ਮਜ਼ਾਹੀਆ ਗਾਇਕੀ ਦਾ ਝੰਡਾਬਰਦਾਰ ਕੇ. ਦੀਪ

ਮਨਦੀਪ ਸਿੰਘ ਸਿੱਧੂ

ਕੇ. ਦੀਪ ਉਰਫ਼ ਕੁਲਦੀਪ ਸਿੰਘ ਮਠਾੜੂ ਦੀ ਪੈਦਾਇਸ਼ 10 ਦਸੰਬਰ 1940 ਨੂੰ ਰੰਗੂਨ, ਬਰਮਾ (ਹੁਣ ਮਿਆਂਮਾਰ) ਦੇ ਰਾਮਗੜ੍ਹੀਆ ਸਿੱਖ ਪਰਿਵਾਰ ’ਚ ਹੋਈ। ਉਂਜ ਇਨ੍ਹਾਂ ਦਾ ਅਬਾਈ ਤਾਲੁਕ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਐਤੀਆਣਾ ਨਾਲ ਸੀ।

ਕੇ. ਦੀਪ ਤੇ ਜਗਮੋਹਨ ਕੌਰ ਪੰਜਾਬ ਦੀ ਪਹਿਲੀ ਮਜ਼ਾਹੀਆ ਦੋਗਾਣਾ ਜੋੜੀ ਸੀ, ਜਿਨ੍ਹਾਂ ਨੇ ਪੰਜਾਬੀ ਲੋਕ ਮੌਸੀਕੀ ਵਿੱਚ ਵੀ ਆਪਣੇ ਨਾਮ ਦਾ ਪਰਚਮ ਬੁਲੰਦ ਕੀਤਾ ਅਤੇ ਪੰਜਾਬੀ ਫ਼ਿਲਮਾਂ ਵਿੱਚ ਵੀ ਨਾਮ ਕਮਾਇਆ। ਕਲਕੱਤੇ ਵਿੱਚ ਇੱਕ ਸੰਗੀਤਕ ਪ੍ਰੋਗਰਾਮ ਦੌਰਾਨ ਇਨ੍ਹਾਂ ਦੋਵਾਂ ਦੀ ਮੁਲਾਕਾਤ ਹੋਈ। ਬਾਅਦ ਵਿੱਚ ਕੇ. ਦੀਪ ਨੇ ਜਗਮੋਹਨ ਕੌਰ ਨਾਲ 2 ਫਰਵਰੀ 1971 ਨੂੰ ਮੁਹੱਬਤੀ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਜੋੜੀਦਾਰ ਵਜੋਂ ਆਪਣਾ ਗਰੁੱਪ ਬਣਾ ਕੇ ਜਿੱਥੇ ਵਿਦੇਸ਼ਾਂ ’ਚ ਪ੍ਰੋਗਰਾਮ ਕਰਕੇ ਭਰਪੂਰ ਸ਼ੋਹਰਤ ਖੱਟੀ, ਉੱਥੇ ‘ਮਾਈ ਮੋਹਣੋ’ ਤੇ ‘ਪੋਸਤੀ’ ਦੇ ਨਾਮ ਨਾਲ ਇਨ੍ਹਾਂ ਦੀ ਜੋੜੀ ਦਾ ਮਜ਼ਾਹੀਆ ਰੰਗ ਵੀ ਆਵਾਮ ਵੱਲੋਂ ਬੜਾ ਪਸੰਦ ਕੀਤਾ ਗਿਆ।

ਕੇ. ਦੀਪ ਦੀ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ ਰੂਪ ਕਿਰਨ ਪਿਕਚਰਜ਼, ਅੰਮ੍ਰਿਤਸਰ ਦੀ ਜੋਗਿੰਦਰ ਸਿੰਘ ਸਮਰਾ (ਸਹਾਇਕ ਸਤੀਸ਼ ਭਾਖੜੀ) ਨਿਰਦੇਸ਼ਿਤ ‘ਮੇਲੇ ਮਿੱਤਰਾਂ ਦੇ’ (1972) ਸੀ। ਇਸ ਵਿੱਚ ਹਿਦਾਇਤਕਾਰ ਜੋਗਿੰਦਰ ਸਿੰਘ ਸਮਰਾ ਨੇ ਕੇ. ਦੀਪ ਨੂੰ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ। ਉਸ ਨੇੇ ਇਸ ਫ਼ਿਲਮ ਵਿੱਚ ‘ਹੀਰੇ’ ਦਾ ਖ਼ਲ ਕਿਰਦਾਰ ਨਿਭਾਇਆ। ਇਹ ਫ਼ਿਲਮ 27 ਅਕਤੂਬਰ 1972 ਨੂੰ ਪ੍ਰਕਾਸ਼ ਸਿਨਮਾ ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ ਤੇ ਕਾਮਯਾਬ ਫ਼ਿਲਮ ਕਰਾਰ ਪਾਈ। ਜਦੋਂ ਇੰਦਰਜੀਤ ਹਸਨਪੁਰੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਲੁਧਿਆਣਾ ਫ਼ਿਲਮਜ਼, ਬੰਬੇ ਦੀ ਧਰਮ ਕੁਮਾਰ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਦਾਜ’ (1976) ਬਣਾਈ ਤਾਂ ਸੰਗੀਤ-ਨਿਰਦੇਸ਼ਕ ਐੱਸ. ਮੋਹਿੰਦਰ ਨੇ ਕੇ. ਦੀਪ ਨੂੰ ਪੰਜਾਬੀ ਫ਼ਿਲਮਾਂ ਵਿੱਚ ਨਗ਼ਮਾਸਰਾਈ ਕਰਨ ਦਾ ਪਹਿਲਾ ਮੌਕਾ ਦਿੱਤਾ। ਫ਼ਿਲਮ ਵਿੱਚ ਉਨ੍ਹਾਂ ਨੇ ਆਪਣੀ ਪਤਨੀ ਤੇ ਮਸ਼ਹੂਰ ਗੁਲੂਕਾਰਾ ਜਗਮੋਹਨ ਕੌਰ ਨਾਲ ਇੱਕ ਮਜ਼ਾਹੀਆ ਦੋਗਾਣਾ ਗਾਇਆ ‘ਹਮ ਛੜੇ ਵਕਤ ਕੋ ਫੜੇ ਤੇ ਮਨ ਜਾ ਮੋਟੋ ਨੀਂ’ ਜੋ ਮਿਹਰ ਮਿੱਤਲ ਤੇ ਜਗਮੋਹਨ ਕੌਰ ’ਤੇ ਫ਼ਿਲਮਾਇਆ ਗਿਆ। ਹਿੰਦੀ ਵਿੱਚ ਇਹ ਫ਼ਿਲਮ ‘ਦਹੇਜ’ (1981) ਦੇ ਸਿਰਲੇਖ ਹੇਠ ਡੱਬ ਹੋਈ। ਜਦੋਂ ਧਰਮਿੰਦਰ ਦੇ ਛੋਟੇ ਭਰਾ ਅਜੀਤ ਸਿੰਘ ਦਿਓਲ ਨੇ ਆਪਣੇ ਫ਼ਿਲਮਸਾਜ਼ ਅਦਾਰੇ ਅਜੀਤ ਆਰਟਸ, ਬੰਬੇ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ਵਿੱਚ ਪੰਜਾਬੀ ਫ਼ਿਲਮ ‘ਸੰਤੋ-ਬੰਤੋ’ (1977) ਬਣਾਈ, ਤਾਂ ਇੱਕ ਵਾਰ ਫਿਰ ਐੱਸ. ਮੋਹਿੰਦਰ ਨੇ ਕੇ. ਦੀਪ ਕੋਲੋਂ ਇੱਕ ਮਜ਼ਾਹੀਆ ਗੀਤ ਗਵਾਇਆ ‘ਮੈਨੂੰ ਤੇਰੇ ਆਸ਼ਿਕਾਂ ਨੇ ਕੁੱਟਿਆ ਮਾਰ ਕੇ ਘਸੁੰਨ ਮਾਰ ਸੁੱਟਿਆ’ ਜੋ ਮਿਹਰ ਮਿੱਤਲ ਤੇ ਸੀਮਾ ਕਪੂਰ ’ਤੇ ਫ਼ਿਲਮਾਇਆ ਗਿਆ। ਓ. ਪੀ. ਸੱਯਰ ਤੇ ਬਲਦੇਵ ਸਿੰਘ ਚਹਿਲ ਨੇ ਜਦੋਂ ਆਪਣੇ ਜ਼ਾਤੀ ਬੈਨਰ ਜੁਗਨੂੰ ਫ਼ਿਲਮਜ਼, ਬਠਿੰਡਾ ਦੇ ਬੈਨਰ ਹੇਠ ਸੁਰਿੰਦਰ ਸਿੰਘ ਦੀ ਹਿਦਾਇਤਕਾਰੀ ਵਿੱਚ ਪੰਜਾਬੀ ਫ਼ਿਲਮ ‘ਮੁਟਿਆਰ’ (1979) ਬਣਾਈ ਤਾਂ ਸੰਗੀਤਕਾਰ ਵੇਦਪਾਲ ਨੇ ਕੇ. ਦੀਪ ਤੇ ਸਵਿਤਾ ਸੁਮਨ ਕੋਲੋਂ ਇੱਕ ਮਜ਼ਾਹੀਆ ਗੀਤ ‘ਨੀਂ ਤੂੰ ਚੱਲੀਂ ਕਿੱਥੇ ਚੱਲੀਂ ਮੈਨੂੰ ਦੱਸ ਕੇ ਤੇ ਜਾ’ ਗਵਾਇਆ। ਕਸ਼ਮੀਰ ਕਾਦਰ ਦਾ ਲਿਖਿਆ ਇਹ ਗੀਤ ਇੱਕ ਵਾਰ ਫਿਰ ਮਿਹਰ ਮਿੱਤਲ ਤੇ ਜਗਮੋਹਨ ਕੌਰ ’ਤੇ ਫ਼ਿਲਮਾਇਆ ਗਿਆ। ਸਰਦਾਰ ਨਾਨਕ ਸਿੰਘ ਤੇ ਮੋਹਨ ਸਿੰਘ ਬੱਗਾ ਦੇ ਫ਼ਿਲਮਸਾਜ਼ ਅਦਾਰੇ ਨਾਨਕ ਮੂਵੀਜ਼, ਬੰਬੇ ਦੀ ਸੁਭਾਸ਼ ਸੀ. ਭਾਖੜੀ ਨਿਰਦੇਸ਼ਿਤ ਫ਼ਿਲਮ ‘ਰਾਂਝਾ ਇੱਕ ਤੇ ਹੀਰਾਂ ਦੋ’ (1979) ਵਿੱਚ ਸੰਗੀਤਕਾਰ ਸੁਰਿੰਦਰ ਕੋਹਲੀ ਨੇ ਕੇ. ਦੀਪ ਤੇ ਦਿਲਰਾਜ ਕੌਰ ਕੋਲੋਂ ਮਜ਼ਾਹੀਆ ਗੀਤ ‘ਮੇਰੇ ਬਾਬੂ ਸੂਰਦਾਸ ਜੀ…ਸੁਣ ਦੋਵਾਂ ਕੰਨਾਂ ਤੋਂ ਬੋਲ਼ੀ ਜੀ ਅੱਜ ਸਿਨਮਾ ਤੇ ਵਿਖਾਓ’ ਗਵਾਇਆ। ਲੁਧਿਆਣਾ ਫ਼ਿਲਮਜ਼, ਬੰਬੇ ਦੀ ਧਰਮ ਕੁਮਾਰ ਨਿਰਦੇਸ਼ਿਤ ਫ਼ਿਲਮ ‘ਸੁਖੀ ਪਰਿਵਾਰ’ (1979) ’ਚ ਐੱਸ. ਮੋਹਿੰਦਰ ਨੇ ਆਪਣੇ ਸੰਗੀਤ ਵਿੱਚ ਇੱਕ ਮਜ਼ਾਹੀਆ ਗੀਤ ਕੇ. ਦੀਪ ਤੇ ਜਗਮੋਹਨ ਕੌਰ ਕੋਲੋਂ ਗਵਾਇਆ ‘ਸਾਡੇ ਮੂੰਹ ਵਿੱਚ ਪਾਣੀ ਆਵੇ ਜਦ ਉੱਡਦੇ ਦਿਸਣ ਦੁਪੱਟੇ…।’

ਪੰਜਾਬੀ ਫ਼ਿਲਮਾਂ ਤੋਂ ਇਲਾਵਾ ਪੰਜਾਬੀ ਲੋਕ ਮੌਸੀਕੀ ਵਿੱਚ ਵੀ ਕੇ. ਦੀਪ ਦਾ ਵੱਡਾ ਨਾਮ ਸੀ। ਪਤਨੀ ਜਗਮੋਹਨ ਕੌਰ ਨਾਲ ਜੋੜੀਦਾਰ ਵਜੋਂ ਇਨ੍ਹਾਂ ਨੇ ਮਸ਼ਹੂਰ ਜ਼ਮਾਨਾ ਗਰਾਮੋਫ਼ੋਨ ਰਿਕਾਰਡ ਕੰਪਨੀ ਈ. ਐੱਮ. ਆਈ. ਲਈ ਅਨੇਕਾਂ ਮਜ਼ਾਹੀਆ ਗੀਤਾਂ ਦੇ ਰਿਕਾਰਡ ਭਰਵਾਏ। 1979 ਵਿੱਚ ਈ. ਐੱਮ. ਆਈ. ਕੰਪਨੀ ਨੇ ਐੱਲ. ਪੀ. ਰਿਕਾਰਡ ਦੇ ਰੂਪ ਵਿੱਚ ਦੋਵਾਂ ਦਾ ਚੁਟਕਲਿਆਂ ਅਤੇ ਗੀਤਾਂ ਦਾ 40 ਮਿੰਟ ਦਾ ਲਾਈਵ ਕੰਸਰਟ ‘ਸਟੇਜ ਪ੍ਰੋਗਰਾਮ ਕੇ. ਦੀਪ ਤੇ ਜਗਮੋਹਨ ਕੌਰ’ (ਈਸੀਐੱਸਡੀ 3228) ਦੇ ਨਾਮ ਹੇਠ ਜਾਰੀ ਕੀਤਾ। ਇਸ ਰਿਕਾਰਡ ਦੇ ਗੀਤ ਬਾਬੂ ਸਿੰਘ ਮਾਨ, ਚਮਨ ਲਾਲ ‘ਸ਼ੁਗਲ’, ਕਾਂਸ਼ੀਰਾਮ ਗ਼ੁਲਾਮ, ਕੇ. ਦੀਪ, ਨੀਰੂ ਗੁਪਤਾ ਨੇ ਲਿਖੇ ਅਤੇ ਸੰਗੀਤ ਚਰਨਜੀਤ ਅਹੂਜਾ ਨੇ ਤਾਮੀਰ ਕੀਤਾ। ਈ. ਐੱਮ. ਆਈ ਕੰਪਨੀ ਨੇ ਹਾਸੇ ਅਤੇ ਚੁਲਬਲੇਪਣ ਨਾਲ ਭਰਪੂਰ ਤੇ ‘ਮਾਈ ਮੋਹਣੋ’ ਦੀ ਮਜ਼ਾਹੀਆ ਪੇਸ਼ਕਾਰੀ ਨਾਲ ਭਰਪੂਰ ਐੱਲ. ਪੀ. ਰਿਕਾਰਡ ‘ਪੋਸਤੀ ਲੰਡਨ ਵਿੱਚ’ (1979/ਈਸੀਐੱਸਡੀ/3023) ਜਾਰੀ ਕੀਤਾ। ਲਿਖਤ ਕੇ. ਦੀਪ ਅਤੇ ਸੰਗੀਤਕਾਰ ਚਰਨਜੀਤ ਅਹੂਜਾ ਸਨ। 1981 ਵਿੱਚ ਈ. ਐੱਮ. ਆਈ. ਕੰਪਨੀ ਨੇ ਕੇ. ਦੀਪ ਤੇ ਜਗਮੋਹਨ ਕੌਰ ਦੇ ਗਾਏ ਗੀਤਾਂ ਦਾ ਐੱਲ. ਪੀ. ਰਿਕਾਰਡ (ਈਸੀਐੱਸਡੀ/3046) ਜਾਰੀ ਕੀਤਾ। ਸਾਜਨ ਰਾਏਕੋਟੀ, ਜਸਵੰਤ ਸੰਦੀਲਾ, ਜੱਗਾ ਕੈਂਥ, ਅਵਿਨਾਸ਼ ਭਾਖੜੀ, ਭਜਨ ਸਿੰਘ ਸਰਕਾਰੀਆ, ਭੁੱਲਾ ਰਾਮ ਚੰਨ ਦੇ ਲਿਖੇ ਅਤੇ ਕੇ. ਐੱਸ. ਨਰੂਲਾ ਦੇ ਸੰਗੀਤ ’ਚ ਸਜੇ ‘ਘੁੰਡ ਵਿੱਚ ਨਹੀਂ ਲੁਕਦੇ’, ‘ਵੇ ਮੈਂ ਬੋਤਲ ਵਰਗੀ’, ‘ਨਣਦੇ ਪੁਆੜੇ ਹੱਥੀਏ’, ‘ਮਾੜੇ ਦੀ ਜਨਾਨੀ ਭਾਬੀ ਸਭ ਦੀ’ (ਜਗਮੋਹਨ ਕੌਰ), ‘ਤੇਰਾ ਹੱਸਣਾ ਨੀਂ’, ‘ਕੱਚਾ ਵੇਖ ਨਾ ਲਿਆ ਟਣਕਾ ਕੇ’ (ਕੇ. ਦੀਪ) ਆਦਿ ਤੋਂ ਇਲਾਵਾ ਦੋਵਾਂ ਦਾ ਗਾਇਆ ‘ਲਵ ਜੂ ਲਵ ਜੂ ਕਰਦਾ’ ਗੀਤ ਪੰਜਾਬੀ ਆਵਾਮ ਨੇ ਬੜੇ ਪਸੰਦ ਕੀਤੇ। 1981 ਵਿੱਚ ਹੀ ਈ. ਐੱਮ. ਆਈ. ਕੰਪਨੀ ਵੱਲੋਂ ਜਗਮੋਹਨ ਕੌਰ-ਕੇ. ਦੀਪ ਦੇ ਨਾਮ ਨਾਲ ਐੱਲ. ਪੀ. ਰਿਕਾਰਡ (ਈਸੀਐੱਸਡੀ/3041) ਜਾਰੀ ਕੀਤਾ। ਚਰਨਜੀਤ ਅਹੂਜਾ ਦੇ ਸੰਗੀਤ ਵਿੱਚ ਆਏ ਗੀਤ ‘ਨਾਂ ਵੀ ਸੋਹਣੀ ਹੈ ਵੀ ਸੋਹਣੀ’, ‘ਮਿਰਜ਼ਾ’, ‘ਹੀਰ ਦੀ ਕਲੀ’, ‘ਸੋਹਣੀ ਮਹੀਂਵਾਲ’, ‘ਛੱਲਾ’, ‘ਜੱਗਾ ਡਾਕੂ’, ‘ਸੁੱਚਾ ਤੇ ਬੀਰੋ’, ‘ਪੂਰਨ’, ‘ਕਾਵਾਂ ਵੇ ਕਾਵਾਂ’ ਬੇਹੱਦ ਮਕਬੂਲ ਹੋਏ। ਈ. ਐੱਮ. ਆਈ ਕੰਪਨੀ ਵੱਲੋਂ ਰਿਲੀਜ਼ਸ਼ੁਦਾ ‘ਪੋਸਤੀ ਕੈਨੇਡਾ ਵਿੱਚ’ (1984/ ਜੀ/ਈਸੀਐੱਸਡੀ/3102) ’ਚ ਕੇ. ਦੀਪ ਦੇ ਲਿਖੇ ਤੇ ਸੰਗੀਤ ਵਿੱਚ ਤਿਆਰ ਗੀਤ ‘ਪੋਸਤੀ ਕੈਨੇਡਾ ਵਿੱਚ-ਭਾਗ ਪਹਿਲਾ ਤੇ ਦੂਜਾ’, ‘ਚਾਅ ਅੱਲ੍ਹੜ ਕੁੜੀ ਨੂੰ ਮੁਕਲਾਵੇ ਦਾ’, ‘ਬੁੜ੍ਹਾ ਵੀ ਕਹਿੰਦਾ ਆਈ ਲਵ ਯੂ’, ‘ਸਾਲੀਆਂ ਤੋਂ ਜੀਜਾ ਕੁੱਟਵਾ ਤਾ’, ‘ਅਮਲੀ ਦੇ ਪੁੱਤਰਾ ਆਜਾ’, ‘ਛੜੇ ਹੁੰਦੇ ਨੇ ਛੜੇ’ ਗੀਤ ਵੀ ਸਰੋਤਿਆਂ ਨੇ ਬੜੇ ਪਸੰਦ ਕੀਤੇ। 1985 ਵਿੱਚ ਈ. ਐੱਮ. ਆਈ. ਕੰਪਨੀ ਨੇ ਕੇ. ਦੀਪ ਤੇ ਜਗਮੋਹਨ ਕੌਰ ਦਾ ਐੱਲ. ਪੀ. ਰਿਕਾਰਡ ‘ਰੱਖ ਲਿਆ ਮੇਮਾਂ ਨੇ’ (ਈਸੀਐੱਸਡੀ 3123) ਜਾਰੀ ਕੀਤਾ। 1979 ਵਿੱਚ ਹੀ ਸੁਪਰ ਸਾਊਂਡ ਰਿਕਾਰਡਿੰਗ ਕੰਪਨੀ (ਐੱਸ. ਐੱਸ. ਆਰ./ਐੱਲ. ਪੀ. 102 ਏ) ਵਿੱਚ ਗੁਰਨਾਮ ਸਿੰਘ ਸੱਗੂ ਦੇ ਸੰਗੀਤ ਵਿੱਚ ‘ਹਿੱਟਸ ਆਫ਼ ਕੇ. ਦੀਪ ਤੇ ਜਗਮੋਹਨ ਕੌਰ’ (1979) ਦੇ ਗਾਏ ਗੀਤਾਂ ‘ਤੇਰੇ ਪਤਲੇ ਬੁੱਲ੍ਹਾਂ ਦੀਆਂ’, ‘ਰਾਤ ਗਈ ਕਰ ਤਾਰਾ ਤਾਰਾ’ (ਕੇ. ਦੀਪ) ਅਤੇ ਦੋਵਾਂ ਦੇ ਗਾਏ ਗੀਤ ‘ਛੱਤਰੀ ਦੀ ਛਾਂ ਕਰ ਲੈ’, ‘ਮੇਰੇ ਵੀਰ ਦਾ ਵਿਆਹ’ ਤੋਂ ਇਲਾਵਾ ‘ਮਾਈ ਮੋਹਣੋ’ ਸੰਗੀਤ-ਸ਼ੌਕੀਨਾਂ ਵੱਲੋਂ ਪਸੰਦ ਕੀਤੇ ਗਏ। 1981 ਵਿੱਚ ਈ. ਐੱਮ. ਆਈ. ਕੰਪਨੀ ਨੇ ਕੇ. ਦੀਪ ਤੇ ਜਗਮੋਹਨ ਕੌਰ ਦਾ ਈ. ਪੀ. ਰਿਕਾਰਡ ‘ਸ਼ਾਹਾਂ ਦਾ ਕਰਜ਼ ਬੁਰਾ’ ਜਾਰੀ ਕੀਤਾ। ਚਰਨਜੀਤ ਅਹੂਜਾ ਦੇ ਸੰਗੀਤ ਵਿੱਚ ਇਸ ਰਿਕਾਰਡ ਦੇ ਗੀਤ ‘ਸ਼ਾਹਾਂ ਦਾ ਕਰਜ਼ ਬੁਰਾ’ (ਜਗਮੋਹਨ ਕੌਰ) ਅਤੇ ਦੋਵਾਂ ਦੇ ਗਾਏ ਗੀਤ ‘ਮੇਰਾ ਬੜਾ ਕਰਾਰਾ ਪੂਦਨਾ’ ਤੇ ‘ਰਾਤ ਕੱਟ ਕੇ ਡਰਾਈਵਰ ਤੁਰ ਜਾਣਗੇ’ ਬੜੇ ਹਿੱਟ ਹੋਏ।

ਈ. ਐੱਮ. ਆਈ. ਕੰਪਨੀ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੇ ਚੋਣਵੇਂ ਗੀਤਾਂ ਦਾ ਐੱਲ. ਪੀ. ਰਿਕਾਰਡ ‘ਸ਼ਿਵ ਬਟਾਲਵੀ ਦੇ ਗੀਤ’ (1976/ਈਸੀਐੱਸਡੀ 1715) ਕੇ. ਦੀਪ ਤੇ ਜਗਮੋਹਨ ਕੌਰ ਦਾ ਸਭ ਤੋਂ ਮਕਬੂਲਤਰੀਨ ਤਵਾ ਸਾਬਤ ਹੋਇਆ। ਐੱਸ. ਮੋਹਿੰਦਰ ਦੇ ਸੰਗੀਤ ਵਿੱਚ ਸਜੇ ਗੀਤ ‘ਰੋਗ ਬਣ ਕੇ ਰਹਿ ਗਿਆ’, ‘ਮਾਏ ਨੀਂ ਮੇਰੇ ਗੀਤਾਂ’, ‘ਮੈਨੂੰ ਤਾਂ ਮੇਰੇ ਦੋਸਤਾਂ’, ‘ਤੂੰ ਜੋ ਸੂਰਜ ਚੋਰੀ ਕੀਤਾ’, ‘ਪੁੰਨਿਆ ਦੇ ਚੰਨ ਨੂੰ’, ‘ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ’ (ਕੇ. ਦੀਪ) ਤੇ ਜਗਮੋਹਨ ਕੌਰ ਦੀ ਆਵਾਜ਼ ਵਿੱਚ ‘ਜਦ ਪੈਣ ਕਪਾਹੀਂ ਫੁੱਲ ਵੇ’, ‘ਰਾਤ ਚਾਣਨੀ ਮੈਂ ਤੁਰਾਂ’, ‘ਚੀਰੇ ਵਾਲਿਆ’ ਅਤੇ ਦੋਵਾਂ ਦਾ ਗਾਇਆ ‘ਸ਼ਹਿਰ ਤੇਰੇ ਤਰਕਾਲਾਂ’ ਗੀਤ ਹੱਦ ਦਰਜਾ ਪਸੰਦ ਕੀਤੇ ਗਏ। ਇਸ ਜੋੜੀ ਨੇ ਸੁਪਰ ਸਾਊਂਡ ਰਿਕਾਰਡਿੰਗ ਕੰਪਨੀ (ਐੱਸ. ਐੱਸ. ਆਰ./ ਐੱਲ. ਪੀ. 101 ਏ) ਨੇ ‘ਸ਼ਬਦ ਅਤੇ ਧਾਰਮਿਕ ਗੀਤ’ (1979) ਵੀ ਜਾਰੀ ਕੀਤਾ। ਕੇ. ਦੀਪ 22 ਅਕਤੂਬਰ 2020 ਨੂੰ 80 ਸਾਲਾਂ ਦੀ ਉਮਰੇ ਲੁਧਿਆਣਾ ’ਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੀ ਇੱਕ ਧੀ ਦਾ ਨਾਮ ਗੁਰਪ੍ਰੀਤ ਕੌਰ ‘ਬਿੱਲੀ’ ਤੇ ਪੁੱਤਰ ਦਾ ਨਾਮ ਰਾਜਾ ਕੰਗ ਹੈ ਜਦੋਂ ਕਿ ਇਨ੍ਹਾਂ ਦੀ ਗੁਲੂਕਾਰਾ ਪਤਨੀ ਬੀਬੀ ਜਗਮੋਹਣ ਕੌਰ 6 ਦਸੰਬਰ 1997 ਨੂੰ ਹੀ ਫ਼ੌਤ ਹੋ ਗਈ ਸੀ।

Leave a Reply

Your email address will not be published. Required fields are marked *