ਪ੍ਰੇਮ ਦੀ ਕਹਾਣੀ

ਰਮੇਸ਼ ਉਪਾਧਿਆਏ

ਇਕੱਠੇ ਪੜ੍ਹਦੇ ਅਤੇ ਕਾਲਜ ਵਿੱਚ ਵਿਦਿਆਰਥੀ ਯੂਨੀਅਨ ਵਿੱਚ ਕਾਰਜਸ਼ੀਲ ਸ਼ਮੀਮ ਖ਼ਾਨ ਅਤੇ ਰੰਜਨਾ ਪਾਂਡੇ ਵਿਚ ਪ੍ਰੇਮ ਹੋ ਗਿਆ। ਨਾ ਤਾਂ ਉਨ੍ਹਾਂ ਨੇ ਆਪਣੇ ਪ੍ਰੇਮ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਕਿਸੇ ਨੇ ਉਨ੍ਹਾਂ ਨੂੰ ਪ੍ਰੇਮ ਕਰਨ ਤੋਂ ਰੋਕਣ ਦੀ। ਉਨ੍ਹਾਂ ਦੋਹਾਂ ਦੇ ਸਕੇ-ਸੰਬੰਧੀ ਅਤੇ ਮਿੱਤਰ-ਦੋਸਤ ਧਾਰਮਿਕ ਕੱਟੜਤਾ ਤੋਂ ਦੂਰ ਅਤੇ ਆਧੁਨਿਕਤਾ ਦੇ ਨੇੜੇ ਰਹਿਣ ਵਾਲੇ ਸਿੱਖਿਅਤ, ਮੱਧ-ਵਰਗੀ ਲੋਕ ਸਨ। ਜਦੋਂ ਸ਼ਮੀਮ ਖ਼ਾਨ ਨੇ ਬੀਏ ਐੱਲਐੱਲਬੀ ਕਰਕੇ ਵਕਾਲਤ ਸ਼ੁਰੂ ਕਰ ਦਿੱਤੀ ਅਤੇ ਰੰਜਨਾ ਪਾਂਡੇ ਐਮ.ਏ. ਕਰਨ ਪਿੱਛੋਂ ਲੈਕਚਰਰ ਲੱਗਣ ਲਈ ਪੀਐੱਚ.ਡੀ. ਕਰ ਰਹੀ ਸੀ ਤਾਂ ਉਨ੍ਹਾਂ ਨੇ ਸ਼ਾਦੀ ਕਰ ਲਈ ਅਤੇ ਕਿਰਾਏ ਦਾ ਮਕਾਨ ਲੈ ਕੇ ਆਪਣੇ ਪਰਿਵਾਰਾਂ ਤੋਂ ਵੱਖਰੇ ਰਹਿਣ ਲੱਗ ਪਏ।

ਸ਼ਾਦੀ ਕੋਰਟ ਵਿੱਚ ਹੋਈ ਸੀ, ਪਰ ਦੋਵਾਂ ਦੇ ਪਰਿਵਾਰ ਉੱਥੇ ਮੌਜੂਦ ਸਨ। ਦੋਵੇਂ ਪਰਿਵਾਰਾਂ ਨੇ ਅੱਧਾ-ਅੱਧਾ ਖ਼ਰਚ ਵੰਡ ਕੇ ਸ਼ਾਨਦਾਰ ਪਾਰਟੀ ਵੀ ਦਿੱਤੀ ਸੀ ਜਿਸ ਵਿਚ ਸ਼ਹਿਰ ਦੇ ਲਗਪਗ ਸਾਰੇ ਪ੍ਰਸਿੱਧ ਅਤੇ ਪ੍ਰਗਤੀਸ਼ੀਲ ਲੋਕ ਖ਼ੁਸ਼ੀ-ਖ਼ੁਸ਼ੀ ਸ਼ਾਮਿਲ ਹੋਏ ਸਨ। ਜਿਨ੍ਹਾਂ ਪਿਛਾਂਹਖਿੱਚੂ ਲੋਕਾਂ ਨੂੰ ਇਹ ਸ਼ਾਦੀ ਪਸੰਦ ਨਹੀਂ ਸੀ, ਉਹ ਵੀ ਥੋੜ੍ਹਾ-ਬਹੁਤ ਮਨ ਮਾਰ ਕੇ ਦੁਨੀਆਂਦਾਰੀ ਨਿਭਾਉਣ ਦੇ ਤਕਾਜ਼ੇ ਵਜੋਂ ਆਏ ਸਨ ਅਤੇ ਅਸ਼ੀਰਵਾਦ ਦੇ ਕੇ ਚਲੇ ਗਏ ਸਨ।

ਕੁਝ ਪਿਛਾਂਹਖਿੱਚੂ ਉਨ੍ਹਾਂ ਦੋਵਾਂ ਦੇ ਪਰਿਵਾਰਾਂ ਵਿਚ ਵੀ ਸਨ। ਜਿਵੇਂ ਰੰਜਨਾ ਪਾਂਡੇ ਦੀ ਮਾਂ, ਜੋ ਸਮਝਦੀ ਸੀ ਕਿ ਉਹਦੀ ਬੇਟੀ ਨੇ ਇਹ ਸ਼ਾਦੀ ਕਰਕੇ ਉਹਦੀ ਨੱਕ ਕਟਵਾ ਦਿੱਤੀ ਹੈ ਅਤੇ ਉਧਰ ਸ਼ਮੀਮ ਖ਼ਾਨ ਦੇ ਪਿਤਾ, ਜਿਨ੍ਹਾਂ ਦਾ ਖ਼ਿਆਲ ਸੀ ਕਿ ਉਨ੍ਹਾਂ ਦੇ ਇਕਲੌਤੇ ਬੇਟੇ ਨੇ ਇਹ ਸ਼ਾਦੀ ਕਰਕੇ ਉਨ੍ਹਾਂ ਨੂੰ ਦੀਨ-ਦੁਨੀਆਂ, ਕਿਤੇ ਦਾ ਨਹੀਂ ਛੱਡਿਆ। ਇਨ੍ਹਾਂ ਦੋਵਾਂ ਨੂੰ ਆਪਣੇ ਮੂਲ ਧਨ ਤੋਂ ਜ਼ਿਆਦਾ ਚਿੰਤਾ ਵਿਆਜ ਦੀ ਸੀ ਕਿ ਇਨ੍ਹਾਂ ਦੋਵਾਂ ਦੀ ਸੰਤਾਨ ਕੀ ਹੋਵੇਗੀ- ਹਿੰਦੂ ਜਾਂ ਮੁਸਲਮਾਨ?

ਪਰ ਰੰਜਨਾ ਪਾਂਡੇ ਅਤੇ ਸ਼ਮੀਮ ਖਾਨ ਲਈ ਇਹ ਕੋਈ ਸਮੱਸਿਆ ਨਹੀਂ ਸੀ। ਉਹ ਕਿਹਾ ਕਰਦੇ ਸਨ- ਅਸੀਂ ਧਰਮ ਨੂੰ ਨਹੀਂ ਮੰਨਦੇ। ਸਾਡਾ ਜੇ ਕੋਈ ਧਰਮ ਹੈ ਤਾਂ ਉਹ ਹੈ ਪ੍ਰੇਮ। ਸਾਡੇ ਬੱਚਿਆਂ ਦਾ ਧਰਮ ਵੀ ਪ੍ਰੇਮ ਹੀ ਹੋਵੇਗਾ। ਜਦੋਂ ਉਨ੍ਹਾਂ ਦੇ ਘਰ ਬੇਟਾ ਹੋਇਆ ਤਾਂ ਉਹ ਉਹਨੂੰ ਇੱਕ ਹਿੰਦੀ ਫ਼ਿਲਮ ਦਾ ਗਾਣਾ ਲੋਰੀ ਵਾਂਗ ਸੁਣਾਇਆ ਕਰਦੇ ਸਨ- ‘‘ਤੂ ਹਿੰਦੂ ਬਨੇਗਾ ਨ ਮੁਸਲਮਾਨ ਬਨੇਗਾ, ਇਨਸਾਨ ਕੀ ਔਲਾਦ ਹੈ ਇਨਸਾਨ ਬਨੇਗਾ…’’

ਉਨ੍ਹਾਂ ਨੇ ਇਸ ਗਾਣੇ ਅਨੁਸਾਰ ਪਹਿਲਾਂ ਤਾਂ ਆਪਣੇ ਬੇਟੇ ਦਾ ਨਾਂ ‘ਇਨਸਾਨ’ ਰੱਖਣ ਬਾਰੇ ਸੋਚਿਆ। ਪਰ ਫਿਰ ਇਹ ਸੋਚ ਕੇ ਕਿ ਇਸ ਵਿੱਚ ਫ਼ਿਲਮੀ ਆਦਰਸ਼ਵਾਦ ਕੁਝ ਵਧੇਰੇ ਹੀ ਪ੍ਰਤੱਖ ਹੋਣ ਕਰਕੇ ਰੜਕਦਾ ਜਿਹਾ ਹੈ, ਉਨ੍ਹਾਂ ਨੇ ਇਹ ਵਿਚਾਰ ਤਿਆਗ ਦਿੱਤਾ। ਇਨਸਾਨ ਦੇ ਸਮਾਨਾਰਥੀ ‘ਮਾਨਵ’ ਵਿੱਚ ਵੀ ਇਹੋ ਗੱਲ ਸੀ। ਉਂਜ ਵੀ ਉਹ ਆਪਣੇ ਬੇਟੇ ਦਾ ਕੁਝ ਸੈਕੂਲਰ ਜਿਹਾ ਨਾਂ ਰੱਖਣਾ ਚਾਹੁੰਦੇ ਸਨ।

ਭਾਵੇਂ ਉਹ ਹਿੰਦੀ ਨੂੰ ਹਿੰਦੂਆਂ ਦੀ ਅਤੇ ਉਰਦੂ ਨੂੰ ਮੁਸਲਮਾਨਾਂ ਦੀ ਭਾਸ਼ਾ ਨਹੀਂ ਸਨ ਮੰਨਦੇ, ਫਿਰ ਵੀ ਉਨ੍ਹਾਂ ਦਾ ਇਰਾਦਾ ਬੇਟੇ ਦਾ ਅਜਿਹਾ ਨਾਂ ਰੱਖਣ ਦਾ ਸੀ, ਜੋ ਹਿੰਦੀ-ਉਰਦੂ ਦੋਵਾਂ ਵਿੱਚ ਚਲਦਾ ਹੋਵੇ ਅਤੇ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਨੂੰ ਪ੍ਰਵਾਨ ਹੋਵੇ! ਇਸ ਤਰ੍ਹਾਂ ਉਨ੍ਹਾਂ ਨੇ ਬੜੀ ਸੂਝਬੂਝ ਨਾਲ ਬੇਟੇ ਦਾ ਨਾਂ ਸਮੀਰ ਰੱਖਿਆ। ਇਸ ਨਾਲ ਰੰਜਨਾ ਪਾਂਡੇ ਦੀ ਮਾਂ ਤਾਂ ਸੰਤੁਸ਼ਟ ਹੋਈ ਕਿ ਲੜਕੀ ਨੇ ਆਪਣੇ ਬੇਟੇ ਦਾ ਨਾਂ ਤਾਂ ਹਿੰਦੂਆਂ ਵਾਲਾ ਰੱਖਿਆ। ਪਰ ਸ਼ਮੀਮ ਖ਼ਾਨ ਦੇ ਪਿਤਾ ਨੂੰ, ਜੋ ਅਰਬੀ-ਫ਼ਾਰਸੀ ਤਾਂ ਕੀ, ਉਰਦੂ ਵੀ ਚੰਗੀ ਤਰ੍ਹਾਂ ਨਹੀਂ ਜਾਣਦੇ ਸਨ, ਪੋਤੇ ਦਾ ਹਿੰਦੂਆਂ ਵਾਲਾ ਨਾਂ ਪਸੰਦ ਨਹੀਂ ਆਇਆ। ਉਦੋਂ ਸ਼ਮੀਮ ਖਾਨ ਨੇ, ਜਿਸ ਨੇ ਆਪਣੇ ਪੂਰੇ ਸਿੱਖਿਆ-ਕਾਲ ਵਿੱਚ ਉਰਦੂ ਕਦੇ ਪੜ੍ਹੀ ਹੀ ਨਹੀਂ ਸੀ, ਉਨ੍ਹਾਂ ਨੂੰ ਮੁਹੰਮਦ ਮੁਸਤਫ਼ਾ ਖ਼ਾਂ ‘ਮੱਦਾਹ’ ਵਾਲ਼ਾ ਉਰਦੂ-ਹਿੰਦੀ ਕੋਸ਼ ਵਿਖਾ ਕੇ ਦੱਸਿਆ ਕਿ ਸਮੀਰ ਅਰਬੀ ਭਾਸ਼ਾ ਤੋਂ ਆਇਆ ਹੋਇਆ ਉਰਦੂ ਸ਼ਬਦ ਹੈ ਅਤੇ ਇਹਦਾ ਅਰਥ ਹੈ- ਫਲਦਾਰ, ਫਲ ਵਾਲਾ। ਉਹ ਰੁੱਖ, ਜਿਸ ਨੂੰ ਫਲ਼ ਲੱਗੇ ਹੋਣ।

ਸਮੀਰ ਜਦੋਂ ਸਕੂਲ ਜਾਣ ਯੋਗ ਹੋਇਆ, ਤਾਂ ਰੰਜਨਾ ਪਾਂਡੇ ਅਤੇ ਸ਼ਮੀਮ ਖ਼ਾਨ ਉਹਨੂੰ ਪੰਜਵੀਂ ਤੱਕ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਦਾਖ਼ਲ ਕਰਵਾਉਣ ਗਏ। ਸਕੂਲ ਇਕ ਹਿੰਦੂਵਾਦੀ ਸੰਸਥਾ ਚਲਾਉਂਦੀ ਸੀ ਅਤੇ ਉੱਥੋਂ ਦੇ ਅਧਿਆਪਕ-ਪ੍ਰਿੰਸੀਪਲ ਸਾਰੇ ਹੀ ਹਿੰਦੂ ਸਨ। ਫਿਰ ਵੀ ਸਮੀਰ ਦੇ ਦਾਖ਼ਲੇ ਵਿੱਚ ਕੋਈ ਦਿੱਕਤ ਨਹੀਂ ਹੋਈ। ਸਕੂਲ ਦੇ ਪ੍ਰਿੰਸੀਪਲ ਅਤੇ ਕਈ ਅਧਿਆਪਕ ਰੰਜਨਾ ਪਾਂਡੇ ਅਤੇ ਸ਼ਮੀਮ ਖ਼ਾਨ ਨੂੰ ਜਾਣਦੇ ਸਨ। ਇਸ ਲਈ ਜਦੋਂ ਉਨ੍ਹਾਂ ਤੋਂ ਦਾਖ਼ਲੇ ਦਾ ਫਾਰਮ ਭਰਵਾਇਆ ਗਿਆ ਅਤੇ ਉਨ੍ਹਾਂ ਨੇ ਉਸ ਵਿੱਚ ਧਰਮ ਦਾ ਖਾਨਾ ਖਾਲੀ ਛੱਡ ਦਿੱਤਾ ਤਾਂ ਉਹ ਸਿਰਫ਼ ਮੁਸਕਰਾ ਕੇ ਰਹਿ ਗਏ ਅਤੇ ਸਮੀਰ ਨੂੰ ਸਕੂਲ ਵਿੱਚ ਦਾਖ਼ਲ ਕਰ ਲਿਆ। ਸਮੀਰ ਨਾਂ ਵੀ ਅਜਿਹਾ ਸੀ ਜੋ ਉਨ੍ਹਾਂ ਨੂੰ ਪਸੰਦ ਆਇਆ ਸੀ। ਕਿਉਂਕਿ ਇਹ ਨਾਂ ਹਿੰਦੂ ਬੱਚਿਆਂ ਦੇ ਨਾਵਾਂ ਵਿਚ ਵੱਖਰੇ ਤੌਰ ਤੋਂ ਨਹੀਂ ਪਛਾਣਿਆ ਜਾਂਦਾ ਸੀ।

ਪਰ ਹੌਲੀ-ਹੌਲੀ ਸਕੂਲ ਵਿਚ ਸਭ ਬੱਚੇ ‘ਹਿੰਦੂ ਨਾਂ ਵਾਲੇ ਮੁਸਲਮਾਨ ਲੜਕੇ’ ਨੂੰ ਜਾਣ ਗਏ ਅਤੇ ਸਮੀਰ ਨੂੰ ਛੇੜਨ ਲੱਗੇ। ਫਿਰ ਜਦੋਂ ਰੰਜਨਾ ਪਾਂਡੇ ਅਤੇ ਸ਼ਮੀਮ ਖਾਨ ਦੀ ਜਾਣ-ਪਛਾਣ ਵਾਲੇ ਪ੍ਰਿੰਸੀਪਲ ਦੀ ਥਾਂ ਨਵਾਂ ਪ੍ਰਿੰਸੀਪਲ ਆ ਗਿਆ, ਜੋ ਪਹਿਲਾਂ ਵਾਲ਼ੇ ਖੁੱਲ੍ਹਦਿਲੇ ਪ੍ਰਿੰਸੀਪਲ ਦੀ ਤੁਲਨਾ ਵਿੱਚ ਕੁਝ ਕੱਟੜ ਸੀ, ਸਮੀਰ ਨਾਲ ਭੇਦਭਾਵ ਕੁਝ ਹੋਰ ਵਧ ਗਿਆ। ਰੰਜਨਾ ਪਾਂਡੇ ਅਤੇ ਸ਼ਮੀਮ ਖ਼ਾਨ ਨੂੰ ਪਤਾ ਸੀ ਕਿ ਸਕੂਲ ਵਿਚ ਉਨ੍ਹਾਂ ਦੇ ਬੇਟੇ ਨਾਲ ਭੇਦਭਾਵ ਕੀਤਾ ਜਾਂਦਾ ਹੈ, ਪਰ ਪੰਜਵੀਂ ਤੱਕ ਦਾ ਕੋਈ ਹੋਰ ਚੰਗਾ ਸਕੂਲ ਸ਼ਹਿਰ ਵਿਚ ਨਹੀਂ ਸੀ ਅਤੇ ਸਰਕਾਰੀ ਸਕੂਲਾਂ ਦੀ ਹਾਲਤ ਸਭ ਤੋਂ ਭੈੜੀ ਸੀ। ਇਸ ਲਈ ਦੋਵਾਂ ਨੇ ਸੋਚਿਆ ਕਿ ਜਿਵੇਂ ਵੀ ਹੋਵੇ, ਸਮੀਰ ਪੰਜਵੀਂ ਤਕ ਇੱਥੇ ਹੀ ਪੜ੍ਹੇ, ਫਿਰ ਇਹਨੂੰ ਕਿਸੇ ਚੰਗੇ ਸਕੂਲ ਵਿਚ ਪਾ ਦੇਵਾਂਗੇ। ਇਧਰ ਰੰਜਨਾ ਪਾਂਡੇ ਕਾਲਜ ਵਿੱਚ ਲੈਕਚਰਰ ਲੱਗ ਗਈ ਸੀ, ਸ਼ਮੀਮ ਖ਼ਾਨ ਦੀ ਵਕਾਲਤ ਚੰਗੀ ਚੱਲ ਰਹੀ ਸੀ ਅਤੇ ਸਮੀਰ ਪਿੱਛੋਂ ਉਨ੍ਹਾਂ ਦੇ ਕੋਈ ਹੋਰ ਬੱਚਾ ਵੀ ਨਹੀਂ ਹੋਇਆ, ਇਸ ਲਈ ਖਰਚ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਸੀ।

ਉਹ ਸਮੀਰ ਨੂੰ ਛੇਵੀਂ ਵਿੱਚ ਦਾਖ਼ਲ ਕਰਾਉਣ ਲਈ ਜਿਸ ਸਕੂਲ ਵਿੱਚ ਗਏ, ਉਹ ਇੱਕ ਵੱਡਾ ਅਤੇ ਸ਼ਾਨਦਾਰ ਪਬਲਿਕ ਸਕੂਲ ਸੀ ਜਿਸ ਨੂੰ ਇਸਾਈਆਂ ਦੀ ਇਕ ਧਾਰਮਿਕ ਸੰਸਥਾ ਚਲਾਉਂਦੀ ਸੀ। ਇਸ ਬਾਰੇ ਪ੍ਰਸਿੱਧ ਸੀ ਕਿ ਉਹਦਾ ਵਾਤਾਵਰਨ ਫ਼ਿਰਕੂ ਤੁਅੱਸਬ ਤੋਂ ਬਿਲਕੁਲ ਮੁਕਤ ਹੈ। ਉੱਥੋਂ ਦੇ ਪ੍ਰਿੰਸੀਪਲ ਫਾਦਰ ਗੋਂਜਾਲਵੇਜ਼ ਰੰਜਨਾ ਪਾਂਡੇ ਅਤੇ ਸ਼ਮੀਮ ਖ਼ਾਨ ਨੂੰ ਮਿਲ ਕੇ ਪ੍ਰਸੰਨ ਹੋਏ। ਉਨ੍ਹਾਂ ਨੂੰ ਪੂਰਾ ਯਕੀਨ ਦਿਵਾਉਂਦਿਆਂ ਕਿਹਾ, ‘‘ਤੁਸੀਂ ਬਿਲਕੁਲ ਠੀਕ ਥਾਂ ਆਏ ਹੋ। ਇੱਥੋਂ ਦਾ ਵਾਤਾਵਰਨ ਧਰਮ ਦੇ ਆਧਾਰ ’ਤੇ ਬੱਚਿਆਂ ਪ੍ਰਤੀ ਭੇਦਭਾਵ ਤੋਂ ਬਿਲਕੁਲ ਮੁਕਤ ਹੈ। ਜਾਓ, ਨਾਲ ਵਾਲੇ ਕਮਰੇ ਵਿੱਚ ਜਾ ਕੇ ਦਾਖ਼ਲੇ ਦਾ ਫਾਰਮ ਭਰ ਦਿਓ ਅਤੇ ਫੀਸ ਜਮ੍ਹਾਂ ਕਰਵਾ ਦਿਓ!’’

ਜਦੋਂ ਉਹ ਦੂਜੇ ਕਮਰੇ ਵਿੱਚ ਦਾਖ਼ਲਾ ਕਰਵਾਉਣ ਪਹੁੰਚੇ ਤਾਂ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਉੱਥੇ ਨਨ ਵਰਗੇ ਸਫ਼ੈਦ ਕੱਪੜੇ ਪਹਿਨੀ ਅਤੇ ਗਲੇ ਵਿੱਚ ਕਰਾਸ ਲਟਕਾਈ ਬੈਠੀ ਈਸਾਈ ਔਰਤ ਨਾਲ ਕੁੜਤਾ-ਧੋਤੀ ਪਹਿਨੀ ਇਕ ਤਿਲਕਧਾਰੀ ਪੰਡਿਤ ਬੈਠਾ ਹੈ।

ਉਹ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ। ਰੰਜਨਾ ਪਾਂਡੇ ਨੇ ਸ਼ਮੀਮ ਦੇ ਕੰਨ ਵਿੱਚ ਕਿਹਾ, ‘‘ਵਾਹ! ਕਿਆ ਧਰਮ ਨਿਰਪੇਖ ਦ੍ਰਿਸ਼ ਹੈ!’’

ਉਨ੍ਹਾਂ ਦੀ ਵਾਰੀ ਆਈ ਤਾਂ ਇਸਾਈ ਔਰਤ ਨੇ ਇਕ ਫਾਰਮ ਸ਼ਮੀਮ ਖ਼ਾਨ ਵੱਲ ਵਧਾਉਂਦਿਆਂ ਕਿਹਾ, ‘‘ਇਹਨੂੰ ਭਰ ਦਿਓ ਅਤੇ ਪੰਡਿਤ ਜੀ ਤੋਂ ਚੈੱਕ ਕਰਵਾ ਕੇ ਓਧਰ ਕਾਊਂਟਰ ’ਤੇ ਫੀਸ ਜਮ੍ਹਾਂ ਕਰਵਾ ਦਿਓ!’’

ਸ਼ਮੀਮ ਖਾਨ ਨੇ ਫ਼ਾਰਮ ਭਰ ਕੇ ਤਿਲਕਧਾਰੀ ਮੂਹਰੇ ਰੱਖ ਦਿੱਤਾ। ਪੰਡਿਤ ਨੇ ਉਸ ’ਤੇ ਨਜ਼ਰ ਮਾਰਦਿਆਂ ਹੀ ਉਹਨੂੰ ਮੋੜਦਿਆਂ ਕਿਹਾ, ‘‘ਧਰਮ ਦਾ ਖਾਨਾ ਖਾਲੀ ਕਿਉਂ ਛੱਡ ਦਿੱਤਾ? ਨਾਂ ਦੇ ਅੱਗੇ ਆਪਣਾ ਧਰਮ ਵੀ ਲਿਖ!’’

ਸ਼ਮੀਮ ਖ਼ਾਨ ਨੇ ਫਾਰਮ ਲੈਣ ਲਈ ਹੱਥ ਨਹੀਂ ਵਧਾਇਆ ਅਤੇ ਕਿਹਾ, ‘‘ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਤਮੀਜ਼ ਨਾਲ ਗੱਲ ਕਰੋ, ਲਿਖ ਨਹੀਂ ਲਿਖੋ ਕਹੋ। ਅਤੇ ਦੂਜੀ ਗੱਲ ਇਹ ਕਿ ਮੈਂ ਧਰਮ ਦਾ ਖਾਨਾ ਗਲਤੀ ਨਾਲ ਨਹੀਂ, ਜਾਣਬੁੱਝ ਕੇ ਖਾਲੀ ਛੱਡਿਆ ਹੈ।’’

ਪੰਡਿਤ ਨੇ ਸ਼ਮੀਮ ਖ਼ਾਨ ਨੂੰ ਹੀ ਨਹੀਂ, ਸਮੀਰ ਅਤੇ ਰੰਜਨਾ ਪਾਂਡੇ ਨੂੰ ਵੀ ਘੂਰ ਕੇ ਵੇਖਿਆ ਅਤੇ ਆਪਣੀ ਗ਼ਲਤੀ ਨਾ ਮੰਨਣ ਵਾਲਿਆਂ ਵਰਗੀ ਘਿਰਣਾ ਨਾਲ ‘ਸੌਰੀ’ ਕਹਿੰਦਿਆਂ ਫਾਰਮ ਸ਼ਮੀਮ ਖ਼ਾਨ ਦੇ ਸਾਹਮਣੇ ਧਰ ਦਿੱਤਾ। ਉਹਨੇ ਖਾਲੀ ਖਾਨੇ ’ਤੇ ਆਪਣੀ ਮੋਟੀ ਅਤੇ ਭੱਦੀ ਉਂਗਲ ਨਾਲ ਦੋ ਵਾਰ ਠੱਕ-ਠੱਕ ਕੀਤੀ ਅਤੇ ‘‘ਭਰ ਦਿਓ’’ ਦਾ ਉਚਾਰਨ ‘‘ਭਰ ਦੇ’’ ਨਾਲੋਂ ਵੀ ਵੱਧ ਹਕਾਰਤ-ਭਰੇ ਅੰਦਾਜ਼ ਨਾਲ ਕਰਦਿਆਂ ਕਿਹਾ, ‘‘ਨਾਂ ਸ਼ਮੀਮ ਖਾਨ ਹੈ ਤਾਂ ਧਰਮ ਦਾ ਖਾਨਾ ਖਾਲੀ ਕਿਉਂ ਛੱਡਿਆ ਹੈ? ਤੁਸੀਂ ਜੋ ਵੀ ਹੋ, ਇਸ ਵਿੱਚ ਭਰ ਦਿਓ!’’

ਸ਼ਮੀਮ ਖਾਨ ਨੇ ਖ਼ੁਦ ਨੂੰ ਕਾਬੂ ਵਿਚ ਰੱਖਦਿਆਂ ਸ਼ਾਂਤ ਆਵਾਜ਼ ਵਿੱਚ ਕਿਹਾ, ‘‘ਵੇਖੋ, ਮੈਂ ਮੁਸਲਮਾਨ ਹਾਂ ਅਤੇ ਮੇਰੀ ਪਤਨੀ ਹਿੰਦੂ ਹੈ। ਅਸੀਂ ਪ੍ਰੇਮ-ਵਿਆਹ ਕੀਤਾ ਹੈ। ਅਸੀਂ ਧਰਮ ਨੂੰ ਨਹੀਂ ਮੰਨਦੇ।’’

‘‘ਓ, ਅੱਛਾ!’’ ਪੰਡਿਤ ਨੇ ਰੰਜਨਾ ਪਾਂਡੇ ਨੂੰ ਘੂਰ ਕੇ ਵੇਖਿਆ ਅਤੇ ਫਿਰ ਸਮੀਰ ਨੂੰ। ਆਪਣੇ ਚਿਹਰੇ ’ਤੇ ਆਏ ਘਿਰਣਾ ਦੇ ਭਾਵਾਂ ਨੂੰ ਉਹਨੇ ਛੁਪਾਇਆ ਨਹੀਂ ਅਤੇ ਸਖ਼ਤ ਆਵਾਜ਼ ਵਿੱਚ ਕਿਹਾ, ‘‘ਤੁਸੀਂ ਕੀ ਮੰਨਦੇ ਹੋ, ਇਸ ਨਾਲ ਸਾਨੂੰ ਕੋਈ ਮਤਲਬ ਨਹੀਂ। ਇਸ ਲਈ ਇਸ ਖਾਨੇ ਨੂੰ ਭਰੋ ਅਤੇ ਮੇਰਾ ਸਮਾਂ ਨਸ਼ਟ ਨਾ ਕਰੋ!’’

ਸ਼ਮੀਮ ਖ਼ਾਨ ਨੇ ਚੁੱਪਚਾਪ ਧਰਮ ਦੇ ਖਾਨੇ ਵਿਚ ‘ਪ੍ਰੇਮ’ ਲਿਖਿਆ ਅਤੇ ਫਾਰਮ ਪੰਡਤ ਦੇ ਮੂਹਰੇ ਕਰ ਦਿੱਤਾ।

‘‘ਇਹ…’’ ਪੰਡਿਤ ਬੌਖਲਾ ਗਿਆ, ‘‘ਇਹ ਕੀ ਹੈ? ਇੱਥੇ ਨਹੀਂ ਚੱਲੇਗਾ। ਇਹਨੂੰ ਕੱਟ ਕੇ ਹਿੰਦੂ ਜਾਂ ਮੁਸਲਮਾਨ, ਜੋ ਵੀ ਤੁਸੀਂ ਇਸ ਲੜਕੇ ਨੂੰ ਬਣਾਉਣਾ ਚਾਹੁੰਦੇ ਹੋ, ਲਿਖੋ।’’ ਰੰਜਨਾ ਪਾਂਡੇ, ਜੋ ਹੁਣ ਤਕ ਚੁੱਪਚਾਪ ਬੈਠੀ ਸੀ, ਬੋਲੀ, ‘‘ਇਨ੍ਹਾਂ ਨੇ ਬਿਲਕੁਲ ਠੀਕ ਲਿਖਿਆ ਹੈ। ਪ੍ਰੇਮ ਹੀ ਸਾਡਾ ਅਤੇ ਸਾਡੇ ਬੱਚੇ ਦਾ ਧਰਮ ਹੈ।’’

‘‘ਪ੍ਰੇਮ ਕੋਈ ਧਰਮ ਨਹੀਂ।’’ ਪੰਡਿਤ ਨੇ ਸਖ਼ਤ ਅਤੇ ਉੱਚੀ ਆਵਾਜ਼ ਵਿੱਚ ਕਿਹਾ, ਜਿਵੇਂ ਇਕ ਔਰਤ ਨੇ, ਅਤੇ ਉਹ ਵੀ ਇੱਕ ਮੁਸਲਮਾਨ ਨਾਲ ਸ਼ਾਦੀ ਕਰਨ ਵਾਲੀ ਹਿੰਦੂ ਔਰਤ ਨੇ, ਉਹਦੇ ਸਾਹਮਣੇ ਜ਼ੁਬਾਨ ਖੋਲ੍ਹ ਕੇ ਉਹਦਾ ਭਾਰੀ ਅਪਮਾਨ ਕਰ ਦਿੱਤਾ ਹੋਵੇ।

ਪਰ ਸ਼ਮੀਮ ਖ਼ਾਨ ਨੇ ਸ਼ਾਂਤੀ ਨਾਲ ਕਿਹਾ, ‘‘ਵੇਖੋ, ਪ੍ਰੇਮ-ਵਿਆਹ ਤੋਂ ਪਹਿਲਾਂ ਅਸੀਂ ਹਿੰਦੂ-ਮੁਸਲਮਾਨ ਸਾਂ। ਪਰ ਉਸ ਤੋਂ ਬਾਅਦ ਨਾ ਇਹ ਹਿੰਦੂ ਰਹੀ, ਨਾ ਮੈਂ ਮੁਸਲਮਾਨ। ਹੁਣ ਅਸੀਂ ਸਿਰਫ਼ ਪ੍ਰੇਮੀ ਹਾਂ। ਪ੍ਰੇਮ ਹੀ ਸਾਡਾ ਧਰਮ ਹੈ ਅਤੇ ਸਾਡੇ ਬੱਚੇ ਦਾ ਧਰਮ ਵੀ ਪ੍ਰੇਮ ਹੀ ਹੋਵੇਗਾ।’’

‘‘ਮੈਂ ਇਹ ਬਕਵਾਸ ਨਹੀਂ ਸੁਣਨਾ ਚਾਹੁੰਦਾ!’’ ਪੰਡਿਤ ਨੇ ਦਾਖ਼ਲਾ ਫਾਰਮ ਸ਼ਮੀਮ ਖ਼ਾਨ ਵੱਲ ਸੁੱਟਦਿਆਂ ਜਿਵੇਂ ਉਹਦੇ ਮੂੰਹ ’ਤੇ ਮਾਰਦਿਆਂ ਕਿਹਾ, ‘‘ਮੁੰਡੇ ਦਾ ਦਾਖ਼ਲਾ ਕਰਾਉਣਾ ਹੈ ਤਾਂ ਧਰਮ ਵਾਲ਼ੇ ਖਾਨੇ ਵਿਚ ਆਪਣਾ ਜਾਂ ਆਪਣੀ ਪਤਨੀ ਦਾ ਧਰਮ ਲਿਖੋ, ਨਹੀਂ ਤਾਂ ਦਫ਼ਾ ਹੋ ਜਾਓ!’’

ਸ਼ਮੀਮ ਖ਼ਾਨ ਅਤੇ ਰੰਜਨਾ ਪਾਂਡੇ ਅਨਪੜ੍ਹ ਅਤੇ ਗ਼ਰੀਬ ਹੁੰਦੇ ਤਾਂ ਇਸ ਤਰ੍ਹਾਂ ਦੁਰਕਾਰੇ ਜਾਣ ’ਤੇ ਜਾਂ ਤਾਂ ਘਬਰਾ ਕੇ ਧਰਮ ਦੇ ਖਾਨੇ ਵਿਚ ‘ਹਿੰਦੂ’ ਜਾਂ ‘ਮੁਸਲਮਾਨ’ ਲਿਖ ਦਿੰਦੇ, ਜਾਂ ਸਮੀਰ ਦਾ ਦਾਖਲਾ ਕਰਵਾਏ ਬਿਨਾਂ ਹੀ ਉੱਥੋਂ ਚਲੇ ਜਾਂਦੇ। ਪਰ ਸ਼ਮੀਮ ਖ਼ਾਨ ਵਕਾਲਤ ਕਰਦਾ ਸੀ ਅਤੇ ਰੰਜਨਾ ਪਾਂਡੇ ਕਾਲਜ ਵਿੱਚ ਪੜ੍ਹਾਉਂਦੀ ਸੀ। ਸ਼ਾਦੀ ਤੋਂ ਪਹਿਲਾਂ ਵੀ ਦੋਵੇਂ ਖੁਸ਼ਹਾਲ ਪਰਿਵਾਰਾਂ ਵਾਲੇ ਅਤੇ ਉੱਚ-ਵਿੱਦਿਆ ਪ੍ਰਾਪਤ ਸਨ। ਇਸ ਲਈ ਦੋਵੇਂ ਅੜ ਗਏ। ਉਨ੍ਹਾਂ ਨੇ ਪੰਡਿਤ ਦੀ ਬਦਤਮੀਜ਼ੀ ਲਈ ਉਹਨੂੰ ਫਿਟਕਾਰਦਿਆਂ ਕਿਹਾ, ‘‘ਜਦੋਂ ਅਸੀਂ ਕਹਿ ਰਹੇ ਹਾਂ ਕਿ ਸਾਡਾ ਧਰਮ ਪ੍ਰੇਮ ਹੈ, ਤਾਂ ਹੈ। ਤੂੰ ਨਹੀਂ ਮੰਨਦਾ, ਤਾਂ ਸਾਬਤ ਕਰ ਕਿ ਪ੍ਰੇਮ ਕੋਈ ਧਰਮ ਨਹੀਂ ਅਤੇ ਇਹ ਗੱਲ ਲਿਖ ਕੇ ਦੇ। ਅਸੀਂ ਤੇਰੇ ’ਤੇ ਆਪਣੇ ਧਰਮ ਦੀ ਮਾਣਹਾਨੀ ਦਾ ਮੁਕੱਦਮਾ ਠੋਕਾਂਗੇ।’’

ਪੰਡਿਤ ਗੁੱਸੇ ਨਾਲ ਕੰਬਣ ਲੱਗਿਆ ਅਤੇ ਉੱਠ ਕੇ ਖੜ੍ਹਾ ਹੋ ਗਿਆ, ‘‘ਤੁਸੀਂ ਮੁੰਡੇ ਦਾ ਦਾਖਲਾ ਕਰਾਉਣ ਆਏ ਹੋ ਕਿ ਸਕੂਲ ਨਾਲ ਮਜ਼ਾਕ ਕਰਨ? ਚੱਲੋ, ਪ੍ਰਿੰਸੀਪਲ ਕੋਲ ਚੱਲੋ ਤੁਸੀਂ!’’

ਉਹ ਤਿੰਨੇ ਉਹਦੇ ਪਿੱਛੇ-ਪਿੱਛੇ ਪ੍ਰਿੰਸੀਪਲ ਦੇ ਕਮਰੇ ਵਿੱਚ ਗਏ। ਫਾਦਰ ਗੋਂਜਾਲਵੇਜ਼ ਨੇ ਪੰਡਿਤ ਦੀਆਂ ਆਵੇਸ਼ਪੂਰਨ ਗੱਲਾਂ ਸ਼ਾਂਤੀ ਨਾਲ ਸੁਣੀਆਂ ਅਤੇ ਸਾਰਾ ਮਾਮਲਾ ਸਮਝ ਕੇ ਮੁਸਕਰਾਉਂਦਿਆਂ ਕਿਹਾ, ‘‘ਇਸ ਵਿੱਚ ਗ਼ਲਤ ਕੀ ਹੈ, ਪੰਡਿਤ ਜੀ? ਜੋ ਜੀਹਨੂੰ ਅਪਣਾ ਧਰਮ ਮੰਨਦਾ ਹੈ, ਉਹੀ ਉਸਦਾ ਧਰਮ ਹੈ। ਜੇ ਇਨ੍ਹਾਂ ਲੋਕਾਂ ਦਾ ਧਰਮ ਪ੍ਰੇਮ ਹੈ, ਤਾਂ ਇਨ੍ਹਾਂ ਨੇ ਜੋ ਲਿਖਿਆ ਹੈ, ਠੀਕ ਹੈ। ਦੁਨੀਆ ਵਿਚ ਹਜ਼ਾਰਾਂ ਧਰਮ ਚੱਲ ਰਹੇ ਹਨ, ਇੱਕ ਇਨ੍ਹਾਂ ਦਾ ਵੀ ਚੱਲਣ ਦਿਓ। ਜਾਓ, ਬੱਚੇ ਨੂੰ ਦਾਖ਼ਲ ਕਰ ਲਓ।’’

ਪੰਡਿਤ ਨੇ ਸਮੀਰ ਨੂੰ ਦਾਖ਼ਲ ਤਾਂ ਕਰ ਲਿਆ, ਪਰ ਉਹ ਪਹਿਲੇ ਹੀ ਦਿਨ ਤੋਂ ਉਹਦਾ ਦੁਸ਼ਮਣ ਬਣ ਗਿਆ। ਸਕੂਲ ਵਿਚ ਪਹਿਲੇ ਹੀ ਦਿਨ ਸਮੀਰ ਨੂੰ ਪਤਾ ਲੱਗ ਗਿਆ ਕਿ ਪੰਡਿਤ ਇੱਥੇ ਹਿੰਦੀ ਦਾ ਟੀਚਰ ਹੈ। ਭਾਵੇਂ ਅਜੇ ਪੜ੍ਹਾਈ ਸ਼ੁਰੂ ਨਹੀਂ ਹੋਈ ਸੀ ਅਤੇ ਸਮੀਰ ਦੀ ਜਮਾਤ ਵਿੱਚ ਤਾਂ ਉਹਦਾ ਕੋਈ ਕੰਮ ਹੀ ਨਹੀਂ ਸੀ, ਫਿਰ ਵੀ ਉਹ ਆ ਧਮਕਿਆ ਅਤੇ ਸਕੂਲ ਵਿੱਚ ਦਾਖਲ ਹੋਏ ਨਵੇਂ ਬੱਚਿਆਂ ਨਾਲ ਹੱਸਦੀ-ਖੇਡਦੀ ਟੀਚਰ ਦੇ ਕੰਨ ਵਿੱਚ ਸਮੀਰ ਨੂੰ ਵੇਖਦੇ-ਵਿਖਾਉਂਦੇ ਪਤਾ ਨਹੀਂ ਕੀ ਕਹਿ ਗਿਆ ਕਿ ਉਹਦੇ ਜਾਣ ਪਿੱਛੋਂ ਟੀਚਰ ਸਮੀਰ ਨੂੰ ਘੂਰ-ਘੂਰ ਕੇ ਵੇਖਦੀ ਰਹੀ।

ਕੁਝ ਦਿਨਾਂ ਪਿੱਛੋਂ ਸਮੀਰ ਨੇ ਵੇਖਿਆ ਕਿ ਸਕੂਲ ਦੇ ਕਈ ਅਧਿਆਪਕ ਅਤੇ ਵਿਦਿਆਰਥੀ ਉਹਨੂੰ ਘੂਰ ਕੇ ਵੇਖਦੇ ਹਨ ਅਤੇ ਕੁਝ ਬੱਚੇ ਪਿੱਠ ਪਿੱਛੇਠ ਪਰ ਉਹਨੂੰ ਸੁਣਾਉਂਦੇ ਹੋਏ ‘ਪ੍ਰੇਮ’ ਕਹਿੰਦੇ ਹਨ ਅਤੇ ਉੱਚੀ-ਉੱਚੀ ਹੱਸਦੇ ਹਨ।

ਸਮੀਰ ਨੇ ਇਹ ਗੱਲ ਆਪਣੇ ਮਾਤਾ-ਪਿਤਾ ਨੂੰ ਦੱਸੀ ਤਾਂ ਉਹ ਇੱਕ ਦਿਨ ਉਹਦੇ ਸਕੂਲ ਜਾ ਕੇ ਪੰਡਿਤ ਨੂੰ ਮਿਲੇ। ਉਨ੍ਹਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ‘‘ਵੇਖੋ, ਅਸੀਂ ਦੋਵੇਂ ਸੁਸਿੱਖਿਅਤ ਪਰਿਵਾਰਾਂ ਦੇ ਖੁੱਲ੍ਹਦਿਲੇ, ਧਰਮ-ਨਿਰਪੱਖ ਅਤੇ ਜਮਹੂਰੀ ਵਾਤਾਵਰਣ ’ਚ ਪਲੇ ਹੋਏ ਹਾਂ। ਅਸੀਂ ਉੱਚ-ਵਿੱਦਿਆ ਪ੍ਰਾਪਤ ਕੀਤੀ ਹੈ। ਸਿੱਖਿਆ-ਕਾਲ ਵਿੱਚ ਅਸੀਂ ਇਕ ਪ੍ਰਗਤੀਸ਼ੀਲ ਵਿਦਿਆਰਥੀ ਯੂਨੀਅਨ ਅਤੇ ਲੋਕ-ਹਿੱਤ ਦੇ ਸਮਾਜਿਕ ਕੰਮਾਂ ਵਿੱਚ ਕਿਰਿਆਸ਼ੀਲ ਰਹੇ ਹਾਂ। ਅਸੀਂ ਬਾਕਾਇਦਾ ਪ੍ਰੇਮ-ਵਿਆਹ ਕੀਤਾ ਹੈ ਜੋ ਸਮਾਜਿਕ ਜਾਂ ਕਾਨੂੰਨੀ ਦ੍ਰਿਸ਼ਟੀ ਤੋਂ ਕੋਈ ਗ਼ਲਤ ਨਹੀਂ। ਸਾਡੇ ਸੰਵਿਧਾਨ ਵਿਚ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਉਹ ਜਿਸ ਧਰਮ ਨੂੰ ਮੰਨਣਾ ਚਾਹੁਣ, ਮੰਨਣ। ਸਾਡਾ ਜਨਮ ਭਾਵੇਂ ਹਿੰਦੂ ਅਤੇ ਮੁਸਲਮਾਨ ਦੇ ਰੂਪ ਵਿੱਚ ਹੋਇਆ ਹੋਵੇ, ਪਰ ਹੁਣ ਅਸੀਂ ਪ੍ਰੇਮ ਨੂੰ ਹੀ ਆਪਣਾ ਧਰਮ ਮੰਨਦੇ ਹਾਂ ਅਤੇ ਅਜਿਹਾ ਮੰਨਣ ਦਾ ਸਾਨੂੰ ਪੂਰਾ ਹੱਕ ਹੈ।’’

‘‘ਪਰ ਪ੍ਰੇਮ ਕੋਈ ਧਰਮ ਨਹੀਂ ਹੈ।’’ ਪੰਡਿਤ ਨੇ ਖਿਝ ਕੇ ਕਿਹਾ।

‘‘ਪ੍ਰੇਮ ਤਾਂ ਸਰਬਵਿਆਪੀ ਅਤੇ ਪਰੰਪਰਾਗਤ ਧਰਮ ਹੈ।’’ ਰੰਜਨਾ ਪਾਂਡੇ ਨੇ ਕਿਹਾ ਅਤੇ ਕਈ ਮਹਾਂਪੁਰਸ਼ਾਂ ਦੇ ਹਵਾਲਿਆਂ ਨਾ ਹਿੰਦੂ ਪੌਰਾਣਿਕ-ਕਥਾਵਾਂ ’ਚੋਂ ਕਈ ਮਿਸਾਲਾਂ ਦਿੱਤੀਆਂ।

ਸ਼ਮੀਮ ਖ਼ਾਨ ਨੇ ਵੀ ਸਾਹਿਤ, ਇਤਿਹਾਸ, ਸਿਨੇਮਾ ਅਤੇ ਲੋਕ-ਗਾਥਾਵਾਂ ਵਾਲੇ ਅਨੇਕਾਂ ਪ੍ਰੇਮੀਆਂ ਦੀ ਉਦਾਹਰਣ ਦਿੰਦਿਆਂ ਪ੍ਰੇਮ ਦੇ ਲੌਕਿਕ ਅਤੇ ਅਲੌਕਿਕ ਰੂਪਾਂ ਦਾ ਵਰਣਨ ਕੀਤਾ।

ਪੰਡਿਤ ਨਿਰੁੱਤਰ ਸਿੱਧ ਹੋ ਰਿਹਾ ਸੀ, ਇਸ ਲਈ ਅੱਗ ਬਗੂਲਾ ਹੋ ਉੱਠਿਆ ਅਤੇ ਗਰਜਦੀ ਆਵਾਜ਼ ਵਿੱਚ ਬੋਲਿਆ, ‘‘ਧਰਮ ਦੇ ਬਾਰੇ ਤੁਸੀਂ ਸਾਥੋਂ ਵੱਧ ਜਾਣਦੇ ਹੋ?’’

‘‘ਬਿਲਕੁਲ ਨਹੀਂ।’’ ਸ਼ਮੀਮ ਖਾਨ ਨੇ ਸ਼ਾਂਤ ਆਵਾਜ਼ ਵਿੱਚ ਕਿਹਾ, ‘‘ਅਸੀਂ ਨਾ ਤਾਂ ਧਰਮ ਦਾ ਧੰਦਾ ਕਰਦੇ ਹਾਂ ਤੇ ਨਾ ਹੀ ਧਰਮ ਦੀ ਰਾਜਨੀਤੀ।’’ ‘‘ਕਰਨ ਬਾਰੇ ਵੀ ਨਾ ਸੋਚਣਾ! ਸੋਚਣਾ, ਤਾਂ ਆਪਣੇ ਮੁੰਡੇ ਦੇ ਭਵਿੱਖ ਬਾਰੇ ਹੀ ਸੋਚਣਾ। ਇਹ ਪ੍ਰੇਮੀ ਬਣ ਕੇ ਨਹੀਂ, ਹਿੰਦੂ ਜਾਂ ਮੁਸਲਮਾਨ ਬਣ ਕੇ ਹੀ ਸਮਾਜ ਵਿੱਚ ਰਹਿ ਸਕਦਾ ਹੈ।’’

ਪੰਡਿਤ ਤੋਂ ਨਿਰਾਸ਼ ਹੋ ਕੇ ਰੰਜਨਾ ਪਾਂਡੇ ਅਤੇ ਸ਼ਮੀਮ ਖ਼ਾਨ ਸਮੀਰ ਨੂੰ ਨਾਲ ਲੈ ਕੇ ਪ੍ਰਿੰਸੀਪਲ ਫਾਦਰ ਗੋਂਜਾਲਵੇਜ਼ ਕੋਲ ਗਏ। ਉਨ੍ਹਾਂ ਨੂੰ ਸ਼ਾਇਦ ਉਮੀਦ ਸੀ ਕਿ ਦਾਖ਼ਲੇ ਵਾਲੇ ਦਿਨ ਵਾਂਗ ਅੱਜ ਵੀ ਪ੍ਰਿੰਸੀਪਲ ਉਨ੍ਹਾਂ ਨੂੰ ਸਹੀ ਅਤੇ ਪੰਡਿਤ ਨੂੰ ਗ਼ਲਤ ਮੰਨਦਿਆਂ ਉਸਨੂੰ ਬੁਲਾ ਕੇ ਸਮਝਾਉਣਗੇ। ਪਰ ਪ੍ਰਿੰਸੀਪਲ ਨੇ ਪੰਡਿਤ ਦਾ ਪੱਖ ਲੈਂਦਿਆਂ ਕਿਹਾ, ‘‘ਵੇਖੋ, ਦੋ ਧਰਮਾਂ ਦਾ ਤਾਲਮੇਲ ਠੀਕ ਨਹੀਂ; ਜਾਂ ਤਾਂ ਤੁਸੀਂ ਦੋਵੇਂ ਹਿੰਦੂ ਬਣ ਜਾਓ, ਜਾਂ ਦੋਵੇਂ ਮੁਸਲਮਾਨ। ਜੇ ਹਿੰਦੂ-ਮੁਸਲਮਾਨ ਨਹੀਂ ਬਣਨਾ ਚਾਹੁੰਦੇ ਤਾਂ ਇਸਾਈ ਬਣ ਜਾਓ।’’

ਸ਼ਮੀਮ ਖਾਨ ਨੇ ਕਿਹਾ, ‘‘ਕਿਉਂ? ਜਦੋਂ ਦੇਸ਼ ਵਿੱਚ ਹਿੰਦੂ-ਮੁਸਲਮਾਨ ਨਾਲ-ਨਾਲ ਰਹਿ ਸਕਦੇ ਹਨ ਤਾਂ ਘਰ ਵਿਚ ਕਿਉਂ ਨਹੀਂ?’’

‘‘ਦੇਸ਼ ਵਿੱਚ ਨਾਲ ਰਹਿਣ ’ਤੇ ਵੀ ਉਨ੍ਹਾਂ ਦੀਆਂ ਸੰਤਾਨਾਂ ਵੱਖ- ਵੱਖ ਹੁੰਦੀਆਂ ਹਨ। ਉਹ ਹਿੰਦੂ ਅਤੇ ਮੁਸਲਮਾਨ ਦੇ ਤੌਰ ’ਤੇ ਪਛਾਣੀਆਂ ਜਾਂਦੀਆਂ ਹਨ। ਘਰ ਵਿੱਚ ਨਾਲ ਰਹਿਣ ’ਤੇ ਦੋਵਾਂ ਦੀਆਂ ਜੋ ਸੰਤਾਨ ਹੁੰਦੀ ਹੈ, ਉਸ ਬਾਰੇ ਇਹ ਸਾਫ਼ ਹੋਣਾ ਜ਼ਰੂਰੀ ਹੈ ਕਿ ਉਹ ਹਿੰਦੂ ਹੈ ਜਾਂ ਮੁਸਲਮਾਨ। ਤੁਸੀਂ ਇਸ ਪਛਾਣ ਨੂੰ ਛੁਪਾਉਣਾ ਚਾਹੁੰਦੇ ਹੋ, ਇਹ ਠੀਕ ਨਹੀਂ।’’ ‘‘ਕਿਉਂ ਠੀਕ ਨਹੀਂ ਹੈ?’’ ਸ਼ਮੀਮ ਖ਼ਾਨ ਨੇ ਸ਼ਾਂਤੀ ਨਾਲ, ਪਰ ਕੁਝ ਸਖ਼ਤ ਆਵਾਜ਼ ਵਿੱਚ ਕਿਹਾ। ਫਾਦਰ ਗੋਂਜਾਲਵੇਜ਼ ਨੇ ਬਿਲਕੁਲ ਠੰਢੀ ਆਵਾਜ਼ ਵਿੱਚ ਕਿਹਾ, ‘‘ਤੁਸੀਂ ਕੋਈ ਪੀਰ-ਪੈਗੰਬਰ ਜਾਂ ਸੰਤ-ਮਹਾਤਮਾ ਹੋ, ਜੋ ਪ੍ਰੇਮ ਨਾਂ ਦਾ ਆਪਣਾ ਵੱਖਰਾ ਹੀ ਧਰਮ ਚਲਾਉਣਾ ਚਾਹੁੰਦੇ ਹੋ? ਇਹ ਸਾਰੇ ਧਰਮਾਂ ਨਾਲ ਧੋਖਾ ਹੈ।’’ ‘‘ਅਸੀਂ ਕਿਸੇ ਨੂੰ ਧੋਖਾ ਨਹੀਂ ਦੇ ਰਹੇ।’’ ਰੰਜਨਾ ਪਾਂਡੇ ਨੇ ਕਿਹਾ। ‘‘ਤਾਂ ਠੀਕ ਹੈ, ਤੁਸੀਂ ਜੋ ਕਰਨਾ ਹੈ, ਕਰੋ। ਪਰ ਕ੍ਰਿਪਾ ਕਰਕੇ ਤੁਸੀਂ ਇੱਥੋਂ ਚਲੇ ਜਾਓ।’’

ਸ਼ਮੀਮ ਖਾਨ ਦਾ ਇਕ ਮਿੱਤਰ ਅਬਦੁਲ ਕਾਦਿਰ, ਜਿਸ ਨੂੰ ਉਹ ਕਾਮਰੇਡ ਕਾਦਿਰ ਕਿਹਾ ਕਰਦਾ ਸੀ, ਅਕਸਰ ਉਹਨੂੰ ਮਿਲਣ ਆਇਆ ਕਰਦਾ ਸੀ। ਉਸੇ ਦਿਨ ਉਹ ਸ਼ਾਮ ਨੂੰ ਉਨ੍ਹਾਂ ਦੇ ਘਰ ਆਇਆ। ਦੋਵਾਂ ਨੇ ਜਦੋਂ ਉਸ ਨੂੰ ਦੱਸਿਆ ਕਿ ਸਕੂਲ ਵਿੱਚ ਸਮੀਰ ਦੇ ਦਾਖਲੇ ਵੇਲੇ ਧਰਮ ਦੇ ਖਾਨੇ ’ਚ ਪ੍ਰੇਮ ਲਿਖਣ ’ਤੇ ਕਿਵੇਂ ਹੰਗਾਮਾ ਹੋਇਆ ਤਾਂ ਉਹ ਹੱਸ ਕੇ ਬੋਲਿਆ, ‘‘ਵਾਹ, ਤੁਸੀਂ ਦੱਸ ਦਿੱਤਾ ਕਿ ਸਿਰਫ਼ ਇਕ ਸ਼ਬਦ ਪ੍ਰੇਮ ਲਿਖਣ ’ਤੇ ਵੀ ਅਸੀਂ ਫ਼ਿਰਕੂਪੁਣੇ ਖ਼ਿਲਾਫ਼ ਪ੍ਰੋਟੈਸਟ ਕਰ ਸਕਦੇ ਹਾਂ। ਪਰ ਫ਼ਿਰਕੂ ਸਿਆਸਤ ਕਰਨ ਵਾਲਿਆਂ ਨਾਲ ਉਲਝਣਾ ਠੀਕ ਨਹੀਂ। ਉਨ੍ਹਾਂ ਨਾਲ ਇਕੱਲਿਆਂ ਅਤੇ ਵਿਅਕਤੀਗਤ ਪੱਧਰ ’ਤੇ ਨਹੀਂ ਸਗੋਂ ਸੰਗਠਿਤ ਹੋ ਕੇ ਸਮੂਹਿਕ ਰੂਪ ਨਾਲ ਹੀ ਲੜਿਆ ਜਾ ਸਕਦਾ ਹੈ।’’

‘‘ਯਾਨੀ, ਪਹਿਲਾਂ ਅਸੀਂ ਤੇਰੀ ਪਾਰਟੀ ਦੇ ਮੈਂਬਰ ਬਣੀਏ, ਫਿਰ ਤੇਰਾ ਲਾਲ ਝੰਡਾ ਲਹਿਰਾਉਂਦੇ ਹੋਏ ਉਨ੍ਹਾਂ ਨਾਲ ਲੜਨ ਜਾਈਏ?’’ ਸ਼ਮੀਮ ਖ਼ਾਨ ਨੇ ਹੱਸਦਿਆਂ ਕਿਹਾ, ‘‘ਕਾਮਰੇਡ ਅਬਦੁਲ ਕਾਦਿਰ, ਤੂੰ ਵਰ੍ਹਿਆਂ ਤੋਂ ਸਾਨੂੰ ਆਪਣਾ ਕਾਡਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ। ਹੁਣ ਇਹ ਕੋਸ਼ਿਸ਼ ਕਰਨੀ ਬੰਦ ਕਰ ਦੇ। ਅਸੀਂ ਰਾਜਨੀਤੀ ਵਿੱਚ ਨਹੀਂ ਜਾਣਾ।’’ ‘‘ਪ੍ਰੇਮ ਕਰੋਗੇ ਅਤੇ ਰਾਜਨੀਤੀ ਤੋਂ ਬਚੇ ਰਹੋਗੇ?’’ ਅਬਦੁਲ ਕਾਦਿਰ ਨੇ ਕਿਹਾ। ‘‘ਬਚੇ ਹੀ ਹੋਏ ਹਾਂ।’’ ਸ਼ਮੀਮ ਖ਼ਾਨ ਬੋਲਿਆ, ‘‘ਸ਼ਾਦੀ ਕਰਨ ਵੇਲੇ ਸਾਨੂੰ ਡਰ ਲੱਗ ਰਿਹਾ ਸੀ ਕਿ ਸਾਡੇ ਕਰਕੇ ਕਿਤੇ ਫ਼ਿਰਕੂ ਦੰਗਾ ਨਾ ਹੋ ਜਾਵੇ। ਕੁਝ ਹੋਇਆ?’’ ‘‘ਹੁਣ ਹੋ ਰਿਹਾ ਹੈ ਨਾ! ਸਮੀਰ ਦੇ ਦਾਖ਼ਲੇ ਦੇ ਫਾਰਮ ਵਿਚ ਤੁਸੀਂ ‘ਹਿੰਦੂ’ ਜਾਂ ‘ਮੁਸਲਮਾਨ’ ਲਿਖ ਦਿੰਦੇ ਤਾਂ ਕਿਸੇ ਨੂੰ ਕੋਈ ਦਿੱਕਤ ਨਾ ਹੁੰਦੀ। ਉਸ ਤਿਲਕਧਾਰੀ ਨੂੰ ਵੀ ਨਹੀਂ। ਪਤਾ ਹੈ, ਕਿਉਂ? ਇਸ ਲਈ ਕਿ ਪ੍ਰੇਮ ਵਿਆਹ ਕਰਕੇ ਦੋਵੇਂ ਹਿੰਦੂ ਜਾਂ ਮੁਸਲਮਾਨ ਬਣ ਜਾਣ ਤਾਂ ਕਿਸੇ ਫ਼ਿਰਕੇ ਨੂੰ ਜ਼ਿਆਦਾ ਫ਼ਰਕ ਨਹੀਂ ਪੈਂਦਾ। ਉਨ੍ਹਾਂ ਦੀ ਵਿਵਸਥਾ ਜਿਉਂ ਦੀ ਤਿਉਂ ਬਣੀ ਰਹਿੰਦੀ ਹੈ, ਉਨ੍ਹਾਂ ਦੀ ਸਿਆਸਤ ਚੱਲਦੀ ਰਹਿੰਦੀ ਹੈ ਅਤੇ ਉਨ੍ਹਾਂ ਦਾ ਧਰਮ ਦਾ ਧੰਦਾ ਵੀ ਫਲਦਾ-ਫੁਲਦਾ ਰਹਿੰਦਾ ਹੈ। ਪਰ ਜਿਉਂ ਹੀ ਤੁਸੀਂ ਆਪਣਾ ਧਰਮ ‘ਪ੍ਰੇਮ’ ਲਿਖਿਆ, ਸਮਝੋ ਕਿ ਦੋਵੇਂ ਫ਼ਿਰਕਿਆਂ ਨੂੰ ਚੁਣੌਤੀ ਦੇ ਦਿੱਤੀ ਅਤੇ ਇਹ ਚੁਣੌਤੀ ਰਾਜਨੀਤਕ ਹੈ।’’

‘‘ਤਾਂ ਹੁਣ ਅਸੀਂ ਕੀ ਕਰੀਏ, ਭਾਈ ਸਾਹਿਬ?’’ ਰੰਜਨਾ ਪਾਂਡੇ ਨੇ ਪੁੱਛਿਆ। ‘‘ਭਾਬੀ ਜੀ, ਰਾਜਨੀਤਕ ਲੜਾਈ ਤਾਂ ਰਾਜਨੀਤਕ ਪੱਧਰ ’ਤੇ ਹੀ ਲੜਨੀ ਪਵੇਗੀ।’’ ਅਬਦੁਲ ਕਾਦਿਰ ਨੇ ਕੁਝ ਸੋਚਦਿਆਂ ਕਿਹਾ, ‘‘ਪਰ ਉਹਦੇ ਲਈ ਤਾਂ ਸੈਕੂਲਰ ਪਾਰਟੀਆਂ ਵੀ ਅਜੇ ਤਿਆਰ ਨਹੀਂ ਹਨ। ਇਸ ਲਈ ਮੈਂ ਫਿਲਹਾਲ ਤੁਹਾਨੂੰ ਇਹੋ ਸਲਾਹ ਦਿਆਂਗਾ ਕਿ ਤੁਸੀਂ ਇਸ ਝਗੜੇ ਵਿਚ ਨਾ ਪਵੋ। ਸਮੀਰ ਦੇ ਸਕੂਲ ਵਿੱਚ ਜਾ ਕੇ ਧਰਮ ਦੇ ਖਾਨੇ ਵਿੱਚ ‘ਪ੍ਰੇਮ’ ਦੀ ਥਾਂ ‘ਹਿੰਦੂ’ ਜਾਂ ‘ਮੁਸਲਮਾਨ’ ਲਿਖ ਦਿਓ।’’ ‘‘ਇਹ ਨਹੀਂ ਹੋ ਸਕਦਾ।’’ ਸ਼ਮੀਮ ਖ਼ਾਨ ਨੇ ਕਿਹਾ। ‘‘ਤਾਂ ਫਿਰ ਲੜੋ।’’ ਅਬਦੁਲ ਕਾਦਿਰ ਨੇ ਕਿਹਾ ਅਤੇ ਗੱਲ ਉੱਥੇ ਹੀ ਖ਼ਤਮ ਕਰਨ ਲਈ ਸਮੀਰ ਨਾਲ ਗੱਲਾਂ ਕਰਨ ਲੱਗਿਆ।

ਸਮੀਰ ਦੇ ਦਾਖ਼ਲੇ ਵੇਲ਼ੇ ਰੰਜਨਾ ਪਾਂਡੇ ਅਤੇ ਸ਼ਮੀਮ ਖ਼ਾਨ ਨੇ ਤਾਂ ਪੰਡਿਤ ’ਤੇ ਮੁਕੱਦਮਾ ਚਲਾਉਣ ਦੀ ਸਿਰਫ਼ ਧਮਕੀ ਹੀ ਦਿੱਤੀ ਸੀ। ਪਰ ਹੁਣ ਉਨ੍ਹਾਂ ਨੂੰ ਲੱਗਿਆ ਕਿ ਪੰਡਿਤ ’ਤੇ ਹੀ ਨਹੀਂ, ਸਕੂਲ ’ਤੇ ਵੀ ਮੁਕੱਦਮਾ ਚਲਾਉਣਾ ਚਾਹੀਦਾ ਹੈ ਜਿੱਥੇ ਸੰਪਰਦਾਇਕ ਲੋਕਾਂ ’ਤੇ ਲਗਾਮ ਲਾਉਣ ਦੀ ਥਾਂ ਉਨ੍ਹਾਂ ਦਾ ਬਚਾਅ ਕੀਤਾ ਜਾਂਦਾ ਹੈ ਅਤੇ ਪ੍ਰੇਮ ਨੂੰ ਆਪਣਾ ਧਰਮ ਮੰਨਣ ਵਾਲਿਆਂ ਨੂੰ ਹਿੰਦੂ, ਮੁਸਲਮਾਨ ਜਾਂ ਇਸਾਈ ਬਣਨ ਦੀ ਸਲਾਹ ਦਿੱਤੀ ਜਾਂਦੀ ਹੈ।

ਜਦੋਂ ਉਨ੍ਹਾਂ ਨੇ ਆਪਣੇ ਇੱਕ ਵਕੀਲ ਮਿੱਤਰ ਨੂੰ ਘਰੇ ਬੁਲਾ ਕੇ ਉਹਦੀ ਰਾਇ ਪੁੱਛੀ ਤਾਂ ਉਹਨੇ ਕਿਹਾ, ‘‘ਅਜਿਹਾ ਭੁੱਲ ਕੇ ਵੀ ਨਾ ਕਰਨਾ। ਮੁਕੱਦਮਾ ਚਲਾ ਕੇ ਤੁਸੀਂ ਉਲਟੇ ਫਸ ਜਾਓਗੇ। ਤੁਹਾਡੇ ’ਤੇ ਇੱਕੋ ਵੇਲੇ ਕਈ ਆਰੋਪ ਲਾ ਦਿੱਤੇ ਜਾਣਗੇ, ਜਿਵੇਂ ਧਰਮ ਦੇ ਮਾਮਲਿਆਂ ਵਿਚ ਬਿਨਾਂ ਕਾਰਨ ਦਖ਼ਲਅੰਦਾਜ਼ੀ ਕਰਨੀ, ਪ੍ਰੇਮ ਨਾਂ ਦਾ ਇਕ ਜਾਅਲੀ ਧਰਮ ਚਲਾਉਣ ਦੀ ਕੋਸ਼ਿਸ਼ ਕਰਨੀ, ਸਥਾਪਤ ਧਰਮਾਂ ਦਾ ਅਪਮਾਨ ਕਰਨਾ, ਇਕ ਅਣਭੋਲ ਬੱਚੇ ਨੂੰ ਜੀਵਨ-ਭਰ ਲਈ ਉਹਦੇ ਧਰਮ ਤੋਂ ਮਹਿਰੂਮ ਕਰਨਾ, ਅਤੇ ਇਕ ਬੱਚੇ ਨੂੰ ਅਧਰਮੀ ਬਣਾ ਕੇ ਆਉਣ ਵਾਲੀਆਂ ਅਸੰਖ ਪੀੜ੍ਹੀਆਂ ਦੇ ਅਸੰਖ ਲੋਕਾਂ ਨੂੰ ਅਧਰਮੀ ਬਣਾਉਣਾ। ਮਤਲਬ ਇਹ ਕਿ ਜਦੋਂ ਅਧਰਮੀ ਸਮੀਰ ਵੱਡਾ ਹੋ ਕੇ ਬੱਚੇ ਪੈਦਾ ਕਰੇਗਾ ਤਾਂ ਉਹਦੇ ਬੱਚੇ, ਫਿਰ ਉਨ੍ਹਾਂ ਦੇ ਬੱਚਿਆਂ ਦੇ ਬੱਚੇ, ਅਤੇ ਫਿਰ ਅੱਗੇ ਦੀਆਂ ਉਹ ਸਾਰੀਆਂ ਪੀੜ੍ਹੀਆਂ ਦੇ ਬੱਚਿਆਂ ਦੇ ਬੱਚੇ ਵੀ ਅਧਰਮੀ ਹੋਣਗੇ।’’ ‘‘ਇਹ ਮਾਮਲਾ ਇੰਨੀ ਦੂਰ ਤਕ ਜਾਂਦਾ ਹੈ?’’ ਰੰਜਨਾ ਪਾਂਡੇ ਅਤੇ ਸ਼ਮੀਮ ਖ਼ਾਨ ਹੈਰਾਨ ਰਹਿ ਗਏ।

‘‘ਹਾਂ ਬਈ!’’ ਵਕੀਲ ਮਿੱਤਰ ਨੇ ਵਿਅੰਗਪੂਰਨ ਕਿਹਾ, ‘‘ਆਖ਼ਰ ਧਰਮ ਦੀ ਸੱਤਾ ਨੂੰ ਹਮੇਸ਼ਾ ਲਈ ਬਣਾਈ ਰੱਖਣ ਦਾ ਸੁਆਲ ਹੈ।’’

‘‘ਇਹ ਮਾਮਲਾ ਇੰਨੀ ਦੂਰ ਤਕ ਜਾਂਦਾ ਹੈ, ਫਿਰ ਤਾਂ ਸਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਮੁਕੱਦਮੇਬਾਜ਼ੀ ਵਿਚ ਅਸੀਂ ਨਾ ਪਈਏ, ਪਰ ਇਸਦੇ ਬਾਰੇ ਲਿਖ ਤਾਂ ਸਕਦੇ ਹਾਂ। ਮੈਂ ਅਖ਼ਬਾਰਾਂ ਵਿਚ ਲੇਖ ਲਿਖਾਂਗੀ।’’ ਰੰਜਨਾ ਪਾਂਡੇ ਨੇ ਨਿਸ਼ਚੇਪੂਰਨ ਆਵਾਜ਼ ਵਿੱਚ ਕਿਹਾ।

‘‘ਲਿਖੋ, ਜ਼ਰੂਰ ਲਿਖੋ, ਪਰ ਉਸ ਵਿੱਚ ਵੀ ਸਾਵਧਾਨ ਰਹੋ! ਪ੍ਰੇਮ ਬਾਰੇ ਤੁਸੀਂ ਜੋ ਚਾਹੋ ਅਤੇ ਜਿੰਨਾ ਚਾਹੋ, ਲਿਖੋ। ਲੇਖ ਹੀ ਕਿਉਂ, ਕਹਾਣੀ ਲਿਖੋ, ਨਾਵਲ ਲਿਖੋ, ਨਾਟਕ ਲਿਖੋ, ਟੀਵੀ ਸੀਰੀਅਲ ਲਿਖੋ। ਲੋਕ ਲਿਖਦੇ ਹੀ ਹਨ। ਪਰ ਪ੍ਰੇਮ ਨੂੰ ਪ੍ਰੇਮ ਹੀ ਕਹੋ, ਧਰਮ ਕਹਿ ਕੇ ਉਹਨੂੰ ਦੂਜੇ ਧਰਮਾਂ ਖ਼ਿਲਾਫ਼ ਖੜ੍ਹਾ ਕਰਨ ਦੀ ਗਲਤੀ ਨਾ ਕਰੋ!’’

ਪਰ ਰੰਜਨਾ ਪਾਂਡੇ ਅਤੇ ਸ਼ਮੀਮ ਖ਼ਾਨ ਨੇ ਵਕੀਲ ਮਿੱਤਰ ਦੀ ਇਹ ਸਲਾਹ ਨਹੀਂ ਮੰਨੀ। ਰੰਜਨਾ ਪਾਂਡੇ ਨੇ ਹਿੰਦੀ ਦੇ ਅਖ਼ਬਾਰਾਂ ਵਿੱਚ ਅਤੇ ਸ਼ਮੀਮ ਖਾਨ ਨੇ ਅੰਗਰੇਜ਼ੀ ਦੇ ਅਖ਼ਬਾਰਾਂ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਕਿ ਅੱਜ ਦੇ ਸਮੇਂ ਵਿਚ ਪ੍ਰੇਮ ਹੀ ਸੱਚਾ ਧਰਮ ਹੈ। ਪਰ ਉਨ੍ਹਾਂ ਦੇ ਦੋ-ਤਿੰਨ ਲੇਖ ਹੀ ਛਪੇ ਸਨ ਕਿ ਤੂਫ਼ਾਨ ਆ ਗਿਆ। ਅਖ਼ਬਾਰਾਂ ਵਿੱਚ ਉਨ੍ਹਾਂ ਦੇ ਵਿਰੁੱਧ ਪਹਿਲਾਂ ਤਾਂ ਪਾਠਕਾਂ ਦੇ ਖ਼ਤ ਛਪੇ, ਫਿਰ ਛੋਟੀਆਂ-ਛੋਟੀਆਂ ਟਿੱਪਣੀਆਂ, ਫਿਰ ਵੱਡੇ-ਵੱਡੇ ਲੇਖ। ਉਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਪ੍ਰੇਮ ਨੂੰ ਧਰਮ ਦੱਸਣਾ ਧਰਮ ਨਾਲ ਖਿਲਵਾੜ ਕਰਨਾ ਜਾਂ ਉਹਦਾ ਮਖੌਲ ਉਡਾਉਣਾ ਹੈ। ਇਸ ਨਾਲ ਧਾਰਮਿਕ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜਦੀ ਹੈ। ਇਸ ਲਈ ਅਜਿਹੇ ਲੇਖ ਨਹੀਂ ਛਪਣੇ ਚਾਹੀਦੇ ਅਤੇ ਅਜਿਹੇ ਲੇਖ ਲਿਖਣ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

ਵੇਖਦੇ-ਵੇਖਦੇ ਪ੍ਰੇਮ ਦੇ ਪ੍ਰਸੰਗ ਵਿੱਚ ਬਹੁਤ ਸਾਰੇ ਨੈਤਿਕ, ਸਮਾਜਿਕ, ਸਭਿਆਚਾਰਕ ਅਤੇ ਕਾਨੂੰਨੀ ਮੁੱਦੇ ਉਠਾਏ ਜਾਣ ਲੱਗੇ। ਜਿਵੇਂ ਪ੍ਰੇਮ-ਵਿਆਹ ਸੰਬੰਧੀ ਨਿਯਮ-ਕਾਨੂੰਨਾਂ ’ਤੇ ਪੁਨਰ-ਵਿਚਾਰ ਕਰਕੇ ਉਨ੍ਹਾਂ ਨੂੰ ਲੋਕਹਿੱਤ ਵਿਚ ਤਰਕਸੰਗਤ ਬਣਾਇਆ ਜਾਵੇ; ਪ੍ਰੇਮ-ਵਿਆਹ ਪਿੱਛੋਂ ਪਤੀ ਦੇ ਧਰਮ ਨੂੰ ਹੀ ਪਤਨੀ ਅਤੇ ਬੱਚਿਆਂ ਦਾ ਧਰਮ ਮੰਨਿਆ ਜਾਣਾ ਚਾਹੀਦਾ ਹੈ; ਮੁੰਡਿਆਂ ਦਾ ਧਰਮ ਉਨ੍ਹਾਂ ਦੇ ਬਾਲਗ ਹੋਣ ਤਕ ਅਤੇ ਕੁੜੀਆਂ ਦਾ ਧਰਮ ਉਨ੍ਹਾਂ ਦਾ ਵਿਆਹ ਹੁਣ ਤੱਕ ਉਹੀ ਮੰਨਿਆ ਜਾਵੇ, ਜੋ ਉਨ੍ਹਾਂ ਦੇ ਪਿਤਾ ਦਾ ਧਰਮ ਹੋਵੇ; ਧਰਮ-ਪਰਿਵਰਤਨ ਦੀ ਆਗਿਆ ਸਿਰਫ਼ ਅਣਵਿਆਹੇ ਲੋਕਾਂ ਨੂੰ ਜਾਂ ਉਨ੍ਹਾਂ ਲੋਕਾਂ ਨੂੰ ਹੋਵੇ, ਜਿਨ੍ਹਾਂ ਦੀਆਂ ਸਾਰੀਆਂ ਸੰਤਾਨਾਂ ਬਾਲਗ ਹੋ ਚੁੱਕੀਆਂ ਹੋਣ ਆਦਿ।

ਫਿਰ ਸ਼ਮੀਮ ਖ਼ਾਨ ਅਤੇ ਰੰਜਨਾ ਪਾਂਡੇ ਵਿਰੁੱਧ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਜਾਣ ਲੱਗੀਆਂ। ਉਨ੍ਹਾਂ ’ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਜਾਣ ਲੱਗੇ ਅਤੇ ਜਲਸੇ, ਜਲੂਸਾਂ, ਭਾਸ਼ਣਾਂ, ਸੈਮੀਨਾਰਾਂ, ਅਖ਼ਬਾਰਾਂ-ਰਸਾਲਿਆਂ ਅਤੇ ਟੀਵੀ ਚੈਨਲਾਂ ਵਿੱਚ ਖੁੱਲ੍ਹ ਕੇ ਉਨ੍ਹਾਂ ਦੀ ਨਿੰਦਾ ਹੋਣ ਲੱਗੀ। ਉਨ੍ਹਾਂ ਖ਼ਿਲਾਫ਼ ਕਈ ਤਰ੍ਹਾਂ ਦੇ ਨਾਅਰੇ ਅਤੇ ਪੋਸਟਰ ਲਾਏ ਜਾਣ ਲੱਗੇ। ਜਿਵੇਂ: ਇਕ ਨਾਅਰਾ ਸੀ- ‘‘ਧਰਮ ਨਾਲ ਧੋਖੇਬਾਜ਼ੀ… ਨਹੀਂ ਚਲੇਗੀ, ਨਹੀਂ ਚਲੇਗੀ। ਪ੍ਰੇਮ ਦੇ ਨਾਂ ’ਤੇ ਜਾਅਲਸਾਜ਼ੀ… ਨਹੀਂ ਚਲੇਗੀ, ਨਹੀਂ ਚਲੇਗੀ।’’ ਇੱਕ ਪੋਸਟਰ ਸੀ, ਜਿਸ ਵਿੱਚ ਸ਼ਮੀਮ ਖ਼ਾਨ ਅਤੇ ਰੰਜਨਾ ਪਾਂਡੇ ਨੂੰ ਇੱਕ-ਦੂਜੇ ਨਾਲ ਲਿਪਟਿਆਂ ਸੱਪ-ਸੱਪਣੀ ਅਤੇ ਸਮੀਰ ਨੂੰ ਉਨ੍ਹਾਂ ਦੇ ਸਪੋਲੀਏ ਦੇ ਰੂਪ ਵਿੱਚ ਵਿਖਾਇਆ ਗਿਆ ਸੀ। ਹੇਠਾਂ ਲਿਖਿਆ ਸੀ- ‘‘ਭੋਲੇ-ਭਾਲੇ ਹਿੰਦੋਸਤਾਨ! ਇਨ੍ਹਾਂ ਸੱਪਾਂ ਤੋਂ ਸਾਵਧਾਨ!!’’

ਇੱਕ ਦਿਨ ਸਮੀਰ ਨੇ ਵੇਖਿਆ ਕਿ ਇਹ ਪੋਸਟਰ ਉਹਦੇ ਸਕੂਲ ਦੇ ਅੰਦਰ ਵੀ ਇੱਕ ਕੰਧ ’ਤੇ ਚਿਪਕਿਆ ਹੋਇਆ ਹੈ। ਉਹਨੂੰ ਬਹੁਤ ਬੁਰਾ ਲੱਗਿਆ ਅਤੇ ਉਹਨੇ ਪ੍ਰਿੰਸੀਪਲ ਕੋਲ ਇਸ ਦੀ ਸ਼ਿਕਾਇਤ ਕੀਤੀ। ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਨੇ ਖ਼ੁਦ ਉਹਦੇ ਨਾਲ ਜਾ ਕੇ ਉਸ ਪੋਸਟਰ ਨੂੰ ਵੇਖਿਆ। ਪ੍ਰਿੰਸੀਪਲ ਪੋਸਟਰ ਵੇਖ ਕੇ ਬਹੁਤ ਨਾਰਾਜ਼ ਹੋਏ। ਉਨ੍ਹਾਂ ਨੇ ਵਾਈਸ- ਪ੍ਰਿੰਸੀਪਲ ਨੂੰ ਸਖ਼ਤੀ ਨਾਲ ਆਦੇਸ਼ ਦਿੱਤਾ ਕਿ ਇਹਨੂੰ ਤੁਰੰਤ ਇੱਥੋਂ ਹਟਾਓ ਅਤੇ ਪਤਾ ਕਰੋ ਕਿ ਇਹਨੂੰ ਇੱਥੇ ਕੀਹਨੇ ਲਾਇਆ ਹੈ। ਇਹ ਜਿਸਦਾ ਵੀ ਕੰਮ ਹੋਵੇ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

ਪ੍ਰਿੰਸੀਪਲ ਦੇ ਆਦੇਸ਼ ਦੇ ਬਾਵਜੂਦ ਪੋਸਟਰ ਕਈ ਦਿਨਾਂ ਤਕ ਕੰਧ ’ਤੇ ਚਿਪਕਿਆ ਰਿਹਾ। ਆਖ਼ਰ ਇੱਕ ਦਿਨ ਸਮੀਰ ਨੇ ਹੀ ਉਸ ਨੂੰ ਪਾੜ ਕੇ ਸੁੱਟ ਦਿੱਤਾ।

ਇਸ ਤੋਂ ਅਗਲੇ ਦਿਨ ਸਮੀਰ ਦੀ ਜਮਾਤ ਵਿਚ ਹਿੰਦੀ ਟੀਚਰ ਪੰਡਿਤ ਪਾਠ-ਪੁਸਤਕ ਹੱਥ ਵਿੱਚ ਲੈ ਕੇ ‘ਦੇਸ਼ਭਗਤੀ’ ਨਾਂ ਦਾ ਪਾਠ ਪੜ੍ਹਾਉਂਦਿਆਂ ਕਹਿ ਰਿਹਾ ਸੀ, ‘‘ਸਾਨੂੰ ਆਪਣੇ ਦੇਸ਼ ਨਾਲ ਪ੍ਰੇਮ ਕਰਨਾ ਚਾਹੀਦਾ ਹੈ।’’ ਕਹਿੰਦਿਆਂ-ਕਹਿੰਦਿਆਂ ਅਚਾਨਕ ਉਹਨੇ ਸਮੀਰ ਵੱਲ ਵੇਖਿਆ ਅਤੇ ਵਿਅੰਗਪੂਰਨ ਕਿਹਾ, ‘‘ਕਿਉਂ ਪ੍ਰੇਮੀ ਜੀ, ਕਰਨਾ ਚਾਹੀਦਾ ਹੈ ਕਿ ਨਹੀਂ? ਉਂਜ ਤੁਹਾਡਾ ਆਪਣੇ ਦੇਸ਼ ਅਤੇ ਧਰਮ ਨਾਲ ਕੋਈ ਵਾਹ-ਵਾਸਤਾ ਨਹੀਂ। ਫਿਰ ਵੀ ਕੋਰਸ ਵਿੱਚ ਹੈ, ਇਸ ਲਈ ਦੇਸ਼ਭਗਤੀ ਦਾ ਪਾਠ ਤਾਂ ਤੁਹਾਨੂੰ ਵੀ ਪੜ੍ਹਨਾ ਹੀ ਪਵੇਗਾ। ਦੱਸੋ, ਸਾਨੂੰ ਆਪਣੇ ਦੇਸ਼ ਨਾਲ ਪ੍ਰੇਮ ਕਰਨਾ ਚਾਹੀਦਾ ਹੈ ਕਿ ਨਹੀਂ?’’

ਸਮੀਰ ਸਮਝਦਾ ਸੀ ਕਿ ਪੰਡਿਤ ਉਹਦਾ ਅਪਮਾਨ ਕਰ ਰਿਹਾ ਹੈ, ਇਸ ਲਈ ਉਹਨੇ ਸਿੱਧਾ ਜਵਾਬ ਨਾ ਦੇ ਕੇ ਕਿਹਾ, ‘‘ਮੇਰੇ ਮਾਤਾ-ਪਿਤਾ ਕਹਿੰਦੇ ਹਨ ਕਿ ਦੇਸ਼ ਦਾ ਮਤਲਬ ਕੰਧ ’ਤੇ ਟੰਗਿਆ ਦੇਸ਼ ਦਾ ਨਕਸ਼ਾ ਨਹੀਂ ਹੁੰਦਾ। ਦੇਸ਼ ਦਾ ਮਤਲਬ ਹੁੰਦਾ ਹੈ- ਦੇਸ਼ ਦੇ ਲੋਕ। ਜੇ ਤੁਸੀਂ ਦੇਸ਼ ਹੋ, ਤਾਂ ਮੈਂ ਦੇਸ਼ ਨਾਲ ਪ੍ਰੇਮ ਕਰਨ ਤੋਂ ਪਹਿਲਾਂ ਪੁੱਛਣਾ ਚਾਹਾਂਗਾ, ਕੀ ਦੇਸ਼ ਵੀ ਮੈਨੂੰ ਪ੍ਰੇਮ ਕਰਦਾ ਹੈ ਜਾਂ ਨਹੀਂ?’’

ਪੰਡਿਤ ਇਹ ਸੁਣ ਕੇ ਹੋਰ ਵੀ ਚਿੜ੍ਹ ਗਿਆ। ਬੋਲਿਆ, ‘‘ਇੱਥੇ ਗੱਲ ਲੈਲਾ-ਮਜਨੂੰ ਦੇ ਪ੍ਰੇਮ ਦੀ ਨਹੀਂ, ਦੇਸ਼-ਪ੍ਰੇਮ ਦੀ ਹੋ ਰਹੀ ਹੈ। ਦੇਸ਼ ਤੇਰੀ ਪ੍ਰੇਮਿਕਾ ਨਹੀਂ ਹੈ ਕਿ ਉਹ ਵੀ ਤੇਰੇ ਨਾਲ ਪ੍ਰੇਮ ਕਰੇ। ਦੇਸ਼ ਭਗਵਾਨ ਹੈ ਅਤੇ ਤੂੰ ਉਹਦਾ ਭਗਤ। ਦੇਸ਼ ਤੇਰਾ ਸੁਆਮੀ ਹੈ ਅਤੇ ਤੂੰ ਉਹਦਾ ਸੇਵਕ। ਭਗਵਾਨ ਆਪਣੇ ਭਗਤ ਨਾਲ ਅਤੇ ਸੁਆਮੀ ਆਪਣੇ ਸੇਵਕ ਨਾਲ ਪ੍ਰੇਮ ਕਰੇ ਜਾਂ ਨਾ ਕਰੇ, ਭਗਤ ਨੂੰ ਭਗਵਾਨ ਦੀ ਭਗਤੀ ਅਤੇ ਸੇਵਕ ਨੂੰ ਸੁਆਮੀ ਦੀ ਸੇਵਾ ਕਰਨੀ ਹੀ ਚਾਹੀਦੀ ਹੈ। ਇਸ ਤਰ੍ਹਾਂ ਦੇਸ਼-ਪ੍ਰੇਮ ਦਾ ਅਰਥ ਹੈ ਦੇਸ਼ਭਗਤੀ ਅਤੇ ਦੇਸ਼ ਦੀ ਸੇਵਾ। ਸਮਝਿਆ?’’

ਸਮੀਰ ਨੇ ਜਾਣਬੁੱਝ ਕੇ ਸਿਰ ਹਿਲਾਇਆ ਕਿ ਨਹੀਂ ਸਮਝਿਆ। ਪੰਡਿਤ ਅੱਗ-ਬਗੂਲਾ ਹੋ ਕੇ ਉੱਚੀ ਆਵਾਜ਼ ਵਿੱਚ ਬੋਲਿਆ, ‘‘ਨਹੀਂ ਸਮਝਿਆ? ਤਾਂ ਠੀਕ ਹੈ, ਮੈਂ ਸਮਝਾਉਂਦਾ ਹਾਂ। ਚੱਲ, ਕੰਨ ਫੜ ਕੇ ਡੈਸਕ ’ਤੇ ਖੜ੍ਹਾ ਹੋ ਜਾਹ ਅਤੇ ਸੌ ਵਾਰੀ ਬੋਲ- ਮੈਂ ਦੇਸ਼ ਪ੍ਰੇਮੀ ਹਾਂ, ਅਰਥਾਤ ਮੈਂ ਦੇਸ਼ਭਗਤ ਹਾਂ, ਮੈਂ ਦੇਸ਼ ਦਾ ਸੇਵਕ ਹਾਂ।’’

ਸਕੂਲ ਵਿੱਚ ਵਿਦਿਆਰਥੀਆਂ ਨੂੰ ਕੁੱਟਣਾ-ਮਾਰਨਾ ਮਨ੍ਹਾਂ ਸੀ, ਪਰ ਅਧਿਆਪਕ ਅਜਿਹੀਆਂ ‘ਅਹਿੰਸਕ’ ਸਜ਼ਾਵਾਂ ਵਿਦਿਆਰਥੀਆਂ ਨੂੰ ਦੇ ਸਕਦੇ ਸਨ ਅਤੇ ਵਿਦਿਆਰਥੀਆਂ ਨੂੰ ਅਜਿਹੀਆਂ ਸਜ਼ਾਵਾਂ ਸਕੂਲ ਦਾ ਅਨੁਸ਼ਾਸਨ ਬਣਾਈ ਰੱਖਣ ਲਈ ਭੁਗਤਣੀਆਂ ਹੀ ਪੈਂਦੀਆਂ ਸਨ। ਪੰਡਿਤ ਵੱਲੋਂ ਦਿੱਤੀ ਗਈ ਸਜ਼ਾ ਸਮੀਰ ਨੂੰ ਬਹੁਤ ਅਪਮਾਨਜਨਕ ਲੱਗੀ। ਘਰੇ ਆ ਕੇ ਉਹਨੇ ਆਪਣੇ ਮਾਤਾ-ਪਿਤਾ ਨੂੰ ਇਹਦੇ ਬਾਰੇ ਦੱਸਿਆ ਤਾਂ ਉਹਦੀਆਂ ਅੱਖਾਂ ’ਚੋਂ ਹੰਝੂ ਵਗਣ ਲੱਗੇ। ਰੰਜਨਾ ਪਾਂਡੇ ਨੇ ਪਿਆਰ ਨਾਲ ਉਹਦੇ ਹੰਝੂ ਪੂੰਝੇ ਅਤੇ ਸ਼ਮੀਮ ਖ਼ਾਨ ਨੂੰ ਕਿਹਾ, ‘‘ਦੇਸ਼ ਨਾਲ ਪ੍ਰੇਮ ਕਰਨਾ ਸਿਖਾਉਣ ਦਾ ਇਹ ਕਿਹੜਾ ਤਰੀਕਾ ਹੈ? ਇਹਦੇ ਨਾਲ ਤਾਂ ਬੱਚਿਆਂ ’ਤੇ ਉਲਟਾ ਹੀ ਪ੍ਰਭਾਵ ਪਵੇਗਾ!’’ ‘‘ਇਹੋ ਨਹੀਂ, ਪੰਡਿਤ ਦੀ ਗੱਲ ਵੀ ਗ਼ਲਤ ਹੈ।’’ ਸ਼ਮੀਮ ਖਾਨ ਨੇ ਕਿਹਾ, ‘‘ਸਮੀਰ ਦਾ ਕਹਿਣਾ ਠੀਕ ਸੀ। ਪ੍ਰੇਮ ਇੱਕਪਾਸੜ ਕਦੇ ਨਹੀਂ ਹੁੰਦਾ। ਅਸੀਂ ਜਿਸ ਨੂੰ ਪ੍ਰੇਮ ਕਰਦੇ ਹਾਂ, ਉਹ ਵੀ ਸਾਡੇ ਨਾਲ ਪ੍ਰੇਮ ਕਰੇ, ਫਿਰ ਤਾਂ ਪ੍ਰੇਮ ਹੈ। ਨਹੀਂ ਤਾਂ ਉਹ ਪ੍ਰੇਮ ਨਹੀਂ, ਕੁਝ ਹੋਰ ਹੈ। ਚਾਹੇ ਉਹਨੂੰ ਭਗਤੀ ਕਹੋ ਜਾਂ ਸੇਵਾ।’’

ਰੰਜਨਾ ਪਾਂਡੇ ਦੁਖੀ ਹੋ ਕੇ ਬੋਲੀ, ‘‘ਇਹ ਲੋਕ ਧਰਮ ਅਤੇ ਰੱਬ ਨਾਲ ਪ੍ਰੇਮ ਕਰਨ ਦੀਆਂ ਗੱਲਾਂ ਵੀ ਇਸੇ ਤਰ੍ਹਾਂ ਕਰਦੇ ਹਨ ਜਦੋਂਕਿ ਪ੍ਰੇਮ ਦਾ ਮੂਲ ਆਧਾਰ ਤਾਂ ਬਰਾਬਰੀ ਹੈ। ਅਜਿਹੇ ਲੋਕਾਂ ਨੇ ਹੀ ਰੱਬੀ-ਭਗਤੀ ਨੂੰ ਸੁਆਮੀ-ਸੇਵਕ ਵਾਲਾ ਸਬੰਧ ਬਣਾ ਦਿੱਤਾ ਹੈ…।’’

‘‘ਪਰ ਸੂਫ਼ੀਆਂ ਅਤੇ ਪ੍ਰੇਮ-ਮਾਰਗੀ ਸੰਤਾਂ ਕੋਲ ਤਾਂ ਈਸ਼ਵਰ ਨਾਲ ਪ੍ਰੇਮ ਦਾ ਸਬੰਧ ਮੰਨਿਆ ਜਾਂਦਾ ਹੈ।’’ ਸ਼ਮੀਮ ਖ਼ਾਨ ਨੇ ਰੰਜਨਾ ਪਾਂਡੇ ਦੀ ਗੱਲ ਦਾ ਸਮਰਥਨ ਕਰਦਿਆਂ ਕਿਹਾ, ‘‘ਉਨ੍ਹਾਂ ਕੋਲ਼ ਈਸ਼ਵਰ ਨਾਲ ਬਰਾਬਰੀ ਦਾ ਸਬੰਧ ਬਣਾਇਆ ਜਾਂਦਾ ਹੈ। ਇਹੋ ਸਬੰਧ ਮਨੁੱਖ-ਮਨੁੱਖ ਵਿੱਚ ਬਣਨਾ ਚਾਹੀਦਾ ਹੈ। ਗੁਰੂ-ਚੇਲੇ ਵਿੱਚ ਵੀ।’’ ਸ਼ਮੀਮ ਖ਼ਾਨ ਨੇ ਅਤਿਅੰਤ ਦੁਖੀ ਹੋ ਕੇ ਕਿਹਾ, “ਪਰ ਇਸ ਪੰਡਿਤ ਵਰਗੇ ਲੋਕ ਤਾਂ ਗੁਰੂ ਕਹਾਉਣ ਦੇ ਯੋਗ ਵੀ ਨਹੀਂ। ਮੂਰਖਾਂ ਨੂੰ ਇੰਨਾ ਵੀ ਅਹਿਸਾਸ ਨਹੀਂ ਕਿ ਇਸ ਤਰ੍ਹਾਂ ਉਹ ਬੱਚੇ ਨੂੰ ਕੀ ਬਣਾ ਰਹੇ ਹਨ!’’

– ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ

Leave a Reply

Your email address will not be published. Required fields are marked *