ਕੁਲਫੀ ਵਾਲਾ ਭਾਈ
ਬੂਟਾ ਗੁਲਾਮੀ ਵਾਲਾ ਕੋਟ ਈਸੇ ਖਾਂ ਮੋਗਾ

ਠੰਡੀ ਠਾਰ, ਕੁਲਫੀ ਦਾ ਹੋਕਾ, ਜਦੋ ਭਾਈ ਨੇ ਲਾਇਆ
ਰੰਗ ਬਰੰਗੀਆਂ ਕੁਲਫੀਆਂ ਲੈ ਕੇ, ਪਿੰਡ ਸਾਡੇ ਵਿੱਚ ਆਇਆ
ਸੁਣ ਅਵਾਜ਼ ਭਾਈ ਦੀ ਬੱਚੇ, ਫਿਰਨ ਮਾਰਦੇ ਛਾਲਾਂ
ਸੱਚ ਪੁੱਛੋ ਤਾ ਸਭ ਦੇ ਮੁੰਹੋ,
ਫਿਰਨ ਵਗਦੀਆਂ ਲਾਲਾਂ
ਹੋਕਾ ਸੁਣ ਕੇ ਉਹਦਾ ਬੱਚੇ,
ਭੱਜੇ ਭੱਜੇ ਆਉਂਦੇ
ਝੋਲੀਆਂ ਵਿੱਚ ਪਵਾ ਕੇ ਦਾਣੇ, ਮਾਵਾਂ ਤੋ ਲਿਆਉਂਦੇ
ਬੱਚੇ ਲਾਉਣ ਅਵਾਜ਼ਾਂ ਭਾਈ, ਲੱਗੇ ਬੜਾ ਪਿਆਰਾ
ਚੂਸ ਚੂਸ ਕੇ ਖਾਣ ਕੁਲਫੀਆਂ, ਆਉਂਦਾ ਬੜਾ ਨਜ਼ਾਰਾ
ਬੱਚਿਆਂ ਵਾਂਗੂ ਵੱਡੇ ਵੀ ਤਾ,
ਆਪਣਾ ਜੀ ਪਰਚਾਂਦੇ
ਬੱਚਿਆਂ ਵਾਂਗੂ ਰੰਗ ਬਰੰਗੀਆਂ, ਆਪ ਕੁਲਫੀਆਂ ਖਾਂਦੇ
ਤਿਖੜ ਦੁਪਿਹਰਾਂ ਮੁੰਹ ਉਹਦੇ ਤੋ, ਮਨ ਮਨ ਮੁੜਕਾ ਚੋਵੇ
ਸਾਫੇ ਦੇ ਨਾਲ ਪੂੰਝੇ ਮੁੜਕਾ,
ਜਿਥੇ ਜਾ ਖਲੋਵੇ
ਦੂਜਿਆਂ ਨੂੰ ਉਹ ਠੰਡਕ ਵੰਡੇ, ਗਰਮੀ ਦਾ ਸਤਾਇਆ
ਰੱਖ ਕੇ ਖੁਰਜੀ ਕਲਫੀਆਂ ਵਾਲੀ, ਸਾਇਕਲ ਉੱਤੇ ਲਿਆਇਆ
ਰੰਗ ਬਰੰਗੀਆਂ ਕੁਲਫੀਆਂ ਉਨੇ, ਖੁਰਜ਼ੀ ਦੇ ਵਿਚ ਪਾਈਆਂ
ਮਿਠੀਆਂ ਮਿੱਠੀਆ ਕੁਲਫੀਆ ਉਨੇ,
ਬੱਚਿਆਂ ਹੱਥ ਫੜਾਈਆਂ
ਕਣਕ ਵੱਢਦਿਆ ਕੁਲਫੀ ਵਾਲਾ, ਜਦੋ ਰਾਹ ਤੋ ਲੰਘੇ
ਓਸ ਸਮੇ ਫਿਰ ਵੱਡਾ ਛੋਟਾ,
ਹਰ ਕੋਈ ਕੁਲਫੀ ਮੰਗੇ
ਗਿੱਠ ਤੋ ਲੰਮੀ ਕੁਲਫੀ ਖਾ ਕੇ,
ਠੰਡ ਕਾਲਜੇ ਪੈਂਦੀ
ਉਹਦੇ ਨਿਤ ਨਿਤ ਆਵਣ ਦੀ, ਤਾਘ ਬੜੀ ਸੀ ਰਹਿੰਦੀ
ਦਾਣੇ ਲੈ ਕੇ ਦਿੰਦਾ ਕੁਲਫੀ,
ਨਾ ਕੋਈ ਪੈਸਾ ਧੇਲਾ
ਕਦੇ ਕਦੇ ਉਹ ਇਕੋ ਪਿੰਡ ਤੋ,
ਹੋ ਜਾਂਦਾ ਸੀ ਵਿਹਲਾ
ਰੰਗ ਬਰੰਗੀਆਂ ਕੁਲਫੀਆਂ ਵਾਗੂੁ, ਰੁੱਤਾਂ ਬਹੁਤ ਹੰਢਾਈਆਂ
ਅਜ ਵੀ ਮੈਨੂੰ ਉਹ ਕੁਲਫੀਆਂ, ਯਾਦ ਬੜਾ ਹੀ ਆਈਆਂ
ਓਸ ਭਾਈ ਦੇ ਵਾਂਗੂ ਹੀ ਜਿੰਦੜੀ, ਅੱਗੇ ਤੁਰਦੀ ਜਾਂਦੀ
ਤੇ ਕੁਲਫੀ ਦੇ ਵਾਂਗੂ ਹੁਣ ਤਾ, ਜਿੰਦਗੀ ਖੁਰਦੀ ਜਾਂਦੀ
ਅੱਜ ਭਾਵੇ ਨੇ ਲੱਖਾਂ ਕੁਲਫੀਆਂ, ਨਵੀਆਂ ਨਵੀਆਂ ਆਈਆਂ
ਗੁਲਾਮੀ ਵਾਲਿਆਂ ਉਨ੍ਹਾਂ ਵਰਗੀਆਂ ਕੁਲਫੀਆਂ ਨਹੀ ਥਿਆਈਆਂ
9417197395