ਪੰਜਾਬੀ ਕਹਾਣੀ ਦਾ ਯੱਕਾ ਕੁਲਵੰਤ ਸਿੰਘ ਵਿਰਕ

ਸਾਲ 2021 ਪੰਜਾਬੀ ਦੇ ਮਿਸਾਲੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ (ਜਨਮ 20 ਮਈ 1921) ਦਾ ਜਨਮ ਸ਼ਤਾਬਦੀ ਵਰ੍ਹਾ ਹੈ। ਵਿਰਕ ਨੇ ਉੱਚਤਮ ਪੱਧਰ ਦੀਆਂ ਕਹਾਣੀਆਂ ਲਿਖ ਕੇ ਪੰਜਾਬੀ ਕਹਾਣੀ ਨੂੰ ਨਿਵੇਕਲੀ ਨੁਹਾਰ ਦਿੱਤੀ। ਉਹਦੀਆਂ ਲਿਖਤਾਂ ਅਤੇ ਸ਼ਖ਼ਸੀਅਤ ਬਾਰੇ ਬਹੁਤ ਸਾਰੇ ਦਿਸਚਸਪ ਕਿੱਸੇ ਹਨ ਜੋ ਵੱਖ ਵੱਖ ਲਿਖਾਰੀਆਂ ਅਤੇ ਸ਼ਖ਼ਸੀਅਤਾਂ ਨਾਲ ਸਿੱਧੇ ਅਸਿੱਧੇ ਜੁੜੇ ਹੋਏ ਹਨ। ਗੁਲਜ਼ਾਰ ਸਿੰਘ ਸੰਧੂ ਨੇ ਇਸ ਲੇਖ ਵਿਚ ਉਸ ਦੀ ਜੀਵਨ ਕਹਾਣੀ ਅਤੇ ਕਹਾਣੀ ਕਲਾ ਦੇ ਕੁਝ ਕੁ ਪੱਖਾਂ ਉਤੇ ਝਾਤੀ ਪਾਈ ਹੈ।

ਪਾਠਕਾਂ ਨੂੰ ਕੁਲਵੰਤ ਸਿੰਘ ਵਿਰਕ ਦਾ ਸੁਭਾਅ ਦੱਸਣ ਲਈ ਮੈਂ ਆਪਣੀ ਗੱਲ ਉਹਦੇ ਨਾਲ ਹੋਈ ਆਪਣੀ ਪਹਿਲੀ ਮੁਲਾਕਾਤ ਤੋਂ ਸ਼ੁਰੂ ਕਰਦਾ ਹਾਂ।

ਨਵੀਂ ਦਿੱਲੀ ਦੇ ਯਾਰਕ ਰੈਸਟੋਰੈਂਟ ਵਿਚ ਐੱਮਐੱਸ ਰੰਧਾਵਾ ਦੇ ਸਵਾਗਤ ਵਿਚ ਪਾਰਟੀ ਸੀ। ਰੰਧਾਵਾ ਨੇ ਛੀਂਟਕੇ ਜਿਹੇ ਸਰਦਾਰ ਨੂੰ ਇਸ਼ਾਰਾ ਕਰਕੇ ਆਪਣੇ ਨਾਲ ਦੀ ਸੀਟ `ਤੇ ਬਿਠਾ ਲਿਆ। ਸਾਰਾ ਅਰਸਾ ਹੋਰਨਾਂ ਦੀਆਂ ਸਾਹਬ ਸਲਾਮਾਂ ਦਾ ਉੱਤਰ ਤਾਂ ਦਿੱਤਾ ਪਰ ਗੱਲਾਂ ਛੋਟੀਆਂ ਅੱਖਾਂ ਵਾਲੇ ਉਸ ਬੰਦੇ ਨਾਲ ਹੀ ਕਰਦਾ ਰਿਹਾ। ਪਤਾ ਲੱਗਿਆ, ਇਹ ਕੁਲਵੰਤ ਸਿੰਘ ਵਿਰਕ ਸੀ। ਉਹ ਪੰਜਾਬ ਤੋਂ ਦਿੱਲੀ ਗਿਆ ਹੋਇਆ ਸੀ। ਸੰਨ 1957 ਦੀ ਗੱਲ ਹੋਵੇਗੀ।

“ਮੈਂ ਗੁਲਜ਼ਾਰ ਸਿੰਘ ਸੰਧੂ ਹਾਂ”, ਮੈਂ ਪਾਰਟੀ ਪਿੱਛੋਂ ਵਿਰਕ ਨਾਲ ਆਪਣੀ ਜਾਣ-ਪਛਾਣ ਕਰਵਾਈ। “ਮੈਂ ਜਾਣਨਾਂ”, ਉੱਤਰ ਮਿਲਿਆ। “ਮੈਂ ਰੰਧਾਵਾ ਦੇ ਦਫਤਰ ਭਾਰਤੀ ਖੇਤੀਬਾੜੀ ਖੋਜ ਕਾਉਂਸਲ ਵਿਚ ਸਬ ਐਡੀਟਰ ਹਾਂ”, ਮੇਰੀ ਉਸ ਦੇ ਛੋਟੇ ਉੱਤਰ ਨਾਲ ਤਸੱਲੀ ਨਹੀਂ ਸੀ ਹੋਈ। “ਮੈਨੂੰ ਪਤੈ।” ਫੇਰ ਦੋ ਹੀ ਸ਼ਬਦ।

ਏਨੇ ਨੂੰ ਗੁਰਮੁਖ ਸਿੰਘ ਜੀਤ ਆ ਗਿਆ ਤੇ ਵਿਰਕ ਦੀ ਸੱਜਰੀ ਕਹਾਣੀ ਬਾਰੇ ਕਹਿਣ ਲੱਗਿਆ, “ਤੁਹਾਡੀ ਕਹਾਣੀ ਦਾ ਅੰਤ ਠੀਕ ਸੀ, ਆਰੰਭ ਨਹੀਂ ਜਚਿਆ।” ਉਹ ਪੰਜਾਬੀ ਕਹਾਣੀਆਂ ’ਤੇ ਕਿਤਾਬ ਲਿਖ ਰਿਹਾ ਸੀ। “ਤਾਂ ਮੈਨੂੰ ਚਾਹੀਦਾ ਹੈ ਕਿ ਮੈਂ ਅੰਤ ਕੱਟ ਦਿਆਂ ਤੇ ਆਰੰਭ ਰੱਖ ਛੱਡਾਂ।” ਵਿਰਕ ਦਾ ਉੱਤਰ ਏਨਾ ਤਿੱਖਾ ਸੀ ਕਿ ਸਾਰੇ ਹੱਸ ਪਏ।

ਗੱਲਾਂ ਖੁੱਲ੍ਹਣ ਨਾਲ ਮੇਰਾ ਵੀ ਟੁੱਲਾ ਲੱਗ ਗਿਆ। ਅਸੀਂ ਪਹਿਲੀ ਮਿਲਣੀ ਵਿਚ ਹੀ ਇਕ ਦੂਜੇ ਦੇ ਨੇੜੇ ਹੋ ਗਏ।

ਛੇਤੀ ਹੀ ਸਾਡੀ ਦੋਹਾਂ ਦੀ ਦੋਸਤੀ ਅਖਾਣ ਬਣ ਗਈ। ਬਹੁਤੀ ਏਸ ਲਈ ਕਿ ਮੈਂ ਗ਼ਾਲਿਬ ਦੇ ਮਿਸਰੇ ‘ਅਗਲੇ ਜ਼ਮਾਨੇ ਮੇਂ ਕੋਈ ਮੀਰ ਭੀ ਥਾ’ ਵਿਚ ਮੀਰ ਦੀ ਥਾਂ ਵਿਰਕ ਭਰ ਲਿਆ ਸੀ। ਪੰਜਾਬੀ ਕਹਾਣੀ ਦੇ ਪ੍ਰਸੰਗ ਵਿਚ।

1965 ਵਿਚ ਵਿਰਕ ਦੀ ਬਦਲੀ ਦਿੱਲੀ ਦੀ ਹੋ ਗਈ। ਉਹ ਅਟੈਚੀ ਵਿਚ ਥੋੜ੍ਹੇ ਜਿਹੇ ਕੱਪੜੇ ਪਾ ਕੇ ਮੇਰੇ ਪੂਸਾ ਰੋਡ ਵਾਲੇ ਘਰ ਆ ਗਿਆ। ਬੱਚਿਆਂ ਦੇ ਇਮਤਿਹਾਨ ਹੋਣ ਤਕ ਉਹ ਮੇਰੇ ਕੋਲ ਹੀ ਰਿਹਾ। ਅਸੀਂ ਦੋਵੇਂ ਛੜਿਆਂ ਵਰਗੇ ਸਾਂ। ਮੇਰੇ ਕੋਲ ਮੇਰੀ ਛੋਟੀ ਭੈਣ ਗੁੱਡੀ (ਬਲਵਿੰਦਰ ਕੌਰ) ਸੀ। ਚਾਰ ਕਮਰੇ ਦਾ ਘਰ ਤੇ ਬੰਦੇ ਤਿੰਨ। ਗੁੱਡੀ ਨੇ ਪ੍ਰਾਈਵੇਟ ਵਿਦਿਆਰਥਣ ਵਜੋਂ ਦਸਵੀਂ ਦਾ ਇਮਤਿਹਾਨ ਦੇਣਾ ਸੀ।

ਇਕ ਵਾਰੀ ਵਿਰਕ ਆਪਣੀ ਖੇਤੀ ਦੇ ਕੰਮ ਯੂਪੀ ਗਿਆ ਹੋਇਆ ਸੀ ਤਾਂ ਮੇਰਾ ਮਿੱਤਰ ਰਾਜ ਗਿੱਲ ਆ ਗਿਆ। ਛੋਟੀ ਭੈਣ ਨੂੰ ਪੜ੍ਹਦੀ ਨੂੰ ਘਰ ਛੱਡ ਕੇ ਅਸੀਂ ਦੋਵੇਂ ਅਵਾਰਾਗਰਦੀ ਕਰਨ ਚਲੇ ਗਏ। ਬਾਹਰੋਂ ਤਾਲਾ ਲਾ ਗਏ ਕਿ ਕੁੜੀ ਦੀ ਪੜ੍ਹਾਈ ਵਿਚ ਵਿਘਨ ਪਾਉਣ ਵਾਲਾ ਨਾ ਆ ਜਾਏ ਕੋਈ। ਗਈ ਰਾਤ ਪਰਤੇ ਤਾਂ ਬਾਹਰਲੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਮੇਰੇ ਹੋਸ਼ ਉਡ ਗਏ। ਹੌਸਲਾ ਜਿਹਾ ਕਰਕੇ ਅੰਦਰ ਵੜਿਆ ਤਾਂ ਬਾਹਰਲੇ ਵਰਾਂਡੇ ਅਤੇ ਵਿਰਕ ਵਾਲੇ ਕਮਰੇ ਦੇ ਫਰਸ਼ ਉੱਤੇ ਵਿਰਕ ਤੋਂ ਇਲਾਵਾ ਚਾਰ ਬੰਦੇ ਹੋਰ ਲੇਟੇ ਹੋਏ ਸਨ। ਦੋ ਵਿਰਕ ਦੇ ਭਤੀਜੇ ਤੇ ਦੋ ਉਨ੍ਹਾਂ ਦੇ ਮਿੱਤਰ। ਮੈਂ ਗੁੱਡੀ ਦੇ ਕਮਰੇ ਵੱਲ ਵਧਿਆ ਤਾਂ ਉਹ ਅੰਦਰੋਂ ਕੁੰਡੀ ਲਾ ਕੇ ਘੂਕ ਸੁੱਤੀ ਪਈ ਸੀ। ਉਸ ਨੇ ਮੇਰੀ ਹਦਾਇਤ ਦੀ ਉਲੰਘਣਾ ਨਹੀਂ ਸੀ ਕੀਤੀ। ਮੇਰੇ ਕਮਰੇ ਵਿਚ ਮੇਰੀਆਂ ਵਸਤਾਂ ਹੋਣ ਕਾਰਨ ਕਮਰਾ ਖਾਲੀ ਸੀ। ਮੈਂ ਸੌਂ ਗਿਆ ਪਰ ਨਾ ਸੁੱਤਿਆਂ ਵਰਗਾ।

ਸਾਰੀ ਰਾਤ ਮੇਰੇ ਦਿਮਾਗ਼ ਵਿਚ ਵਿਰਕਾਂ ਦੀ ਉਸ ਬਹੂ ਦੀ ਗੱਲ ਘੁੰਮਦੀ ਰਹੀ ਜਿਸ ਦੇ ਘਰ ਸਵੇਰ ਦੀ ਚਾਹ ਤੋਂ ਪਿੱਛੋਂ ਚੀਨੀ ਮੁੱਕ ਚੁੱਕੀ ਸੀ। ਉਹ ਵੜੈਚਾਂ ਦੀ ਧੀ ਸੀ। ਆਪਣੇ ਪਤੀ ਨੂੰ ਚੀਨੀ ਯਾਦ ਕਰਵਾਈ ਜਾਵੇ। ਜਦੋਂ ਹਨੇਰਾ ਹੋਣ ਲੱਗਿਆ ਤਾਂ ਉਸ ਨੇ ਫੇਰ ਘਰ ਵਿਚ ਚੀਨੀ ਨਾ ਹੋਣ ਦੀ ਗੱਲ ਛੇੜ ਲਈ। ਪਤੀ ਪਹਿਲਾਂ ਹੀ ਸਤਿਆ ਬੈਠਾ ਸੀ। ਗੜ੍ਹਕ ਕੇ ਬੋਲਿਆ, “ਬਾਜ਼ਾਰ ਤਾਂ ਬੰਦ ਹੋਣ ਦੇ, ਖੰਡ ਦੀ ਪੂਰੀ ਬੋਰੀ ਲਿਆ ਦਿਆਂਗਾ।” ਇਹ ਗੱਲ ਵਿਰਕ ਨੇ ਮੈਨੂੰ ਆਪ ਹੀ ਦੱਸੀ ਸੀ। ਵਿਰਕਾਂ ਬਾਰੇ ਵਧੇਰੇ ਜਾਣਕਾਰੀ ਦੀ ਲੋੜ ਹੋਵੇ ਤਾਂ ਉਸ ਦੀ ਕਹਾਣੀ ‘ਓਪਰੀ ਧਰਤੀ` ਪੜ੍ਹ ਲੈਣਾ। ਸ਼ੇਖੂਪੁਰੇ ਤੋਂ ਏਧਰ ਆ ਕੇ ਵਸੇ ਵਿਰਕ ਜੱਟ ਦੀ ਹੈ। ਡੰਗਰ ਚੋਰੀ ਕਰਨ ਬਾਰੇ।

ਵਿਰਕ ਦਾ ਸੁਭਾਅ ਜਾਂਗਲ਼ੀਆਂ ਵਾਲਾ ਸੀ। ਉਹ ਖਾਂਦਾ ਘੱਟ ਸੀ ਤੇ ਤੁਰਦਾ ਬਹੁਤਾ। ਮੈਂ ਦੋਹਾਂ ਗੱਲਾਂ ਵਿਚ ਮਾਰ ਖਾਧੀ। ਦਿੱਲੀ ਵਿਚ ਉਸ ਦੀ ਡਿਊਟੀ ਆਕਾਸ਼ਵਾਣੀ ਦੇ ਸਮਾਚਾਰ ਸੈਕਸ਼ਨ ਵਿਚ ਲੱਗੀ ਤਾਂ ਉਸ ਨੇ ਸਵੇਰੇ ਚਾਰ ਵਜੇ ਦਫਤਰ ਪਹੁੰਚਣਾ ਹੁੰਦਾ ਸੀ। ਉਹ ਬਹੁਤ ਵਾਰੀ ਰੇਡੀਓ ਵਾਲਿਆਂ ਦੀ ਗੱਡੀ ਉਡੀਕੇ ਬਿਨਾਂ ਸਵੇਰੇ ਤਿੰਨ ਵਜੇ ਹੀ ਘਰੋਂ ਨਿਕਲ ਤੁਰਦਾ। ਰਾਜਿੰਦਰ ਨਗਰ ਤੋਂ ਰਿੱਜ, ਵਲਿੰਗਡਨ ਤੇ ਆਕਾਸ਼ਵਾਣੀ। ਚੰਡੀਗੜ੍ਹ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪ੍ਰੈੱਸ ਸਕੱਤਰ ਬਣਨ ਦੇ ਦਿਨਾਂ ਵਿਚ ਉੁਸ ਦੇ 35 ਸੈਕਟਰ ਵਾਲੇ ਆਪਣੇ ਘਰ ਤੋਂ ਸਕੱਤਰੇਤ ਨੂੰ ਤੁਰ ਕੇ ਜਾਣ ਦੇ ਕਿੱਸੇ ਵੀ ਆਮ ਹਨ।

ਉਸ ਦਾ ਕਹਾਣੀ ਲਿਖਣ ਦਾ ਢੰਗ ਨਿਰਾਲਾ ਸੀ। ਉਹ ਬਹੁਤੀ ਵਾਰੀ ਕਹਾਣੀ ਦਾ ਇਕ ਅੱਧ ਪੈਰਾ ਜਾਂ ਇਕ ਅੱਧ ਅੰਗ ਹੀ ਲਿਖਦਾ ਸੀ। ਕਈ ਵਾਰੀ ਪੂਰੀ ਕਰਨ ’ਤੇ ਨੌਂ-ਨੌਂ ਦਿਨ ਲਾ ਦਿੰਦਾ ਸੀ। ਉਸ ਦੇ ਲਿਖੇ ਪੈਰੇ ਉਸ ਦੇ ਸਰ੍ਹਾਣੇ ਥੱਲੇ ਜਾਂ ਬਿਸਤਰੇ ਦੀ ਤਹਿ ਵਿਚ ਮੁਚੜੇ ਹੋਏ ਮੈਨੂੰ ਹਰਬੰਸ ਭਾਬੀ ਨੇ ਦਿਖਾਏ ਸਨ।

ਇਹ ਤਰੀਕਾ ਸੀ ਤਰਤੀਬ ਨਹੀਂ। ਤਰਤੀਬ ਦੱਸਣ ਵਿਚ ਉਹ ਲਾਮਿਸਾਲ ਸੀ। ਮੀਟਿੰਗ ਹੋਵੇ ਜਾਂ ਮੁਕੱਦਮਾ, ਉਹ ਮਿੰਟ ਦਰ ਮਿੰਟ ਪ੍ਰੋਗਰਾਮ ਬਣਾਉਣ ਦਾ ਆਦੀ ਸੀ। ਹਦਾਇਤ ਅੰਨ੍ਹੇ ਨੂੰ ਰਸਤਾ ਦਿਖਾਉਣ ਵਾਲੀ। ਇਕ ਵਾਰੀ ਨਵਯੁਗ ਵਾਲੇ ਭਾਪਾ ਪ੍ਰੀਤਮ ਸਿੰਘ ਨੂੰ ਕਿਸੇ ਪੁਸਤਕ ਦੇ ਪਰੂਫ ਭੇਜਣੇ ਸਨ। ਮੈਂ ਇਹ ਕੰਮ ਆਪਣੇ ਜ਼ਿੰਮੇ ਲੈ ਲਿਆ। ਮੈਨੂੰ ਵਾਰ ਵਾਰ ਦੱਸੀ ਜਾਵੇ ਕਿ, “ਲਾਲ ਕਿਲ੍ਹੇ ਦੇ ਸਾਹਮਣੇ ਜੈਨ ਮੰਦਰ ਹੈ ਤੇ ਉਸ ਦੀ ਬਗਲ ਵਿਚ ਪਲੱਈਅਰ ਗਾਰਡਨ ਮਾਰਕੀਟ ਤੇ ਇਸ ਵਿਚ ਨਵਯੁਗ ਵਾਲਿਆਂ ਦੀ ਦੁਕਾਨ ਦਾ ਨੰਬਰ 10 ਬੀ ਹੈ। ਸੀਸ ਗੰਜ ਗੁਰਦੁਆਰੇ ਤੋਂ ਬਹੁਤ ਪਹਿਲਾਂ। ਸਾਈਕਲ ਮਾਰਕੀਟ ਤੇ ਮੰਦਰ ਦੇ ਅੱਧ ਵਿਚਕਾਰ।” ਇਹ ਗੱਲ ਓਦੋਂ ਦੀ ਹੈ ਜਦੋਂ ਮੈਨੂੰ ਦਿੱਲੀ ਰਹਿੰਦਿਆਂ ਵੀਹ ਸਾਲ ਹੋ ਚੁੱਕੇ ਸਨ ਤੇ ਮੈਂ ਮਹੀਨੇ ਵਿਚ ਪੰਜ ਸੱਤ ਵਾਰ ਨਵਯੁਗ ਪ੍ਰੈੱਸ ਜ਼ਰੂਰ ਜਾਂਦਾ ਸਾਂ।

ਮੈਂ ਆਪਣੇ ਵਿਆਹ ਤੋਂ ਪਹਿਲਾਂ ਆਪਣੀ ਹੋਣ ਵਾਲੀ ਪਤਨੀ ਉਸ ਨੂੰ ਦਿਖਾਣੀ ਚਾਹੀ ਤਾਂ ਬੋਲਿਆ, “ਤੈਨੂੰ ਪਸੰਦ ਹੈ ਤਾਂ ਪਾਧਾ ਨਾ ਪੁੱਛ। ਤੂੰ ਗਲੀਚਾ ਥੋੜ੍ਹੀ ਖਰੀਦਣੈ ਜਿਹਦੇ ਵਿਚ ਮੇਰੀ ਰਾਇ ਦੀ ਲੋੜ ਹੈ।” ਉਹ ਔਰਤ ਦੀ ਇੱਜ਼ਤ ਕਰਦਾ ਸੀ। ਬਹੁਤੀ ਚੰਗੀ ਦੀ ਬਹੁਤੀ।

ਜਿੱਥੋਂ ਤਕ ਕੁਲਵੰਤ ਸਿੰਘ ਵਿਰਕ ਦੀ ਕਹਾਣੀਕਾਰੀ ਦਾ ਸਬੰਧ ਹੈ, ਉਸ ਦੀ ਕਹਾਣੀ ਖਾਲਸ ਵੀ ਹੈ ਤੇ ਸਬੂਤੀ ਵੀ। ਖਾਲਸ ਏਸ ਲਈ ਕਿ ਇਹ ਜ਼ਿੰਦਗੀ ਦੇ ਸੱਚ ਨੂੰ ਬਿਆਨਦੀ ਹੈ ਤੇ ਸਬੂਤੀ ਏਸ ਲਈ ਕਿ ਇਸ ਨੂੰ ਜਿਵੇਂ ਹੈ ਤਿਵੇਂ ਪ੍ਰਵਾਨ ਕਰਨਾ ਪੈਂਦਾ ਹੈ। ਵਿਰਕ ਦੀ ਸਿਰਜਣ ਕਲਾ ਦੀ ਇਕ ਵੀ ਇੱਟ ਜਾਂ ਕੜੀ ਏਧਰ ਓਧਰ ਨਹੀਂ ਕੀਤੀ ਜਾ ਸਕਦੀ। ਇਮਾਰਤ ਖਿਸਕ ਸਕਦੀ ਹੈ ਤੇ ਸੰਗਲ਼ੀ ਟੁੱਟ ਸਕਦੀ ਹੈ। ਉਸ ਨੇ ਪੰਜਾਬੀ ਕਹਾਣੀ ਨੂੰ ਸੰਪੂਰਨਤਾ ਦਿੱਤੀ ਹੈ।

ਉਸ ਨੇ ਜ਼ਿੰਦਗੀ ਦੇ ਸੱਚ ਨੂੰ ਜਿਊਂਦੀ ਜਾਗਦੀ ਸਥਿਤੀ ਵਿਚ ਫੜਿਆ। ਉਸ ਦੇ ਬਿਆਨ, ਪੇਸ਼ਕਾਰੀ ਤੇ ਸ਼ਬਦਾਂ ਵਿਚ ਭੋਰਾ ਭਰ ਵੀ ਮਿਲਾਵਟ ਨਹੀਂ ਮਿਲਦੀ। ਜੇ ਹੈ ਤਾਂ ਪਤਾ ਨਹੀਂ ਲਗਦਾ। ਦੇਸ਼-ਵੰਡ ਤੋਂ ਪਹਿਲਾਂ ਦੀਆਂ ਮੁੱਢਲੀਆਂ ਕਹਾਣੀਆਂ ਵਿਚ ਜਾਤ-ਗੋਤ ਦਾ ਮਾਣ, ਪੇਂਡੂ ਮਰਯਾਦਾ, ਬਰਾਦਰੀ ਦੀ ਸਾਂਝ ਤੇ ਜਿਸ ਕਬੀਲੇ ਜਾਂ ਇਲਾਕੇ ਨਾਲ ਕੋਈ ਜੁੜਿਆ ਹੋਇਆ ਹੈ, ਉਸ ਦੀ ਬਿਹਤਰੀ ਤੇ ਵਿਕਾਸ ਨਾਲ ਪੈਰ ਮਿਲਾ ਕੇ ਤੁਰਨਾ ਉਸ ਦੀ ਰਚਨਾਕਾਰੀ ਦਾ ਵਿਲੱਖਣ ਗੁਣ ਹੈ। ‘ਉਜਾੜ’, ‘ਤੂੜੀ ਦੀ ਪੰਡ’, ‘ਪੰਜਾਹ ਰੁਪਏ’ ਤੇ ‘ਧਰਤੀ ਹੇਠਲਾ ਬੌਲਦ’ ਇਸ ਸਮੇਂ ਦੀਆਂ ਸਿਰਕੱਢ ਕਹਾਣੀਆਂ ਹਨ।

ਕੁਲਵੰਤ ਸਿੰਘ ਵਿਰਕ ਲਈ ਸੰਤਾਲੀ ਦੀ ਦੇਸ਼-ਵੰਡ ਬੇਹੱਦ ਓਪਰਾ ਵਰਤਾਰਾ ਸੀ। ਉਸ ਦੇ ਪਰਿਵਾਰ ਨੂੰ ਸ਼ੇਖੂਪੁਰੇ ਦੀਆਂ ਵਗਦੀਆਂ ਜ਼ਮੀਨਾਂ ਛੱਡ ਕੇ ਕਰਨਾਲ ਤੇ ਕੁਰੂਕਸ਼ੇਤਰ ਦੀ ਅੱਕ ਢੱਕ ਵਾਲੀ ਜ਼ਮੀਨ ਵਿਚ ਪੈਰ ਜਮਾਉਣੇ ਪਏ ਅਤੇ ਵਡੇਰੇ ਖੇਤਾਂ ਦੀ ਭਾਲ਼ ਵਿਚ ਬਹੁਤੇ ਵਿਰਕਾਂ ਨੇ ਮੁੜ ਏਥੋਂ ਵਾਲੀਆਂ ਜ਼ਮੀਨਾਂ ਵੇਚ ਕੇ ਏਥੋਂ ਨਾਲੋਂ ਵੀ ਮਾੜੀ ਤੇ ਅਣ-ਉਪਜਾਊ ਧਰਤੀ ਵਿਚ ਯੂਪੀ ਦੀ ਪੰਤ ਨਗਰ ਤੇ ਰੁਦਰਪੁਰ ਦੀ ਜ਼ਮੀਨ ਖਰੀਦ ਲਈ ਤੇ ਉੱਥੋਂ ਦੇ ਹੀ ਹੋ ਕੇ ਰਹਿ ਗਏ। ਦੇਸ਼-ਵੰਡ ਨਾਲ ਵਿਰਕ ਦੀ ਇਕ ਸਾਂਝ ਇਹ ਵੀ ਸੀ ਕਿ ਉਹ ਕੁਝ ਸਮਾਂ ਪਾਕਿਸਤਾਨ ਰਹਿ ਗਈਆਂ ਹਿੰਦੂ, ਸਿੱਖ ਔਰਤਾਂ ਦੇ ਮੁੜ ਵਸੇਬੇ ਲਈ ਲੀਆਜ਼ਾਂ ਅਫਸਰ ਵੀ ਤਾਇਨਾਤ ਰਿਹਾ। ਦੂਜੇ ਪੜਾਅ ਵਿਚ ਲਿਖੀਆਂ ਉਸ ਦੀਆਂ ਬਹੁਤੀਆਂ ਕਹਾਣੀਆਂ ਵੰਡ ਤੋਂ ਉਪਜੇ ਕੌੜੇ ਕਸੈਲੇ ਅਨੁਭਵ ਦੀ ਦੇਣ ਹਨ। ‘ਓਪਰੀ ਧਰਤੀ`, ‘ਮੈਨੂੰ ਜਾਣਨੈ`, ‘ਖੱਬਲ` ਤੇ ‘ਮੁਰਦੇ ਦੀ ਤਾਕਤ` ਇਸ ਦੌਰ ਦੀਆਂ ਮੁੱਖ ਕਹਾਣੀਆਂ ਹਨ।

ਵਿਰਕ-ਰਚਨਾਕਾਰੀ ਦਾ ਅਗਲਾ ਪੜਾਅ ਸੁਤੰਤਰ ਭਾਰਤ ਵਿਚ ਆ ਰਹੀ ਸਮਾਜਿਕ ਤੇ ਆਰਥਿਕ ਤਬਦੀਲੀ ਨਾਲ ਸਬੰਧ ਰੱਖਦਾ ਹੈ। ਸਾਈਕਲਾਂ ’ਤੇ ਚੜ੍ਹ ਕੇ ਪਿੰਡਾਂ ਦੇ ਓਭੜ ਪੈਂਡੇ ਤੈਅ ਕਰਦੀਆਂ ਉਸਤਾਨੀਆਂ ਉਹਦੇ ਲਈ ਸ਼ੇਰਨੀਆਂ ਸਨ ਤੇ ਆਪਣੇ ਇਲਾਕੇ ਦੀ ਸਿਹਤ ਤੇ ਸਮਾਜਕ ਚੰਗਿਆਈ ਉੱਤੇ ਪਹਿਰਾ ਦੇਣ ਵਾਲੀ ਡਾਕਟਰ ਔਰਤ ਉਸਦੇ ਸਤਿਕਾਰ ਦੀ ਪਾਤਰ। ‘ਸ਼ੇਰਨੀਆਂ’ ਤੇ ‘ਨਮਸਕਾਰ’ ਵਿਚ ਇਸ ਮਾਣ ਮਰਯਾਦਾ ਦੀ ਪੇਸ਼ਕਾਰੀ ਹੈ।

ਕੁਲਵੰਤ ਸਿੰਘ ਵਿਰਕ ਦੀ ਸਿਰਜਣ ਕਲਾ ਦਾ ਆਖਰੀ ਦੌਰ ਸਿਆਣਪਾਂ ਭਰਿਆ ਹੈ। ਜ਼ਿੰਦਗੀ ਦੇ ਬਹੁਤ ਵਧੀਆ ਪਲਾਂ ਦੀ ਪੇਸ਼ਕਾਰੀ ਭਾਵੇਂ ਸ਼ੁਰੂ ਤੋਂ ਹੀ ਉਸ ਦੇ ਅੰਗ ਸੰਗ ਰਹੀ ਪਰ ਅੰਤਲੇ ਦੌਰ ਵਿਚ ਜਿਹੜਾ ਦਿੱਲੀ ਤੇ ਚੰਡੀਗੜ੍ਹ ਦੇ ਮਹਾਂਨਗਰਾਂ ਵਿਚ ਲੰਘਿਆ, ਵਿਰਕ ਦੀ ਬਾਰੀਕਬੀਨੀ ਸ਼ਹਿਰੀ ਜੀਵਨ ਦੇ ਉਤਰਾਵਾਂ-ਚੜ੍ਹਾਵਾਂ ਤੇ ਗ਼ਮੀਆਂ ਖੁਸ਼ੀਆਂ ਨੂੰ ਫੜਦੀ ਹੈ। ‘ਮੈਂ ਹੁਣ ਬਹੁਤ ਖੁਸ਼ ਹਾਂ’, ‘ਨਵੇਂ ਲੋਕ’, ‘ਰਸ ਭਰੀਆਂ’ ਤੇ ‘ਘੁੰਡ’ ਇਸ ਪੜਾਅ ਦੀਆਂ ਚਰਚਿਤ ਤੇ ਅਹਿਮ ਕਹਾਣੀਆਂ ਹਨ।

ਕੁਲਵੰਤ ਸਿੰਘ ਵਿਰਕ ਦੀ ਰਚਨਾਕਾਰੀ ਦਾ ਮੁਖ ਗੁਣ ਘਟਨਾਵਾਂ ਦੀ ਗੋਂਦ ਨਾਲੋਂ ਪਾਤਰ ਦੀ ਹੋਂਦ ਤੇ ਹਉਂ ਨਾਲ ਸਬੰਧ ਰਖਦਾ ਹੈ। ਉਸ ਦੇ ਪਾਤਰ ਦਿਲ ਗੁਰਦੇ ਵਾਲੇ ਲੋਕ ਹਨ ਜਿਨ੍ਹਾਂ ਨੂੰ ਆਪਣੇ ਕਸਬ ਤੇ ਮਾਣ ਮਰਯਾਦਾ ਉੱਤੇ ਗਰਬ ਹੈ। ‘ਉਜਾੜ’ ਵਿਚਲਾ ਆਲਾ ਸਿੰਘ, ‘ਧਰਤੀ ਹੇਠਲਾ ਬੌਲਦ’ ਵਿਚਲਾ ਕਰਮ ਸਿੰਘ ਦਾ ਪਿਤਾ ਜਾਂ ‘ਤੂੜੀ ਦੀ ਪੰਡ’ ਵਾਲਾ ਬਹਾਦਰ ਸਿੰਘ ਚੱਠਾ ਆਪਣੀ ਜਾਤ ਬਰਾਦਰੀ ਦੇ ਰਾਖੇ ਹਨ ਤੇ ਔਖੀ ਘੜੀ ਨੂੰ ਆਪਣੇ ਮੋਢਿਆਂ ਉੱਤੇ ਚੁੱਕਣ ਦੇ ਮਾਹਰ। ਨਵੇਂ ਯੁਗ ਦੀਆਂ ਡਾਕਟਰਨੀਆਂ ਤੇ ਅਧਿਆਪਕਾਵਾਂ ਵਿਚ ਵੀ ਇਹੀਓ ਗੁਣ ਪ੍ਰਧਾਨ ਹੈ। ਵਿਗੜੀ ਹੋਈ ਸਥਿਤੀ ਤੇ ਮਾੜੇ ਹਾਲਾਤ ਦਾ ਟਾਕਰਾ ਕਿਵੇਂ ਕਰਨਾ ਹੈ, ‘ਪੰਜਾਹ ਰੁਪਏ’ ਵਿਚਲੇ ਬੱਖਾ ਸਿੰਘ, ‘ਦੁੱਧ ਦਾ ਛੱਪੜ’ ਵਿਚਲੇ ਲਾਲ ਤੇ ‘ਖੱਬਲ’ ਦੀ ਹਨੇਰੀ ਕੋਠੜੀ ਵਾਲੀ ਨਾਇਕਾ ਤੋਂ ਸਿੱਖਿਆ ਜਾ ਸਕਦਾ ਹੈ। ਇਹ ਸਾਰੇ ਪਾਤਰ ਕੁਲਵੰਤ ਸਿੰਘ ਵਿਰਕ ਦੇ ਸਮਿਆਂ ਦੇ ਜਿਊਂਦੇ ਜਾਗਦੇ ਪਾਤਰ ਹਨ। ਸਮਾਜ ਸੁਧਾਰਕ ਇਨ੍ਹਾਂ ਦੀ ਪੈੜ ਨੱਪ ਕੇ ਵੀਹਵੀਂ ਸਦੀ ਦੇ ਦੂਜੇ ਅੱਧ ਦਾ ਸਮਾਜਕ ਵਿਕਾਸ ਨਾਪ ਸਕਦੇ ਹਨ ਤੇ ਇਤਿਹਾਸਕਾਰ ਏਸ ਕਾਲ਼ ਦੀ ਇਤਿਹਾਸਕ ਉੱਥਲ ਪੁੱਥਲ।

ਕੁਲਵੰਤ ਸਿੰਘ ਵਿਰਕ ਨੇ ਨਿੱਕੀ ਕਹਾਣੀ ਦੀ ਕਲਾ ਨੂੰ ਪਰਪੱਕ ਹੀ ਨਹੀਂ ਕੀਤਾ ਸਗੋਂ ਆਪਣੇ ਪੈਰਾਂ ਉੱਤੇ ਖਲੋਣਾ ਵੀ ਸਿਖਾਇਆ। ਪ੍ਰਗਤੀਵਾਦੀ ਦੌਰ ਦਾ ਉਹ ਇਕੋ-ਇਕ ਕਹਾਣੀਕਾਰ ਹੈ ਜਿਸ ਨੇ ਡਾਂਗ ਸੋਟੇ ਤੇ ਰਫਲਾਂ ਬੰਦੂਕਾਂ ਦੀ ਟੇਕ ਲਏ ਬਿਨਾਂ ਸੁਹਣੇ ਸੁਚੱਜੇ ਤੇ ਵਿਕਸਤ ਸਮਾਜ ਦਾ ਸੁਪਨਾ ਲਿਆ।

ਵਿਰਕ ਪੰਜਾਬੀ ਕਹਾਣੀ ਦਾ ਬਾਦਸ਼ਾਹ ਨਹੀਂ, ਯੱਕਾ ਸੀ। ਜੇ ਵੀਹਵੀਂ ਸਦੀ ਦੀਆਂ ਇਕ ਦਰਜਨ ਪੰਜਾਬੀ ਕਹਾਣੀਆਂ ਦੀ ਚੋਣ ਕਰਨੀ ਹੋਵੇ ਤਾਂ ਉਹਦੀਆਂ ਦੋ ਤੋਂ ਵੱਧ ਵੀ ਹੋ ਸਕਦੀਆਂ। ਉਸ ਦੀ ਕਹਾਣੀ ਦਾ ਵਿਸਤਾਰ ਛੋਟਾ ਹੈ ਪਰ ਅਰਥ ਵੱਡੇ। ਉਹ ਸਾਡੇ ਸਮਿਆਂ ਦਾ ਸਿਰਮੌਰ ਕਹਾਣੀਕਾਰ ਸੀ ਤੇ ਸਦਾ ਬਣਿਆ ਰਹੇਗਾ।

20 ਮਾਰਚ 1986 ਬਹੁਤ ਮਾੜਾ ਦਿਨ ਸੀ। ਹਰਬੰਸ ਭਾਬੀ ਦਾ ਟੈਲੀਫੋਨ ਆਇਆ, “ਇਨ੍ਹਾਂ ਨੂੰ ਕੁਝ ਹੋ ਗਿਆ ਹੈ। ਤੂੰ ਸਿੱਧਾ ਪੀਜੀਆਈ ਪਹੁੰਚ।” ਮੈਂ ਗਿਆ, ਵਿਰਕ ਸਟਰੈਚਰ ’ਤੇ ਪਿਆ ਸੀ। ਬੇਵਸ ਤੇ ਚੁੱਪਚਾਪ। ਜਿਵੇਂ ਕੋਈ ਵੀ ਅੰਗ ਨਾ ਚੱਲ ਰਿਹਾ ਹੋਵੇ। ਕੇਵਲ ਅੱਖਾਂ ਖੁੱਲ੍ਹੀਆਂ ਸਨ। ਮਰੀਜ਼ਾਂ ਦੀ ਭੀੜ ਦਾ ਅੰਤ ਨਹੀਂ ਸੀ। ਵੱਡੀ ਦੁਰਘਟਨਾ ਤੋਂ ਪਿੱਛੋਂ ਵਾਲਾ ਹਾਲ ਸੀ। ਡਾਕਟਰ ਤੇ ਨਰਸਾਂ ਇਕ ਇਕ ਦਾ ਮੂੰਹ ਦੇਖ ਕੇ ਅੱਗੇ ਲੰਘੀ ਜਾਂਦੇ ਸਨ। ਜਦੋਂ ਭਾਬੀ ਏਧਰ-ਓਧਰ ਹੋਈ ਤਾਂ ਵਿਰਕ ਨੇ ਆਪਣੇ ਪੈਰਾਂ ਵੱਲ ਇਸ਼ਾਰਾ ਕੀਤਾ। ਮੈਂ ਪੈਰ ਢਕ ਦਿੱਤੇ। ਉਸ ਨੇ ਇਸ਼ਾਰਾ ਦੁਹਰਾਇਆ ਪਰ ਮੈਨੂੰ ਸਮਝ ਨਾ ਆਇਆ। ਕੁਝ ਕਹਿ ਰਿਹਾ ਸੀ ਜੋ ਮੇਰੀ ਸਮਝ ਤੋਂ ਬਾਹਰ ਸੀ। ਬੇਵਸ ਹੋ ਕੇ ਉਸ ਨੇ ਕੰਧ ਵੱਲ ਮੂੰਹ ਫੇਰ ਲਿਆ। ਉਦੋਂ ਹੀ ਪਤਾ ਲੱਗਿਆ ਜਦੋਂ ਸਟਰੈਚਰ ਦੇ ਥੱਲੇ ਪਾਣੀ ਦੀ ਘਰਾਲ਼ ਵਗ ਤੁਰੀ। ਪਤਾ ਨਹੀਂ ਕਿੰਨੇ ਚਿਰ ਤੋਂ ਪਿਸ਼ਾਬ ਨਹੀਂ ਸੀ ਕੀਤਾ। ਮੈਨੂੰ ਅਫਸੋਸ ਕਿ ਉਸ ਦਾ ਇਸ਼ਾਰਾ ਨਹੀਂ ਸੀ ਫੜਿਆ। ਕੰਧ ਵਾਲੇ ਪਾਸੇ ਜਾ ਕੇ ਉਸ ਦਾ ਮੂੰਹ ਦੇਖਿਆ ਤਾਂ ਉਸ ਦੀਆਂ ਦੋਹਾਂ ਅੱਖਾਂ ਵਿਚ ਦੋ ਹੰਝੂ ਸਨ। ਧਰਤੀ ਡਿੱਗ ਚੁੱਕੀ ਸੀ ਤੇ ਬੌਲਦ ਢਹਿ ਚੁੱਕਾ ਸੀ। ਉਸ ਦੇ ਸਿੰਗ ਆਠਰੇ ਪਏ ਸਨ ਹੰਝੂਆਂ ਵਰਗੇ। ਸਟਰੈਚਰ ਥੱਲੇ ਵਗਦਾ ਪਾਣੀ ਉਸ ਦੁੱਧ ਵਰਗਾ ਸੀ ਜਿਹੜਾ ਉਸ ਦੀ ਇਕ ਕਹਾਣੀ ਵਿਚ ਮੀਂਹ ਦੇ ਪਾਣੀ ਨਾਲ ਰਲ਼ ਕੇ ਛੱਪੜ ਜਿੱਡਾ ਹੋਇਆ ਦੱਸਿਆ ਗਿਆ ਸੀ।

1987 ਦੀ ਕ੍ਰਿਸਮਸ ਦਾ ਦਿਨ ਇਸ ਤੋਂ ਵੀ ਮਾੜਾ ਸੀ। ਮੈਂ ‘ਪੰਜਾਬੀ ਟ੍ਰਿਬਿਊਨ’ ਦੀ ਨੌਕਰੀ ਤੋਂ ਫਰਲੋ ’ਤੇ ਸਾਂ। 31 ਦਸੰਬਰ ਨੂੰ ਮੇਰੀ ਪੱਕੀ ਛੁੱਟੀ ਹੋ ਜਾਣੀ ਸੀ। ਘਰ ਹੀ ਕੌੜੇ ਪਾਣੀ ਦੀਆਂ ਦੋ ਘੁੱਟਾਂ ਭਰੀਆਂ ਕਿ ਟੈਲੀਫੋਨ ਦੀ ਲੰਮੀ ਹੇਕ ਵਾਲੀ ਘੰਟੀ ਵੱਜੀ। ਕੈਨੇਡਾ ਤੋਂ ਹਰਬੰਸ ਭਾਬੀ ਸੀ। ਕੁਲਵੰਤ ਸਿੰਘ ਵਿਰਕ ਦੀ ਪਤਨੀ। “ਗੁਲਜ਼ਾਰ ਤੇਰਾ ਭਰਾ ਪੂਰਾ ਹੋ ਗਿਐ।” ਇਸ ਤੋਂ ਅੱਗੇ ਉਹ ਬੋਲ ਨਹੀਂ ਸੀ ਸਕੀ।

ਮੈਂ ਅਣਮੰਨੇ ਜਿਹੇ ਮਨ ਨਾਲ ਪੰਜਾਬੀ ਵਾਲੇ ਡੈਸਕ ’ਤੇ ਟੈਲੀਫੋਨ ਕੀਤਾ ਤਾਂ ਗੁਰਦਿਆਲ ਬਲ ਸੁਣਦੇ ਸਾਰ ਮੇਰੇ ਘਰ ਆ ਗਿਆ। ਮੈਥੋਂ ਕਾਗਜ਼ ਪੈਨਸਲ ਤੇ ਪੈੱਗ ਲੈ ਕੇ ਖ਼ਬਰ ਲਿਖਣ ਲੱਗ ਪਿਆ। ਪੰਜਾਬੀ ਕਹਾਣੀ ਦਾ ਚੈਖੋਵ ਨਹੀਂ ਰਿਹਾ। ਮੈਂ ਬੇਫ਼ਿਕਰ ਹੋ ਗਿਆ। ਬਹੁਤਾ ਏਸ ਲਈ ਕਿ ਮੈਥੋਂ ਵਿਰਕ ਦੀ ਅੰਤਮ ਦਿਨਾਂ ਦੀ ਬੇਵਸੀ ਦੇਖੀ ਨਹੀਂ ਸੀ ਜਾਂਦੀ।

ਮੇਰੇ ਜੀਵਨ ਵਿਚ ਐੱਮਐੱਸ ਰੰਧਾਵਾ ਤੇ ਵਿਰਕ ਦਾ ਦਖਲ ਮੇਰੀ ਘਰਵਾਲੀ ਨਾਲੋਂ ਵੀ ਵੱਧ ਸੀ। ਮੈਨੂੰ ਇਹ ਦੱਸਣ ਵਿਚ ਵੀ ਝਿਜਕ ਨਹੀਂ ਕਿ 3 ਮਾਰਚ 1986 ਅਤੇ 24 ਦਸੰਬਰ 1987 ਉਹਨਾਂ ਦੇ ਸਦੀਵੀ ਵਿਛੋੜੇ ਦੇ ਦਿਨ ਇਕ ਤਰ੍ਹਾਂ ਮੇਰੀਆਂ ਆਪਣੀਆਂ ਮੌਤਾਂ ਦੇ ਦਿਨ ਸਨ। ਪਹਿਲੀ ‘ਪੰਜਾਬੀ ਟ੍ਰਿਬਿਊਨ` ਦੇ ਸੰਪਾਦਕ ਵਜੋਂ ਤੇ ਦੂਜੀ ਕਹਾਣੀਕਾਰ ਵਜੋਂ।

ਹੁਣ ਇਕ ਉਹ ਗੱਲ ਜਿਸ ਦਾ ਕੱਲ੍ਹ ਤਕ ਮੈਨੂੰ ਵੀ ਪਤਾ ਨਹੀਂ ਸੀ। ਇਸ ਦਾ ਸਬੰਧ ਵਿਰਕ ਦੇ ਅੰਤਲੇ ਸਮੇਂ ਨਾਲ ਹੈ। ਉਹ ਅਧਰੰਗ ਦਾ ਸ਼ਿਕਾਰ ਹੋਣ ਕਾਰਨ ਅੰਤਾਂ ਦਾ ਲਾਚਾਰ ਸੀ। ਘਰੋਂ ਬਾਹਰ ਨਹੀਂ ਸੀ ਜਾ ਸਕਦਾ। ਇਕ ਵਾਰੀ ਹਰਬੰਸ ਭਾਬੀ ਦੇ ਕਹਿਣ ਉੱਤੇ ਮੈਂ ਉਸ ਨੂੰ ਆਪਣੀ ਕਾਰ ਵਿਚ ਬਿਠਾ ਕੇ ਬਾਹਰਲੀ ਦੁਨੀਆ ਦਿਖਾਉਣ ਤੁਰਿਆ। ਉਹ ਵਾਰ ਵਾਰ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਕਾਰ ਖੜ੍ਹੀ ਕਰ ਲਈ ਤੇ ਪੁੱਛਿਆ, “ਬਾਹਰ ਬੈਠਣ ਨੂੰ ਜੀਅ ਕਰਦਾ ਹੈ।” ਇਸ਼ਾਰੇ ਨਾਲ ਦਿੱਤਾ ਉਸ ਦਾ ਉੱਤਰ ਨਾਂਹ ਵਿਚ ਸੀ। ਪ੍ਰਤੱਖ ਸੀ ਕਿ ਉਹ ਦੁਖੀ ਤਾਂ ਸੀ ਪਰ ਉਸ ਦੇ ਕੋਲ਼ ਇਸ ਦਾ ਹੱਲ ਕੋਈ ਨਹੀਂ ਸੀ। ਇਹੋ ਜਿਹੇ ਚਾਨਣ ਤੋਂ ਉਸ ਨੇ ਕੀ ਲੈਣਾ ਸੀ ਜਿਸ ਵਿਚ ਉਹ ਤੁਰ ਨਹੀਂ ਸੀ ਸਕਦਾ।

ਜਦੋਂ ਉਸ ਨੂੰ ਘਰ ਵਿਚ ਬੰਦ ਹੋਇਆਂ ਕਈ ਮਹੀਨੇ ਹੋ ਗਏ ਤਾਂ ਉਸ ਦੇ ਬੱਚੇ ਉਸ ਨੂੰ ਕੈਨੇਡਾ ਲੈ ਗਏ। ਹਰਬੰਸ ਭਾਬੀ ਤਾਂ ਥੋੜ੍ਹੀ ਸੌਖੀ ਹੋ ਗਈ ਪਰ ਵਿਰਕ ਪਹਿਲਾਂ ਨਾਲੋਂ ਵੀ ਤੰਗ ਤੇ ਉਦਾਸ ਹੋ ਗਿਆ। ਆਪਣੇ ਦੇਸ਼ ਵਿਚ ਉਸ ਨੂੰ ਕੋਈ ਨਾ ਕੋਈ ਮਿਲ ਜਾਂਦਾ ਸੀ ਜਿਸ ਨਾਲ ਉਹ ਸਰੀਰਕ ਭਾਸ਼ਾ ਰਾਹੀਂ ਦੁਖ ਸੁਖ ਕਰ ਲੈਂਦਾ ਸੀ। ਵਿਦੇਸ਼ ਵਿਚ ਸਹੂਲਤਾਂ ਤਾਂ ਬਹੁਤ ਸਨ ਪਰ ਗੱਲ ਕਰਨ ਵਾਲਾ ਕੋਈ ਨਹੀਂ ਸੀ।

ਅੰਤ ਜਦ ਉਸਦੇ ਸਦੀਵੀ ਵਿਛੋੜੇ ਦੀ ਖਬਰ ਆਈ ਤਾਂ ਸਭਨਾਂ ਨੇ ਸੁਖ ਦਾ ਸਾਹ ਲਿਆ। ਉਨ੍ਹਾਂ ਨੂੰ ਵਿਰਕ ਦੀ ਲਾਚਾਰੀ ਉੱਤੇ ਤਰਸ ਆਉਂਦਾ ਸੀ। ਅਸੀਂ ਸਾਰਿਆਂ ਨੇ ਸੱਤ ਸਮੁੰਦਰਾਂ ਦੇ ਪਾਰ ਤੋਂ ਆਈ ਇਸ ਮਾੜੀ ਖਬਰ ਨੂੰ ਚੰਗੀ ਕਰ ਕੇ ਜਾਣਿਆ।

ਇਕ ਵਾਰ ਉਸ ਦੇ ਬੱਚਿਆਂ ਨਾਲ ਬਹੁਤ ਦੇਰ ਪਿੱਛੋਂ ਬਹੁਤ ਨੇੜਲਾ ਸੰਪਰਕ ਹੋਇਆ। ਗੱਲਾਂ ਵਿਚੋਂ ਗੱਲ ਇਹ ਵੀ ਨਿਕਲੀ ਕਿ ਵਿਰਕ ਕੈਨੇਡਾ ਜਾ ਕੇ ਆਪਣੀ ਜਾਨ ਆਪ ਲੈਣ ਵਿਚ ਸਫਲ ਹੋ ਗਿਆ ਸੀ। ਉਸ ਨੇ ਸਦਾ ਦੀ ਨੀਂਦੇ ਸੌਣ ਲਈ ਏਨੀਆਂ ਗੋਲੀਆਂ ਕਿਵੇਂ ਇਕੱਠੀਆਂ ਕੀਤੀਆਂ, ਇਸ ਦਾ ਤਾਂ ਅੰਦਾਜ਼ਾ ਹੀ ਲਾਇਆ ਜਾ ਸਕਦਾ ਸੀ ਪਰ ਉਸ ਦੀ ਮ੍ਰਿਤੂ ਤੋਂ ਪਿੱਛੋਂ ਜਦੋਂ ਉਨ੍ਹਾਂ ਦਾ ਪਰਿਵਾਰਕ ਡਾਕਟਰ ਉਸ ਨੂੰ ਦੇਖਣ ਆਇਆ ਤਾਂ ਉਸ ਦੇ ਚਿਹਰੇ ਤੋਂ ਸਪਸ਼ਟ ਸੀ ਕਿ ਇਹ ਭਾਣਾ ਉਸੇ ਤਰ੍ਹਾਂ ਵਰਤਿਆ ਸੀ ਜਿਸ ਦਾ ਉਸ ਨੂੰ ਡਰ ਸੀ। ਉਹ ਏਨੀ ਗੱਲ ਕਹਿ ਕੇ ਤੁਰ ਗਿਆ ਸੀ। ਜਾਪਦਾ ਹੈ, ਉਸ ਨੂੰ ਇਸ ਭਾਣੇ ਦੇ ਵਰਤਣ ਦਾ ਪਤਾ ਸੀ।

ਮੈਨੂੰ ਉਹ ਘਟਨਾ ਚੇਤੇ ਆਈ ਜਦੋਂ ਉਹ ਲਾਚਾਰੀ ਦੀ ਅਵਸਥਾ ਵਿਚ ਮੇਰੀ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਫਲ ਨਹੀਂ ਸੀ ਹੋ ਰਿਹਾ।

ਇਹ ਗੱਲ ਸੁਣ ਕੇ ਮੈਨੂੰ ਵਿਰਕ ਦੀ ਕਹਾਣੀ ਵਿਚਲੀ ਕਿਸੇ ਜੱਟ ਦੀ ਤੂੜੀ ਵਾਲੀ ਉਹ ਪੰਡ ਵੀ ਚੇਤੇ ਆਈ ਜਿਹੜੀ ਵਗਦੀ ਨਦੀ ਵਿਚ ਖੁੱਲ੍ਹ ਗਈ ਸੀ ਤੇ ਉਸਦੇ ਤੀਲ੍ਹੇ ਏਸ ਤਰ੍ਹਾਂ ਪਾਣੀ ਵਿਚ ਬਿਖਰ ਗਏ ਸਨ ਕਿ ਉਨ੍ਹਾਂ ਨੂੰ ਮੁੜ ਇਕੱਠੇ ਕਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।

ਹੁਣ ਉਸ ਦੇ ਅੰਤਮ ਸਾਹਾਂ ਦੀ ਸੱਜਰੀ ਵਾਰਦਾਤ ਜਾਨਣ ਤੋਂ ਪਿੱਛੋਂ ਮੈਨੂੰ ਜਾਪਿਆ ਕਿ ਸਾਡਾ ਮਿੱਤਰ ਅੰਤਕਾਰ ਤੂੜੀ ਦੇ ਉਨ੍ਹਾਂ ਤੀਲਿਆਂ ਨੂੰ ਇਕੱਠੇ ਕਰਨ ਵਿਚ ਸਫਲ ਹੋ ਹੀ ਗਿਆ। ਉਹ ਇਕ ਇਕ ਕਰ ਕੇ ਨਹੀਂ ਸਨ ਡੁੱਬੇ, ਵਿਰਕ ਨੇ ਇਕੱਠੇ ਕਰਕੇ ਡੋਬਣ ਤੋਂ ਪਹਿਲਾਂ ਉਨ੍ਹਾਂ ਦੀ ਪੰਡ ਬੰਨ੍ਹ ਲਈ ਸੀ।

ਕੁਲਵੰਤ ਸਿੰਘ ਵਿਰਕ ਨੂੰ ਜਿਊਣ ਦਾ ਵੱਲ ਆਉਂਦਾ ਸੀ ਤਾਂ ਇਸ ਦਾ ਭਾਵ ਇਹ ਨਹੀਂ ਕਿ ਮਰਨ ਦੇ ਵੱਲ ਤੋਂ ਅਣਜਾਣ ਸੀ। ਉਹ ਅਜਿਹਾ ਬੌਲ਼ਦ ਸੀ ਜੋ ਮਰਨ ਉਪਰੰਤ ਵੀ ਧਰਤੀ ਨੂੰ ਆਪਣੇ ਸਿੰਗਾਂ ਉੱਤੇ ਚੁੱਕੀ ਖੜ੍ਹਾ ਹੈ।

Leave a Reply

Your email address will not be published. Required fields are marked *