ਮਿੰਨੀ ਕਹਾਣੀਆਂ

ਖ਼ਲੀਲ ਜਿਬਰਾਨ

ਆਜ਼ਾਦੀ

ਵਧੀਆ ਤਕਰੀਰ ਕਰਨ ਵਾਲਾ ਇੱਕ ਬੰਦਾ ਬੋਲਿਆ, ‘‘ਸਾਨੂੰ ਆਜ਼ਾਦੀ ਬਾਰੇ ਦੱਸੋ।’’

ਅਤੇ ਉਸ ਨੇ ਜਵਾਬ ਦਿੱਤਾ:

‘‘ਮੈਂ ਤੁਹਾਨੂੰ ਤੁਹਾਡੇ ਸ਼ਹਿਰ ਦੇ ਮੁੱਖ ਦੁਆਰ ਸਾਹਮਣੇ ਅਤੇ ਤੁਹਾਡੇ ਘਰ ਦੀ ਅੱਗ ਅੱਗੇ ਮੂਧੇ ਮੂੰਹ ਪੈ ਕੇ ਤੁਹਾਡੀ ਆਪਣੀ ਹੀ ਆਜ਼ਾਦੀ ਨੂੰ ਸਿਜਦਾ ਕਰਦੇ ਵੇਖਿਆ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਗ਼ੁਲਾਮ ਕਿਸੇ ਕਾਤਿਲ ਜ਼ਾਲਿਮ ਨੂੰ ਸਿਜਦਾ ਕਰਦੇ ਹਨ।

ਹਾਂ, ਮੰਦਿਰ ਕੋਲ ਦਰਖ਼ਤਾਂ ਦੇ ਝੁੰਡ ਵਿੱਚ ਅਤੇ ਕਿਲੇ ਦੇ ਪਰਛਾਵੇਂ ਵਿੱਚ ਮੈਂ ਵੇਖਿਆ ਹੈ ਕਿ ਤੁਹਾਡੇ ਵਿੱਚੋਂ ਸਭ ਤੋਂ ਆਜ਼ਾਦ ਲੋਕ ਵੀ ਆਪਣੀ ਆਜ਼ਾਦੀ ਨੂੰ ਪੰਜਾਲ਼ੀ ਵਾਂਗ ਅਤੇ ਹੱਥਕੜੀ ਵਾਂਗ ਪਹਿਨਦੇ ਹਨ। ਇਹ ਵੇਖ ਕੇ ਮੇਰੇ ਦਿਲ ਦਾ ਖ਼ੂਨ ਅੰਦਰੋ-ਅੰਦਰੀ ਵਗ ਤੁਰਦਾ ਹੈ।

ਤੁਸੀਂ ਉਸ ਵਕਤ ਤਕ ਆਜ਼ਾਦ ਨਹੀਂ ਹੋ ਸਕਦੇ ਹੋ ਜਦੋਂ ਆਜ਼ਾਦੀ ਹਾਸਿਲ ਕਰਨ ਦੀ ਤਮੰਨਾ ਵੀ ਤੁਹਾਡੇ ਲਈ ਬੰਧਨ ਬਣ ਜਾਵੇ ਅਤੇ ਜਦੋਂ ਤੁਸੀਂ ਆਜ਼ਾਦੀ ਬਾਰੇ ਇੱਕ ਟੀਚੇ ਅਤੇ ਪੂਰਤੀ ਦੇ ਤੌਰ ’ਤੇ ਗੱਲ ਕਰਨਾ ਹੀ ਬੰਦ ਨਾ ਕਰ ਦਿਓ।

ਦਰਅਸਲ, ਤੁਸੀਂ ਤਦ ਆਜ਼ਾਦ ਹੋਵੋਗੇ ਜਦੋਂ ਤੁਹਾਡੇ ਦਿਨ ਫ਼ਿਕਰਾਂ ਨਾਲ਼ ਭਰੇ ਹੋਣਗੇ ਅਤੇ ਤੁਹਾਡੀਆਂ ਰਾਤਾਂ ਕਮੀਆਂ ਅਤੇ ਦੁੱਖਾਂ ਤੋਂ ਖਾਲੀ ਨਹੀਂ ਹੋਣਗੀਆਂ।

ਪਰ ਅਜਿਹਾ ਤਦ ਹੋਵੇਗਾ ਜਦ ਇਨ੍ਹਾਂ ਨੇ ਤੁਹਾਨੂੰ ਘੇਰ ਲਿਆ ਅਤੇ ਫਿਰ ਵੀ ਤੁਸੀਂ ਨੰਗੇ-ਧੜ ਅਤੇ ਜ਼ੰਜੀਰਾਂ ਤੋਂ ਮੁਕਤੀ ਪਾ ਕੇ ਉਪਰ ਉੱਠ ਸਕੋਗੇ।

ਅਤੇ ਤੁਸੀਂ ਆਪਣੇ ਦਿਨਾਂ ਅਤੇ ਰਾਤਾਂ ਤੋਂ ਤਦ ਤੱਕ ਉਪਰ ਕਿਵੇਂ ਉੱਠੋਗੇ ਜਦ ਤੱਕ ਤੁਸੀਂ ਉਹ ਜ਼ੰਜੀਰਾਂ ਨਹੀਂ ਤੋੜਦੇ ਜਿਨ੍ਹਾਂ ਨਾਲ ਤੁਸੀਂ ਅਕਲਮੰਦੀ ਸ਼ੁਰੂ ਹੋਣ ਤੋਂ ਉਮਰ ਦੀ ਸਿਖਰ ਦੁਪਹਿਰ ਤੱਕ ਆਪਣੇ ਆਪ ਨੂੰ ਜਕੜ ਲਿਆ ਹੈ?

ਸੱਚ ਤਾਂ ਇਹ ਹੈ ਕਿ ਜਿਸ ਨੂੰ ਤੁਸੀਂ ਆਜ਼ਾਦੀ ਕਹਿੰਦੇ ਹੋ ਉਹ ਇਨ੍ਹਾਂ ਜ਼ੰਜੀਰਾਂ ਵਿਚੋਂ ਸਭ ਤੋਂ ਮਜ਼ਬੂਤ ਹੁੰਦੀ ਹੈ, ਭਾਵੇਂ ਇਹ ਧੁੱਪ ਵਿੱਚ ਲਿਸ਼ਕਦੀ ਹੈ ਅਤੇ ਤੁਹਾਡੀਆਂ ਅੱਖਾਂ ਨੂੰ ਚਕਾਚੌਂਧ ਕਰ ਦਿੰਦੀ ਹੈ। …

ਆਜ਼ਾਦ ਹੋਣ ਲਈ ਤੁਸੀਂ ਆਪਣੀ ਹਸਤੀ ਦੇ ਟੁਕੜੇ ਤਿਆਗਣ ਤੋਂ ਬਿਨਾਂ ਹੋਰ ਕਰ ਵੀ ਕੀ ਸਕਦੇ ਹੋ?

ਜੇਕਰ ਤੁਸੀਂ ਕੋਈ ਨਾਜਾਇਜ਼ ਕਾਨੂੰਨ ਖ਼ਤਮ ਕਰਨਾ ਚਾਹੁੰਦੇ ਹੋ ਤਾਂ ਯਾਦ ਰੱਖੋ ਕਿ ਉਹ ਕਾਨੂੰਨ ਤੁਸੀਂ ਖ਼ੁਦ ਹੀ ਆਪਣੇ ਹੱਥਾਂ ਨਾਲ ਆਪਣੇ ਮੱਥੇ ਉੱਤੇ ਲਿਖਿਆ ਸੀ।

ਤੁਸੀਂ ਆਪਣੀਆਂ ਕਾਨੂੰਨ ਦੀਆਂ ਕਿਤਾਬਾਂ ਸਾੜ ਕੇ ਜਾਂ ਆਪਣੇ ਜੱਜਾਂ ਦੇ ਮੱਥੇ ਧੋ ਕੇ ਇਹ ਕਾਨੂੰਨ ਨਹੀਂ ਮਿਟਾ ਸਕਦੇ ਭਾਵੇਂ ਤੁਸੀਂ ਉਨ੍ਹਾਂ ਉੱਤੇ ਸਾਰੇ ਸਮੁੰਦਰਾਂ ਦਾ ਪਾਣੀ ਡੋਲ੍ਹ ਦਿਓ।

ਅਤੇ ਜੇਕਰ ਤੁਸੀਂ ਕਿਸੇ ਜ਼ਾਲਿਮ ਨੂੰ ਗੱਦੀ ਤੋਂ ਲਾਹੁਣਾ ਚਾਹੁੰਦੇ ਹੋ ਤਾਂ ਧਿਆਨ ਰੱਖੋ ਕਿ ਤੁਹਾਡੇ ਅੰਦਰ ਬਣਿਆ ਹੋਇਆ ਉਸ ਦਾ ਸਿੰਘਾਸਣ ਜ਼ਰੂਰ ਖ਼ਤਮ ਹੋ ਜਾਵੇ।

ਲੋਕਾਂ ਦੀ ਆਜ਼ਾਦੀ ਵਿੱਚ ਛੁਪੇ ਹੋਏ ਜ਼ੁਲਮ ਅਤੇ ਉਸ ਦੇ ਗ਼ਰੂਰ ਵਿੱਚ ਛੁਪੀ ਸ਼ਰਮਿੰਦਗੀ ਤੋਂ ਬਗ਼ੈਰ ਕੋਈ ਜ਼ਾਲਿਮ ਆਜ਼ਾਦ ਅਤੇ ਇੱਜ਼ਤਦਾਰ ਲੋਕਾਂ ’ਤੇ ਰਾਜ ਕਿਵੇਂ ਕਰ ਸਕਦਾ ਹੈ?

ਜੇਕਰ ਤੁਸੀਂ ਕਿਸੇ ਚਿੰਤਾ ਤੋਂ ਆਜ਼ਾਦੀ ਚਾਹੁੰਦੇ ਹੋ ਤਾਂ ਯਾਦ ਰੱਖੋ ਕਿ ਉਹ ਚਿੰਤਾ ਤੁਹਾਡੀ ਆਪਣੀ ਸਹੇੜੀ ਹੋਈ ਹੁੰਦੀ ਹੈ ਨਾ ਕਿ ਤੁਹਾਡੇ ’ਤੇ ਮੜ੍ਹੀ ਹੋਈ।

ਜੇਕਰ ਤੁਸੀਂ ਕਿਸੇ ਡਰ ਤੋਂ ਆਜ਼ਾਦ ਹੋਣਾ ਚਾਹੁੰਦੇ ਹੋ ਤਾਂ ਯਾਦ ਰੱਖੋ ਕਿ ਉਸ ਡਰ ਦਾ ਆਸਣ ਤੁਹਾਡੇ ਦਿਲ ਵਿੱਚ ਹੁੰਦਾ ਹੈ ਨਾ ਕਿ ਡਰਾਉਣ ਵਾਲੇ ਦੇ ਹੱਥ ਵਿਚ।

ਦਰਅਸਲ, ਸਾਰੀਆਂ ਚੀਜ਼ਾਂ ਤੁਹਾਡੇ ਅੰਦਰ ਅੱਧੀਆਂ-ਅੱਧੀਆਂ ਚਿਪਕੀਆਂ ਰਹਿੰਦੀਆਂ ਹਨ ਜੋ ਚਾਹੁੰਦੇ ਹੋ ਅਤੇ ਜਿਸ ਤੋਂ ਡਰਦੇ ਹੋ, ਜੋ ਬੁਰਾ ਲੱਗਦਾ ਹੈ ਅਤੇ ਜੋ ਚੰਗਾ ਲੱਗਦਾ ਹੈ, ਜਿਸ ਦੇ ਪਿੱਛੇ ਭੱਜਦੇ ਹੋ ਅਤੇ ਜਿਸ ਤੋਂ ਦੂਰ ਭੱਜਦੇ ਹੋ।

ਇਹ ਚੀਜ਼ਾਂ ਰੌਸ਼ਨੀ ਅਤੇ ਪਰਛਾਵੇਂ ਵਾਂਗ ਤੁਹਾਡੇ ਅੰਦਰ ਜੋਟਿਆਂ ਵਿੱਚ ਚਿਪਕੀਆਂ ਹੁੰਦੀਆਂ ਹਨ। ਜਦੋਂ ਕੋਈ ਪਰਛਾਵਾਂ ਮੱਧਮ ਪੈ ਕੇ ਖ਼ਤਮ ਹੋ ਜਾਂਦਾ ਹੈ ਤਾਂ ਪਿੱਛੇ ਰਹੀ ਰੌਸ਼ਨੀ ਕਿਸੇ ਹੋਰ ਰੌਸ਼ਨੀ ਦਾ ਪਰਛਾਵਾਂ ਬਣ ਜਾਂਦੀ ਹੈ।

ਇਸੇ ਤਰ੍ਹਾਂ ਹੀ ਜਦੋਂ ਤੁਹਾਡੀ ਆਜ਼ਾਦੀ ਆਪਣੀਆਂ ਬੇੜੀਆਂ ਤੋਂ ਮੁਕਤ ਹੋ ਜਾਂਦੀ ਹੈ ਤਾਂ ਇਹ ਕਿਸੇ ਹੋਰ ਵਡੇਰੀ ਆਜ਼ਾਦੀ ਦੀ ਬੇੜੀ ਬਣ ਜਾਂਦੀ ਹੈ।

ਤਰਕ ਅਤੇ ਜਜ਼ਬਾ

ਪੁਜਾਰਨ ਬੋਲੀ: ‘‘ਸਾਨੂੰ ਤਰਕ ਅਤੇ ਜਜ਼ਬੇ ਬਾਰੇ ਦੱਸੋ।’’

ਅਤੇ ਉਹ ਬੋਲਿਆ:

‘‘ਅਕਸਰ ਤੁਹਾਡੀ ਰੂਹ ਇੱਕ ਮੈਦਾਨੇ-ਜੰਗ ਹੁੰਦੀ ਹੈ ਜਿੱਥੇ ਤਰਕ ਅਤੇ ਫ਼ੈਸਲਾ ਤੁਹਾਡੇ ਜਜ਼ਬਿਆਂ ਅਤੇ ਲਾਲਸਾ ਦੇ ਖ਼ਿਲਾਫ਼ ਜੰਗ ਕਰਦੇ ਹਨ।

ਕਾਸ਼, ਮੈਂ ਤੁਹਾਡੀ ਰੂਹ ਵਿੱਚ ਅਮਨ ਬਹਾਲ ਕਰ ਸਕਦਾ ਤਾਂ ਕਿ ਮੈਂ ਤੁਹਾਡੇ ਤੱਤਾਂ ਦੀ ਟੱਕਰ ਅਤੇ ਵਿਰੋਧ ਨੂੰ ਏਕਤਾ ਅਤੇ ਇਕਸੁਰਤਾ ਵਿੱਚ ਬਦਲ ਸਕਦਾ!

ਪਰ ਅਜਿਹਾ ਮੈਂ ਤਦ ਤੱਕ ਕਿਵੇਂ ਕਰ ਸਕਦਾ ਹਾਂ ਜਦ ਤੱਕ ਤੁਸੀਂ ਖ਼ੁਦ ਅਮਨ ਬਹਾਲ ਕਰਨ ਵਾਲੇ ਨਹੀਂ ਬਣਦੇ ਨਹੀਂ, ਨਹੀਂ ਸਗੋਂ ਜਦ ਤੱਕ ਤੁਸੀਂ ਆਪਣੇ ਸਾਰੇ ਤੱਤਾਂ ਦੇ ਪ੍ਰੇਮੀ ਨਹੀਂ ਬਣਦੇ?

ਤਰਕ ਅਤੇ ਜਜ਼ਬਾ ਸਮੁੰਦਰ ਉੱਤੇ ਤੈਰਦੀ ਤੁਹਾਡੀ ਰੂਹ ਰੂਪੀ ਕਿਸ਼ਤੀ ਦੇ ਪਤਵਾਰ ਵੀ ਹਨ ਅਤੇ ਬਾਦਬਾਨ ਵੀ।

ਜੇਕਰ ਤੁਹਾਡੇ ਬਾਦਬਾਨ ਜਾਂ ਪਤਵਾਰ ਠੀਕ ਨਾ ਹੋਣ ਤਾਂ ਤੁਸੀਂ ਸਿਰਫ਼ ਇਧਰ ਉਧਰ ਡੋਲ ਸਕਦੇ ਹੋ, ਜਾਂ ਸਮੁੰਦਰ ਵਿਚਕਾਰ ਹੀ ਰੁਕ ਜਾਉਗੇ।

ਜੇਕਰ ਇਕੱਲਾ ਤਰਕ ਹੀ ਹਾਵੀ ਹੋ ਜਾਵੇ ਤਾਂ ਉਹ ਹੱਦਬੰਦੀ ਕਰਨ ਵਾਲੀ ਤਾਕਤ ਬਣ ਜਾਂਦਾ ਹੈ ਅਤੇ ਜੇਕਰ ਜਜ਼ਬੇ ਬੇਕਾਬੂ ਹੋ ਜਾਣ ਤਾਂ ਉਹ ਆਪਣੇ ਆਪ ਨੂੰ ਬਰਬਾਦ ਕਰਨ ਵਾਲੀ ਲਾਟ ਬਣ ਜਾਂਦੇ ਹਨ।

ਇਸ ਲਈ ਆਪਣੀ ਰੂਹ ਨੂੰ ਤੁਹਾਡੇ ਤਰਕ ਨੂੰ ਜਜ਼ਬੇ ਦੀ ਉਚਾਈ ਤੱਕ ਉੱਪਰ ਚੁੱਕਣ ਦਿਓ ਤਾਂ ਕਿ ਇਹ ਮਧੁਰ ਗੀਤ ਗਾਵੇ, ਅਤੇ ਇਸ ਨੂੰ ਤੁਹਾਡੇ ਜਜ਼ਬੇ ਨੂੰ ਤਰਕ ਨਾਲ ਰਾਹੇ ਪਾਉਣ ਦਿਓ ਤਾਂ ਕਿ ਤੁਹਾਡੇ ਜਜ਼ਬਿਆਂ ਦਾ ਹਰ ਰੋਜ਼ ਨਵਾਂ ਜਨਮ ਹੋਵੇ ਅਤੇ ਉਹ ਕੁਕਨੂਸ ਵਾਂਗ ਆਪਣੀਆਂ ਹੀ ਅਸਥੀਆਂ ਵਿਚੋਂ ਫਿਰ ਪੈਦਾ ਹੁੰਦੀਆਂ ਰਹਿਣ।

ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਫ਼ੈਸਲੇ ਅਤੇ ਲਾਲਸਾ ਨੂੰ ਉਸੇ ਤਰ੍ਹਾਂ ਸਮਝੋ ਜਿਵੇਂ ਘਰ ਆਏ ਦੋ ਪਿਆਰੇ ਮਹਿਮਾਨਾਂ ਨੂੰ ਸਮਝਦੇ ਹੋ।

ਯਕੀਨਨ, ਤੁਸੀਂ ਇੱਕ ਮਹਿਮਾਨ ਨੂੰ ਦੂਸਰੇ ਨਾਲੋਂ ਜ਼ਿਆਦਾ ਇੱਜ਼ਤ ਨਹੀਂ ਦਿਉਗੇ ਕਿਉਂਕਿ ਜਿਹੜਾ ਮੇਜ਼ਬਾਨ ਇੱਕ ਦਾ ਖ਼ਿਆਲ ਜ਼ਿਆਦਾ ਰੱਖਦਾ ਹੈ ਉਹ ਦੋਵਾਂ ਦਾ ਪਿਆਰ ਅਤੇ ਇਤਬਾਰ ਖੋ ਦਿੰਦਾ ਹੈ।

ਪਹਾੜੀਆਂ ਵਿਚਕਾਰ ਜਦੋਂ ਤੁਸੀਂ ਦਰਖ਼ਤਾਂ ਦੀ ਠੰਢੀ ਛਾਂ ਵਿੱਚ ਬੈਠੋ ਅਤੇ ਦੂਰ ਦੇ ਖੇਤਾਂ ਅਤੇ ਚਰਾਗਾਹਾਂ ਦੀ ਸ਼ਾਂਤੀ ਦੇ ਭਾਈਵਾਲ ਬਣੋ, ਤਾਂ ਆਪਣੇ ਦਿਲ ਨੂੰ ਸੁਤੇਸਿੱਧ ਕਹਿਣ ਦਿਓ, ‘‘ਰੱਬ ਤਰਕ ਵਿੱਚ ਆਰਾਮ ਕਰਦਾ ਹੈ।’’

ਅਤੇ ਜਦੋਂ ਤੂਫ਼ਾਨ ਆਵੇ ਅਤੇ ਜ਼ੋਰਦਾਰ ਹਵਾ ਜੰਗਲ ਨੂੰ ਹਲੂਣ ਦੇਵੇ ਅਤੇ ਗਰਜ ਚਮਕ ਆਸਮਾਨ ਦੀ ਸ਼ਾਨ ਦਾ ਐਲਾਨ ਕਰੇ ਤਾਂ ਆਪਣੇ ਦਿਲ ਨੂੰ ਸਤਿਕਾਰ ਨਾਲ ਕਹਿਣ ਦਿਓ, ‘‘ਰੱਬ ਜਜ਼ਬਿਆਂ ਵਿੱਚ ਹਰਕਤ ਕਰਦਾ ਹੈ।’’

ਅਤੇ ਕਿਉਂਕਿ ਤੁਸੀਂ ਪਰਮਾਤਮਾ ਦੇ ਦਾਇਰੇ ਵਿੱਚ ਇੱਕ ਸਾਹ ਵਾਂਗ ਹੋ ਅਤੇ ਉਸ ਦੇ ਬਾਗ਼ ਦੇ ਪੱਤੇ ਹੋ, ਤੁਹਾਨੂੰ ਵੀ ਤਰਕ ਵਿੱਚ ਆਰਾਮ ਕਰਨਾ ਚਾਹੀਦਾ ਹੈ ਜਜ਼ਬੇ ਨਾਲ ਵਹਿਣਾ ਚਾਹੀਦਾ ਹੈ।

ਦਰਦ

ਫਿਰ ਇੱਕ ਔਰਤ ਬੋਲੀ: ‘‘ਸਾਨੂੰ ਦਰਦ ਬਾਰੇ ਦੱਸੋ।’’

ਅਲਮੁਸਤਫ਼ਾ ਨੇ ਕਿਹਾ: ‘‘ਤੁਹਾਡਾ ਦਰਦ ਉਸ ਖੋਲ਼ ਦਾ ਟੁੱਟਣਾ ਹੈ ਜਿਸ ਨੇ ਤੁਹਾਡੀ ਸਮਝ ਨੂੰ ਘੇਰਿਆ ਹੁੰਦਾ ਹੈ। ਜਿਸ ਤਰ੍ਹਾਂ ਕਿਸੇ ਫ਼ਲ ਦੀ ਗੁਠਲੀ ਪਾਟ ਕੇ ਹੀ ਸੂਰਜ ਸਾਹਮਣੇ ਆਪਣਾ ਸੀਨਾ ਖੋਲ੍ਹ ਸਕਦੀ ਹੈ, ਉਸੇ ਤਰ੍ਹਾਂ ਤੁਹਾਨੂੰ ਦਰਦ ਮਹਿਸੂਸ ਕਰਨਾ ਜ਼ਰੂਰੀ ਹੈ।

ਅਤੇ ਜੇਕਰ ਤੁਸੀਂ ਜ਼ਿੰਦਗੀ ਦੇ ਰੋਜ਼ਾਨਾ ਚਮਤਕਾਰਾਂ ਬਾਰੇ ਆਪਣੇ ਦਿਲ ਵਿੱਚ ਹੈਰਾਨੀ ਕਾਇਮ ਰੱਖ ਸਕੋ ਤਾਂ ਤੁਹਾਡਾ ਦਰਦ ਤੁਹਾਨੂੰ ਖ਼ੁਸ਼ੀ ਤੋਂ ਘੱਟ ਸ਼ਾਨਦਾਰ ਨਹੀਂ ਲੱਗੇਗਾ।

ਫਿਰ ਤੁਸੀਂ ਆਪਣੇ ਦਿਲ ਦੇ ਮੌਸਮਾਂ ਨੂੰ ਵੀ ਉਸੇ ਤਰ੍ਹਾਂ ਕਬੂਲ ਕਰੋਗੇ ਜਿਵੇਂ ਤੁਸੀਂ ਤੁਹਾਡੇ ਖੇਤਾਂ ਉੱਪਰੋਂ ਲੰਘਣ ਵਾਲੇ ਮੌਸਮਾਂ ਨੂੰ ਹਮੇਸ਼ਾਂ ਕਬੂਲ ਕਰਦੇ ਹੋ।

ਫਿਰ ਤੁਸੀਂ ਦੁੱਖ ਦੀ ਸਰਦੀ ਨੂੰ ਅਮਨ-ਚੈਨ ਨਾਲ ਵੇਖੋਗੇ।

ਤੁਹਾਡਾ ਜ਼ਿਆਦਾਤਰ ਦਰਦ ਖ਼ੁਦ ਸਹੇੜਿਆ ਹੋਇਆ ਹੁੰਦਾ ਹੈ।

ਦਰਦ ਉਹ ਕੌੜੀ ਦਵਾਈ ਹੁੰਦੀ ਹੈ ਜਿਸ ਨਾਲ ਤੁਹਾਡੇ ਅੰਦਰ ਵਾਲਾ ਹਕੀਮ ਤੁਹਾਡੀ ਬਿਮਾਰੀ ਦਾ ਇਲਾਜ ਕਰਦਾ ਹੈ।

ਇਸ ਲਈ ਹਕੀਮ ਉੱਤੇ ਭਰੋਸਾ ਰੱਖੋ ਅਤੇ ਉਸ ਦੀ ਦਵਾਈ ਚੁੱਪ-ਚਾਪ ਪੀ ਜਾਓ।

ਉਸ ਹਕੀਮ ਦੇ ਭਾਰੇ ਅਤੇ ਸਖ਼ਤ ਹੱਥ ਨੂੰ ਚਲਾਉਣ ਵਾਲਾ ਪਰਮਾਤਮਾ ਦਾ ਅਣਦੇਖਿਆ ਕੋਮਲ ਹੱਥ ਹੁੰਦਾ ਹੈ; ਅਤੇ ਜਿਹੜਾ ਪਿਆਲਾ ਉਹ ਹਕੀਮ ਲਿਆਉਂਦਾ ਹੈ, ਉਹ ਭਾਵੇਂ ਤੁਹਾਡੇ ਬੁੱਲ੍ਹਾਂ ਨੂੰ ਸਾੜ ਦੇਵੇ ਪਰ ਉਹ ਉਸ ਮਿੱਟੀ ਦਾ ਬਣਿਆ ਹੁੰਦਾ ਹੈ ਜਿਸ ਨੂੰ ਘੁਮਿਆਰ ਰੂਪੀ ਪਰਮਾਤਮਾ ਨੇ ਆਪਣੇ ਪਵਿੱਤਰ ਹੰਝੂਆਂ ਨਾਲ ਗਿੱਲਾ ਕੀਤਾ ਹੁੰਦਾ ਹੈ।

ਆਤਮ-ਗਿਆਨ

ਫਿਰ ਇੱਕ ਆਦਮੀ ਨੇ ਕਿਹਾ, ‘‘ਸਾਨੂੰ ਆਤਮ-ਗਿਆਨ ਬਾਰੇ ਦੱਸੋ।’’

ਉਸ ਨੇ ਜਵਾਬ ਦਿੱਤਾ: ‘‘ਤੁਹਾਡਾ ਦਿਲ ਚੁੱਪ-ਚਾਪ ਦਿਨਾਂ ਅਤੇ ਰਾਤਾਂ ਦੇ ਭੇਤ ਜਾਣਦਾ ਹੈ, ਪਰ ਤੁਹਾਡੇ ਕੰਨ ਤੁਹਾਡੇ ਦਿਲ ਦੇ ਗਿਆਨ ਨੂੰ ਸੁਣਨ ਦੇ ਪਿਆਸੇ ਹੁੰਦੇ ਹਨ।

ਤੁਸੀਂ ਉਹ ਸਭ ਕੁਝ ਲਫ਼ਜ਼ਾਂ ਵਿੱਚ ਸੁਣਨਾ ਚਾਹੁੰਦੇ ਹੋ ਜੋ ਕੁਝ ਤੁਸੀਂ ਹਮੇਸ਼ਾ ਖ਼ਿਆਲਾਂ ਵਿੱਚ ਖ਼ੁਦ ਜਾਣਿਆ ਹੁੰਦਾ ਹੈ।

ਤੁਸੀਂ ਆਪਣੇ ਸੁਪਨਿਆਂ ਦੇ ਨੰਗੇ ਸਰੀਰ ਨੂੰ ਆਪਣੀਆਂ ਉਂਗਲਾਂ ਨਾਲ ਛੋਹਣਾ ਚਾਹੁੰਦੇ ਹੋ।

ਅਤੇ ਅਜਿਹਾ ਕਰਨਾ ਠੀਕ ਵੀ ਹੈ।

ਤੁਹਾਡੀ ਰੂਹ ਦਾ ਗੁਪਤ ਝਰਨਾ ਜ਼ਰੂਰ ਫੁੱਟਣਾ ਚਾਹੀਦਾ ਹੈ ਅਤੇ ਸ਼ਾਂ-ਸ਼ਾਂ ਕਰਦਾ ਹੋਇਆ ਤੇਜ਼ੀ ਨਾਲ਼ ਸਮੁੰਦਰ ਵੱਲ ਵਧਣਾ ਚਾਹੀਦਾ ਹੈ।

ਫਿਰ ਤੁਹਾਡੀਆਂ ਅਨੰਤ ਗਹਿਰਾਈਆਂ ਦਾ ਖ਼ਜ਼ਾਨਾ ਤੁਹਾਡੀਆਂ ਅੱਖਾਂ ਅੱਗੇ ਪ੍ਰਗਟ ਹੋ ਜਾਵੇਗਾ, ਪਰ ਤੁਹਾਡੇ ਅਗਿਆਤ ਖ਼ਜ਼ਾਨੇ ਨੂੰ ਤੋਲਣ ਲਈ ਕਿਸੇ ਤੱਕੜੀ ਦੇ ਪਲੜੇ ਨਾ ਇਸਤੇਮਾਲ ਕਰੋ।

ਆਪਣੇ ਗਿਆਨ ਦੀ ਗਹਿਰਾਈ ਨੂੰ ਕਿਸੇ ਸੋਟੀ ਜਾਂ ਡੋਰੀ ਨਾਲ ਨਾ ਟਟੋਲੋ, ਕਿਉਂਕਿ ਖ਼ੁਦੀ ਇੱਕ ਸੀਮਾ-ਰਹਿਤ ਸਮੁੰਦਰ ਹੁੰਦੀ ਹੈ ਜੋ ਮਾਪੀ ਨਹੀਂ ਜਾ ਸਕਦੀ।

ਇਹ ਨਾ ਕਹੋ, ‘‘ਮੈਂ ਸਾਰਾ ਸੱਚ ਜਾਣ ਲਿਆ ਹੈ’’ ਸਗੋਂ ਇਹ ਕਹੋ, ‘‘ਮੈਂ ਇੱਕ ਸੱਚ ਲੱਭ ਲਿਆ ਹੈ।’’

ਇਹ ਨਾ ਕਹੋ, ‘‘ਮੈਂ ਆਤਮਾ ਦਾ ਮਾਰਗ ਲੱਭ ਲਿਆ ਹੈ,’’ ਸਗੋਂ ਇਹ ਕਹੋ, ‘‘ਰਾਹ ਜਾਂਦੇ ਜਾਂਦੇ ਨੂੰ ਮੈਨੂੰ ਆਤਮਾ ਮਿਲੀ ਹੈ।’’ ਕਿਉਂਕਿ ਆਤਮਾ ਸਾਰੇ ਰਾਹਾਂ ’ਤੇ ਚਲਦੀ ਹੈ।

ਆਤਮਾ ਇੱਕ ਲਕੀਰ ਉੱਤੇ ਨਹੀਂ ਤੁਰਦੀ ਅਤੇ ਨਾ ਹੀ ਇਹ ਇੱਕ ਕਾਨੇ ਵਾਂਗ ਸਿੱਧੀ ਵਧਦੀ ਹੈ।

ਆਤਮਾ ਤਾਂ ਅਣਗਿਣਤ ਪੱਤੀਆਂ ਵਾਲੇ ਕੰਵਲ ਦੇ ਫੁੱਲ ਵਾਂਗ ਖੁਲ੍ਹਦੀ ਹੈ।’’

ਸਿੱਖਿਆ

ਤਦ ਇੱਕ ਅਧਿਆਪਕ ਨੇ ਕਿਹਾ, ‘‘ਸਾਨੂੰ ਸਿੱਖਿਆ ਬਾਰੇ ਦੱਸੋ।’’

ਉਸ ਨੇ ਜੁਆਬ ਦਿੱਤਾ: ‘‘ਕੋਈ ਵੀ ਇਨਸਾਨ ਤੁਹਾਨੂੰ ਉਸ ਤੋਂ ਵੱਧ ਕੁਝ ਪ੍ਰਗਟ ਨਹੀਂ ਕਰ ਸਕਦਾ ਸਿਵਾਏ ਉਸ ਦੇ ਜੋ ਪਹਿਲਾਂ ਹੀ ਤੁਹਾਡੇ ਗਿਆਨ ਦੀ ਪ੍ਰਭਾਤ ਵਿੱਚ ਅਧ-ਸੁੱਤਾ ਪਿਆ ਹੈ।

ਜਿਹੜਾ ਸਿੱਖਿਅਕ ਆਪਣੇ ਚੇਲਿਆਂ ਸਮੇਤ ਕਿਸੇ ਮੰਦਿਰ ਦੇ ਪਰਛਾਵੇਂ ਵਿੱਚ ਤੁਰਦਾ ਹੈ, ਉਹ ਉਨ੍ਹਾਂ ਨੂੰ ਆਪਣਾ ਗਿਆਨ ਨਹੀਂ ਦਿੰਦਾ ਸਗੋਂ ਆਪਣਾ ਵਿਸ਼ਵਾਸ ਅਤੇ ਪਿਆਰ ਦਿੰਦਾ ਹੈ।

ਜੇਕਰ ਉਹ ਸੱਚਮੁੱਚ ਅਕਲਮੰਦ ਹੈ ਤਾਂ ਉਹ ਤੁਹਾਨੂੰ ਆਪਣੀ ਅਕਲਮੰਦੀ ਦੇ ਘਰ ਅੰਦਰ ਜਾਣ ਲਈ ਨਹੀਂ ਕਹਿੰਦਾ ਸਗੋਂ ਤੁਹਾਨੂੰ ਤੁਹਾਡੇ ਮਨ ਦੀ ਦਹਿਲੀਜ਼ ਤਕ ਛੱਡ ਆਉਂਦਾ ਹੈ।

ਕੋਈ ਤਾਰਾ-ਵਿਗਿਆਨੀ ਤੁਹਾਡੇ ਨਾਲ ਪੁਲਾੜ ਬਾਰੇ ਆਪਣੇ ਗਿਆਨ ਦੀਆਂ ਗੱਲਾਂ ਤਾਂ ਕਰ ਸਕਦਾ ਹੈ, ਪਰ ਉਹ ਤੁਹਾਨੂੰ ਆਪਣਾ ਗਿਆਨ ਨਹੀਂ ਦੇ ਸਕਦਾ।

ਕੋਈ ਸੰਗੀਤਕਾਰ ਤੁਹਾਨੂੰ ਉਸ ਲੈਅ ਬਾਰੇ ਜਿਹੜੀ ਸਾਰੀ ਕਾਇਨਾਤ ਵਿੱਚ ਫੈਲੀ ਹੋਈ ਹੈ ਗਾ ਕੇ ਤਾਂ ਸੁਣਾ ਸਕਦਾ ਹੈ, ਪਰ ਉਹ ਤੁਹਾਨੂੰ ਉਹ ਕੰਨ ਨਹੀਂ ਦੇ ਸਕਦਾ ਜਿਹੜੇ ਉਸ ਲੈਅ ਨੂੰ ਪਕੜ ਸਕਣ ਅਤੇ ਨਾ ਹੀ ਉਹ ਆਵਾਜ਼ ਦੇ ਸਕਦਾ ਹੈ ਜਿਹੜੀ ਉਸ ਦੀ ਗੂੰਜ ਹੈ।

ਜਿਹੜਾ ਇਨਸਾਨ ਅੰਕਾਂ ਦੇ ਵਿਗਿਆਨ ਦਾ ਮਾਹਿਰ ਹੈ, ਉਹ ਤੁਹਾਨੂੰ ਮਾਪ-ਤੋਲ ਦੇ ਖੇਤਰ ਬਾਰੇ ਤਾਂ ਦੱਸ ਸਕਦਾ ਹੈ ਪਰ ਉਹ ਤੁਹਾਨੂੰ ਉੱਥੇ ਲੈ ਕੇ ਨਹੀਂ ਜਾ ਸਕਦਾ।

ਕਿਸੇ ਵੀ ਆਦਮੀ ਦੀ ਸੂਝ-ਬੂਝ ਦੂਜੇ ਆਦਮੀ ਨੂੰ ਖੰਭ ਨਹੀਂ ਦੇ ਸਕਦੀ।

ਜਿਵੇਂ ਤੁਹਾਡੇ ਵਿੱਚੋਂ ਹਰ ਇੱਕ ਇਨਸਾਨ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਅਲੱਗ-ਅਲੱਗ ਹੈ, ਇਸੇ ਤਰ੍ਹਾਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਪਰਮਾਤਮਾ ਦਾ ਗਿਆਨ ਹਾਸਲ ਕਰਨ ਅਤੇ ਧਰਤੀ ਨੂੰ ਸਮਝਣ ਲਈ ਅਲੱਗ ਅਲੱਗ ਚੱਲਣਾ ਪੈਂਦਾ ਹੈ।

  • ਅਨੁਵਾਦ: ਬਸੰਤ ਸਿੰਘ ਬਰਾੜ

Leave a Reply

Your email address will not be published. Required fields are marked *