ.ਪੀ. ਵਿਚ ਕਰਾਂ ਗੱਲਾਂ

ਐਸੀ ਨਕਲ ਨੂੰ ਛਿੱਕੇ ’ਤੇ ਟੰਗਦਾ ਹਾਂ

ਮੈਂ ਪੰਜਾਬੀ, ਪੰਜਾਬੀ ਦਾ ‘ਸ਼ਰਫ਼’ ਸੇਵਕ

ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ।

Leave a Reply

Your email address will not be published. Required fields are marked *