ਗ਼ਜ਼ਲ ਦਾ ਸਿਰਨਾਵਾਂ: ਕ੍ਰਿਸ਼ਨ ਭਨੋਟ


ਨਵੀਆਂ ਕਲਮਾਂ, ਖ਼ਾਸ ਕਰਕੇ ਗ਼ਜ਼ਲ ਖੇਤਰ ਦੀਆਂ ਕਲਮਾਂ ਦਾ ਮਾਰਗ-ਦਰਸ਼ਕ, ਅਕਾਸ਼ੀਂ ਛੂੰਹਦੀਆਂ ਉਚੇਰੀਆਂ ਬੁਲੰਦੀਆਂ ਨੂੰ ਪਾ ਚੁੱਕਾ ਇਕ ਖ਼ੂਬਸੂਰਤ ਨਾਂਓਂ ਹੈ- ਜਨਾਬ ਕ੍ਰਿਸ਼ਨ ਭਨੋਟ। ਗ਼ਜ਼ਲ ਦੇ ਇਸ ਥੰਮ ਦਾ ਜਨਮ ਕੂਕਾ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਜੀ ਕਰਕੇ ਜਾਣੇ ਜਾਂਦੇ ਲੁਧਿਆਣਾ ਜਿਲੇ ਦੇ ਪਿੰਡ ਭੈਣੀ ਸਾਹਿਬ ਵਿੱਚ ਹੋਇਆ। ਇਸ ਵੇਲੇ ਭਨੋਟ ਜੀ ਆਪਣੇ ਪਰਿਵਾਰ ਸਮੇਤ ਕਨੇਡਾ ਦੀ ਸੋਹਣੀ ਧਰਤੀ ‘ਤੇ ਜੀਵਨ ਗੁਜ਼ਾਰਦਿਆਂ, ਪੰਜਾਬੀ ਮਾਂ-ਬੋਲੀ ਨਾਲ ਅਥਾਹ ਮੋਹ ਸਦਕਾ ਪੂਰੇ ਵਿਸ਼ਵ ਭਰ ਵਿਚ ਸੋਸ਼ਲ-ਮੀਡੀਆ ਦੁਆਰਾ ਪੰਜਾਬੀ ਗ਼ਜ਼ਲ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ।
ਇਕ ਮੁਲਾਕਾਤ ਦੌਰਾਨ ਗ਼ਜ਼ਲ ਦੇ ਇਸ ਸ਼ਹਿਨਸ਼ਾਨ ਭਨੋਟ ਜੀ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਤੋਂ ਹੀ ਉਨਾਂ ਦਾ ਧਾਰਮਿਕ ਗ੍ਰੰਥਾਂ ਨਾਲ ਲਗਾਓ ਹੋ ਗਿਆ ਸੀ। ਭਾਵੇਂ ਛੋਟੀ ਉਮਰ ਦੇ ਹਿਸਾਬ ਅਰਥਾਂ ਦਾ ਆਪ ਨੂੰ ਗਿਆਨ ਨਹੀ ਸੀ, ਪਰ ਹਾਈ ਸਕੂਲ ਦੀ ਲਾਇਬ੍ਰੇਰੀ ‘ਚੋਂ ਮਿਲਦੀਆਂ ਪੁਸਤਕਾਂ ਤੇ ਰਸਾਲਿਆਂ ਨਾਲ ਉਨਾਂ ਦਾ ਡੂੰਘਾ ਮੋਹ ਪੈ ਗਿਆ। ਇਸੇ ਮੋਹ ਸਦਕਾ ਨਜ਼ਮ, ਗੀਤ, ਰੁਬਾਈ ਲਿਖਣੀ ਸ਼ੁਰੂ ਕਰ ਦਿੱਤੀ ਜੋ ਕਿ ਪੰਜਾਬੀ ਲਿਖਾਰੀ ਸਭਾ ਰਾਮ ਪੁਰ ਵੱਲੋਂ ਪ੍ਰਕਾਸ਼ਿਤ ਬਾਲ-ਸਾਹਿਤ ਪੁਸਤਕ ਵਿੱਚ ਛਪੇ। ਕਾਲਜ਼ ਤੱਕ ਪਹੁੰਚਦਿਆਂ ਕਲਮ ਨੇ ਹੋਰ ਜਨੂੰਨ ਫੜ ਲਿਆ ਤਾਂ ਕਾਲਜ਼ ਦੀ ਮੈਗਜ਼ੀਨ ਵਿੱਚ ਰਚਨਾਵਾਂ ਛਪਣ ਨਾਲ ਹੌਂਸਲਾ ਹੋਰ ਵੀ ਵੱਧ ਗਿਆ। ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਜੀ ਨੇ 1953 ਤੋਂ ਲੇਖਕਾਂ ਦੀ ਅਗਵਾਈ ਕਰਦੀ ਆ ਰਹੀ ਪੰਜਾਬੀ ਲਿਖਾਰੀ ਸਭਾ ਰਾਮਪੁਰ ਨਾਲ ਉਨਾਂ ਨੂੰ ਜੋੜਿਆ। ਇਸ ਲਿਖਾਰੀ ਸਭਾ ਦੀ ਬਦੌਲਤ ਅਜਾਇਬ ਚਿੱਤਰਕਾਰ, ਕੁਲਵੰਤ ਨੀਲੋਂ, ਮਹਿੰਦਰਦੀਪ ਗਰੇਵਾਲ, ਮਹਿੰਦਰ ਰਾਮਪੁਰੀ, ਰਾਮਨਾਥ ਸਰਵਰ, ਸੁਰਜੀਤ ਰਾਮਪੁਰੀ, ਇੰਦਰਜੀਤ ਹਸ਼ਨਪੁਰੀ, ਸੁਖਮਿੰਦਰ ਰਾਮਪੁਰੀ ਅਤੇ ਸੁਰਜੀਤ ਖੁਰਸੀਦੀ ਆਦਿ ਨਾਮਵਾਰ ਹਸਤੀਆਂ ਨਾਲ ਆਪ ਦੀਆਂ ਸਾਹਿਤਕ ਮਿਲਣੀਆਂ ਹੋਈਆਂ। ਇਸ ਸੰਗਤ ਦੇ ਨਤੀਜ਼ਨ ਦੇਸ਼-ਵਿਦੇਸ਼ ਦਾ ਕੋਈ ਵੀ ਅਖਬਾਰ ਤੇ ਮੈਗਜ਼ੀਨ ਐਸਾ ਨਹੀ ਰਿਹਾ, ਜਿੱਥੇ ਆਪ ਪੜਨ ਨੂੰ ਨਾ ਮਿਲੇ ਹੋਣ, ਪਾਠਕ ਨੂੰ। ਪ੍ਰਕਾਸ਼ਨਾ ਖੇਤਰ ਵਿਚ ਹੁਣ ਤੱਕ ਆਪ ਜੀ ਦੇ, ”ਮਹਿਕਦੇ ਹਸਤਾਖਰ”, ”ਤਲਖ਼ ਪਲ”, ”ਜਲ-ਤਰੰਗ”, ”ਵਿਅੰਗ ਲੀਲਾ”, ”ਚੁੱਪ ਦਾ ਸੰਗੀਤ”, ”ਸੋਨੇ ਦੀ ਸਲੀਬ”, ”ਉਮਰ ਦੇ ਵਰਕੇ” ਅਤੇ ”ਗ਼ਜ਼ਲ ਦੀ ਬਣਤਰ ਤੇ ਅਰੂਜ਼” ਆਦਿ ਗ਼ਜ਼ਲ-ਸੰਗ੍ਰਹਿ ਸਾਹਿਤ ਦੀ ਝੋਲ਼ੀ ਪੈ ਚੁੱਕੇ ਹਨ, ਜਿਹੜੇ ਕਿ ਨਵੀਆਂ ਕਲਮਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਜਦ ਕਿ, ”ਦਾਇਰਿਆਂ ਤੋਂ ਪਾਰ” (ਗ਼ਜ਼ਲ-ਸੰਗ੍ਰਹਿ) ਅਤੇ ”ਰਹਿ ਜਾਂਦੈਂ ਕੁੱਝ ਅਣ-ਕਿਹਾ” (ਦੋਹਾ-ਸੰਗ੍ਰਹਿ) ਉਨਾਂ ਦੀਆਂ ਪ੍ਰਕਾਸ਼ਨਾ ਅਧੀਨ ਪੁਸਤਕਾਂ ਹਨ। ਵਰਣਨ ਯੋਗ ਹੈ ਕਿ ਜਿੱਥੇ ਵੱਖ-ਵੱਖ ਸੰਸਥਾਵਾਂ ਆਪੋ-ਆਪਣੇ ਸਾਂਝੇ ਗ਼ਜ਼ਲ-ਸੰਗ੍ਰਹਾਂ ਵਿੱਚ ਭਨੋਟ ਜੀ ਦੀਆਂ ਗ਼ਜ਼ਲਾਂ ਸ਼ਾਮਲ ਕਰਨਾ ਆਪਣੀ ਸਾਂਝੀ ਪੁਸਤਕ ਦਾ ਮਿਆਰ ਉਚਾ ਹੋ ਗਿਆ ਸਮਝਦੀਆਂ ਹਨ, ਉਥੇ ਆਪਣੀਆਂ ਮੌਲਿਕ ਗ਼ਜ਼ਲ ਪੁਸਤਕਾਂ ਵਿਚ ਵੀ ਇਸ ਕਲਮ ਦੀ ਮੁੱਖ-ਬੰਧ ਦੇ ਰੂਪ ਵਿਚ ਸ਼ਬਦੀ-ਸਟੈਂਪ ਲਗਵਾਉਣੇ ਨੂੰ ਪੁਸਤਕ ਦਾ ਕੱਦ-ਬੁੱਤ ਉਚਾ ਹੋਣ ਦੇ ਨਾਲ-ਨਾਲ ਆਪਣੇ ਆਪ ਨੂੰ ਸੁਭਾਗਾ ਮੰਨਦੇ ਹਨ, ਲੇਖਕ। ਇਸ ਦੇ ਨਾਲ ਹੀ ਪੰਜਾਬ ਦੀਆਂ ਕਈ ਸਾਹਿਤ ਸਭਾਵਾਂ ਵਿੱਚ ਗ਼ਜ਼ਲ ਬਾਰੇ ਵਰਕਸ਼ਾਪ ਲਾਉਣ ਦਾ ਸੁਭਾਗ ਵੀ ਆਪ ਨੂੰ ਮਿਲ ਚੁੱਕਾ ਹੈ ।
ਬੇਸ਼ੱਕ ਆਪ ਜੀ ਦੀ ਹਰ ਪੁਸਤਕ ਸਿਖਿਆਰਥੀਆਂ ਲਈ ਲਾਹੇਵੰਦ ਰਹੀ ਹੈ, ਪਰ 2017 ਵਿੱਚ ਪ੍ਰਕਾਸ਼ਿਤ ਹੋਈ ਆਪ ਜੀ ਦੀ ਪੁਸਤਕ, ”ਗ਼ਜ਼ਲ ਦੀ ਬਣਤਰ ਤੇ ਅਰੂਜ਼” ਦੇ ਤਾਂ ਕਹਿਣੇ ਹੀ ਕਿਆ ਹਨ। ਇਹ ਪੁਸਤਕ ਗ਼ਜ਼ਲ ਲਿਖਣ ਵਾਲੇ ਸਿੱਖਿਆਰਥੀਆਂ ਲਈ ਕਦਮ-ਕਦਮ ‘ਤੇ ਅਗਵਾਈ ਕਰਦੀ ਅਧਿਆਪਕ ਦਾ ਕੰਮ ਦੇ ਰਹੀ ਹੈ। ਗ਼ਜ਼ਲ ਵਰਗੀ ਗੁੰਝਲਦਾਰ ਵਿਧਾ ਨੂੰ ਇਸ ਪੁਸਤਕ ਵਿੱਚ ਬਹੁਤ ਸਰਲ ਤਰੀਕੇ ਨਾਲ ਸਮਝਾਇਆ ਗਿਆ ਹੈ । ਪੜਦਿਆਂ ਇੰਝ ਲੱਗਦੈ ਜਿਵੇਂ ਭਨੋਟ ਜੀ ਸਾਖ਼ਸ਼ਾਤ ਸਾਹਮਣੇ ਖੜੇ ਪੜਾ ਰਹੇ ਹੋਣ। ਗ਼ਜ਼ਲ ਦੀਆਂ ਜੋ ਬਰੀਕੀਆਂ ਨਵੇਂ ਲੇਖਕਾਂ ਨੂੰ ਡਰਾਉਂਦੀਆਂ ਸਨ, ਉਹ ਡਰ ਅਤੇ ਸਾਰੇ ਸ਼ੰਕੇ ਇਹ ਪੁਸਤਕ ਦੂਰ ਕਰ ਦਿੰਦੀ ਹੈ। ਬਹੁਤ ਸਾਰੇ ਗ਼ਜ਼ਲ ਲਿਖਣ ਦੇ ਚਾਹਵਾਨ ਇਸ ਪੁਸਤਕ ਦੇ ਸਹਾਰੇ ਨਾਲ ਹੀ ਗ਼ਜ਼ਲਗੋਆਂ ਦੀ ਕਤਾਰ ਵਿਚ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ।
ਸ਼ਾਲਾ ! ਪੰਜਾਬੀ ਗ਼ਜ਼ਲ ਦੇ ਸਤੰਭ, ਨਵੇਂ ਲੇਖਕਾਂ ਦੇ ਰਾਹ-ਦਸੇਰਾ ਅਤੇ ਗਜ਼ਲ ਦਾ ਸਿਰਨਾਵਾਂ ਬਣੇ ਕ੍ਰਿਸ਼ਨ ਭਨੋਟ ਜੀ ਦੀ ਉਮਰ ਲੋਕ-ਗੀਤਾਂ ਦੇ ਹਾਣਦੀ ਹੋ ਗੁਜ਼ਰੇ, ਇਸ ਮਾਣ-ਮੱਤੇ ਗ਼ਜ਼ਲਗੋ ਲਈ ਤਾਰਿਆਂ ਦੇ ਭਰਵੇਂ ਅੰਬਰ ਜਿੰਨੀਆਂ ਦੁਆਵਾਂ ਤੇ ਸ਼ੁਭ ਇਛਾਵਾਂ ਹਨ, ਮੇਰੀਆਂ।
-ਪ੍ਰੀਤਮ ਲੁਧਿਆਣਵੀ (ਚੰਡੀਗੜ), 98764-28641
ਸੰਪਰਕ : ਕ੍ਰਿਸ਼ਨ ਭਨੋਟ, ਕੈਨੇਡਾ, ੬੦੪-੩੧੪-੭੨੭੯

Leave a Reply

Your email address will not be published. Required fields are marked *