ਪ੍ਰੋਫ਼ੈਸਰ ਸਾਬ੍ਹ (-ਹੰਸਾ ਦੀਪ)

‘‘ਦਾਦਾ ਜੀ, ਇਸ ਪ੍ਰਸ਼ਨ ਦਾ ਉੱਤਰ ਲਿਖਵਾ ਦਿਓ।’’

‘‘ਕਿਉਂ, ਤੇਰੀ ਮਿਸ ਨੇ ਨਹੀਂ ਲਿਖਵਾਇਆ?’’ ਦਾਦਾ ਜੀ ਆਪਣੀਆਂ ਕਿਤਾਬਾਂ ਵਿੱਚ ਉਲਝੇ ਕਿਸੇ ਇੱਕ ਬਿੰਦੂ ’ਤੇ ਭਿੰਨ-ਭਿੰਨ ਵਿਦਵਾਨਾਂ ਦੀ ਰਾਇ ਨੂੰ ਕਲਮਬੱਧ ਕਰ ਰਹੇ ਸਨ। ਉਹ ਜਾਣਦੇ ਸਨ ਕਿ ਬੱਚੀ ਅਨਾਮਿਕਾ ਬਿਨਾਂ ਵਜ੍ਹਾ ਤਾਂ ਉਨ੍ਹਾਂ ਕੋਲ ਆਉਂਦੀ ਨਹੀਂ ਹੈ ਹੋਮ-ਵਰਕ ਲਈ। ਫਿਰ ਵੀ ਪੁੱਛ ਕੇ ਆਪਣੇ ਵੱਲੋਂ ਤਸੱਲੀ ਕਰ ਲੈਣੀ ਚਾਹੁੰਦੇ ਸਨ।

‘‘ਮਿਸ ਨੇ ਤਾਂ ਲਿਖਵਾਇਆ ਸੀ, ਪਰ ਅਸੀਂ ਟੌਫੀਆਂ ਵੰਡਣ ਗਏ ਸਾਂ, ਮੈਂ ਅਤੇ ਪੂਜਾ ਦੋਵੇਂ। ਅੱਜ ਉਹਦਾ ਬਰਥ-ਡੇ ਸੀ ਨਾ, ਇਸ ਲਈ।’’ ਬੱਚੀ ਨੇ ਆਪਣੀ ਮਜਬੂਰੀ ਦਾ ਵੇਰਵਾ ਦਿੱਤਾ ਕਿ ਇਸ ਪ੍ਰਸ਼ਨ ਦਾ ਉੱਤਰ ਉਹਦੀ ਦੋਸਤ ਪੂਜਾ ਨੇ ਵੀ ਨਹੀਂ ਲਿਖਿਆ, ਨਹੀਂ ਤਾਂ ਉਹ ਪੂਜਾ ਦੀ ਕਾਪੀ ਤੋਂ ਕਾਪੀ ਕਰ ਲੈਂਦੀ।

‘‘ਅੱਛਾ ਮੇਰੀ ਰਾਜਕੁਮਾਰੀ, ਦੱਸ ਕਿਹੜਾ ਪ੍ਰਸ਼ਨ ਹੈ ਤੇਰਾ? ਇੱਕ ਹੀ ਹੈ, ਜਾਂ ਫਿਰ ਬਹੁਤ ਸਾਰੇ ਨੇ।’’

‘‘ਇਕ ਹੀ ਹੈ ਦਾਦਾ ਜੀ! ਇਹ ਹੈ- ਡਿਫਰੈਂਸ ਬਿਟਵੀਨ ਰਾਈਟਸ ਐਂਡ ਡਿਊਟੀਜ਼।’’

‘‘ਅੱਛਾ, ਅਧਿਕਾਰ ਅਤੇ ਫਰਜ਼ ਵਿੱਚ ਅੰਤਰ। ਬੇਟੀ, ਜ਼ਰਾ ਹੱਥ ਦਾ ਕੰਮ ਪੂਰਾ ਕਰ ਲਵਾਂ, ਫਿਰ ਤੈਨੂੰ ਲਿਖਵਾ ਦਿੰਦਾ ਹਾਂ ਇਹਦਾ ਜਵਾਬ। ਅੱਧੇ ਘੰਟੇ ਪਿੱਛੋਂ ਆ ਜਾਈਂ, ਠੀਕ ਹੈ!’’

‘‘ਜੀ ਦਾਦਾ ਜੀ, ਇਹ ਬੁੱਕ ਅਤੇ ਕਾਪੀ ਇੱਥੇ ਹੀ ਰੱਖ ਦਿੰਦੀ ਹਾਂ ਤੁਹਾਡੀ ਮੇਜ਼ ’ਤੇ।’’

ਹੱਥ ਦਾ ਕੰਮ ਕਾਫ਼ੀ ਸੀ ਉਨ੍ਹਾਂ ਕੋਲ। ਪੂਰਾ ਮੇਜ਼ ਕਿਤਾਬਾਂ ਨਾਲ ਭਰਿਆ ਪਿਆ ਸੀ। ਢੇਰ ਸਾਰੀਆਂ ਕਿਤਾਬਾਂ ਫੈਲਾ ਕੇ ਪੜ੍ਹਨਾ, ਸਹੀ ਸ਼ਬਦਾਂ ਦੀ ਚੋਣ ਕਰਨਾ ਅਤੇ ਇੱਕ ਨਵੀਂ ਕਿਤਾਬ ਦਾ ਖਰੜਾ ਬਣਾਉਣਾ, ਉਨ੍ਹਾਂ ਦੇ ਖੱਬੇ ਹੱਥ ਦੀ ਖੇਡ ਸੀ। ਰਾਜਨੀਤੀ ਸ਼ਾਸਤਰ ਪੜ੍ਹਾਉਂਦੇ-ਪੜ੍ਹਾਉਂਦੇ ਸ਼ਬਦਾਂ ਦੀ ਥੋੜ੍ਹੀ ਜਿਹੀ ਹੇਰਾਫੇਰੀ ਕਰਨ ਦੀ ਕਲਾ ਵਿਚ ਮਾਹਿਰ ਹੋ ਗਏ ਸਨ ਉਹ। ਹੁਣ ਤਕ ਉਨ੍ਹਾਂ ਦੀਆਂ ਕਈ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਸਨ। ਸਰਕਾਰੀ ਸਹਾਇਤਾ ਦਾ ਵੀ ਭਰਪੂਰ ਫ਼ਾਇਦਾ ਮਿਲ ਜਾਂਦਾ ਸੀ ਉਨ੍ਹਾਂ ਨੂੰ। ਆਪਣੇ ਕਾਲਜ ਦਾ ਨਾਂ ਤਾਂ ਰੌਸ਼ਨ ਕੀਤਾ ਹੀ, ਨਾਲ ਹੀ ਆਪਣੇ ਰਾਜ ਨੂੰ ਵੀ ਦੁਨੀਆਂ ਦੀਆਂ ਨਜ਼ਰਾਂ ਵਿੱਚ ਲੈ ਆਏ। ਆਪਣੇ ਅਧਿਆਪਨ ਜੀਵਨ ਵਿੱਚ ਖ਼ੂਬ ਲਿਖਿਆ ਹੈ ਉਨ੍ਹਾਂ ਨੇ, ਖ਼ੂਬ ਤਰੱਕੀ ਕੀਤੀ ਹੈ!

ਅਤਿਅੰਤ ਰੁੱਝੇ ਹੋਏ ਵਿਦਵਾਨ ਪ੍ਰੋਫੈਸਰ ਰਵੀਕਾਂਤ, ‘ਕਾਂਤ ਸਰ’ ਦੇ ਨਾਂ ਨਾਲ ਮਸ਼ਹੂਰ ਹਨ। ਆਪਣੇ ਕਾਲਜ ਵਿੱਚ ਤਾਂ ਸੀਨੀਅਰ ਹਨ ਹੀ, ਕਈ ਯੂਨੀਵਰਸਿਟੀਆਂ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਹਨ, ਭਾਰਤ ਵਿੱਚ ਅਤੇ ਵਿਦੇਸ਼ਾਂ ਵਿੱਚ ਵੀ। ਅਨਾਮਿਕਾ ਬਚਪਨ ਤੋਂ ਵੇਖਦੀ ਆਈ ਹੈ ਆਪਣੇ ਦਾਦਾ ਜੀ ਨੂੰ, ਜੋ ਹਮੇਸ਼ਾ ਕਿਤਾਬਾਂ ਵਿੱਚ ਉਲਝੇ ਰਹਿੰਦੇ ਹਨ। ਇਸੇ ਲਈ ਦਾਦਾ ਜੀ ਨੂੰ ਘਰ ਵਿੱਚ ਸਭ ਤੋਂ ਵੱਧ ਪੜ੍ਹਾਕੂ ਸਮਝ ਕੇ ਅਨਾਮਿਕਾ ਕਦੇ-ਕਦੇ ਉਨ੍ਹਾਂ ਕੋਲ ਆ ਜਾਂਦੀ ਹੈ ਆਪਣੇ ਹੋਮ-ਵਰਕ ਵਿੱਚ ਮਦਦ ਲਈ। ਹਰ ਵਾਰ ਉਹ ਬੱਚੀ ਤੋਂ ਅੱਧੇ ਘੰਟੇ ਦਾ ਸਮਾਂ ਮੰਗਦੇ ਹਨ। ਪਹਿਲਾਂ ਖ਼ੁਦ ਹੋਮ-ਵਰਕ ਦੀ ਤਿਆਰੀ ਕਰਦੇ ਹਨ ਅਤੇ ਫਿਰ ਬੱਚੀ ਨੂੰ ਬੁਲਾਉਂਦੇ ਹਨ।

ਅੱਜ ਦੇ ਪ੍ਰਸ਼ਨ ਦੇ ਜਵਾਬ ਲਈ ਕੋਈ ਖ਼ਾਸ ਤਿਆਰੀ ਦੀ ਲੋੜ ਨਹੀਂ ਸੀ ਉਨ੍ਹਾਂ ਨੂੰ। ਇਸ ’ਤੇ ਤਾਂ ਉਹ ਕਈ ਲੈਕਚਰ ਦੇ ਚੁੱਕੇ ਹਨ। ਅਧਿਕਾਰ ਅਤੇ ਫ਼ਰਜ਼ ਦੀਆਂ ਪੱਛਮੀ ਅਤੇ ਭਾਰਤੀ ਵਿਦਵਾਨਾਂ ਦੀਆਂ ਕਈ ਪਰਿਭਾਸ਼ਾਵਾਂ ਉਨ੍ਹਾਂ ਦੇ ਦਿਮਾਗ਼ ਵਿੱਚ ਨੱਚਣ-ਟੱਪਣ ਲੱਗੀਆਂ। ਤਲਾਸ਼ ਸੀ ਤਾਂ ਬੱਚੀ ਨੂੰ ਲਿਖਵਾਉਣ ਲਈ ਸਰਲ ਸ਼ਬਦਾਂ ਦੀ, ਜੋ ਮਿਲ ਨਹੀਂ ਸਨ ਰਹੇ। ਬੱਚਿਆਂ ਨੂੰ ਸਰਲ ਅਤੇ ਸਹਿਜ ਸ਼ਬਦਾਂ ਵਿੱਚ ਸਮਝਾਉਣਾ ਕਿੰਨਾ ਮੁਸ਼ਕਲ ਹੁੰਦਾ ਹੈ। ਇਸ ਪੀੜ ਨੂੰ ਉਹ ਕਈ ਵਾਰੀ ਸਹਾਰ ਚੁੱਕੇ ਸਨ। ਅਚਾਨਕ ਐਮ ਏ ਦੀਆਂ ਜਮਾਤਾਂ ਨੂੰ ਐਲੀਮੈਂਟਰੀ ਸਕੂਲ ਦੀਆਂ ਜਮਾਤਾਂ ਵਿੱਚ ਤਬਦੀਲ ਕਰਨ ਵਿੱਚ ਭਾਸ਼ਾ ਅਤੇ ਵਿਚਾਰਾਂ ਨੂੰ ਬਹੁਤ ਹੇਠਾਂ ਉਤਾਰਨਾ ਪੈਂਦਾ ਹੈ। ਮੂਲ ਨੂੰ ਚੋਟ ਪਹੁੰਚਾਏ ਤੋਂ ਬਿਨਾਂ ਅਜਿਹਾ ਕਰਨਾ ਟੇਢੀ ਖੀਰ ਹੋ ਜਾਂਦਾ ਹੈ ਉਨ੍ਹਾਂ ਲਈ। ਅਨਾਮਿਕਾ ਦੇ ਹੋਮ-ਵਰਕ ਨੂੰ ਕਰਵਾਉਣ ਵਿੱਚ ਉਨ੍ਹਾਂ ਦਾ ਤਿਕੜਮਬਾਜ਼ ਦਿਮਾਗ਼ ਕਈ ਵਾਰੀ ਧੋਖਾ ਦੇ ਜਾਂਦਾ ਹੈ। ਬਹੁਤ ਸੋਚ-ਸਮਝ ਕੇ ਲਿਖਵਾਉਂਦੇ ਹਨ ਉਸ ਨੂੰ। ਜ਼ਰਾ ਵੀ ਥਿੜਕੇ ਤਾਂ ਬੱਚੀ ਆਪਣੀ ਟੀਚਰ ਨੂੰ ਦੱਸ ਦੇਵੇਗੀ ਕਿ ਉਹਦੇ ਦਾਦਾ ਜੀ ਨੇ ਕਰਵਾਇਆ ਹੈ ਹੋਮ-ਵਰਕ ਉਸ ਨੂੰ। ਹਾਲਾਂਕਿ ਟੀਚਰ ਦੀ ਤਾਂ ਹਿੰਮਤ ਨਹੀਂ ਹੋਵੇਗੀ ਕੁਝ ਕਹਿਣ ਦੀ। ਪਰ ਇਕ ਤੋਂ ਦੂਜੇ ਟੀਚਰ ਕੋਲ ਗੱਲ ਜਾਵੇਗੀ ਅਤੇ ਖਾਹ-ਮਖਾਹ ਸ਼ਹਿਰ ਦੇ ਐਲੀਮੈਂਟਰੀ ਸਕੂਲਾਂ ਵਿੱਚ ਉਨ੍ਹਾਂ ਦੇ ਨਾਂ ’ਤੇ ਹੱਸਣ ਦਾ ਮੌਕਾ ਮਿਲ ਜਾਵੇਗਾ ਲੋਕਾਂ ਨੂੰ।

ਕਿਵੇਂ ਸਮਝਾਵੇ ਬੱਚੀ ਨੂੰ, ਪਹਿਲਾਂ ਪਰਿਭਾਸ਼ਾ ਦੇ ਕੇ ਸਮਝਾ ਦੇਣ ਅਤੇ ਫਿਰ ਕਿਸੇ ਉਦਾਹਰਣ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨ। ਕਿਹੜੀ ਉਦਾਹਰਣ ਠੀਕ ਰਹੇਗੀ! ਮਨ ਦੀ ਖਿੱਚ-ਧੂਹ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹੋਏ ਉਹ ਮੇਜ਼ ’ਤੇ ਰੱਖੀਆਂ ਕਿਤਾਬਾਂ ਨੂੰ ਇਕ-ਟਕ ਵੇਖਣ ਲੱਗਦੇ ਹਨ। ਅਨਾਮਿਕਾ ਦੀ ਕਿਤਾਬ ਅਤੇ ਕਾਪੀ ਨੂੰ ਉਲਟਦੇ-ਪਲਟਦੇ ਅੱਜ ਸਵੇਰ ਦਾ ਕਾਲਜ ਦਾ ਦ੍ਰਿਸ਼ ਕਿਸੇ ਫ਼ਿਲਮ ਵਾਂਗ ਉਨ੍ਹਾਂ ਦੇ ਸਾਹਮਣੇ ਘੁੰਮਣ ਲੱਗਦਾ ਹੈ। ਆਪਣੇ ਸਾਥੀਆਂ ਦੇ ਜਾਣੇ-ਪਛਾਣੇ ਚਿਹਰੇ ਸਮਝਾਉਣ ਲੱਗੇ ਹਨ ਉਨ੍ਹਾਂ ਨੂੰ ਅਧਿਕਾਰ ਅਤੇ ਫ਼ਰਜ਼ ਦੀ ਪਰਿਭਾਸ਼ਾ। ਮਨ ਦੀ ਦੌੜ ਕਾਲਜ ਦੇ ਕੈਂਪਸ ਵਿਚ ਚੱਕਰ ਲਾਉਣ ਲੱਗਦੀ ਹੈ।

ਪੱਚੀ ਦਿਨ ਹੋ ਗਏ ਸਨ ਨਵਾਂ ਸੈਸ਼ਨ ਸ਼ੁਰੂ ਹੋਇਆਂ। ਦਾਖ਼ਲਿਆਂ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਸੀ। ਜਮਾਤਾਂ ਸ਼ੁਰੂ ਕਰਨ ਦਾ ਨੋਟਿਸ ਆਇਆਂ ਵੀ ਕਾਫ਼ੀ ਸਮਾਂ ਹੋ ਗਿਆ ਸੀ। ਜਮਾਤਾਂ ਖਾਲੀ ਪਈਆਂ ਸਨ। ਪੂਰੇ ਦਿਨ ਵਿੱਚ ਇੱਕ-ਅੱਧਾ ਘੰਟਾ ਸਟਾਫ-ਰੂਮ ਚਹਿਕਦਾ, ਫਿਰ ਖ਼ਾਮੋਸ਼ ਹੋ ਜਾਂਦਾ। ਉਹ ਇੱਕ ਘੰਟਾ ਨੋਟਬੰਦੀ ਤੋਂ ਲੈ ਕੇ ਮਹਿੰਗਾਈ ਤੱਕ, ਅਤੇ ਟਰੰਪ ਤੋਂ ਲੈ ਕੇ ਪ੍ਰਿੰਸੀਪਲ ਦੇ ਕਿਚਨ ਤੱਕ ਦੀਆਂ ਖ਼ਬਰਾਂ ਦਾ ਬਰਾਡਕਾਸਟਿੰਗ ਸਮਾਂ ਹੁੰਦਾ। ਇਸਤਰੀ-ਪ੍ਰੋਫੈਸਰਾਂ ਅਤੇ ਮਰਦ-ਪ੍ਰੋਫੈਸਰਾਂ ਦੇ ਗਰੁੱਪ ਚਾਹ ਨਾਲ ਆਪਣਾ ਮੰਤਵ ਸਪਸ਼ਟ ਕਰਦੇ। ਇੱਕ ਵਾਰ ਹਾਜ਼ਰੀ ਲੱਗ ਗਈ ਸਾਰਿਆਂ ਦੇ ਸਾਹਮਣੇ, ਫਿਰ ਤਾਂ ਰੰਗ-ਬਰੰਗੀਆਂ ਪੋਸ਼ਾਕਾਂ ਕਦੇ ਆਫਿਸ ਵਿੱਚ ਤੇ ਕਦੇ ਗਾਰਡਨ ਵਿੱਚ, ਕਦੇ ਕੈਂਪਸ ਵਿੱਚ ਤੇ ਕਦੇ ਚਾਹ ਦੀ ਦੁਕਾਨ ਦੇ ਕੋਲ ਵਿਖਾਈ ਦਿੰਦੀਆਂ। ਮੌਲਸਰੀ ਦੇ ਰੁੱਖ ਹੇਠਾਂ ਬਣੇ ਚਬੂਤਰੇ ’ਤੇ ਬੈਠੇ ਕੁਝ ਪ੍ਰੋਫ਼ੈਸਰ ਚਾਹ ਪਿੱਛੋਂ ਤੰਬਾਕੂ ਖਾਂਦੇ, ਪੀਕ ਥੁੱਕਦੇ, ਗੱਲਾਂ ਕਰਦੇ- ‘‘ਬਈ ਗੋਲੇ ਸਾਬ੍ਹ, ਕੱਲ੍ਹ ਦਿੱਸੇ ਨਹੀਂ ਤੁਸੀਂ!’’

‘‘ਕੱਲ੍ਹ ਜ਼ਰਾ ਛੇਤੀ ਚਲਾ ਗਿਆ ਸਾਂ ਸਰ।’’ ਉਨ੍ਹਾਂ ਨੇ ਆਪਣੇ ਕੱਲ੍ਹ ਦੇ ਕਾਲਜ-ਟ੍ਰਿਪ ਨੂੰ ਯਾਦ ਕੀਤਾ, ਜੋ ਸਿਰਫ਼ ਮੂੰਹ ਵਿਖਾ ਕੇ ਜਾਣ ਨਾਲ ਸੰਬੰਧਿਤ ਸੀ। ਗੋਲੇ ਸਾਬ੍ਹ ਆਏ ਤਾਂ ਜ਼ਰੂਰ ਸਨ ਕੱਲ੍ਹ, ਸਕੂਟਰ ਨਾਲ ਇੱਕ ਗੇੜਾ ਕੱਢ ਲਿਆ ਸੀ। ਦੋ-ਚਾਰ ਆਫ਼ਿਸ ਦੇ ਲੋਕਾਂ ਨਾਲ ਹਾਏ-ਹੈਲੋ ਹੋ ਗਈ ਸੀ ਤਾਂ ਦਿਨ ਨੂੰ ਸੁਰੱਖਿਅਤ ਮੰਨ ਕੇ ਭਰਾ ਦੇ ਪ੍ਰੈੱਸ ’ਤੇ ਜ਼ਰੂਰੀ ਕੰਮ ਨਿਪਟਾਉਣ ਲਈ ਮਦਦ ਕਰਨ ਚਲੇ ਗਏ ਸਨ।

‘‘ਓ ਯਾਰ, ਕਦੇ ਸਾਡੇ ਨਾਲ ਵੀ ਬੈਠਿਆ ਕਰ! ਅੱਜਕੱਲ੍ਹ ਤਾਂ ਤੇਰੇ ਵਿਭਾਗੀ ਸਾਥੀ ਤਲਪੜੇ ਜੀ ਵੀ ਦਿਖਾਈ ਨਹੀਂ ਦਿੰਦੇ!’’

‘‘ਉਹ ਤਾਂ ਛੁੱਟੀ ਤੇ ਨੇ ਸਰ!’’ ਇੱਕ-ਦੂਜੇ ਦੇ ਵਿਭਾਗੀ ਮਸਲਿਆਂ ਨੂੰ ਚਰਚਾ ਦਾ ਵਿਸ਼ਾ ਬਣਾਉਣਾ ਅਤੇ ਇੱਕ-ਦੂਜੇ ਦੇ ਵਿਭਾਗ ਦੀ ਜਾਣਕਾਰੀ ਰੱਖਣਾ ਹਰ ਪ੍ਰੋਫ਼ੈਸਰ ਦੇ ਰੁਟੀਨ ਦਾ ਹਿੱਸਾ ਸੀ। ਸਾਰੇ ਹੈੱਡ ਆਫ਼ ਦਿ ਡਿਪਾਰਟਮੈਂਟ ਬਣਨ ਦੀ ਖ਼ਾਹਿਸ਼ ਤਾਂ ਰੱਖਦੇ ਹਨ, ਪਰ ਜਦੋਂ ਨਹੀਂ ਬਣ ਸਕਦੇ ਤਾਂ ਹੈੱਡ ਦੀ ਖਿਚਾਈ ਕਰਕੇ ਚੰਗਾ ਲੱਗਦਾ ਹੈ। ਦਿਲ ਨੂੰ ਤਸੱਲੀ ਮਿਲ ਜਾਂਦੀ ਹੈ। ਮੈਡਮ ਮਿਸ਼ਰਾ ਪਿਛਲੇ ਚਾਰ ਸਾਲ ਤੋਂ ਹੈੱਡ ਦੀ ਕੁਰਸੀ ਲਈ ਤਰਸ ਰਹੀ ਸੀ, ਪਰ ਉਹਦਾ ਮੌਕਾ ਹੀ ਨਹੀਂ ਸੀ ਲੱਗ ਰਿਹਾ। ਮੈਡਮ ਮਿਸ਼ਰਾ ਦੀ ਖੁੰਦਕ ਇਸ ਬਹਾਨੇ ਬਾਹਰ ਆ ਹੀ ਜਾਂਦੀ ਹੈ- ‘‘ਅੱਛਾ ਤਾਂ ਹੀ, ਇਸ ਦਾ ਮਤਲਬ ਹੈ ਕਿ ਤੁਸੀਂ ਹੋ ਹੈੱਡ ਆਫ ਦਿ ਡਿਪਾਰਟਮੈਂਟ। ਇਸੇ ਲਈ ਮੈਂ ਕਹਾਂ ਕਿ ਤੁਹਾਡੇ ਦਰਸ਼ਨ ਦੁਰਲੱਭ ਕਿਉਂ ਹੋ ਗਏ!’’

ਨਿਰਮਾਣਤਾ ਨੂੰ ਆਪਣੀ ਜ਼ੁਬਾਨ ’ਤੇ ਬਿਠਾ ਕੇ ਬੋਲੇ ਗੋਲੇ ਸਾਬ੍ਹ- ‘‘ਨਹੀਂ ਮੈਡਮ, ਅਜਿਹੀ ਕੋਈ ਗੱਲ ਨਹੀਂ। ਕੱਲ੍ਹ ਜ਼ਰਾ ਕੁਝ ਕੰਮ ਆ ਗਿਆ ਸੀ।’’ ਸੱਚ ਤਾਂ ਇਹੀ ਸੀ ਕਿ ਹੈੱਡ ਦਾ ਚਾਰਜ ਲੈ ਕੇ ਉਹ ਇਸ ਚਾਰ ਦਿਨ ਦੀ ਚਾਂਦਨੀ ਦਾ ਆਨੰਦ ਉਠਾਉਣ ਵਿਚ ਕੋਈ ਕਸਰ ਛੱਡਣੀ ਨਹੀਂ ਸੀ ਚਾਹੁੰਦੇ। ਮੂੰਹ ਵਿੱਚ ਮਿਠਾਸ ਉਦੋਂ ਹੀ ਹੁੰਦੀ ਹੈ ਜਦੋਂ ਕੁਝ ਕੌੜਾ ਹਜ਼ਮ ਕਰਵਾਉਣਾ ਹੋਵੇ!

ਸਾਹਮਣੇ ਤੋਂ ਇਤਿਹਾਸ ਵਿਭਾਗ ਤੁਰਿਆ ਆ ਰਿਹਾ ਸੀ। ਉਨ੍ਹਾਂ ਦੀ ਹੀ ਕਮੀ ਸੀ। ਉਨ੍ਹਾਂ ਨੂੰ ਮੁਸਕੁਰਾਉਂਦੇ ਹੋਇਆਂ ਆਉਂਦਿਆਂ ਵੇਖ ਕੇ ਸੁਆਗਤ ਹੋਇਆ- ‘‘ਆਓ ਆਓ, ਇਤਿਹਾਸ ਵਿਭਾਗ ਦੀ ਹੈੱਡ ਦਾ ਸੁਆਗਤ! ਤੁਹਾਡੇ ਤਾਂ ਦਰਸ਼ਨ ਹੀ ਨਹੀਂ ਹੁੰਦੇ ਮੈਡਮ!’’

‘‘ਕਲਾਸਿਜ਼ ਸ਼ੁਰੂ ਹੋ ਗਈਆਂ ਨੇ ਸਰ, ਫਸਟ-ਈਅਰ ਦੀਆਂ।’’ ਉਨ੍ਹਾਂ ਦੀ ਆਵਾਜ਼ ਦਾ ਵਿਸ਼ਵਾਸ ਇਸ ਗੱਲ ਦਾ ਸਬੂਤ ਸੀ ਕਿ ‘ਉਹ ਹੀ ਪੜ੍ਹਾ ਰਹੇ ਹਨ ਬਾਕੀ ਤਾਂ ਸਾਰੇ ਏਧਰ-ਓਧਰ ਟਾਈਮ-ਪਾਸ ਕਰ ਰਹੇ ਨੇ।’

‘‘ਬਈ ਛੱਡੋ ਮੈਡਮ, ਹੁਣੇ ਕੀ ਕਲਾਸਿਜ਼ ਦਾ ਝੰਜਟ ਸ਼ੁਰੂ ਕਰਨਾ! ਮੂਡ ਬਣਾਉਣ ਲਈ ਸਮਾਂ ਤਾਂ ਚਾਹੀਦਾ ਹੈ ਨਾ!’’

‘‘ਕਿਉਂ ਸਰ, ਛੁੱਟੀਆਂ ਵਿੱਚ ਮੂਡ ਨਹੀਂ ਬਣਿਆ?’’

‘‘ਛੁੱਟੀਆਂ ਤਾਂ ਇਮਤਿਹਾਨਾਂ ਦੀ ਥਕਾਵਟ ਲਾਹੁਣ ਲਈ ਹੁੰਦੀਆਂ ਨੇ। ਮਹੀਨਾ ਭਰ ਕਾਲਜ ਆਵਾਂਗੇ-ਜਾਵਾਂਗੇ, ਤਾਂ ਕਿਤੇ ਜਾ ਕੇ ਮੂਡ ਬਣੇਗਾ ਪੜ੍ਹਾਉਣ ਦਾ…’’

‘‘ਕਾਲਜ ਵਿਚ ਤਾਂ ਝੰਡੇ ਤੋਂ ਝੰਡਾ ਪੜ੍ਹਾਈ ਹੁੰਦੀ ਹੈ… ਪੰਦਰਾਂ ਅਗਸਤ ਤੋਂ ਛੱਬੀ ਜਨਵਰੀ ਤੱਕ।’’

ਬਹੁਮਤ ਨਾ ਪੜ੍ਹਾਉਣ ਵਾਲਿਆਂ ਦਾ ਸੀ ਤਾਂ ਉਨ੍ਹਾਂ ਨੂੰ ਲੱਗਿਆ ਕਿ ਉਹ ਬੇਵਕੂਫ਼ ਕਰਾਰ ਦਿੱਤੇ ਜਾਣ ਉਸ ਤੋਂ ਪਹਿਲਾਂ ਆਪਣਾ ਬਚਾਓ ਪੱਖ ਰੱਖ ਦੇਣ ਤਾਂ ਚੰਗਾ ਹੋਵੇਗਾ- ‘‘ਕੀ ਦੱਸਾਂ ਸਰ, ਤੁਹਾਨੂੰ ਤਾਂ ਪਤਾ ਹੈ ਨਾ, ਸਭ ਤੋਂ ਜ਼ਿਆਦਾ ਭੀੜ ਤਾਂ ਮੇਰੀਆਂ ਜਮਾਤਾਂ ਵਿੱਚ ਹੀ ਹੁੰਦੀ ਹੈ। ਜੇ ਜਮਾਤ ਵਿੱਚ ਨਾ ਗਈ ਤਾਂ ਬਾਹਰ ਖੜ੍ਹੀ ਭੀੜ ਸਾਰਿਆਂ ਨੂੰ ਨਜ਼ਰ ਆਵੇਗੀ ਅਤੇ ਪ੍ਰੇਮ- ਪੱਤਰ ਮਿਲ ਜਾਵੇਗਾ।’’ ਪ੍ਰਿੰਸੀਪਲ ਦੇ ਆਫਿਸ ਤੋਂ ਜਦੋਂ ਵੀ ਕਿਸੇ ਨੂੰ ਨੋਟਿਸ ਮਿਲਦਾ ਸੀ ਤਾਂ ਉਸ ਨੂੰ ਪ੍ਰੇਮ-ਪੱਤਰ ਕਿਹਾ ਜਾਂਦਾ ਸੀ।

‘‘ਉਂਜ ਕਦੇ-ਕਦੇ ਪ੍ਰੇਮ-ਪੱਤਰ ਮਿਲ ਜਾਵੇ ਤਾਂ ਜੀਵਨ ਵਿੱਚ ਰੋਮਾਂਸ ਬਣਿਆ ਰਹਿੰਦਾ ਹੈ।’’ ਕਾਂਤ ਸਰ ਨੂੰ ਵੇਖਦੇ ਹੋਏ ਅਖਿਲ ਸਰ ਬੋਲੇ।

ਇਤਿਹਾਸ ਵਾਲੀ ਮੈਡਮ ਨੂੰ ਜਵਾਬ ਦੇਣ ਲਈ ਗੋਲੇ ਸਾਬ੍ਹ ਦੀ ਮੱਖਣਬਾਜ਼ੀ ਫਿਰ ਤੋਂ ਸ਼ੁਰੂ ਹੋ ਗਈ- ‘‘ਗਲਤੀ ਤਾਂ ਤੁਹਾਡੀ ਹੈ ਨਾ ਮੈਡਮ! ਸਾਰੇ ਮਰੇ ਹੋਏ ਲੋਕਾਂ ਨੂੰ ਤੁਸੀਂ ਇੰਨੀ ਜ਼ਿੰਦਾਦਿਲੀ ਨਾਲ ਪੜ੍ਹਾਉਂਦੇ ਹੋ ਕਿ ਕੋਈ ਵਿਦਿਆਰਥੀ ਕਦੇ ਗ਼ੈਰਹਾਜ਼ਰ ਨਹੀਂ ਹੁੰਦਾ।’’

‘‘ਸਰ ਤੋਂ ਸਿੱਖੋ ਮੈਡਮ! ਜ਼ਿੰਦਾ ਲੋਕਾਂ ਨੂੰ ਵੀ ਮਾਰ ਕੇ ਪੜ੍ਹਾਉਂਦੇ ਨੇ!’’ ਪਿੱਛੇ ਤੋਂ ਆਵਾਜ਼ ਆਈ।

’ਕੱਠਾ ਠਹਾਕਾ ਵੱਜਦਾ ਹੈ ਤਾਂ ਮੈਡਮ ਵੀ ਪਿੱਛੇ ਨਹੀਂ ਹਟਦੇ- ‘‘ਵਾਹ-ਵਾਹ ਸਰ, ਕੰਨ ਤਰਸ ਗਏ ਸਨ ਅਜਿਹੀ ਲੱਛੇਦਾਰ ਭਾਸ਼ਾ ਸੁਣਨ ਨੂੰ।’’

ਕਾਂਤ ਸਰ ਦੀ ਕੰਮ ਕਰਨ ਦੀ ਸ਼ੈਲੀ ਤੋਂ ਸਾਰੇ ਜਾਣੂ ਸਨ। ਦਫ਼ਤਰ ਦੇ ਬਾਬੂ ਵੀ ਉਨ੍ਹਾਂ ਦੀ ਕਿਸੇ ਗੱਲ ਨੂੰ ਟਾਲ ਨਹੀਂ ਸਕਦੇ ਸਨ। ਸ਼ਹਿਰ ਦੀ ਰਾਜਨੀਤੀ ਵਿੱਚ ਵੀ ਉਨ੍ਹਾਂ ਦਾ ਹੱਥ ਹੋਇਆ ਕਰਦਾ ਸੀ ਜਿਸ ਕਰਕੇ ਪ੍ਰਿੰਸੀਪਲ ਉਨ੍ਹਾਂ ਦੇ ਪ੍ਰਸ਼ੰਸਕ ਸਨ। ਇੱਕ ਵਾਰ ਜਦੋਂ ਸ਼ਹਿਰ ਦੇ ਅਖੌਤੀ ਨੇਤਾਵਾਂ ਦੀ ਟੋਲੀ ਨੇ ਪ੍ਰਿੰਸੀਪਲ ਚੈਂਬਰ ਵਿੱਚ ਰੌਲਾ ਪਾਇਆ ਸੀ ਤਾਂ ਸਾਰੇ ਨੇਤਾਵਾਂ ਦੇ ਪੈਰਾਂ ਵਿੱਚੋਂ ਚੱਪਲਾਂ ਨਿਕਲ ਕੇ ਹੱਥਾਂ ਵਿੱਚ ਆ ਗਈਆਂ ਸਨ। ਅਜਿਹੀ ਹਾਲਤ ਵਿੱਚ ਕਾਂਤ ਸਰ ਨੇ ਹੀ ਸਮਝੌਤਾ ਕਰਵਾ ਕੇ ਮਾਮਲਾ ਰਫ਼ਾ-ਦਫ਼ਾ ਕਰਵਾਇਆ ਸੀ। ਹੁਣ ਬਾਹਰ ਬੋਰਡ ਲੱਗਿਆ ਸੀ- ‘‘ਕਿਰਪਾ ਕਰਕੇ ਜੁੱਤੀਆਂ-ਚੱਪਲਾਂ ਬਾਹਰ ਲਾਹ ਕੇ ਅੰਦਰ ਆਓ।’’

ਇਸ ਤੋਂ ਬਾਅਦ ਹਰ ਕੋਈ ਚੈਂਬਰ ਵਿੱਚ ਜਾਂਦਾ ਤਾਂ ਇੱਕ ਮੰਦਰ ਵਾਂਗ ਜੁੱਤੀਆਂ ਬਾਹਰ ਲਾਹ ਕੇ ਜਾਂਦਾ। ਉਹ ਦਿਨ ਸੀ ਅਤੇ ਅੱਜ ਦਾ ਦਿਨ, ਕਾਂਤ ਸਰ ਦੀ ਹਰ ਲਾਪ੍ਰਵਾਹੀ ਨੂੰ ਬਰਦਾਸ਼ਤ ਕਰਨਾ ਪ੍ਰਿੰਸੀਪਲ ਦੀ ਮਜਬੂਰੀ ਬਣ ਗਿਆ ਸੀ। ਕਦੇ-ਕਦੇ ਇਹੋ ਮਜਬੂਰੀ ਹੋਰਾਂ ’ਤੇ ਜ਼ੁਲਮ ਬਣ ਕੇ ਟੁੱਟ ਪੈਂਦੀ ਸੀ। ਕਾਂਤ ਸਰ ਇੰਨੇ ਸੀਨੀਅਰ ਸਨ ਕਿ ਕਈ ਸਾਲ ਪਹਿਲਾਂ ਪ੍ਰਿੰਸੀਪਲ ਬਣ ਜਾਂਦੇ। ਪਰ ਇਸ ਨਾਲ ਉਨ੍ਹਾਂ ਦੇ ਵਿਦੇਸ਼ ਦੌਰਿਆਂ ’ਤੇ ਪ੍ਰਭਾਵ ਪੈਂਦਾ। ਇਸ ਲਈ ਉਹ ਬਗ਼ੈਰ ਪੋਸਟ ਦੇ ਪੋਸਟ ’ਤੇ ਰਹਿਣ ਦਾ ਮਜ਼ਾ ਲੈ ਰਹੇ ਸਨ, ‘ਹੈੱਡ ਵੀ ਮੇਰਾ, ਟੇਲ ਵੀ ਮੇਰੀ’ ਦੇ ਅੰਦਾਜ਼ ਵਿੱਚ।

‘‘ਲਓ ਪਰਾਸ਼ਰ ਸਰ ਵੀ ਆ ਗਏ! ਕਿਉਂ ਬਈ, ਇਉਂ ਮਰੇ-ਮਰੇ ਜਿਹੇ ਕਿਉਂ ਚੱਲ ਰਹੇ ਹੋ, ਕੀ ਕੋਈ ਅਦਾਲਤ ਵਿੱਚ ਪੇਸ਼ੀ ਸੀ?’’

‘‘ਨਹੀਂ ਸਰ, ਰੱਬ ਦੁਸ਼ਮਣਾਂ ਨੂੰ ਵੀ ਅਜਿਹੇ ਦਿਨ ਨਾ ਵਿਖਾਵੇ। ਮੈਡਮ, ਕੀ ਤੁਹਾਡੀ ਕਲਾਸ ਹੈ? ਉਹ ਬੱਚੇ ਪੁੱਛ ਰਹੇ ਹਨ…’’

‘‘ਅੱਜ ਮੇਰੀ ਕਲਾਸ! ਅੱਜ ਤਾਂ ਸੋਮਵਾਰ ਹੈ! ਅੱਜ ਅਖਿਲ ਸਰ ਦੀ ਕਲਾਸ ਹੈ, ਮੇਰੀ ਨਹੀਂ।’’

ਅਖਿਲ ਸਰ ਤ੍ਰਭਕ ਕੇ ਵੇਖਣ ਲੱਗੇ, ‘‘ਮੇਰੀ ਕਲਾਸ!’’ ਜਿਵੇਂ ਕਲਾਸ ਦਾ ਨਾਂ ਲੈਣਾ ਹੀ ਉਨ੍ਹਾਂ ਲਈ ਇਕ ਅਜੂਬਾ ਸੀ। ਪ੍ਰੋਫ਼ੈਸਰ ਅਖਵਾਉਣਾ ਤਾਂ ਕੰਨਾਂ ਵਿੱਚ ਰਸ ਘੋਲਦਾ ਹੈ, ਪਰ ਕਲਾਸ ਸ਼ਬਦ ਕੰਨਾਂ ਨੂੰ ਬੇਹੱਦ ਤਿੱਖਾ ਲੱਗਦਾ ਹੈ। ਨੇੜੇ ਆਉਂਦੇ ਮੁੰਡਿਆਂ ਦੇ ਇੱਕ ਗਰੁੱਪ ਨੂੰ ਘੂਰਦਿਆਂ ਉਨ੍ਹਾਂ ਨੂੰ ਲੱਗਿਆ ਕਿ ਇਹ ਚਿਹਰੇ ਜਾਣੇ-ਪਛਾਣੇ ਹਨ- ‘‘ਹੋ ਸਕਦਾ ਹੈ, ਮੇਰੀ ਹੀ ਕਲਾਸ ਹੋਵੇ! ਦੇਖੋ ਤਾਂ ਇਨ੍ਹਾਂ ਲੋਕਾਂ ਨੂੰ, ਕੁਝ ਅਕਲ ਹੀ ਨਹੀਂ ਹੈ। ਇੰਨੀ ਬਾਰਿਸ਼ ਵਿਚ ਆ ਜਾਂਦੇ ਨੇ।’’ ਇਸ ਕੰਮ ਤੋਂ ਜੀਅ ਚੁਰਾਉਣ ਦੀ ਜੰਗ ਵਿੱਚ ਉਨ੍ਹਾਂ ਨੂੰ ਪੂਰਾ ਸਮਰਥਨ ਮਿਲਦਾ ਹੈ ਆਪਣੇ ਸਾਥੀਆਂ ਤੋਂ।

‘‘ਇਨ੍ਹਾਂ ਦੇ ਮਾਪੇ ਵੀ ਰੋਕਦੇ ਨਹੀਂ ਇਨ੍ਹਾਂ ਨੂੰ!’’

‘‘ਓ ਮੈਡਮ, ਮਾਪਿਆਂ ਨੂੰ ਲੱਗਦਾ ਹੈ ਕਿ ਮੁੰਡਾ ਕਾਲਜ ਵਿੱਚ ਗਿਆ ਅਤੇ ਅਫ਼ਸਰ ਬਣ ਕੇ ਨਿਕਲਿਆ। ਸੁਣੋ ਬਈ, ਕਿੰਨੇ ਜਣੇ ਹੋ ਤੁਸੀਂ?’’ ਰੋਅਬ ਨਾਲ ਪੁੱਛਿਆ ਉਨ੍ਹਾਂ ਨੇ ਆਪਣੇ ਵੱਲ ਆਉਂਦੇ ਉਨ੍ਹਾਂ ਮੁੰਡਿਆਂ ਨੂੰ। ‘‘ਸੱਤ-ਅੱਠ ਮੁੰਡੇ ਹਾਂ, ਸਰ!’’ ਉਨ੍ਹਾਂ ਵਿੱਚੋਂ ਇੱਕ ਨੇ ਜਵਾਬ ਦਿੱਤਾ।

‘‘ਦੇਖੋ ਬਈ, ਤੁਹਾਡੀ ਕਲਾਸ ਵਿੱਚ ਸੌ ਮੁੰਡਿਆਂ ਦੀ ਐਡਮਿਸ਼ਨ ਹੋ ਚੁੱਕੀ ਹੈ। ਸੱਤਾਂ-ਅੱਠਾਂ ਨੂੰ ਪੜ੍ਹਾਵਾਂਗਾ ਤਾਂ ਨੱਬੇ-ਬਾਨਵੇ ਦਾ ਨੁਕਸਾਨ ਹੋ ਜਾਵੇਗਾ। ਸਮਝੇ ਕਿ ਨਹੀਂ, ਜਾਓ ਹੁਣ, ਜਦੋਂ ਸਾਰੇ ਆ ਜਾਣ, ਫਿਰ ਆਇਓ, ਠੀਕ ਹੈ?’’

ਇਕ ਜੋ ਪੜ੍ਹਨ ਲਈ ਕਮਰ ਕਸੀ ਬੈਠਾ ਸੀ, ਬੋਲਿਆ- ‘‘ਸਰ, ਮੈਂ ਬੜੀ ਦੂਰੋਂ ਪਿੰਡ ਤੋਂ ਆਉਂਦਾ ਹਾਂ।’’

‘‘ਇਸੇ ਲਈ ਤਾਂ ਕਹਿ ਰਿਹਾ ਹਾਂ ਤੈਨੂੰ, ਛੇਤੀ ਚਲਾ ਜਾਹ, ਨਹੀਂ ਤਾਂ ਬਾਰਿਸ਼ ਵਿੱਚ ਫਸ ਜਾਵੇਂਗਾ।’’

‘‘ਕਿਉਂ ਬਈ, ਮੌਨਸੂਨ ਤਾਂ ਆ ਗਈ। ਬਿਜਾਈ ਦਾ ਕੰਮ ਸ਼ੁਰੂ ਨਹੀਂ ਹੋਇਆ ਅਜੇ?’’

‘‘ਸ਼ੁਰੂ ਹੋ ਗਿਆ, ਮੈਡਮ।’’

‘‘ਓ ਬਈ, ਫਿਰ ਤਾਂ ਤੁਹਾਨੂੰ ਆਪਣੇ ਮਾਪਿਆਂ ਦੀ ਮਦਦ ਕਰਨੀ ਚਾਹੀਦੀ ਹੈ! ਆ ਜਾਂਦੇ ਨੇ ਕਾਲਜ ਵਿਚ ਘੁੰਮਣ-ਫਿਰਨ। ਇਕ ਗੱਲ ਦਾ ਖਿਆਲ ਰੱਖਿਓ।’’

‘‘ਜੀ ਮੈਡਮ?’’

‘‘ਇਹ ਸਕੂਲ ਨਹੀਂ ਹੈ, ਸਮਝੇ! ਹੁਣ ਤੁਸੀਂ ਕਾਲਜ ਵਿੱਚ ਆਏ ਹੋ।’’ ਇਹ ਸਿਧਾਂਤ ਸੀ ਕਾਲਜ ਦੇ ਬਾਰੇ ਜਿਸ ਦੀ ਵਿਆਖਿਆ ਹੋ ਰਹੀ ਸੀ ਕਿ ਇੱਥੇ ਰੋਜ਼ ਪੜ੍ਹਨਾ-ਪੜ੍ਹਾਉਣਾ ਨਿਯਮਾਂ ਦੇ ਵਿਰੁੱਧ ਹੁੰਦਾ ਹੈ।

‘‘ਅੱਜ ਤਾਂ ਚੰਗੀ ਡੋਜ਼ ਪਿਲਾ ਰਹੇ ਨੇ ਮੈਡਮ!’’ ਟੇਢੀਆਂ ਨਜ਼ਰਾਂ ਨਾਲ ਕਿਹਾ ਗਿਆ ਵਾਕ ਸਾਰਿਆਂ ਦੀਆਂ ਸ਼ਰਾਰਤੀ ਅੱਖਾਂ ਨੂੰ ਚਮਕਾ ਗਿਆ। ਮੈਡਮ ਨੇ ਵੀ ਸੁਣ ਲਿਆ ਸੀ।

‘‘ਹਾਂ ਸਰ, ਅਜਿਹੇ ਚਿੱਕੜ ਵਿੱਚ ਤਾਂ ਆਉਣ ਨੂੰ ਮਨ ਹੀ ਨਹੀਂ ਕਰਦਾ।’’ ਆਪਣੀ ਕਲਫ਼ ਵਾਲੀ ਸਾੜੀ ’ਤੇ ਲੱਗੇ ਚਿੱਕੜ ਨੂੰ ਵਿਖਾਉਂਦਿਆਂ ਉਹ ਬੋਲੀ- ‘‘ਜੈਪੁਰੀ ਰਜਾਈ ਲੈ ਕੇ ਸੁੱਤੇ ਰਹੋ ਬਸ!’’

ਉਨ੍ਹਾਂ ਦੀ ਜੈਪੁਰੀ ਰਜਾਈ ’ਤੇ ਹੋਰ ਵੀ ਚਰਚਾ ਹੁੰਦੀ, ਪਰ ਸਾਹਮਣੇ ਤੋਂ ਆਉਂਦੇ ਮੈਡਮ ਪੁਰੀ ਨਜ਼ਰ ਆ ਗਏ।

‘‘ਓ ਮੈਡਮ ਪੁਰੀ, ਜਾ ਰਹੇ ਹੋ, ਏਨੀ ਛੇਤੀ?’’

‘‘ਅੱਜ ਤਾਂ ਜਾਣਾ ਹੀ ਪਵੇਗਾ, ਸਰ। ਸਵੀਟੂ ਦੀ ਐਡਮਿਸ਼ਨ ਕਰਵਾਈ ਹੈ ਨੈਸ਼ਨਲ ਕਾਨਵੈਂਟ ਵਿੱਚ। ਉਸ ਦੀ ਟੀਚਰ ਨੂੰ ਮਿਲਣਾ ਹੈ।’’ ਸਾਰੇ ਜਾਣਦੇ ਸਨ ਕਿ ਮੈਡਮ ਪੁਰੀ ਇਹਦੇ ਲਈ ਬਹੁਤ ਦਿਨਾਂ ਤੋਂ ਯਤਨ ਕਰ ਰਹੇ ਸਨ। ਕਈ ਦਿਨਾਂ ਦੀ ਦੌੜ-ਭੱਜ ਪਿੱਛੋਂ ਉਨ੍ਹਾਂ ਦੀ ਬੇਟੀ ਸਵੀਟੀ ਦੀ ਐਡਮਿਸ਼ਨ ਦੀ ਪ੍ਰਕਿਰਿਆ ਪੂਰੀ ਹੋਈ ਸੀ। ਕਦੇ ਇਹ ਕਾਗਜ਼ ਤੇ ਕਦੇ ਉਹ। ਕਦੇ ਇਹ ਇੰਟਰਵਿਊ ਤੇ ਕਦੇ ਉਹ।

‘‘ਬਈ ਵਾਹ, ਕਿਆ ਬਾਤ ਹੈ! ਐਡਮਿਸ਼ਨ ਹੋ ਗਈ! ਚਲੋ, ਹੁਣ ਤੁਹਾਨੂੰ ਕੁਝ ਰਾਹਤ ਮਿਲੇਗੀ।’’

‘‘ਰਾਹਤ ਤਾਂ ਕੀ ਮਿਲੇਗੀ ਮੈਡਮ, ਕਿਵੇਂ ਨਾ ਕਿਵੇਂ ਇੱਕ ਘੰਟਾ ਪਿੱਛੇ ਲੱਗ ਕੇ ਤਿਆਰ ਕਰੋ, ਟਿਫਨ ਲਈ ਸਪੈਸ਼ਲ ਡਿਸ਼ ਬਣਾਓ। ਐਸੀਆਂ-ਵੈਸੀਆਂ ਖਾਣ ਦੀਆਂ ਚੀਜ਼ਾਂ ਤਾਂ ਪਸੰਦ ਹੀ ਨਹੀਂ ਆਉਂਦੀਆਂ ਉਹਨੂੰ। ਫਿਰ ਸਕੂਲ ਬੱਸ ਲਈ ਖੜ੍ਹੇ ਰਹੋ। ਰੋਜ਼ ਲੇਟ ਆਉਂਦੀ ਹੈ ਉਹਦੀ ਬਸ।’’

ਮੈਡਮ ਪੁਰੀ ਏਧਰ-ਓਧਰ ਦੀਆਂ ਕੁਝ ਹੋਰ ਪ੍ਰੇਸ਼ਾਨੀਆਂ ਨੂੰ ਗਿਣਾਵੇ, ਉਸ ਤੋਂ ਪਹਿਲਾਂ ਅਖਿਲ ਸਰ ਨੇ ਆਪਣੇ ਵੱਲੋਂ ਉਨ੍ਹਾਂ ਦਾ ਸਮਰਥਨ ਕੀਤਾ- ‘‘ਇਹ ਲੋਕ ਫ਼ੀਸ ਤਾਂ ਲੈ ਲੈਂਦੇ ਨੇ ਪਰ ਸਮੇਂ ਦੇ ਪਾਬੰਦ ਨਹੀਂ ਹੋ ਸਕਦੇ।’’

ਮੈਡਮ ਪੁਰੀ ਨੂੰ ਸਹਾਰਾ ਮਿਲਿਆ ਆਪਣੀ ਸੋਚ ਨੂੰ ਬਲ ਦੇਣ ਦਾ- ‘‘ਵੇਖੋ ਨਾ, ਤਿੰਨ ਦਿਨ ਹੋ ਗਏ ਉਹਨੂੰ ਸਕੂਲ ਜਾਂਦਿਆਂ, ਨਾ ਕੋਈ ਹੋਮ-ਵਰਕ ਦਿੱਤਾ, ਨਾ ਹੀ ਕੁਝ ਸਿਖਾਇਆ। ਸਰ, ਕਾਂਤ ਸਰ, ਤੁਸੀਂ ਉੱਧਰ ਹੀ ਜਾਂਦੇ ਹੋ ਨਾ, ਨੈਸ਼ਨਲ ਕਾਨਵੈਂਟ ਵੱਲ?’’

‘‘ਹਾਂ ਮੈਡਮ, ਮੈਂ ਜਾ ਹੀ ਰਿਹਾ ਹਾਂ। ਆਓ, ਤੁਹਾਨੂੰ ਛੱਡ ਦੇਵਾਂਗਾ।’’

‘‘ਥੈਂਕ ਯੂ ਸਰ।’’ ਲਹਿਰਾਉਂਦੇ ਪੱਲੂ ਨੂੰ ਕਮਰ ਵਿੱਚ ਟੰਗ ਕੇ ਇੱਕ ਹੱਥ ਨਾਲ ਹੈਂਡਲ ਫੜ ਕੇ ਸਕੂਟਰ ਦੇ ਪਿੱਛੇ ਵਾਲੀ ਸੀਟ ’ਤੇ ਬੈਠ ਜਾਂਦੀ ਹੈ ਉਹ। ਕਿਤਾਬਾਂ ਦਾ ਬੈਗ ਹੱਥ ਵਿੱਚ ਸੀ ਇੱਕ ਸ਼ੋਅ-ਪੀਸ ਵਾਂਗ। ਉਹਨੂੰ ਲਿਆਂਦਾ ਹੀ ਇਸ ਲਈ ਗਿਆ ਸੀ ਕਿ ਵੇਖਣ ਵਾਲੇ ਕਹਿਣ- ‘ਕਿੰਨਾ ਕੰਮ ਹੁੰਦਾ ਹੈ ਪੜ੍ਹਾਉਣ ਦਾ!’

ਸਕੂਟਰ ਦੀ ਧੜ-ਧੜ, ਭੜ-ਭੜ ਵਿੱਚ ਮੈਡਮ ਦੀਆਂ ਪ੍ਰੇਸ਼ਾਨੀਆਂ ਵਧ-ਚੜ੍ਹ ਕੇ ਬਾਹਰ ਆ ਰਹੀਆਂ ਸਨ।

‘‘ਵੇਖੋ ਸਰ, ਪੂਰੇ ਪੱਚੀ ਹਜ਼ਾਰ ਲੱਗੇ ਨੇ ਨਰਸਰੀ ਵਿਚ ਐਡਮਿਸ਼ਨ ਦੇ। ਹਜ਼ਾਰ ਹਰ ਮਹੀਨੇ ਅਤੇ ਉਸ ’ਤੇ ਕਦੇ ਗਰੁੱਪ ਫੋਟੋ ਤੇ ਕਦੇ ਫੀਲਡ ਟ੍ਰਿਪ ਦੇ।’’

‘‘ਪਤਾ ਹੈ ਮੈਡਮ, ਮੇਰੀ ਪੋਤੀ ਵੀ ਉੱਥੇ ਹੀ ਪੜ੍ਹਦੀ ਹੈ। ਜਿੰਨੇ ਰੁਪਿਆਂ ਵਿੱਚ ਅਸੀਂ ਐੱਮ ਏ ਕਰ ਗਏ, ਉਨੇ ਵਿੱਚ ਅੱਜ ਦੇ ਬੱਚੇ ਨਰਸਰੀ-ਕੇਜੀ ਪਾਸ ਕਰ ਲੈਣ ਤਾਂ ਬਹੁਤ ਹੈ।’’

‘‘ਹਾਂ ਜੀ, ਬਿਲਕੁਲ ਸਹੀ ਕਿਹਾ ਤੁਸੀਂ। ਮਹਿੰਗਾਈ ਦਾ ਮਾਰਿਆ ਕੋਈ ਹੋਰ ਹੋਵੇ ਨਾ ਹੋਵੇ, ਪਰ ਇਹ ਸਾਰੇ ਪ੍ਰਾਈਵੇਟ ਸਕੂਲ ਜ਼ਰੂਰ ਹਨ। ਚੰਗੀ ਤਰ੍ਹਾਂ ਨਿਚੋੜ ਲੈਂਦੇ ਨੇ ਮਾਪਿਆਂ ਨੂੰ! ਅਤੇ ਉਹਦੇ ਪਾਪਾ ਕਹਿੰਦੇ ਨੇ ਕਿ- ‘ਬਾਰਿਸ਼ ਵਿੱਚ ਨਾ ਭੇਜਿਆ ਕਰ ਬੱਚੇ ਨੂੰ।’ ਦੱਸੋ ਤਾਂ, ਇੰਨੀ ਫ਼ੀਸ ਭਰਾਂਗੇ ਅਤੇ ਸਕੂਲ ਨਹੀਂ ਭੇਜਾਂਗੇ ਤਾਂ ਬੱਚੇ ਪੜ੍ਹਨਗੇ ਕੀ! ਅਜਿਹੀ ਬਾਰਿਸ਼ ਦੀ ਝੜੀ ਤਾਂ ਮਹੀਨੇ ਭਰ ਤੱਕ ਰਹੇਗੀ ਤਾਂ ਕੀ ਰੋਜ਼ ਹੀ ਸਕੂਲ ਨਹੀਂ ਜਾਣਗੇ! ਕੁਝ ਭਿੱਜਣਗੇ, ਡਿੱਗਣਗੇ, ਪੜ੍ਹਨਗੇ ਤਾਂ ਹੀ ਤਾਂ ਬੋਲਡ ਹੋਣਗੇ! ਬਸ ਸਰ, ਇੱਥੇ ਹੀ ਉਤਾਰ ਦਿਓ, ਥੈਂਕ ਯੂ ਸੋ ਮਚ ਸਰ।’’

ਆਪਣਾ ਸਕੂਟਰ ਪਾਰਕ ਕਰ ਕੇ ਖਿਆਲਾਂ ਦੀ ਦੁਨੀਆਂ ਤੋਂ ਆਪਣੇ ਮੇਜ਼ ’ਤੇ ਪਹੁੰਚਦੇ ਹਨ, ਜਿੱਥੇ ਅਨਾਮਿਕਾ ਆ ਕੇ ਉਨ੍ਹਾਂ ਨੂੰ ਜ਼ੋਰ ਨਾਲ ਹਿਲਾ ਰਹੀ ਸੀ। ਉਹ ਤ੍ਰਭਕ ਪਏ। ਅਧਿਕਾਰ ਅਤੇ ਫ਼ਰਜ਼ ਵਿੱਚ ਅੰਤਰ ਸਮਝਾਉਣ ਨੂੰ ਤਿਆਰ ਸਨ।

‘‘ਦਾਦਾ ਜੀ, ਅੱਧਾ ਘੰਟਾ ਹੋ ਗਿਆ।’’

‘‘ਹਾਂ ਬੇਟੇ, ਪਹਿਲਾਂ ਮੈਂ ਤੈਨੂੰ ਹਿੰਦੀ ਵਿੱਚ ਸਮਝਾ ਦਿੰਦਾ ਹਾਂ, ਫਿਰ ਅੰਗਰੇਜ਼ੀ ਵਿੱਚ ਲਿਖਵਾ ਦਿਆਂਗਾ। ਠੀਕ ਹੈ?’’

‘‘ਠੀਕ ਹੈ ਦਾਦਾ ਜੀ।’’

‘‘ਚਲੋ, ਰਾਈਟਸ ਯਾਨੀ ਅਧਿਕਾਰ। ਯਾਨੀ ਜੋ ਸਾਡਾ ਹੱਕ ਹੈ ਉਹ ਸਾਨੂੰ ਮਿਲਣਾ ਹੀ ਚਾਹੀਦਾ ਹੈ। ਇਹ ਇੱਕ ਬਹੁਤ ਸਰਲ ਸ਼ਬਦ ਹੈ। ਇਹ ਕਿਸੇ ਨੂੰ ਸਮਝਾਉਣਾ ਨਹੀਂ ਪੈਂਦਾ। ਇਹਦਾ ਅਰਥ ਸਭ ਨੂੰ ਜਨਮਘੁਟੀ ਵਿੱਚ ਹੀ ਪਿਆ ਦਿੱਤਾ ਜਾਂਦਾ ਹੈ ਜੋ ਜ਼ਿੰਦਗੀ-ਭਰ ਖੂਨ ਦੀ ਹਰ ਬੂੰਦ ਨਾਲ ਪ੍ਰਵਾਹਿਤ ਹੁੰਦਾ ਰਹਿੰਦਾ ਹੈ। ਅਤੇ ਡਿਊਟੀਜ਼, ਯਾਨੀ ਫ਼ਰਜ਼ ਜੋ ਸਾਨੂੰ ਕਰਨੇ ਚਾਹੀਦੇ ਹਨ। ਅਧਿਕਾਰ ਅਤੇ ਫਰਜ਼ ਇੱਕ ਦੂਜੇ ਦੇ ਉਲਟ ਹਨ। ਇਕੱਠੇ ਕਦੇ ਨਹੀਂ ਰਹਿ ਸਕਦੇ।’’

ਬੱਚੀ ਇੱਕ-ਟਕ ਉਨ੍ਹਾਂ ਦਾ ਮੂੰਹ ਵੇਖ ਰਹੀ ਸੀ। ਉਨ੍ਹਾਂ ਦੇ ਅੰਦਰ ਦਾ ਪ੍ਰੋਫੈਸਰ ਜਾਗ ਚੁੱਕਿਆ ਸੀ। ਉਹ ਤਾਂ ਆਪਣੀ ਧੁਨ ਵਿੱਚ ਬੋਲੀ ਜਾ ਰਹੇ ਸਨ- ‘‘ਆਈ ਥਿੰਕ ਬੇਟੇ, ਇਸ ਫਰਜ਼ ਸ਼ਬਦ ਨੂੰ ਡਿਕਸ਼ਨਰੀ ਤੋਂ ਹਟਾ ਦੇਣਾ ਚਾਹੀਦਾ ਹੈ, ਕਿਉਂਕਿ ਭਾਸ਼ਾ-ਵਿਗਿਆਨ ਕਹਿੰਦਾ ਹੈ ਕਿ ਜੇ ਕੋਈ ਸ਼ਬਦ ਲੰਮੇ ਸਮੇਂ ਤਕ ਨਹੀਂ ਵਰਤਿਆ ਜਾਂਦਾ ਤਾਂ ਉਹ ਲੋਪ ਹੋ ਜਾਂਦਾ ਹੈ। ਸੱਚ ਤਾਂ ਇਹ ਹੈ ਕਿ ਸ਼ਬਦਾਂ ਦਾ ਵੀ ਫੈਸ਼ਨ ਚਲਦਾ ਹੈ। ਜਿਵੇਂ ਕੱਪੜਿਆਂ, ਜੁੱਤਿਆਂ ਦਾ ਫੈਸ਼ਨ ਬਦਲਦਾ ਰਹਿੰਦਾ ਹੈ, ਉਵੇਂ ਹੀ ਸ਼ਬਦਾਂ ਦੇ ਪ੍ਰਚਲਨ ਦਾ ਵੀ ਫ਼ੈਸ਼ਨ ਬਦਲਦਾ ਰਹਿੰਦਾ ਹੈ। ਕਦੇ ਮੰਦਰ-ਮਸਜਿਦ ਦੀ ਸਿਆਸਤ ਦਾ ਫੈਸ਼ਨ ਤੇ ਕਦੇ ਅਤਿਵਾਦ ਦਾ ਫੈਸ਼ਨ। ਕਦੇ ਵਿਦੇਸ਼ੀ ਹੱਥ ਦਾ ਫੈਸ਼ਨ ਤੇ ਕਦੇ ਟਰੰਪ ਦਾ ਫੈਸ਼ਨ। ਕੁਝ ਹੀ ਮਹੀਨਿਆਂ ਵਿੱਚ ਇਹ ਸਾਰੇ ਆਊਟ ਆਫ ਫੈਸ਼ਨ ਹੋ ਜਾਂਦੇ ਹਨ। ਫ਼ਰਜ਼ ਸ਼ਬਦ ਵਰ੍ਹਿਆਂ ਤੋਂ ਆਊਟ ਆਫ ਫੈਸ਼ਨ ਹੋ ਗਿਆ ਹੈ। ਜੇ ਤੂੰ ਜ਼ਿੰਦਗੀ ਸਹੀ ਢੰਗ ਨਾਲ ਜਿਊਣੀ ਹੈ ਤਾਂ ਵੱਡੇ ਵੱਡੇ ਵਿਦਵਾਨਾਂ ਦਾ ਕਹਿਣਾ ਮੰਨੋ, ਜਿਨ੍ਹਾਂ ਨੇ ਕਿਹਾ ਹੈ ਕਿ ਕੋਈ ਕੰਮ ਕਰਦੇ ਸਮੇਂ ਖ਼ੁਦ ਨੂੰ ਮਹਾਂਮੂਰਖ ਘੋਸ਼ਿਤ ਕਰ ਦਿਓ। ਨਾ ਕੰਮ ਕਰੋਗੇ, ਨਾ ਗ਼ਲਤੀ ਹੋਵੇਗੀ, ਨਾ ਡਾਂਟ ਪਵੇਗੀ, ਨਾ ਟੈਨਸ਼ਨ ਹੋਵੇਗੀ, ਨਾ ਹਾਰਟ-ਅਟੈਕ ਹੋਵੇਗਾ। ਆਖ਼ਰ ਜਾਨ ਹੈ ਤਾਂ ਜਹਾਨ ਹੈ। ਯਾਨੀ ਅਧਿਕਾਰ ਸਮਝਦੇ ਸਮੇਂ ਬੁੱਧੀਜੀਵੀ ਅਤੇ ਫ਼ਰਜ਼ ਸਮਝਦੇ ਸਮੇਂ ਬੁੱਧੂਜੀਵੀ ਬਣ ਜਾਓ!”

ਪ੍ਰੋਫੈਸਰ ਸਾਹਿਬ ਬੋਲੀ ਜਾ ਰਹੇ ਸਨ। ਉਹ ਭੁੱਲ ਗਏ ਸਨ ਕਿ ਸਾਹਮਣੇ ਉਨ੍ਹਾਂ ਦਾ ਪੀਐੱਚ.ਡੀ. ਦਾ ਵਿਦਿਆਰਥੀ ਨਹੀਂ ਹੈ ਸਗੋਂ ਛੋਟੀ ਜਿਹੀ ਬੱਚੀ ਹੈ, ਜੋ ਹੱਥ ਵਿੱਚ ਕਾਪੀ-ਪੈੱਨ ਲੈ ਕੇ ਕੁਰਸੀ ਦੀ ਬਾਂਹ ਨਾਲ ਸਿਰ ਟਿਕਾਈ ਆਪਣੀ ਝਪਕੀ ਲੈਣ ਦਾ ਅਧਿਕਾਰ ਪ੍ਰਾਪਤ ਕਰ ਚੁੱਕੀ ਹੈ।

ਪ੍ਰੋਫੈਸਰ ਸਾਹਿਬ ਨੇ ਲੰਮਾ ਸਾਹ ਲਿਆ, ਜਿਵੇਂ ਉਨ੍ਹਾਂ ਦਾ ਫ਼ਰਜ਼ ਪੂਰਾ ਹੋ ਗਿਆ ਸੀ।

ਈ-ਮੇਲ: hansadeep8@gmail.com

ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ

Leave a Reply

Your email address will not be published. Required fields are marked *